ਗੁਰੂ ਨਾਨਕ ਜੀ, ਜਾਂ, ਗੁਰੂ ਨਾਨਕ ਦੇਵ ਜੀ
ਕੁਝ ਦਿਨ ਪਹਿਲਾਂ ਇਕ ਰੇਡੀਉ ਤੇ ਕਿਸੇ ਵਿਚਾਰ ਦੌਰਾਨ, ਇਕ ਵਿਦਵਾਨ ਵੀਰ ਨੇ ਗੱਲ ਕੀਤੀ ਕਿ ਮੈਂ ਚੰਦੀਗੜ੍ਹ ਸਪੋਕਸਮੈਨ ਦੇ ਦਫਤਰ ਵਿਚ ਅਮਰ ਜੀਤ ਸਿੰਘ ਚੰਦੀ ਨਾਲ ਗੱਲ ਕੀਤੀ ਤਾਂ ਚੰਦੀ ਜੀ ਨੇ ਇਕ ਮੁੱਦਾ ਛੇੜਿਆ ਸੀ ਕਿ ਗੁਰੂ ਨਾਨਕ ਦੇਵ ਜੀ ਨੂੰ ਨਾਨਕ ਦੇਵ ਨਹੀਂ ਕਹਿਣਾ ਚਾਹੀਦਾ, ਉਨ੍ਹਾਂ ਦਾ ਨਾਮ ਸਿਰਫ ਨਾਨਕ ਸੀ, ਨਾਨਕ ਦੇਵ ਨਹੀਂ। ਜਦ ਕਿ ਮੇਰੇ (ਵਿਦਵਾਨ ਵੀਰ ਜੀ ਦੇ) ਖਿਆਲ ਮੁਤਾਬਕ ਕੋਈ ਫਰਕ ਨਹੀਂ ਪੈਂਦਾ, ਜੇ ਗੁਰੂ ਨਾਨਕ ਦੇਵ ਜੀ ਦੇ ਮਾਂ-ਬਾਪ ਨੇ ਉਨ੍ਹਾਂ ਦਾ ਨਾਮ ਨਾਨਕ ਦੇਵ ਰੱਖਿਆ ਸੀ ਤਾਂ ਨਾਨਕ ਦੇਵ ਕਹਿਣਾ ਜਾਂ ਲਿਖਣਾ ਗਲਤ ਕਿਵੇਂ ਹੋ ਗਿਆ ?
ਅਤੇ ਨਾਮ ਨਾਲ ਕੀ ਫਰਕ ਪੈਂਦਾ ?
ਹਾਲਾਂਕਿ ਉਨ੍ਹਾਂ ਵਲੋਂ ਵਿਚਾਰੇ ਜਾਣ ਵਾਲੇ ਵਿਸ਼ੇ ਵਿਚ ਇਹ ਗੱਲ ਕਰਨ ਦੀ ਕੋਈ ਲੋੜ ਨਹੀਂ ਸੀ।
ਮੈਂ ਆਮ ਕਰ ਕੇ ਕਿਸੇ ਦੇ ਮਾਮਲੇ ਵਿਚ ਦਖਲ ਨਹੀਂ ਦਿੰਦਾ, ਨਾ ਹੀ ਕਿਸੇ ਦੀਆਂ ਬੇਲੋੜੀਆਂ ਗੱਲਾ ਦਾ ਜਵਾਬ ਦਿੰਦਾ ਹਾਂ, ਪਰ ਕਿਉਂਕਿ ਏਥੇ ਸਿੱਖੀ ਸਿਧਾਂਤ ਦੀ ਗੱਲ ਸੀ ਅਤੇ ਸਿਧਾਂਤ ਦੀਆਂ ਗੱਲਾਂ ਨੂੰ ਸਾਫ ਨਾ ਕਰਨ ਨਾਲ ਪੰਥ ਦੇ ਵਿਚ ਦੁਵਿਧਾਵਾਂ ਖੜੀਆਂ ਹੁੰਦੀਆਂ ਹਨ, ਜਿਸ ਨਾਲ ਸਿੱਖਾਂ ਵਿਚ ਆਪਸੀ ਪਾੜਾ ਪੈਂਦਾ ਹੈ. ਜਿਵੇਂ ਸ਼ਰੋਮਣੀ ਕਮੇਟੀ 1936 ਤੋਂ 1945 ਤੱਕ ਦੇ 9 ਸਾਲਾਂ ਵਿਚ ਇਸ ਗੱਲ ਦਾ ਨਿਰਣਾ ਨਾ ਕਰ ਸਾਕੀ ਕਿ ਰਾਗ-ਮਾਲਾ ਦਾ ਗੁਰਬਾਣੀ ਨਾਲ ਕੋਈ ਸੰਬੰਧ ਹੈ ਜਾਂ ਨਹੀਂ ? ਜਿਸ ਦੇ ਸਿੱਟੇ ਵਜੋਂ ਅੱਜ ਤੱਕ ਪੰਥ ਦੋਫਾੜ ਹੋਇਆ ਪਿਆ ਹੈ। ਜੇ ਸ਼ਰੋਮਣੀ ਕਮੇਟੀ ਇਸ ਦਾ ਕੋਈ ਫੈਸਲਾ ਕਰ ਦਿੰਦੀ ਤਾਂ ਇਹ ਗੱਲ 5% ਸਿੱਖਾਂ ਤੱਕ ਸਿਮਟ ਜਾਂਦੀ, ਜਿਵੇਂ ਜੇ ਇਹ ਫੇਸਲਾ ਦਿੰਦੀ ਕਿ ‘ਇਹ ਗੁਰਬਾਣੀ ਹੈ’ ਤਾਂ 5% ਵਿਦਵਾਨਾਂ ਨੂੰ, ਜੋ ਇਸ ਨੂੰ ਗੁਰਬਾਣੀ ਨਹੀਂ ਸਮਝਦੇ, ਉਨ੍ਹਾਂ ਨੂੰ ਹੀ ਸਬੂਤਾਂ ਸਮੇਤ ਇਹ ਸਾਬਤ ਕਰਨ ਦੀ ਲੋੜ ਹੁੰਦੀ ਕਿ ਇਹ ਗੁਰਬਾਣੀ ਨਹੀਂ ਹੈ।
ਜੇ ਉਹ ਇਹ ਫੇਸਲਾ ਕਰਦੀ ਕਿ ‘ਰਾਗ-ਮਾਲਾ ਗੁਰਬਾਣੀ ਨਹੀਂ ਹੈ’ ਤਾਂ 5% ਵਿਦਵਾਨਾਂ ਨੂੰ, ਜੋ ਉਸ ਨੂੰ ਗੁਰਬਾਣੀ ਸਮਝਦੇ ਹਨ, ਉਨ੍ਹਾਂ ਨੂੰ ਹੀ ਇਹ ਸਾਬਤ ਕਰਨ ਦੀ ਲੋੜ ਪੈਂਦੀ ਕਿ ‘ਇਹ ਗੁਰਬਾਣੀ ਹੈ’, ਬਾਕੀ 95 % ਇਸ ਦੀ ਚਪੇਟ ਤੋਂ ਬਾਹਰ ਰਹਿੰਦੇ, ਜਿਸ ਨਾਲ ਬਿਨਾ-ਸ਼ੱਕ ਪੰਥ ਦਾ ਵਿਕਾਸ ਹੁੰਦਾ।
ਖੈਰ ਗੱਲ ਨਾਨਕ ਜੀ ਦੇ ਨਾਮ ਦੀ ਚੱਲ ਰਹੀ ਸੀ, ਆਉ ਉਸ ਤੇ ਵਿਚਾਰ ਕਰਦੇ ਹਾਂ।
ਨਾਨਕ ਜੀ ਦੀ ਵੱਡੀ ਭੈਣ ਦਾ ਜਨਮ, ਨਾਨਕੇ ਘਰ ‘ਚ ਹੋਇਆ ਸੀ, ਅਤੇ ਉਸ ਵੇਲੇ ਦੇ ਰੀਤੀ ਰਿਵਾਜਾਂ ਅਨੁਸਾਰ ਉਨ੍ਹਾਂ ਦਾ ਨਾਮ ‘ਨਾਨਕੀ’ ਰੱਖਿਆ ਗਿਆ, ਅੱਜ ਵੀ ਉਨ੍ਹਾਂ ਨੂੰ ਸਿੱਖ ਸਮਾਜ ‘ਬੇਬੇ ਨਾਨਕੀ’ ਜੀ ਕਹਿੰਦੇ ਹਨ। ਇਵੇਂ ਹੀ ‘ਨਾਨਕ’ ਜੀ ਦਾ ਜਨਮ ਵੀ ਨਾਨਕੇ ਘਰ ਹੀ ਹੋਇਆ ਅਤੇ ਉਨ੍ਹਾਂ ਦਾ ਨਾਮ ਵੀ ‘ਨਾਨਕ’ ਹੀ ਰੱਖਿਆ ਗਿਆ ਨਾ ਕਿ ‘ਨਾਨਕ-ਦੇਵ’। ਇਹ ਨਾਨਕ ਨਾਮ ਤੱਦ-ਤੱਕ ਚਲਿਆ, ਜਦ ਤੱਕ, ਅਖੌਤੀ ਵਿਦਵਾਨਾਂ ਨੇ ਆਪਣੇ ਗ੍ਰੰਥਾਂ ਵਿਚ ਨਾਨਕ ਜੀ ਨੂੰ ਰਾਮ ਨਾਲ ਜੋੜਦੇ ਹੋਏ, ਲਵ-ਕੁਸ਼ ਦੀ ਔਲਾਦ, ‘ਮਹਿਤਾ’ ਕਲਿਆਣ ਦਾਸ ਦੇ ਪੁਤ੍ਰ ਨੂੰ ‘ਬੇਦੀ’ ਨਾ ਬਣਾ ਦਿੱਤਾ। ਜਦ ਕਿ ਸੂਰਜ ਵੱਤ ਰੌਸ਼ਨ ਸੱਚਾਈ ਇਹ ਹੈ ਕਿ ‘ਬੇਦੀ’ ਖੱਤਰੀਆਂ ਦਾ ਨਹੀਂ ਬ੍ਰਾਹਮਣਾਂ ਦਾ ਗੋਤ ਹੈ, ਜਿਵੇਂ ਇਕ ਵੇਦ ਪੜ੍ਹੇ ਨੂੰ ‘ਬੇਦੀ’, ਦੋ ਵੇਦ ਪੜ੍ਹੇ ਨੂੰ ‘ਦੁਬੇਦੀ’, ਤਿੰਨ ਵੇਦ ਪੜ੍ਹੇ ਨੂੰ ‘ਤਰਿਬੇਦੀ’ ਅਤੇ ਚਾਰ ਵੇਦ ਪੜ੍ਹੇ ਨੂੰ ‘ਚਤੁਰਬੇਦੀ’ ਕਿਹਾ ਜਾਂਦਾ ਹੈ।
(ਇਹ ਇਕ ਅਲੱਗ ਵਿਸ਼ਾ ਹੈ ਕਿ ਨਾਨਕ ਜੀ ਵਲੋਂ ਨਕਾਰੇ ਪੁਤ੍ਰਾਂ ਦੀਆਂ ਔਲਾਦਾਂ ਨੇ ਆਪਣਾ ਗੋਤ ‘ਮਹਿਤਾ’ ਛੱਡ ਕੇ ‘ਬੇਦੀ ਗੋਤ ਕਿਉਂ ਅਪਨਾਅ ਲਿਆ ? ਹਾਲਾਂਕਿ ਉਸ ਵਿਚ ਵੀ ਸਿੱਖੀ ਸਿਧਾਂਤ ਦੀ ਕਾਟ ਕਰ ਕੇ ਬ੍ਰਾਹਮਣ ਦੇ ਸਿਧਾਂਤ “ਬ੍ਰਾਹਮਣ ਦਾ ਪੁਤ੍ਰ ਬ੍ਰਾਹਮਣ” “ਸ਼ੂਦਰ ਦਾ ਪੁਤ੍ਰ ਸ਼ੂਦਰ” ਦੀ ਪ੍ਰੋੜ੍ਹਤਾ ਹੁੰਦੀ ਹੈ)
ਪਰ ਉਸ ਦੀ ਆੜ ਵਿਚ ਗੁਰੂ ਨਾਨਕ ਜੀ ਦੇ ਵੰਸ਼ਜ ਮੰਨੇ ਜਾਣ ਵਾਲੇ ‘ਬੇਦੀਆਂ’ ਦੀ ਕਈ ਪੀੜ੍ਹੀਆਂ ਤੱਕ ਸਿੱਖੀ ਸੇਵਕੀ ਚਲਦੀ ਰਹੀ ਹੈ, ਅੱਜ ਵੀ ਕਿਸੇ ਨਾ ਕਿਸੇ ਰੂਪ ਵਿਚ ਚੱਲ ਰਹੀ ਹੈ। ਜਦ ਕਿ ਗੁਰੂ ਨਾਨਕ ਜੀ ਨੇ ਆਪਣਾ ਵੰਸ਼ਜ ‘ਸ੍ਰੀ ਚੰਦ’ ਨੂੰ ਨਹੀਂ “ਭਾਈ ਲਹਿਣਾ” ਜੀ ਨੂੰ ਬਣਾਇਆ ਸੀ।
ਅਸਲ ਮਸਲ੍ਹਾ ਕੀ ਹੈ ?
