ਅਤੇ ਬਾਬੇ ਨਾਨਕ ਨੇ ਮੱਕਾ ਫੇਰ ਦਿੱਤਾ
ਧਰਮ, ਸਿਧਾਂਤਾਂ ਅਨੁਸਾਰ ਚਲਦੇ ਹਨ,ਇਹ ਸਿਧਾਂਤ ਧਰਮਾਂ ਦੇ ਰਹਿਬਰ ਸਥਾਪਤ ਕਰਦੇ ਹਨ। ਉਹ ਸਿਧਾਂਤ ਠੀਕ ਹੋਣ ਜਾਂ ਗਲਤ,ਧਰਮ ਦੇ ਅਨੁਆਈਆਂ ਨੂੰ ਉਨ੍ਹਾਂ ਬਾਰੇ ਵਿਚਾਰਨ ਦਾ ਕੋਈ ਹੱਕ ਨਹੀਂ ਹੁੰਦਾ। ਉਨ੍ਹਾਂ ਦਾ ਕੰਮ ਹੁੰਦਾ ਹੈ,ਉਨ੍ਹਾਂ ਸਿਧਾਂਤਾਂ ਨੂੰ ਮੰਨਣਾ। ਜੋ ਉਨ੍ਹਾਂ ਸਿਧਾਂਤਾਂ ਨੂੰ ਨਹੀਂ ਮੰਨਦਾ,ਉਸ ਲਈ ਇਕੋ ਰਾਹ ਹੁੰਦਾ ਹੈ,ਧਰਮ ਬਦਲ ਲੈਣਾ।
ਦੁਨੀਆ ਵਿਚ ਸਿੱਖੀ ਹੀ ਅਜਿਹਾ ਧਰਮ ਹੈ,ਜਿਸ ਦੇ ਰਹਿਬਰ ਬਾਬਾ ਨਾਨਕ ਜੀ,ਗੁਰਬਾਣੀ ਨੂੰ ਅਕਲ ਨਾਲ ਵਿਚਾਰਨ ਦੀ ਗੱਲ ਕਹਿੰਦੇ ਵੀ ਹਨ ਅਤੇ ਤਾਕੀਦ ਵੀ ਕਰਦੇ ਹਨ ਕਿ ਹਰ ਕੰਮ ਅਕਲ ਦੀ ਕਸਵੱਟੀ ਤੇ ਪਰਖ ਕੇ ਕਰਨਾ ਚਾਹੀਦਾ ਹੇ ।
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥
ਅਕਲੀ ਪੜ੍ ਿਕੈ ਬੁਝੀਐ ਅਕਲੀ ਕੀਚੈ ਦਾਨੁ ॥
ਨਾਨਕ ਆਖੈ ਰਾਹੁ ਇਹੁ ਹੋਰਿ ਗਲਾਂ ਸੈਤਾਨੁ ॥ (1245)
ਅਕਲ ਨਾਲ ਹੀ ਸਾਹਿਬ,ਪ੍ਰਭੂ,ਪਰਮਾਤਮਾ ਦੀ ਸੇਵਾ ਕਰਨੀ ਚਾਹੀਦੀ ਹੈ।
ਸਵਾਲ ਪੈਦਾ ਹੁੰਦਾ ਹੈ ਕਿ ਬੰਦਾ,ਪ੍ਰਭੂ ਦੀ ਕੀ ਸੇਵਾ ਕਰ ਸਕਦਾ ਹੈ ?
ਬੰਦਾ ਤਾਂ ਛੋਟੀ ਤੋਂ ਛੋਟੀ ਚੀਜ਼ ਲਈ,ਪਰਮਾਤਮਾ ਦਾ ਮੁਹਤਾਜ ਹੈ। ਫਿਰ ਅਜੇਹਾ ਕਿਹੜਾ ਕੰਮ ਹੈ ਜੋ ਕਰ ਕੇ ਬੰਦਾ ਕਰਤਾਰ ਦੀ ਸੇਵਾ ਕਰ ਸਕਦਾ ਹੈ ?
