ਕੀ ਕੁਦਰਤ ਹੀ ਰੱਬ ਹੈ ?
ਹੁਣ ਇਕ ਨਵਾਂ ਤਰੀਕਾ ਅਪਨਾਇਆ ਜਾ ਰਿਹਾ ਹੈ, ਸਿੱਖੀ ਸਿਧਾਂਤ ਨੂੰ ਖਤਮ ਕਰਨ ਦਾ, ਜਿਸ ਵਿਚ ਸਿੱਖ ਅਤੇ ਸਰਕਾਰ ਰਲ ਕੇ ਚਲ ਰਹੇ ਹਨ। (6-6-2020) ਨੂੰ ਟੀ.ਵੀ. ਤੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਸਿੱਖੀ ਦਾ ਵਿਸਲੇਸ਼ਨ ਕਰ ਰਿਹਾ ਸੀ, ਕਿ ਰੱਬ ਕੋਈ ਚੀਜ਼ ਨਹੀਂ ਕੁਦਰਤ ਹੀ ਸਭ ਕੁਝ ਹੈ। ਇਹ ਲੋਕ ਪਤਾ ਨਹੀਂ ਕਿਸ ਆਧਾਰ ਤੇ ਇਹ ਸਾਬਤ ਕਰ ਰਹੇ ਹਨ ਕਿ ਰੱਬ ਕੋਈ ਚੀਜ਼ ਨਹੀਂ ਹੈ? ਜੇ ਤਾਂ ਇਹ ਆਪਣੇ ਹੀ ਕਿਸੇ ਫਲਸਫੇ ਦਾ ਵਿਸਲੇਸ਼ਨ ਕਰਦੇ ਹਨ, ਫਿਰ ਤਾਂ ਕੋਈ ਗੱਲ ਨਹੀਂ, ਪਰ ਜੇ ਇਹ ਗੁਰਬਾਣੀ ਦੇ ਆਧਾਰ ਤੇ ਵਿਸਲੇਸ਼ਨ ਕਰ ਰਹੇ ਹਨ, ਫਿਰ ਤਾਂ ਚਿੰਤਾ ਦਾ ਵਿਸ਼ਾ ਹੈ, ਆਉ ਇਸ ਵਿਸ਼ੇ ਨੂੰ ਗੁਰਬਾਣੀ ਦੇ ਆਧਾਰ ਤੇ ਵਿਚਾਰਦੇ ਹਾਂ। ਗੁਰਬਾਣੀ ਦਾ ਸ਼ਬਦ ਹੈ,
ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ॥
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ॥
ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ ॥
ਕੁਦਰਤਿ ਖਾਣਾ ਪੀਣਾ ਪੈਨ੍ਣੁ ਕੁਦਰਤਿ ਸਰਬ ਪਿਆਰੁ ॥
ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ ॥
ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ ॥
ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ ॥
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥
ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ ॥2॥ (464)
ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ॥
ਹੇ ਪ੍ਰਭੂ ਇਹ ਸਭ-ਕੁਝ ਜੋ ਦਿਸ ਰਿਹਾ ਹੈ, ਜੋ ਸੁਣਿਆ ਜਾ ਰਿਹਾ ਹੈ, ਇਹ ਸਭ ਤੇਰੀ ਹੀ ਕੁਦਰਤਿ ਹੈ।
ਇਹ ਭਉ, ਡਰ ਅਤੇ ਸੁੱਖਾਂ ਦਾ ਸਾਧਨ, ਇਹ ਵੀ ਸਾਰੀ ਤੇਰੀ ਹੀ ਕੁਦਰਤ ਹੈ।
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ॥
ਪਾਤਾਲਾਂ ਅਤੇ ਆਕਾਸ਼ਾ ਵਿਚ ਵੀ ਤੇਰੀ ਹੀ ਕੁਦਰਤ ਹੈ। ਇਹ ਦਿਸਣ ਵਾਲੇ ਸਾਰੇ ਆਕਾਰ ਵੀ ਤੇਰੀ ਹੀ ਕੁਦਰਤ ਹੈ।
ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ ॥
ਇਹ ਵੇਦ ਪੁਰਾਣ, ਕਤੇਬਾਂ ਅਤੇ ਵਿਚਾਰ ਕਰਨ ਵਾਲਾ ਹੋਰ ਸਾਰਾ ਕਾਰ-ਵਿਹਾਰ ਵੀ ਤੇਰੀ ਕੁਦਰਤ ਹੀ ਹੈ।
ਕੁਦਰਤਿ ਖਾਣਾ ਪੀਣਾ ਪੈਨ੍ਣੁ ਕੁਦਰਤਿ ਸਰਬ ਪਿਆਰੁ ॥
ਇਹ ਖਾਣ-ਪੀਣ ਅਤੇ ਪੈਨ੍ਹਣ ਦਾ ਕਾਰ ਵਿਹਾਰ ਅਤੇ ਸਾਰਾ ਆਪਸੀ ਪਿਆਰ ਵੀ ਤੇਰੀ ਕੁਦਰਤ ਹੀ ਹੈ।
ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ ॥
ਇਹ ਜੋ ਅਲੱਗ-ਅਲੱਗ ਜਾਤਾਂ ਦੇ, ਜਿਣਸਾਂ ਦੇ, ਅਲੱਗ-ਅਲੱਗ ਰੰਗਾਂ ਦੇ ਜੀਵ ਹਨ, ਇਹ ਤੇਰੀ ਹੀ ਕੁਦਰਤ ਹੈ। ਇਹ ਜੋ ਸੰਸਾਰ ਵਿਚ ਅਲੱਗ-ਅਲੱਗ ਤਰ੍ਹਾਂ ਦੇ ਜੀਵ ਹਨ, ਇਨ੍ਹਾਂ ਸਭ ਵਿਚਲਾ ਤੇਰਾ ਜੀਅ, ਤੇਰੀ ਜੋਤ ਵੀ ਤੇਰੀ ਹੀ ਕੁਦਰਤ ਹੈ।
ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ ॥
ਇਸ ਸੰਸਾਰ ਵਿਚ ਜੋ ਨੇਕੀਆਂ ਹੋ ਰਹੀਆਂ ਹਨ, ਜੋ ਬਦੀਆਂ ਹੋ ਰਹੀਆਂ ਹਨ, ਇਹ ਵੀ ਸਭ ਤੇਰੀ ਹੀ ਕੁਦਰਤ ਹੈ। ਜੀਵਾਂ ਵਿਚ ਵਰਤ ਰਿਹਾ ਸਵੈਮਾਨ ਅਤੇ ਅਭਿਮਾਨ ਵੀ ਤੇਰੀ ਹੀ ਕੁਦਰਤ ਦਾ ਪਰਗਟਾਵਾ ਹੈ।
ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ ॥
ਇਹ ਸੰਸਾਰ ਵਿਚਲੀ ਹਵਾ, ਪਾਣੀ, ਅੱਗ ਅਤੇ ਧਰਤੀ ਦੀ ਮਿੱਟੀ ਵੀ ਤੇਰੀ ਹੀ ਕੁਦਰਤ ਹੈ।
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥
ਇਹ ਸਭ, ਮਾਇਆ ਤੇਰੀ ਹੀ ਪੈਦਾ ਕੀਤੀ ਹੋਈ ਕੁਦਰਤ ਹੈ, ਤੂੰ ਹੀ ਇਸ ਨੂੰ ਪੈਦਾ ਕਰਨ ਵਾਲਾ, ਕਾਦਰ ਹੈਂ, ਤੇਰੀ ਵਡਿਆਈ ਹੀ ਹਮੇਸ਼ਾ ਰਹਣ ਵਾਲੀ ਹੈ ਅਤੇ ਤੇਰੀ ਹਸਤੀ ਹੀ ਬੇ-ਐਬ ਹੈ ।
ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ ॥2॥
ਹੇ ਨਾਨਕ ਆਖ, ਹੇ ਪ੍ਰਭੂ ਤੂੰ ਇਸ ਸਾਰੀ ਕੁਦਰਤ ਨੂੰ ਆਪਣੇ ਹੁਕਮ ਵਿਚ ਰੱਖ ਕੇ ਆਪ ਹੀ ਇਸ ਦੀ ਸੰਭਾਲ ਕਰ ਰਿਹਾ ਹੈਂ ਅਤੇ ਤੂੰ ਆਪ ਹੀ ਇਸ ਕੁਦਰਤ ਦੇ ਕਣ-ਕਣ ਵਿਚ ਵਿਚਰ ਰਿਹਾ ਹੈਂ
ਇਸ ਸ਼ਬਦ ਵਿਚ ਬੜਾ ਸਾਫ ਹੈ ਕਿ ਇਸ ਸੰਸਾਰ ਵਿਚ ਜੋ ਵੀ ਦਿਸਣ, ਸੁਣਨ ਵਾਲਾ ਹੈ, ਉਹ ਤੇਰੀ ਕੁਦਰਤ ਹੀ ਹੈ। ਜਿਸ ਚੀਜ਼ ਨਾਲ ਵੀ ਤੇਰੇ ਜੀਵਾਂ ਨੂੰ ਦੁੱਖ ਜਾਂ ਸੁੱਖ ਮਿਲਦ ਹੈ, ਉਹ ਵੀ ਤੇਰੀ ਕੁਦਰਤ ਹੀ ਹੈ। ਪਾਤਾਲ ਤੋਂ ਆਕਾਸ਼ ਤੱਕ ਜੋ ਵੀ ਆਕਾਰ ਹਨ, ਇਹ ਸਭ ਤੇਰੀ ਹੀ ਕੁਦਰਤ ਹੈ। ਤੇਰੀ ਕੁਦਰਤ ਬਹੁ ਰੰਗੀ ਅਤੇ ਬਹੁਤ ਭਾਂਤ ਦੀ ਹੈ। ਇਸ ਕੁਦਰਤ ਨੂੰ ਪੈਦਾ ਕਰਨ ਵਾਲਾ, ਇਸ ਦਾ ਕਾਦਰ ਤੂੰ ਹੀ ਹੈ ਅਤੇ ਤੂੰ ਹੀ ਆਪਣੇ ਹੁਕਮ ਵਿਚ ਇਸ ਦੀ ਸੰਭਾਲ ਕਰ ਰਿਹਾ ਹੈਂ।
ਮੁਕਦੀ ਗੱਲ ਕੁਦਰਤ ਆਪਣੇ ਆਪ ਤੋਂ ਨਹੀਂ, ਬਲਕਿ ਕਾਦਰ ਦਾ ਸ਼ਾਹਕਾਰ ਹੈ। ਯਾਨੀ ਕੁਦਰਤ ਅਤੇ ਕਾਦਰ, ਦੋ ਅਲੱਗ-ਅਲੱਗ ਹਸਤੀਆਂ ਹਨ। ਇਸ ਦੇ ਨਾਲ ਲਗਦਾ ਹੀ ਏਸੇ ਪੰਨੇ ਤੇ ਇਹ ਸ਼ਬਦ ਵੀ ਹੈ,
