ਅਪਨੇ ਕਰਮ ਕੀ ਗਤਿ ਮੈ ਕਿਆ ਜਾਨਊ ॥
ਭਗਤ ਕਬੀਰ ਜੀ ਦਾ ਇਹ ਸ਼ਬਦ , ਰਾਗੁ ਗੋਂਡ ਵਿਚ , ਗੁਰੂ ਗ੍ਰੰਥ ਸਾਹਿਬ ਜੀ ਦੇ 870 ਅੰਕ ਤੇ ਹੈ ।
ਰਹਾਉ ॥ ਦੀ ਤੁਕ ਹੈ,
ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ ॥
ਮੈ ਕਿਆ ਜਾਨਉ ਬਾਬਾ ਰੇ ॥ 1 ॥ ਰਹਾਉ ॥
ਹੇ ਬਾਬਾ , ਮੈਂ ਨਹੀਂ ਜਾਣਦਾ ਕਿ ਜੋ ਕਰਮ ਮੈ ਕਰ ਰਿਹਾ ਹਾਂ , ਉਨ੍ਹਾਂ ਆਸਰੇ ਮੈਨੂੰ ਕੀ ਪ੍ਰਾਪਤੀ ਹੋਵੇਗੀ ? ਮੈਨੂੰ ਕਿਹੋ ਜਿਹਾ ਫਲ ਮਿਲੇਗਾ ?
ਕਰਮਾ ਬਾਰੇ ਦੁਨੀਆ ਦਾ ਵਿਚਾਰ ਹੈ ਕਿ ਬੰਦੇ ਨੂੰ ਪੁੰਨ ਕਰਨੇ ਚਾਹੀਦੇ ਹਨ , ਪਾਪ ਨਹੀਂ । ਗੁਰਦਵਾਰਿਆਂ ਦੀਆਂ ਸਟੇਜਾਂ ਤੋਂ ਸੰਤ , ਮਹਾਂ ਪੁਰਸ਼ , ਬ੍ਰਹਮ ਗਿਆਨੀ , ਸਿੱਖਾਂ ਨੂੰ ਇਹ ਸਮਝਾਉਂਦੇ ਰਹਿੰਦੇ ਹਨ ਕਿ ਝੂਠ ਬੋਲਣਾ ਪਾਪ ਹੈ ਅਤੇ ਸੱਚ ਬੋਲਣਾ ਪੁੰਨ ਹੈ । ਸੋਚਦਾ ਹਾਂ , ਜੇ ਕੁਝ ਗੁੰਡੇ ਕਿਸੇ ਬੀਬੀ ਦੀ ਪੱਤ ਰੋਲਣ ਲਈ ਉਸ ਦੇ ਪਿੱਛੇ ਲੱਗੇ ਹੋਣ , ਉਹ ਵਿਚਾਰੀ ਲੁਕਦੀ ਫਿਰਦੀ ਹੋਵੇ । ਉਹ ਗੁੰਡੇ ਕਿਸੇ ਅਜਿਹੇ ਬੱਦੇ ਨੂੰ , ਜਿਸ ਨੇ ਉਸ ਨੂੰ ਲੁਕਦੇ ਵੇਖਿਆ ਹੋਵੇ , ਪੁਛ ਲੈਣ ਕਿ ਤੂੰ ਕੋਈ ਬੀਬੀ ਏਧਰ ਜਾਂਦੀ ਵੇਖੀ ਹੈ ? ਤਾਂ ਉਸ ਦਾ ਸੱਚ ਬੋਲਣਾ , ਪੁੰਨ ਹੈ , ਜਾਂ ਪਾਪ ? ਅਤੇ ਉਸਦਾ ਝੂਠ ਬਪਲਣਾ ਪਾਪ ਹੈ , ਜਾਂ ਪੁੰਨ ?