ਇਸ ਦਾ ਗੁਰੂ ਸਾਹਿਬ ਨੇ ਇਕੋ ਇਕ ਰਾਹ ਦੱਸਿਆ ਹੈ,
“ਹੁਕਮਿ ਰਜਾਈ ਚਲਣਾ “
ਜੇ ਬੰਦਾ ਉਸ ਰਜ਼ਾ ਦੇ ਮਾਲਕ ,ਪਰਮਾਤਮਾ ਦੇ ਹੁਕਮ ਅਨੁਸਾਰ, ਉਸ ਦੇ ਬਣਾਏ ਕੁਦਰਤ ਦੇ ਨਿਯਮ,ਕਾਨੂਨਾਂ ਅਨੁਸਾਰ ਚੱਲੇ ਤਾਂ ਇਹੀ ਉਸ ਦੀ ਸੇਵਾ ਹੈ,ਜਿਸ ਤੋਂ ਉਹ ਖੁਸ਼ ਹੁੰਦਾ ਹੈ। ਅਕਲ ਨਾਲ ਕੀਤੇ ਇਸ ਕੰਮ ਸਦਕਾ ਹੀ ਬੰਦੇ ਨੂੰ ਇਸ ਸੰਸਾਰ ਵਿਚ ਵੀ ਅਤੇ ਪ੍ਰਭੂ ਦੀ ਦਰਗਾਹ ਵਿਚ ਵੀ ਮਾਣ,ਇਜ਼ਤ ਮਿਲਦੀ ਹੈ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਇਹ ਕੰਮ ਵੀ ਤਦ ਹੀ ਹੋ ਸਕਦਾ ਹੈ, ਜੇ ਕਰ ਗੁਰਬਾਣੀ ਪੜ੍ਹ ਕੇ ਉਸਨੂੰ ਅਕਲ ਨਾਲ ਵਿਚਾਰ ਕੇ ਬੁਝਿਆ,ਸਮਝਿਆ ਜਾਵੇ।
ਅੱਜ ਕਲ ਸਿੱਖ, ਆਪ ਗੁਰਬਾਣੀ ਵਿਚਾਰ ਨਾਲੋਂ ਟੁੱਟੇ, ਪੁਜਾਰੀ ਲਾਣੇ ਦੇ ਕੁਰਾਹੇ ਪਾਏ, ਸਾਰੀ ਉਮਰ ਗਿਣਤੀਆਂ ਮਿਣਤੀਆਂ ਦੇ ਰੱਟੇ ਹੀ ਲਾਉਂਦੇ ਰਹਿਂਦੇ ਹਨ। ਜਦ ਕਿ ਗੁਰੂ ਸਾਹਿਬ ਸਪੱਸ਼ਟ ਸੇਧ ਦਿਂਦੇ ਹਨ,
ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥ (148)
ਉਸ ਅਕਾਲ ਪੁਰਖ ਦੇ ਹੁਕਮ ਦਾ ਭੇਦ,ਗਿਆਨ ,ਗੁਰਬਾਣੀ ਦੇ ਖਾਲੀ ਪੜ੍ਹਨ,ਤੋਤਾ ਰਟਣ ਨਾਲ ਨਹੀਂ ਸਮਝ ਆਉਂਦਾ। ਉਸਨੂੰ ਪੜ੍ਹ ਕੇ ,ਅਕਲ ਨਾਲ ਸਮਝਣ,ਬੁੱਝਣ ਨਾਲ ਹੀ ਹੁਕਮ ਬਾਰੇ, ਰਜ਼ਾ ਬਾਰੇ ਗਿਆਨ ਹਾਸਲ ਹੁੰਦਾ ਹੈ। ਜਦ ਖਾਲੀ ਪੜ੍ਹਨ ਨਾਲ ਹੀ ਕੁਝ ਹਾਸਲ ਨਹੀਂ ਹੋਣ ਵਾਲਾ ਤਾਂ ਪੈਸੇ ਦੇ ਕੇ ਦੂਸਰੇ ਕੋਲੋਂ ਪਾਠ ਕਰਵਾ ਲੈਣ ਨਾਲ ਕੀ ਹਾਸਲ ਹੋ ਸਕਦਾ ਹੈ ?