ਭੈ ਵਿਚਿ ਪਵਣੁ ਵਹੈ ਸਦਵਾਉ ॥ ਭੈ ਵਿਚਿ ਚਲਹਿ ਲਖ ਦਰੀਆਉ ॥
ਭੈ ਵਿਚਿ ਅਗਨਿ ਕਢੈ ਵੇਗਾਰਿ ॥ ਭੈ ਵਿਚਿ ਧਰਤੀ ਦਬੀ ਭਾਰਿ॥
ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ॥ ਭੈ ਵਿਚਿ ਰਾਜਾ ਧਰਮੁ ਦੁਆਰੁ ॥
ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ ਨ ਅੰਤੁ ॥
ਭੈ ਵਿਚਿ ਸਿਧ ਬੁਧ ਸੁਰ ਨਾਥ ॥ ਭੈ ਵਿਚਿ ਆਡਾਣੇ ਆਕਾਸ ॥
ਭੈ ਵਿਚਿ ਜੋਧ ਮਹਾਬਲ ਸੂਰ ॥ ਭੈ ਵਿਚਿ ਆਵਹਿ ਜਾਵਹਿ ਪੂਰ ॥
ਸਗਲਿਆ ਭਉ ਲਿਖਿਆ ਸਿਰਿ ਲੇਖੁ ॥ ਨਾਨਕ ਨਿਰਭਉ ਨਿਰੰਕਾਰੁ ਸਚੁ ੲੁਕੁ ॥1॥ (464)
ਭੈ ਵਿਚਿ ਪਵਣੁ ਵਹੈ ਸਦਵਾਉ ॥ ਭੈ ਵਿਚਿ ਚਲਹਿ ਲਖ ਦਰੀਆਉ ॥
ਹਵਾ ਸਦਾ ਹੀ ਡਰ ਵਿਚ, ਕਿਸੇ ਨਿਯਮ ਅਧੀਨ ਚੱਲ ਰਹੀ ਹੈ, ਇਵੇਂ ਹੀ ਲੱਖਾਂ ਦਰਿਆ ਵੀ ਭੈ ਅਧੀਨ, ਡਰ ਵਿਚ ਚੱਲ ਰਹੇ ਹਨ।
ਭੈ ਵਿਚਿ ਅਗਨਿ ਕਢੈ ਵੇਗਾਰਿ ॥ ਭੈ ਵਿਚਿ ਧਰਤੀ ਦਬੀ ਭਾਰਿ॥
ਇਵੇਂ ਹੀ ਅੱਗ ਵੀ ਡਰ ਅਧੀਨ ਹੀ ਸੇਵਾ ਕਰ ਰਹੀ ਹੈ। ਸਾਰੀ ਧਰਤੀ, ਕਿਸੇ ਦੇ ਭੈ ਵਿਚ ਹੀ ਦੱਬੀ ਪਈ ਹੈ ।
ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ॥ ਭੈ ਵਿਚਿ ਰਾਜਾ ਧਰਮੁ ਦੁਆਰੁ ॥
ਇੰਦਰ ਰਾਜੇ ਦਾ ਪ੍ਰਤੀਕ ਬੱਦਲ ਵੀ ਕਿਸੇ ਦੇ ਡਰ ਅਧੀਨ ਹੀ ਸਿਰ-ਭਾਰ ਉੱਡ ਰਿਹਾ ਹੈ। ਨਿਆਂ ਕਰਨ ਵਾਲੇ ਧਰਮ-ਰਾਜ ਦਾ ਦਰਬਾਰ ਵੀ ਡਰ ਵਿਚ ਹੀ ਕੰਮ ਕਰ ਰਿਹਾ ਹੈ।
ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ ਨ ਅੰਤੁ ॥