ਇਸੇ ਸੋਚ ਅਧੀਨ ਭਗਤ ਜੀ ਕਹਿੰਦੇ ਹਨ ਕਿ ਮੈਨੂੰ ਸਮਝ ਨਹੀਂ ਕਿ ਮੈਂ ਜੋ ਕਰਮ ਕਰ ਰਿਹਾ ਹਾਂ , ਉਹ ਪੁੰਨ ਹਨ ਜਾਂ ਪਾਪ ? ਇਸ ਨੂੰ ਕਬੀਰ ਜੀ ਇਵੇਂ ਵੀ ਸਮਝਾਉਂਦੇ ਹਨ ,
ਪਾਪ ਪੁੰਨ ਦੁਇ ਏਕ ਸਮਾਨ ॥
ਨਿਜ ਘਰਿ ਪਾਰਸੁ ਤਜਹੁ ਗੁਨ ਆਨੁ ॥ ( 325 )
ਬੰਦਿਆਂ ਵਲੋਂ ਮਿਥੇ ਪਾਪ ਅਤੇ ਪੁੰਨ ਇਕੋ ਜਿਹੇ ਹਨ । ਤੁਹਾਡੇ ਅਪਣੇ ਸ੍ਰੀਰ ਵਿਚ ਤਾਂ ਗੁਣਾਂ ਦਾ ਖਜ਼ਾਨਾ , ਪ੍ਰਭੂ ਹੈ , ਤੁਸੀਂ ਪਾਪ ਪੁੰਨ ਆਸਰੇ ਹਾਸਲ ਕੀਤੇ ਗੁਣਾਂ ਦੇ ਭੁਲੇਖੇ ਨੂੰ ਦੂਰ ਕਰ ਕੇ , ਅੰਦਰ ਬੈਠੇ ਗਣਾਂ ਦੇ ਖਜ਼ਾਨੇ ਨਾਲ ਜੁੜੋ , ਤੁਹਾਨੂੰ ਸਾਰੇ ਗੁਣ ਅਪਣੇ ਆਪ ਹਾਸਲ ਹੋ ਜਾਣਗੇ ।
ਗੁਰੂ ਸਾਹਿਬ ਵੀ ਇਸ ਬਾਰੇ ਇਵੇਂ ਸੇਧ ਦਿੰਦੇ ਹਨ ,
ਪਾਪ ਪੁੰਨ ਕੀ ਸਾਰ ਨਾ ਜਾਣੀ ॥ ਦੂਜੈ ਲਾਗੀ ਭਰਮਿ ਭੁਲਾਣੀ ॥
ਅਗਿਆਨੀ ਅੰਧਾ ਮਗ ਨ ਜਾਣੈ ਫਿਰਿ ਫਿਰਿ ਆਵਣ ਜਾਵਣਿਆ ॥ ( 110 )
ਬੰਦੇ ਨੂੰ ਚੰਗੇ ਮਾੜੇ ਕੰਮ ਦੀ ਸੋਝੀ ਤਾਂ ਹੁੰਦੀ ਨਹੀਂ , ਉਹ ਤਾਂ ਮਾਇਆ ਦੇ ਪ੍ਰਭਾਵ ਹੇਠ , ਭਰਮ ਭੁਲੇਖੇ ਵਿਚ ਪਿਆ , ਕਰਮ ਕਾਂਡਾਂ ਨੂੰ ਹੀ ਪੁੰਨ ਕਰਮ ਸਮਝ ਕੇ , ਕਰੀ ਜਾਂਦਾ ਹੈ , ਅਤੇ ਗੁਰੂ ਦਾ ਗਿਆਨ ਹਾਸਿਲ ਕੀਤੇ ਬਗੈਰ , ਅਗਿਆਨੀ ਬੰਦਾ ਅੰਨ੍ਹਾ ਹੋਇਆ , ਜੀਵਨ ਦਾ ਸਹੀ ਰਸਤਾ ਨਾ ਸਮਝਣ ਕਾਰਨ , ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ।
ਨਰੂ ਮਰੈ ਨਰੁ ਕਾਮਿ ਨ ਆਵੈ ॥ ਪਸੂ ਮਰੈ ਦਸ ਕਾਜ ਸਵਾਰੈ ॥ 1 ॥