ਅਸਲ਼ ਮਸਲ੍ਹਾ “ਸੈਹੇ ਦਾ ਨਹੀਂ ਪੈਹੇ ਦਾ” ਹੈ। ਸਾਰੇ ਜਾਣਦੇ ਹਨ ਕਿ ਗੁਰੂ ਅੰਗਦ ਜੀ ਦਾ ਪਹਿਲਾ ਨਾਮ “ਲਹਿਣਾ” ਸੀ। ਜਦ ਲਹਿਣਾ ਜੀ ਨੇ ਸਾਬਤ ਕਰ ਦਿੱਤਾ ਕਿ ਉਹ ਉਸ ਵੇਲੇ ਦੇ ਸਾਰੇ ਸਿੱਖਾਂ ਵਿਚੋਂ, ਸਭ ਤੋਂ ਵੱਧ ਗੁਰਮਤ ਦੇ ਸਿਧਾਂਤ ਨੂੰ ਸਾਮਝ ਕੇ, ਉਸ ਵਿਚ ਪਰ-ਪੱਕ ਹੋ ਗਏ ਹਨ, ਤਾਂ ਨਾਨਕ ਜੀ ਨੇ ਉਨ੍ਹਾਂ ਨੂੰ ਆਪਣਾ ਹੀ “ਅੰਗ” ਪਰਵਾਨਿਆ, (ਨਾਮ ਅੰਗਦ ਪਿਆ) ਅਤੇ ਨਾਨਕ ਨਾਮ ਵਰਤਣ ਦਾ ਅਧਿਕਾਰ ਦਿੱਤਾ। ਉਸ ਮਗਰੋਂ ਭਾਈ ਲਹਿਣਾ ਜੀ ਨੇ ਆਪਣਾ ਨਾਮ ‘ਲਹਿਣਾ’ ਨਹੀਂ “ਨਾਨਕ” ਹੀ ਵਰਤਿਆ। ਇਵੇਂ ਹੀ ਹੋਰ “ਅੰਗਦ” ਬਣਦੇ ਗਏ ਅਤੇ ਨਾਨਕ ਨਾਮ ਦੀ ਵਰਤੋਂ ਕਰਦੇ ਗਏ । ਇਹ ਇਸ ਗੱਲ ਦਾ ਐਲਾਨ ਸੀ ਕਿ ਸਾਰੇ ਹੀ ਸਿੱਖ ਹਨ, ਜਿਸ ਨੂੰ ਵੀ ਨਾਨਕ ਦੀ ਜ਼ਿੱਮੇਵਾਰੀ ਮਿਲਦੀ ਸੀ, ਉਹ ਨਾਨਕ ਦਾ ਹੀ ਅੰਗ ਬਣ ਜਾਂਦਾ ਸੀ ਅਤੇ ਨਾਮ ਨਾਨਕ ਹੋ ਜਾਂਦਾ ਸੀ। ਇਵੇਂ ਹੀ ਸਾਰਾ ਇੰਤਜ਼ਾਮ ਚਲਦਾ ਰਿਹਾ , ਏਥੋਂ ਤੱਕ ਕਿ ਦਸਵੇਂ ਨਾਨਕ ਜੀ ਨੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਦਿਆਂ, ਉਸ ਵਿਚ ਨੌਵੇਂ ਨਾਨਕ ਜੀ ਦੀ ਬਾਣੀ ਆਪ ਚੜ੍ਹਾਈ, ਗੁਰੂ ਗ੍ਰੰਥ ਸਾਹਿਬ ਵਿਚ ਪਹਿਲੇ ਨਾਨਕ (ਮਹਲਾ 1) ਪਹਿਲਾ। ਦੂਜੇ ਨਾਨਕ (ਮਹਲਾ 2) ਦੂਜਾ। (ਮਹਲਾ 3) (ਮਹਲਾ 4) (ਮਹਲਾ 5) ਅਤੇ (ਮਹਲਾ 9) ਵਰਤਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਨਕ ਦੀ ਜ਼ਿੱਮੇਵਾਰੀ ਦਿੱਤੀ।