ਸੂਰਜ ਅਤੇ ਚੰਦਰਮਾ ਵੀ ਕਿਸੇ ਦੇ ਹੁਕਮ ਵਿਚ ਹੀ ਚੱਲ ਰਹੇ ਹਨ, ਉਨ੍ਹਾਂ ਦੇ ਕ੍ਰੋੜਾਂ ਕੋਹਾਂ ਦੇ ਸਫਰ ਦਾ ਵੀ ਕੋਈ ਅੰਤ ਨਹੀਂ ਹੈ।
ਭੈ ਵਿਚਿ ਸਿਧ ਬੁਧ ਸੁਰ ਨਾਥ ॥ ਭੈ ਵਿਚਿ ਆਡਾਣੇ ਆਕਾਸ ॥
ਸਿੱਧੀਆਂ ਹਾਸਲ ਕਰਨ ਵਾਲੇ ਸਿੱਧ, ਬੁੱਧ, ਅਕਲ ਨਾਲ ਵਿਚਾਰ ਕਰਨ ਵਾਲੇ ਵਿਚਾਰਵਾਨ, ਦੇਵਤੇ ਅਤੇ ਨਾਥ ਵੀ ਕਿਸੇ ਦੇ ਡਰ ਅਧੀਨ ਹੀ ਹਨ। ਉਪਰ ਤਣੇ ਹੋਏ ਆਕਾਸ਼ ਵੀ ਕਿਸੇ ਦੇ ਹੁਕਮ ਵਿਚ ਹੀ ਤਣੇ ਹੋਏ ਹਨ।
ਭੈ ਵਿਚਿ ਜੋਧ ਮਹਾਬਲ ਸੂਰ ॥ ਭੈ ਵਿਚਿ ਆਵਹਿ ਜਾਵਹਿ ਪੂਰ ॥
ਬੜੇ ਬੜੇ ਬਲ ਵਾਲੇ ਜੋਧੇ ਅਤੇ ਸੂਰਮੇ, ਕਿਸੇ ਦੇ ਭੈ ਵਿਚ, ਡਰ ਵਿਚ, ਹੁਕਮ ਵਿਚ ਹਨ। ਪੂਰਾਂ ਦੇ ਪੂਰ ਜੀਵ, ਜੋ ਸੰਸਾਰ ਵਿਚ ਜੰਮਦੇ ਅਤੇ ਮਰਦੇ ਰਹਿੰਦੇ ਹਨ, ਉਹ ਵੀ ਕਿਸੇ ਦੇ ਹੁਕਮ ਅਧੀਨ ਹੀ ਹਨ।
ਸਗਲਿਆ ਭਉ ਲਿਖਿਆ ਸਿਰਿ ਲੇਖੁ ॥ ਨਾਨਕ ਨਿਰਭਉ ਨਿਰੰਕਾਰੁ ਸਚੁ ੲੁਕੁ ॥1॥ (464)
ਤੇਰੀ ਕੁਦਰਤ ਵਿਚਲੀਆਂ ਸਭ ਚੀਜ਼ਾਂ ਦੇ ਸਿਰ ਤੇ ਤੇਰੇ ਡਰ ਦਾ, ਤੇਰੇ ਹੁਕਮ ਦਾ ਲੇਖ ਲਿਖਿਆ ਹੋਇਆ ਹੈ, ਯਾਨੀ ਸਾਰੀਆਂ ਚੀਜ਼ਾਂ ਪ੍ਰਭੂ ਦੇ ਹੁਕਮ ਵਿਚ ਚੱਲ ਰਹੀਆਂ ਹਨ। ਹੇ ਨਾਨਕ ਸਿਰਫ ਇਕ ਹਮੇਸ਼ਾ ਕਾਇਮ ਰਹਣ ਵਾਲਾ ਨਿਰੰਕਾਰ, ਰੱਬ, ਵਾਹਿਗੁਰੂ ਹੀ ਡਰ ਤੋਂ ਰਹਤ ਹੈ, ਜਿਸ ਤੇ ਕਿਸੇ ਦਾ ਹੁਕਮ ਨਹੀਂ ਚਲਦਾ ।
ਇਹ ਹੁਣ ਪਾਠਕਾਂ ਦੇ ਸੋਚਣ ਦੀ ਗੱਲ ਹੈ ਕਿ ਗੁਰਬਾਣੀ ਅਨੁਸਾਰ, ਸਾਰੀ ਕੁਦਰਤ ਜਿਸ ਦੇ ਹੁਕਮ ਵਿਚ ਚਲਦੀ ਹੈ, ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ, ਉਸ ਨੂੰ ਹੀ ਰੱਦ ਕਰ ਰਹੇ ਹਨ। ਗੁਰਬਾਣੀ ਤਾਂ ਕਹਿੰਦੀ ਹੈ ਕਿ ਚਿਤ੍ਰ ਨੂੰ ਛੱਡ ਕੇ ਚਤੇਰੇ (ਚਿਤ੍ਰ ਬਨਾਉਣ ਵਾਲੇ ਨਾਲ ਧਿਆਨ ਜੋੜ)