ਜਿਸ ਇੰਸਾਨ ਦੇ ਅੰਦਰੋਂ , ਇੰਸਾਨੀਅਤ ਮਰ ਜਾਵੇ , ਇੰਸਾਨੀਅਤ ਖਤਮ ਹੋ ਜਾਵੇ , ਉਹ ਸਮਾਜ ਦੇ ਕਿਸੇ ਕੰਮ ਨਹੀਂ ਆਉਂਦਾ , ਸਮਾਜ ਦਾ ਕੁਝ ਨਹੀਂ ਸਵਾਰ ਸਕਦਾ । ਜੇ ਉਸ ਬੰਦੇ ਦੇ ਅੰਦਰੋਂ , ਗੁਰ ਉਪਦੇਸ਼ ਰਾਹੀਂ ਹੈਵਾਨੀਅਤ ਖਤਮ ਹੋ ਜਾਵੇ , ਉਹ ਸਮਾਜ ਦੇ ਦਸ ਕੰਮ ਸਵਾਰ ਦਿੰਦਾ ਹੈ । ਦਸ ਕੰਮ ਸਵਾਰਨੇ , ਪੰਜਾਬੀ ਮੁਹਾਵਰਾ ਹੈ , ਮਤਲਬ ਹੈ ਬਹੁਤ ਸਾਰੇ ਕੰਮ ਸਵਾਰਨੇ । ਸਮਾਜ ਦੇ ਕੰਮ ਉਹੀ ਸਵਾਰ ਸਕਦਾ ਹੈ , ਜਿਸ ਨੇ ਗੁਰ ਸ਼ਬਦ ਦੀ ਵਿਚਾਰ ਰਾਹੀਂ ਅਪਣੇ ਅੰਦਰਲੇ ਪਸ਼ੂਪੁਣੇ , ਹੰਕਾਰ ਨੂੰ ਖਤਮ ਕਰ ਲਿਆ ਹੋਵੇ ।
ਹਾਡ ਜਲੇ ਜੈਸੇ ਲਕੜੀ ਕਾ ਤੂਲਾ ॥ ਕੇਸ ਜਲੇ ਜੈਸੇ ਘਾਸ ਕਾ ਪੂਲਾ ॥ 2 ॥
ਕਹੁ ਕਬੀਰ ਤਬ ਹੀ ਨਰ ਜਾਗੈ ॥ ਜਮ ਕਾ ਡੰਡੁ ਮੂੰਡ ਮਹਿ ਲਾਗੈ ॥ 3 ॥ 2 ॥ (870)
ਹੇ ਕਬੀਰ ਆਖ , ਇਨ੍ਹਾਂ ਕੀਤੇ ਕੰਮਾਂ ਬਾਰੇ ਬੰਦਾ ਤਦ ਹੀ ਜਾਗਦਾ ਹੈ , ਉਸ ਨੂੰ ਤਦ ਹੀ ਸੋਝੀ ਹੁੰਦੀ ਹੈ , ਜਦ ਬੰਦੇ ਦੇ ਸਿਰ ਵਿਚ ਜਮ ਦਾ ਡੰਡਾ ਵਜਦਾ ਹੈ । ਜਦ ਬੰਦਾ ਮਰਨ ਮਗਰੋਂ ਕੀਤੇ ਕੰਮਾਂ ਦਾ ਲੇਖਾ ਭੁਗਤਦਾ ਹੈ । ਉਸ ਵੇਲੇ ਇਹ ਸ੍ਰੀਰ ਤਾਂ ਬੇਕਾਰ ਹੋ ਜਾਂਦਾ ਹੈ । ਸਾੜ ਦਿੱਤਾ ਜਾਂਦਾ ਹੈ, ਜਾਂ ਹੋਰ ਕਿਸੇ ਤਰੀਕੇ ਨਾਲ ਇਸ ਨੂੰ ਬੰਨੇ ਲਾ ਦਿੱਤਾ ਜਾਂਦਾ ਹੈ । ਸਾੜਨ ਵੇਲੇ ਇਸ ਦਾ ਮਾਸ ਤਾਂ ਸੜ ਹੀ ਜਾਂਦਾ ਹੈ , ਹੱਡੀਆਂ ਵੀ ਇਵੇਂ ਸੜ ਜਾਂਦੀਆਂ ਹਨ ਜਿਵੇਂ ਲਕੜੀ ਦਾ ਸੋਟਾ ਹੋਣ , ਅਤੇ ਕੇਸ ਤਾਂ ਇਵੇਂ ਸੜ ਜਾਂਦੇ ਹਨ ਜਿਵੇਂ ਘਾਹ ਦਾ ਮੁੱਠਾ ਹੋਣ । ਗਰਜ਼ ਤੱਤ , ਅਪਣੇ ਮੂਲ ਵਿਚ ਰਲ ਜਾਂਦੇ ਹਨ । ਇਹੀ ਹਾਲ ਦੱਬਣ ਨਾਲ , ਜਲਪ੍ਰਵਾਹ ਕਰਨ ਨਾਲ ਜਾਂ ਹੋਰ ਕਿਸੇ ਤਰੀਕੇ ਨਾਲ ਬੰਨੇ ਲਾਉਂਦਿਆਂ ਹੁੰਦਾ ਹੈ । ਸਰੀਰ ਦੀ ਹੋੰਦ ਖਤਮ ਹੋ ਜਾਂਦੀ ਹੈ । ਗੁਰੂ ਨਾਲ ਜੁੜਨ ਦਾ , ਉਸ ਤੋਂ ਸੋਝੀ ਲੈਣ ਦਾ , ਭਲੇ ਬੁਰੇ ਬਾਰੇ ਸਮਝਣ ਦਾ ਕੰਮ , ਜ਼ਿੰਦਗੀ ਰਹਿੰਦਿਆਂ ਹੀ ਕਰਨਾ ਚਾਹੀਦਾ ਹੈ , ਤਾਂ ਜੋ ਅੰਤ ਵੇਲੇ ਪਛਤਾਉਣਾ ਨਾ ਪਵੇ ।
ਭਗਤ ਕਬੀਰ ਜੀ ਦਾ ਇਕ ਸ਼ਬਦ ਇਸ ਨੂੰ ਸਮਝਣ ਵਿਚ ਬਹੁਤ ਸਹਾਈ ਹੋ ਸਕਦਾ ਹੈ ।
ਗੁਰ ਸੇਵਾ ਤੇ ਭਗਤਿ ਕਮਾਈ ॥ ਤਬ ਇਹ ਮਾਨਸ ਦੇਹੀ ਪਾਈ ॥
ਇਸ ਦੇਹੀ ਕਉ ਸਿਮਰਹਿ ਦੇਵ ॥ ਸੋ ਦੇਹੀ ਭਜੁ ਹਰਿ ਕੀ ਸੇਵ ॥ 1 ॥
ਭਜਹੁ ਗੁਬਿੰਦ ਭੂਲਿ ਮਤ ਜਾਹੁ ॥ ਮਾਨਸ ਜਨਮ ਕਾ ਏਹੀ ਲਾਹੁ ॥ 1 ॥ ਰਹਾਉ ॥
ਜਬ ਲਗੁ ਜਰਾ ਰੋਗੁ ਨਹੀ ਆਇਆ ॥ ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ ॥
ਜਬ ਲਗੁ ਬਿਕਲ ਭਈ ਨਹੀਂ ਬਾਨੀ ॥ ਭਜਿ ਲੇਹਿ ਰੇ ਮਨ ਸਾਰਿਗਪਾਨੀ ॥ 2 ॥
ਅਬ ਨ ਭਜਸਿ ਭਜਸਿ ਕਬ ਭਾਈ ॥ ਆਵੈ ਅੰਤੁ ਨ ਭਜਿਆ ਜਾਈ ॥
ਜੋ ਕਿਛੁ ਕਰਹਿ ਸੋਈ ਅਬ ਸਾਰੁ ॥ ਫਿਰਿ ਪਛਤਾਹੁ ਨ ਪਾਵਹੁ ਪਾਰੁ ॥ 3 ॥
ਸੋ ਸੇਵਕੁ ਜੋ ਲਾਇਆ ਸੇਵ ॥ ਤਿਨ ਹੀ ਪਾਏ ਨਿਰੰਜਨ ਦੇਵ ॥
ਗੁਰ ਮਿਲਿ ਤਾ ਕੇ ਖੁਲ੍ਹੇ ਕਪਾਟ ॥ ਬਹੁਰਿ ਨ ਆਵੈ ਜੋਨੀ ਬਾਟ ॥ 4 ॥
ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥ ਘਟ ਭੀਤਰਿ ਤੂ ਦੇਖੁ ਬਿਚਾਰਿ ॥
