ਹਰਦੇਵ ਸਿੰਘ ਜਮੂੰ
‘ਚੱਕੀ’
Page Visitors: 2657
‘ਚੱਕੀ’ ‘ਚੱਕੀ’ ਬੜਾ ਜਾਣਿਆ ਪਛਾਣਿਆ ਸ਼ਬਦ ਹੈ। ਵਿਸ਼ੇਸ ਤੌਰ ਦੇ ਇਕ ‘ਆਲੇ’ ਦੇ ਰੂਪ ਵਿਚ ਜਿਸ ਨੂੰ ਦਾਣੇਂ ਪੀਸਣ ਲਈ ਵਰਤਿਆ ਜਾਂਦਾ ਹੈ। ਜਿਵੇਂ ਕਿ ਕਣਕ ਜਾਂ ਮੱਕ ਦੇ ਦਾਣੇ! ਕਈ ਵਾਰ ਕਹਾਵਤੀ ਤੌਰ ਤੇ ਵੀ ਚੱਕੀ ਸ਼ਬਦ ਦੀ ਵਰਤੋਂ ਹੁੰਦੀ ਹੈ। ਮਸਲਨ ਕਿਸੇ ਸਥਿਤੀ ਵਿਸ਼ੇਸ਼ ਵਿਚ ਦੋਹਾਂ ਪਾਸਿਯੋਂ ਫੱਸੇ ਹੋਏ ਮਨੁੱਖ ਨੂੰ ਵੀ ‘ਚੱਕੀ ਵਿੱਚ ਫੱਸਿਆ ਹੋਈਆ’ ਕਿਹਾ ਜਾਂਦਾ ਹੈ ਜਿਸ ਦੇ ਦੋਹੇ ਪਾਟ (ਪਾਸੇ) ਉਸ ਨੂੰ ਦਾਣੇ ਵਾਂਗ ਪੀਸਦੇ ਜਾਂਦੇ ਹਨ! ਅੱਜ ਦੀ ਪੰਥਕ ਸਥਿਤੀ ਵੀ ਇੰਝ ਹੀ ਨਜ਼ਰ ਆਉਂਦੀ ਹੈ ਜਿਸ ਵਿਚ ਥੋੜੀ-ਬਹੂਤ ਜਿਗਿਆਸਾ ਰੱਖਣ ਵਾਲਾ ਬੰਦਾ ਵਿਵਹਾਰਾਂ-ਵਿਚਾਰਾਂ ਦੀ ਚੱਕੀ ਵਿਚ ਪਿੱਸਦਾ ਜਾ ਰਿਹਾ ਹੈ। ਪਹਿਲਾਂ ਇਨ੍ਹਾਂ ਦੋਹੇਂ ਪਾਟਾਂ (ਪਾਸਿਆਂ) ਨੂੰ ਵਿਚਾਰ ਲਈਏ! ਪਹਿਲਾ ਪਾਟ (ਪਾਸਾ) ਉਹ ਹੈ ਜੋ ਗੁਰਮਤਿ ਦੇ ਬਜਾਏ ਮਨਮਤੀ ਡੇਰਾਦਾਰੀ ਸੋਚ ਅਤੇ ਧਾਰਮਕ ਵਿਸ਼ਿਆਂ ਵਿਚ ਸਿਆਸੀ ਦਖ਼ਲ ਆਦਿ ਦਾ ਮਿਸ਼ਰਣ ਹੈ। ਇਹ ਗੁਰੂ ਦੇ ਸਤਿਕਾਰ ਦੇ ਅਧਾਰ ਤੇ ਆਪਣਾ ਕੰਮ ਕਰਦਾ ਹੈ ਪਰ ਕਈ ਵਿਸ਼ਿਆਂ ਤੇ ਗੁਰਮਤਿ ਨਾਲੋਂ ਦੂਰ ਹੈ। ਇਸ ਧਿਰ ਵਿਚ ਸੰਵਾਦ ਰਚਾਉਂਣ ਦੀ ਸਮਰਥਾ ਦੀ ਘਾਟ ਹੈ। ਇਹ ਧਿਰ ਨਾ ਤਾਂ ਅਪਣੀ ਮਨਮਤਿ ਬਾਰੇ ਗਲ ਕਰਣ ਵਿਚ ਸਮਰਥ ਹੈ ਅਤੇ ਨਾਂ ਹੀ ਗੁਰਮਤਿ ਬਾਰੇ। ਇਸ ਪਾਸੇ ਉਨ੍ਹਾਂ ਗਲਾਂ ਦਾ ਵੀ ਜਵਾਬ ਨਹੀਂ ਜਿਨ੍ਹਾਂ ਦਾ ਜਵਾਬ ਹੈ। ਦੂਜਾ ਪਾਟ (ਪਾਸਾ) ਉਹ ਹੈ ਜੋ ਅਪਣੇ ਨੂੰ ਚਿੰਤਕ, ਵਿਦਵਾਨ ਅਤੇ ਸੁਧਾਰ ਵਾਦੀ ਦੇ ਰੂਪ ਵਿਚ ਪੇਸ਼ ਕਰਦਾ ਹੈ ਲੇਕਿਨ ਅਪਣੇ ਇਸ ਉਪਰਾਲੇ ਵਿਚ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ, ਗੁਰੂਆਂ ਅਤੇ ਗੁਰੂਆਂ ਦੇ ਉਸਾਰੇ ਪੰਥਕ ਇਦਾਰਿਆਂ/ ਨਿਰਨਿਆਂ (ਬੇਸਿਕ ਸਟਰੱਕਚਰ) ਤੇ ਹੀ ਅਤਿ ਦੇ ਗੰਭੀਰ ਕਿੰਤੂ ਖੜੇ ਕਰਨ ਵਿਚ ਮਸਰੂਫ਼ ਹੈ। ਇਹ ਵੀ ਤੱਥ ਹੈ ਕਿ ਦੂਜੇ ਪਾਟ ਦੀ ਕਿਸਮ ਵਿਚ ਸਾਰੇ ਸੁਧਾਰ-ਵਾਦੀ ਸ਼ਾਮਲ ਨਹੀਂ ਹਨ! ਪਰ ਇਸ ਕਿਸਮ ਦਾ ਪਰਛਾਵਾਂ ਵਾਜਬ ਸੁਧਾਰਵਾਦੀ ਅਕਸ ਨੂੰ ਵੀ ਧੁੰਧਲਾ ਕਰ ਰਿਹਾ ਹੈ। ਇਸ ਚਿੰਤਨ ਦੇ ਵਿਦਵਾਨ ਦਾਵਾ ਤਾਂ ਗੁਰੂ ਦੀ ਗਲ ਦਾ ਕਰਦੇ ਹਨ ਪਰ ਉਨ੍ਹਾਂ ਤੇ ਪ੍ਰਭਾਵ ਗੁਰੂ ਦਾ ਘਟ ਅਤੇ ਗੁਰੂ ਘਰ ਵਿਰੋਧੀ ਚਿੰਤਨ ਦਾ ਜ਼ਿਆਦਾ ਹੈ । ਇਹ ਮਨਮਤਿ ਦੇ ਵਿਰੋਧ ਵਿਚ ਮਨਮਤਿ ਦਾ ਸਹਾਰਾ ਲੇਂਦੇ ਹਨ ! ਜਿਵੇਂ ਕਿ ਕੋਈ ਇਕ ਫ਼ਿਲਮ ਦੇ ਦੋ ਖ਼ਲਨਾਯਕਾਂ ਵਿਚੋਂ ਇਕ ਦਾ ਵਿਰੌਧੀ ਅਤੇ ਦੂਜੇ ਖ਼ਲਨਾਯਕ ਤੋਂ ਪ੍ਰਭਾਵਤ ਹੋਵੇ। ਇਹ ਪਾਸਾ ਤਾਂ ਸਾਰਿਆਂ ਮਨਮਤਾਂ ਨੂੰ ਮਾਤ ਦੇ ਰਿਹਾ ਹੈ। ਇਹ ਵੱਡਮੁੱਲਿਆਂ ਅਤੇ ਸੰਵੇਦਨਸ਼ੀਲ ਗੁਰਮਤਿ ਅਨੁਸਾਰੀ ਪਰੰਪਰਾਵਾਂ ਨੂੰ ਸਾਫ਼-ਸੁਰਖਿਅਤ ਕਰਨ ਦੇ ਬਜਾਏ ਉਨ੍ਹਾਂ ਨੂੰ ਅਪਣੇ ਹੱਥੀ ਭੰਨਣ-ਤਰੋੜਣ ਦੀ ਰਾਹ ਤੇ ਤੂਰ ਰਿਹਾ ਹੈ। ਗੁਰੂ ਦੇ ਫ਼ੈਸਲਿਆਂ ਨੂੰ ਆਪਣੀ ਕਸਵਟੀ ਤੇ ਪਰਖਦੇ ਹਨ। ਅਪਣੇ-ਅਪਣੇ ਕਿਸਮ ਦੀ ਮਨਮਤਿ ਦੇ ਦੋ ਪਾਟਾਂ ਦੀ ਇਸ ਚੱਕੀ ਵਿਚ ਆਮ ਵਿਚਾਰਵਾਨ ਪਾਠਕ ਪਿੱਸ ਰਿਹਾ ਹੈ। ਪਾਟਾਂ ਨੂੰ ਉਸਦੇ ਦਿਲ ਤੇ ਵਾਪਰਣ ਵਾਲੀ ਤ੍ਰਾਸਦੀ ਦੀ ਕੋਈ ਪਰਵਾਹ ਨਹੀਂ। ਉਸ ਦੇ ਦਰਦ ਨੂੰ ਕੋਈ ਨਹੀਂ ਸਮਝਦਾ! ਇਹ ਪਾਟ ਇਕ ਦੂਜੇ ਦੇ ਪੋਸ਼ਕ ਬਣਦੇ ਜਾ ਰਹੇ ਹਨ ਅਤੇ ਅਲਗ-ਅਲਗ ਹੁੰਦੇ ਹੋਏ ਵੀ ਕੰਮ ਇੱਕੋ ਹੀ ਕਰ ਰਹੇ ਹਨ। ਪੀਸਣ ਦਾ! ਜੇ ਪਹਿਲਾ ਪਾਟ ਬਿਮਾਰੀ ਫ਼ੈਲਾ ਰਿਹਾ ਹੈ ਤਾਂ ਦੂਜਾ ਪਾਟ ਬਿਮਾਰਾਂ ਨੂੰ ਨਾਸਮਝੀ ਵਿਚ ਦਵਾਈ ਦੇ ਨਾਮ ਤੇ ਜ਼ਹਿਰ ਦੇ ਰਿਹਾ ਹੈ। ਜੇ ਕਰ ਵਕਤ ਨੂੰ ਵਕਤ ਸਿਰ ਵਿਚਾਰ ਲਿਆ ਜਾਏ ਤਾਂ ਕੋਈ ਸ਼ੱਕ ਨਹੀਂ ਕਿ ‘ਪਰਹੇਜ਼’ ਐਸੀ ‘ਦਵਾਈ’ ਤੋਂ ਬੇਹਰਤ ਹੈ। ਚਿੰਤਕ ਇਸ ਸਥਿਤੀ ਨੂੰ ਗੰਭੀਰਤਾ ਨਾਲ ਵਿਚਾਰਣ! -ਹਰਦੇਵ ਸਿੰਘ, ਜੰਮੂ-21.07.2013