ਚਚਾ ਰਚਿਤ ਚਿਤ੍ਰ ਹੈ ਭਾਰੀ॥ ਤਜਿ ਚਿਤ੍ਰੈ ਚੇਤਹੁ ਚਿਤਕਾਰੀ॥
ਚਿਤ੍ਰ ਬਚਿਤ੍ਰ ਇਹੈ ਅਵਝੇਰਾ॥ ਤਜਿ ਚਿਤ੍ਰੈ ਚਿਤੁ ਰਾਖਿ ਚਿਤੇਰਾ॥12॥ (340)
ਪ੍ਰਭੂ ਦਾ ਬਣਾਇਆ ਹੋਇਆ ਇਹ ਜਗਤ ਮਾਨੋ ਇਕ ਬਹੁਤ ਵੱਡੀ ਤਸਵੀਰ ਹੈ। ਹੇ ਭਾਈ, ਇਸ ਤਸਵੀਰ ਦੇ ਮੋਹ ਨੂੰ ਛੱਡ ਕੇ, ਤਸਵੀਰ ਬਨਾਉਣ ਵਾਲੇ ਨੂੰ ਚੇਤੇ ਰੱਖ। ਵੱਡਾ ਝਮੇਲਾ ਇਹ ਹੈ ਕਿ ਇਹ ਸੰਸਾਰ ਰੂਪੀ ਤਸਵੀਰ, ਮਨ ਨੂੰ ਮੋਹ ਲੈਣ ਵਾਲੀ ਹੈ, ਸੋ ਇਸ ਮੋਹ ਤੋਂ ਬਚਣ ਲਈ ਤਸਵੀਰ ਦਾ ਖਿਆਲ ਛੱਡ ਕੇ, ਤਸਵੀਰ ਬਨਾਉਣ ਵਾਲੇ ਵਿਚ ਆਪਣੇ ਮਨ ਨੂੰ ਪ੍ਰੋਈ ਰੱਖ।
ਇਹੀ ਹੈ ਅਸਲ ਝਮੇਲਾ, ਗੁਰਬਾਣੀ ਕਹਿੰਦੀ ਹੈ ਕਿ ਚਿਤ੍ਰ ਨੂੰ ਛੱਡ ਕੇ ਚਤੇਰੇ (ਤਸਵੀਰ ਬਨਾਉਣ ਵਾਲੇ) ਵਿਚ ਮਨ ਪ੍ਰੋ ਕੇ ਰੱਖ। ਪਰ ਗੁਰਮਤਿ ਦੇ ਜੋ ਪਰਚਾਰਕ ਇਹ ਪਰਚਾਰਦੇ ਹਨ ਕਿ ਚਿਤ੍ਰ ਹੀ ਅਸਲੀ ਚੀਜ਼ ਹੈ, ਚਤੇਰਾ ਤਾਂ ਕੋਈ ਹੈ ਹੀ ਨਹੀਂ। ਉਹ ਕੀ ਚਾਹੁੰਦੇ ਹਨ ?
ਸਾਫ ਹੈ ਉਨ੍ਹਾਂ ਦਾ ਮਤਲਬ ਹੈ ਚਤੇਰੇ ਨੂੰ ਬੰਨੇ ਛੱਡ ਦਿਉ, ਚਿਤ੍ਰ ਵਿਚ, ਮਾਇਆ ਵਿਚ ਮਨ ਜੋੜੋ। ਤਦੇ ਤਾਂ ਲੱਖਾਂ ਪਰਚਾਰਕ ਹੋਣ ਤੇ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਹੋ ਕੇ ਮਾਇਆ ਪਿੱਛੇ ਦੌੜ ਰਹੇ ਹਨ, ਇਸ ਵਿਚ ਵੀ ਪਰਚਾਰਕਾਂ ਨੂੰ ਆਪਣਾ ਹੀ ਫਾਇਦਾ ਨਜ਼ਰ ਆ ਰਿਹਾ ਹੈ। ਕਿਸੇ ਬਹੁਤ ਵਿਰਲੇ ਨੂੰ ਛੱਡ ਕੇ ਸਾਰੇ ਏਸੇ ਦੌੜ ਵਿਚ ਦਿਨ-ਰਾਤ ਲੱਗੇ ਹੋਏ ਹਨ।
ਸਿੱਖਾਂ ਨੂੰ ਇਸ ਪਾਸੇ ਖਾਸ ਧਿਆਨ ਦੇਣ ਦੀ ਲੋੜ ਹੈ।
ਅਮਰ ਜੀਤ ਸਿੰਘ ਚੰਦੀ
7-6-2020
ਅਮਰਜੀਤ ਸਿੰਘ ਚੰਦੀ
ਕੀ ਕੁਦਰਤ ਹੀ ਰੱਬ ਹੈ ?
Page Visitors: 2812