ਕਹਤ ਕਬੀਰੁ ਜੀਤਿ ਕੈ ਹਾਰਿ ॥ ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ ॥ 5 (1159 )
ਰਹਾਉ ਦੀ ਤੁਕ ਵਿਚ ਸਮਝਾਇਆ ਹੈ ਕਿ ਹੇ ਬੰਦੇ ਪ੍ਰਭੂ ਦਾ ਸਿਮਰਨ ਕਰ , ਇਹ ਗੱਲ ਭੁੱਲ ਨਾ ਜਾਹ ਕਿ ਜਿਹੜਾ ਤੈਨੂੰ ਮਨੁੱਖਾ ਜਨਮ ਮਿਲਿਆ ਹੈ , ਉਸ ਦਾ ਲਾਭ ਤਦ ਹੀ ਹੈ ਜੇ ਤੂੰ ਪ੍ਰਭੂ ਦਾ ਸਿਮਰਨ ਕਰੇਂ ।
ਪਹਿਲੀ ਤੁਕ ਵਿਚ ਦੱਸਿਆ ਹੈ ਕਿ ਜੇ ਤੂੰ ਗੁਰੂ ਦੇ ਦੱਸੇ ਅਨੁਸਾਰ ਭਗਤੀ ਕਰ ਕੇ ਅਪਣੇ ਅੰਦਰੋਂ ਹਉਮੈਂ ਦੂਰ ਕਰ ਲਵੇਂ ਤਾਂ ਹੀ ਇਹ ਮਨੁੱਖਾ ਦੇਹ ਮਿਲੀ ਸਮਝ , ਨਹੀਂ ਤਾਂ ਤੇਰੇ ਨਾਲੋਂ ਪਸੂ ਚੰਗੇ ਹਨ , ਜੋ ਪ੍ਰਭੂ ਦੀ ਰਜ਼ਾ , ਉਸ ਦੇ ਹੁਕਮ ਵਿਚ ਚਲਦੇ ਹਨ , ਉਸ ਦੇ ਹੁਕਮ ਦੀ ਉਲੰਘਣਾ ਨਹੀਂ ਕਰਦੇ । ਇਸ ਦੇਹੀ ਨੂੰ ਤਾਂ ਦੇਵਤੇ ਵੀ ਲੋਚਦੇ ਹਨ , ਕਿਉਂਕਿ ਇਸ ਦੇਹੀ ਵਿਚ ਹੀ ਕਰਤਾਰ ਨੂੰ ਮਿਲਿਆ ਜਾ ਸਕਦਾ ਹੈ । ਹੇ ਬੰਦੇ ਤੂੰ ਵੀ ਇਸ ਦੇਹੀ ਨਾਲ ਹਰੀ ਦੀ ਸੇਵਾ ਕਰ , ਉਸ ਦੀ ਭਗਤੀ ਕਰ ।
ਦੂਸਰੀ ਤੁਕ ਵਿਚ ਸਮਝਾਇਆ ਹੈ ਕਿ ਜਦ ਤੱਕ ਤੇਰੇ ਸਰੀਰ ਨੂੰ ਬੂਢਾਪਾ ਨਹੀਂ ਆਇਆ , ਜਦ ਤੱਕ ਤੇਰੀ ਬੋਲਣ ਦੀ ਤਾਕਤ ਕਮਜ਼ੋਰ ਨਹੀਂ ਹੋਈ , ਜਦ ਤੱਕ ਤੇਰੀ ਦੇਹ ਨੂੰ ਸਮੇ ਨੇ ਖਤਮ ਨਹੀਂ ਕਰ ਦਿੱਤਾ , ਹੇ ਮਨ ਤੂੰ ਪਰਮਾਤਮਾ ਦੀ ਭਗਤੀ ਕਰ ।