ਰੌਲਾ ਇਹ ਹੈ ਕਿ ‘ਨਾਨਕ’ ਨੂੰ ਦੇਵ ਬਣਾ ਕੇ, ਅੰਗਦ ਨੂੰ ਵੀ ਦੇਵ ਬਣਾ ਦਿੱਤਾ, ਅਰਜਨ ਨੂੰ ਵੀ ਦੇਵ ਬਣਾ ਦਿੱਤਾ, ਭਗਤ ਨਾਮਦੇਉ ਜੀ ਨੂੰ ਵੀ ‘ਨਾਮਦੇਵ’ ਬਣਾ ਦਿੱਤਾ, ਜਦ ਕਿ ਨਾਮਦੇਉ ਜੀ ਨੇ ਆਪਣੀ ਸਾਰੀ ਬਾਣੀ ਵਿਚ ਆਪਣਾ ਨਾਮ, ਨਾਮਦੇਉ, ਨਾਮੇ, ਨਾਮਾ. ਨਾਮੈ, ਹੀ ਵਰਤਿਆ ਹੈ, ਕਿਸੇ ਥਾਂ ਵੀ ‘ਨਾਮਦੇਵ’ ਨਹੀਂ ਵਰਤਿਆ। ਨਾਨਕ ਨੂੰ ‘ਬੇਦੀ’ ਬਣਾ ਕੇ ਗੁਰੂ ਅਮਰ ਦਾਸ ਜੀ ਨੂੰ ਵੀ ‘ਭੱਲੇ’ ਬਣਾ ਦਿੱਤਾ, ਜਦ ਕਿ ਉਸ ਥਾਂ ਗੁਣਾਂ ਦੀ ਗੱਲ ਹੋ ਰਹੀ ਹੈ ਅਤੇ ਗੁਣ ਭਲੇ ਜਾਂ ਬੁਰੇ ਹੀ ਹੋ ਸਕਦੇ ਹਨ, ਭੱਲੇ ਜਾਂ ਸੋਢੀ ਨਹੀਂ। ਕੀ ਇਸ ਨਾਲ ਕੋਈ ਫਰਕ ਨਹੀਂ ਪੈਂਦਾ ?
ਗੁਰੂ ਗਰੰਥ ਸਾਹਿਬ ਵਿਚ ਸਾਰੇ ਥਾਂ ‘ਨਾਨਕ’ ਜੀ ਦਾ ਅਤੇ ਅੰਗਦਾਂ ਦਾ ਨਾਮ ‘ਨਾਨਕ’ ਹੀ ਹੈ ਕਿਤੇ ਵੀ ‘ਨਾਨਕਦੇਵ’ ਨਹੀਂ, ਕੀ ਇਹ ਥੋੜਾ ਸਬੂਤ ਹੈ ?
ਜਾਂ ਸਾਡੀ ਅਕਲ ਉਸ ਨਾਲੋਂ ਵੀ ਵੱਡੀ ਹੈ ?
ਮੇਰਾ ਮੰਨਣਾ ਹੈ ਕਿ ਹਰ ਉਲਝਣ ਦਾ ਸਪੱਸ਼ਟ ਫੈਸਲਾ ਹੋਣਾ ਚਾਹੀਦਾ ਹੈ, ਭਾਵੇਂ ਫੈਸਲਾ ਕੁਝ ਵੀ ਹੋਵੇ। ਇਨ੍ਹਾਂ ਬੇਕਾਰ ਦੀਆਂ ਉਲਝਣਾਂ ਵਿਚ ਫੱਸ ਕੇ ਸਿੱਖਾਂ ਦਾ ਸਮਾ ਅਤੇ ਤਾਕਤ ਅਜਾਂਈ ਬਰਬਾਦ ਨਹੀਂ ਹੋਣੀ ਚਾਹੀਦੀ।
ਅਮਰ ਜੀਤ ਸਿੰਘ ਚੰਦੀ
20-05-2020
ਅਮਰਜੀਤ ਸਿੰਘ ਚੰਦੀ
ਗੁਰੂ ਨਾਨਕ ਜੀ, ਜਾਂ, ਗੁਰੂ ਨਾਨਕ ਦੇਵ ਜੀ
Page Visitors: 2467