ਤੀਸਰੀ ਤੁਕ ਵਿਚ ਕਿਹਾ ਹੈ ਕਿ ਹੇ ਭਾਈ ਜੇ ਤੂੰ ਸੁਚੇਤ ਸਰੀਰ ਨਾਲ ਪ੍ਰਭੂ ਦੀ ਭਗਤੀ ਨਹੀਂ ਕਰੇਂਗਾ , ਤਾਂ ਕਦ ਕਰੇਂਗਾ ? ਜਦ ਅੰਤ ਵੇਲਾ ਆ ਜਾਂਦਾ ਹੈ ਤਾਂ ਫਿਰ ਉਸ ਅਕਾਲ ਨੂੰ ਯਾਦ ਨਹੀਂ ਕੀਤਾ ਜਾ ਸਕਦਾ । ਜੋ ਕੁਝ ਕਰਨਾ ਹੈ ਉਹ ਹੁਣੇ ਕਰ , ਵੇਲਾ ਲੰਙ ਜਾਣ ਤੇ ਤੇਰੇ ਪੱਲੇ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਪੈਣਾ , ਤੂੰ ਕੀਤੇ ਕਰਮਾਂ ਦੇ ਫਲ ਭੋਗਣ ਤੋਂ ਬਚ ਨਹੀਂ ਸਕੇਂਗਾ । ਅਤੇ ਜਨਮ ਮਰਨ ਦੇ ਗੇੜ ਤੋਂ ਤੇਰਾ ਛੁਟਕਾਰਾ ਨਹੀਂ ਹੋਣਾ ।
ਚੌਥੀ ਤੁਕ ਵਿਚ ਸਮਝਾਇਆ ਹੈ ਕਿ ਉਹ ਆਪ ਹੀ ( ਕੀਤੇ ਕਰਮਾਂ ਦੇ ਅਧਾਰ ਤੇ ) ਜਿਸ ਨੂੰ ਸੇਵਾ ਬਖਸ਼ਦਾ ਹੈ , ਉਹੀ ਉਸ ਦਾ ਸੇਵਕ ਬਣਦਾ ਹੈ । ਉਸ ਨੂੰ ਸ਼ਬਦ ਵਿਚਾਰ ਆਸਰੇ , ਰੱਬ ਦੇ ਨਾਮ , ਰੱਬ ਦੇ ਹੁਕਮ ਬਾਰੇ ਸੋਝੀ ਹੋ ਜਾਂਦੀ ਹੈ । ਕਰਤਾਰ ਦੇ ਹੁਕਮ ਵਿਚ ਚਲ ਕੇ ਉਹ ਪ੍ਰਭੂ ਨੂੰ ਮਿਲ ਜਾਂਦਾ ਹੈ , ਉਸ ਦਾ ਜਨਮ ਮਰਨ ਦੇ ਗੇੜ ਤੋਂ ਛੁਟਕਾਰਾ ਹੋ ਜਾਂਦਾ ਹੈ ।
ਪੰਜਵੀਂ ਤੁਕ ਵਿਚ ਕਬੀਰ ਜੀ ਕਹਿੰਦੇ ਹਨ ਕਿ ਹੇ ਭਾਈ , ਇਹੀ ( ਮਨੁੱਖਾ ਜਨਮ ਹੀ ) ਤੇਰੇ ਲਈ ਮੌਕਾ ਹੈ , ਇਹੀ ਤੇਰੀ ਵਾਰੀ ਹੈ , ਤੂੰ ਇਸ ਜਨਮ ਵਿਚ ਜਿਤ ਜਾਂ ਹਾਰ , ਇਹ ਤੇਰੀ ਮਰਜ਼ੀ ਹੈ । ਤੂੰ ਅਪਣੇ ਹਿਰਦੇ ਵਿਚ ਵਿਚਾਰ ਕੇ ਵੇਖ, ਸ਼ਬਦ ਗੁਰੂ ਤੈਨੂੰ ਬੜੇ ਤਰੀਕਿਆਂ ਨਾਲ ਪੁਕਾਰ ਪੁਕਾਰ ਕੇ ਕਹਿ ਰਿਹਾ ਹੈ ।
ਅਮਰ ਜੀਤ ਸਿੰਘ ਚੰਦੀ
ਫੋਨ : 95685 41414
ਅਮਰਜੀਤ ਸਿੰਘ ਚੰਦੀ
ਅਪਨੇ ਕਰਮ ਕੀ ਗਤਿ ਮੈ ਕਿਆ ਜਾਨਊ ॥
Page Visitors: 2520