ਡੂੰਘੇ ਵਿਚਾਰ ਦੀ ਗੱਲ ਹੈ।
ਗੁਰੂ ਸਾਹਿਬ ਕਹਿੰਦੇ ਹਨ ਕਿ ਦਾਨ ਵੀ ਅਕਲ ਨਾਲ ਵਿਚਾਰ ਕੇ ਹੀ ਕਰਨਾ ਚਾਹੀਦਾ ਹੈ। ਬੰਦਾ ਤਾਂ ਆਪ ਹੀ ਪਰਮਾਤਮਾ ਦੇ ਦਰ ਦਾ ਮੰਗਤਾ ਹੈ, ਉਹ ਕਿਸੇ ਨੂੰ ਕੀ ਦੇਣ ਜੋਗਾ ਹੈ? ਇਸੇ ਕਰ ਕੇ ਸਿੱਖੀ ਵਿਚ ਦਾਨ ਲਈ ਕੋਈ ਥਾਂ ਨਹੀਂ। ਦਾਨ ਪੁੰਨ ਦੇ ਵਹਿਮ ਵਿਚ ਬੰਦਾ ਹਉਮੈ ਦਾ ਸ਼ਿਕਾਰ ਬਣਦਾ ਹੈ। ਗੁਰਬਾਣੀ ਵਿਚ ਦੱਸਿਆ ਹੈ,
ਤੀਰਥ ਬਰਤ ਅਰੁ ਦਾਨ ਕਰਿ ਮਨ ਮਹਿ ਧਰੈ ਗੁਮਾਨੁ ॥ (1428)
ਇਸ ਨੂੰ ਇਵੇਂ ਹੋਰ ਸਪੱਸ਼ਟ ਕੀਤਾ ਹੈ,
ਹਰਿ ਪ੍ਰੀਤਿ ਪਿਆਰੇ ਸਬਦਿ ਵੀਚਾਰੇ ਤਿਸ ਹੀ ਕਾ ਸੋ ਹੋਵੈ ॥
ਪੁੰਨ ਦਾਨ ਅਨੇਕ ਨਾਵਣ ਕਿਉ ਅੰਤਰ ਮਲੁ ਧੋਵੈ ॥ (243)
ਜੋ ਬੰਦਾ ਗੁਰ ਸ਼ਬਦ ਦੀ ਵਿਚਾਰ ਰਾਹੀਂ ਹਰੀ ਨਾਲ ਪਿਆਰ ਪਾਉਂਦਾ ਹੈ , ਉਹ ਉਸ ਹਰੀ ਦਾ ਹੀ ਹੋ ਜਾਂਦਾ ਹੈ। ਅਨੇਕਾਂ ਪੁੰਨ ਦਾਨ ਕੀਤਿਆਂ ,ਅਨੇਕਾਂ ਤੀਰਥ ਇਸ਼ਨਾਨ ਕੀਤਿਆਂ , ਬੰਦਾ ਅਪਣੇ ਅੰਦਰੋਂ ਵਿਕਾਰਾਂ ਦੀ ਮੈਲ ਨਹੀਂ ਧੋ ਸਕਦਾ,ਸਵਾਂ ਮਨ ਵਿਚ ਗੁਮਨ, ਹੋਮੇ ਪੈਦਾ ਹੁੰਦੀ ਹੈ, ਮਨ ‘ਚੋਂ ਵਿਕਾਰਾਂ ਦੀ ਮੈਲ ਸਾਫ ਕੀਤੇ ਬਿਨਾ ਪ੍ਰਭੂ ਨਾਲ ਪਿਆਰ ਪੈਣਾ ਸੰਭਵ ਨਹੀਂ ਹੈ। ਇਸ ਤਰ੍ਹਾਂ ਤਾਂ ਗੁਰੂ ਸਾਹਿਬ ਨੇ ਬਿਲਕੁਲ ਨਬੇੜਾ ਹੀ ਕਰ ਦਿੱਤਾ ਹੈ,
ਪੁੰਨ ਦਾਨੁ ਜੋ ਬੀਜਦੇ ਸਭ ਧਰਮ ਰਾਇ ਕੈ ਜਾਈ ॥ (1414)
ਜੋ ਬੰਦੇ ਪੁੰਨ ਦਾਨ ਦਾ ਬੀਜ ਬੀਜਦੇ ਹਨ,ਕਰਤਾਰ ਨੂੰ ਮਿਲਣ ਦਾ ਵਸੀਲਾ , ਪੁੰਨ ਦਾਨ ਨੂੰ ਬਣਾਉਂਦੇ ਹਨ,ਉਨ੍ਹਾਂ ਦੇ ਇਹ ਯਤਨ ਵਿਅਰਥ ਜਾਂਦੇ ਹਨ, ਕਿਉਂਕਿ ਇਹ ਸਾਰੇ ਕਰਮ ਲੇਖੇ ਵਿਚ ਹਨ। ਇਨ੍ਹਾਂ ਆਸਰੇ ਲੇਖੇ ਤੋਂ ਨਹੀਂ ਬਚਿਆ ਜਾ ਸਕਦਾ।
ਲੇਖੈ ਗਣਤ ਨ ਛੂਟੀਐ ਕਾਚੀ ਭੀਤਿ ਨ ਸੁਧਿ ॥ (252)
ਜਿਵੇਂ ਕੱਚੀ ਕੰਧ ਦੀ ਸਫਾਈ ਨਹੀਂ ਹੋ ਸਕਦੀ, ਉਸਨੂੰ ਜਿੰਨਾ ਮਰਜ਼ੀ ਧੋਂਦੇ ਜਾਉ, ਉਹ ਗੰਦੀ ਹੀ ਰਹੇਗੀ, ਉਸੇ ਤਰ੍ਹਾਂ ਲੇਖਾ ਕੀਤਿਆਂ ਬੰਦੇ ਦਾ ਛੁਟਕਾਰਾ ਸੰਭਵ ਨਹੀਂ ਹੈ, ਕਿਉਂਕਿ ਬੰਦਾ ਭੁਲਣਹਾਰ ਹੈ। ਗੁਰੂ ਸਾਹਿਬ ਨੇ ਸਿੱਖਾਂ ਨੂੰ ਇਸ ਵਹਿਮ ਭਰਮ ਚੋਂ ਕੱਢਦਿਆਂ ਸਿੱਖੀ ਵਿਚ ਦਾਨ ਨੂੰ ਨਕਾਰਦਿਆਂ , ਹਰ ਸਿੱਖ ਲਈ ਫਰਜ਼ ਮਿਥਿਆ ਹੈ ਕਿ ਉਹ ਅਪਣੀ ਕਮਾਈ ਦਾ ਦਸਵਾਂ ਹਿੱਸਾ ਸਮਾਜ ਭਲਾਈ ਲਈ ਅਰਪਣ ਕਰੇ। ਨਾ, ਦੇਣ ਵਾਲੇ ਵਿਚ ਹਉਮੈ ਜਾਗੇ, ਨਾ, ਵਰਤਣ ਵਾਲੇ ਵਿਚ ਹੀਣਤਾ।
ਅੱਜ ਸਿੱਖਾਂ ਦਾ ਦਸਵੰਧ ਕਿੱਥੇ ਖਰਚ ਹੁੰਦਾ ਹੈ?
ਵਿਚਾਰਨ ਦੀ ਲੋੜ ਹੈ। ਜੇ ਸਿੱਖ ਨਾ ਸੰਭਲੇ ਤਾਂ ਸਮਾਜ ਭਲਾਈ ਦਾ ਜੋ ਟੀਚਾ ਸਿੱਖਾਂ ਜ਼ਿਮੇ ਹੈ, ਉਸ ਤੋਂ ਬਹੁਤ ਪਛੜ ਜਾਣਗੇ।
ਸਿੱਖਾਂ ਲਈ ਇਕੋ ਦਾਨ ਹੈ,ਅਕਲ ਨਾਲ ਗੁਰਬਾਣੀ ਨੂੰ ਵਿਚਾਰੋ ਅਤੇ ਦੂਸਰਿਆਂ ਨੂੰ , ਉਸ ਵਿਚਾਰੇ , ਉਸ ਸਮਝੇ ਦਾ ਗਿਆਨ ਵੰਡੋ।
ਨਾਨਕ ਆਖਦਾ ਹੈ ਕਿ ਇਹੀ ਜ਼ਿੰਦਗੀ ਦਾ ਅਸਲ ਰਸਤਾ ਹੈ, ਇਸ ਤੋਂ ਇਲਾਵਾ ਅਕਾਲ ਨੂੰ ਮਿਲਣ ਲਈ ਕੀਤੇ ਜਾਂਦੇ ਸਾਰੇ ਕਰਮ ਕਾਂਡ ਸ਼ੈਤਾਨਾਂ ਦੀਆਂ ਗੱਲਾਂ ਹਨ ।
ਗੁਰੂ ਸਾਹਿਬ ਨੇ ਕਿਤੇ ਕੋਈ ਗੱਲ ਅਧੂਰੀ ਨਹੀਂ ਛੱਡੀ, ਅਕਲ ਵਰਤਣ ਤੋਂ ਪਹਿਲਾਂ ਇਹ ਵੀ ਸਮਝਾਇਆ ਹੈ ਕਿ ਅਕਲ ਕੀ ਹੈ?
ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖ ਲਿਖ ਵੇਚਹਿ ਨਾਉ ॥
ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ ॥
ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ ॥
ਅਕਲਿ ਇਹ ਨ ਆਖੀਐ ਅਕਲਿ ਗਵਾਈਐ ਬਾਦਿ ॥ (1245)
ਉਨ੍ਹਾਂ ਸਮਿਆਂ ਵਿਚ ਪ੍ਰੈਸ, ਛਾਪੇ ਨਹੀਂ ਹੁੰਦੇ ਸਨ, ਕਿਤਾਬਾਂ ਵਗੈਰਾ ਹੱਥਾਂ ਨਾਲ ਹੀ ਲਿਖੀਆਂ ਜਾਂਦੀਆਂ ਸਨ। ਇਸ ਵਿਚ ਗੁਰੂ ਸਾਹਿਬ ਦਾ ਇਸ਼ਾਰਾ, ਦੋ ਤਰ੍ਹਾਂ ਦੇ ਲੋਕਾਂ ਵੱਲ ਹੈ,ਇਕ ਉਹ ਜੋ ਉਸ ਵੇਲੇ ਕੁਰਾਨ ਦੀਆਂ ਆਇਤਾਂ ਲਿਖ ਕੇ ਤਵੀਤਾਂ ਵਿਚ ਬੰਦ ਕਰ ਕੇ, ਲੋਕਾਂ ਨੂੰ ਵਹਿਮਾਂ ਭਰਮਾਂ ਵਿਚ ਪਾ ਕੇ ਲੁਟਦੇ ਸਨ। ਦੂਸਰੇ ਉਹ ਜੋ ਤੀਰਥਾਂ ਆਦਿ ਮਿਥੇ ਧਰਮ ਅਸਥਾਨਾਂ ਤੇ ਕਬਜ਼ਾ ਕਰੀ ਬੈਠੇ, ਭੁਲੇਖੇ ਵਿਚ ਫਸੇ ਲੋਕਾਂ ਨੂੰ, ਜੋ ਇਨ੍ਹਾਂ ਅਸਥਾਨਾਂ ਤੇ ਧਰਮ ਕਰਮ ਆਦਿ ਕਰਨ ਦੀ ਚਾਹ ਨਾਲ ਆਉਂਦੇ ਸਨ, ਨੂੰ ਕਰਮ ਕਾਂਡਾਂ ਵਿਚ ਹੋਰ ਉਲਝਾ ਕੇ ਲੁਟਦੇ ਸਨ।
ਵੈਸੇ ਉਸ ਵੇਲੇ ਤੱਕ ਸਿੱਖ, ਗੁਰਬਾਣੀ ਦੀਆਂ ਤੁਕਾਂ ਲਿਖ ਕੇ ਅਪਣੇ ਸਬੰਧੀਆਂ ਨੂੰ ਭੇਜਣ ਲਗ ਪਏ ਸਨ। ਉਨ੍ਹਾਂ ਲਈ ਵੀ ਚਿਤਾਵਨੀ ਸੀ ਕਿ ਉਹ ਵੀ ਇਸ ਕੱਮ ਨੂੰ ਰੋਜ਼ਗਾਰ ਹੀ ਨਾ ਬਣਾ ਲੈਣ, ਉਨ੍ਹਾਂ ਨੇ ਅਪਣੀ ਕਿਰਤ ਕਮਾਈ ਕਰਦਿਆਂ ਹੀ ਇਹ ਸੇਵਾ ਕਰਨੀ ਹੈ।
(ਇਹ ਗੱਲ ਉਨ੍ਹਾਂ ਦੇ ਵਿਚਾਰਨ ਦੀ ਹੈ ਜੋ ਲਿਖ ਕੇ ਵੇਚਣਾ ਤਾਂ ਦੂਰ , ਪੜ੍ਹ ਕੇ ਅਤੇ ਜ਼ਿਆਦਾ ਤਾਂ ਬਿਨਾ ਪੜ੍ਹੇ ,ਬਿਨਾ ਅਗਲੇ ਨੂੰ ਸੁਣਾਇਆਂ ਹੀ ਵੇਚੀ ਜਾਂਦੇ ਹਨ। ਗੁਰੂ ਸਾਹਿਬ ਦੀ ਸਿਖਿਆ ਅਨੁਸਾਰ, ਉਨ੍ਹਾਂ ਦਾ ਕੀ ਹੋਵੇਗਾ?)
ਗੁਰੂ ਸਾਹਿਬ ਸਮਝਾਉਂਦੇ ਹਨ ਕਿ ਦੂਸਰਿਆਂ ਨੂੰ ਧਾਰਮਿਕ ਕੱਮਾਂ ਦੀ ਆੜ ਵਿਚ ਲੁਟਣ ਵਾਲਿਆਂ ਦੀ ਤਾਂ ਅਪਣੀ ਹੀ ਧਾਰਮਿਕ ਖੇਤੀ ਉਜੜੀ ਪਈ ਹੈ, ਉਨ੍ਹਾਂ ਦੇ ਪੱਲੇ ਰੂਪੀ ਖਲਵਾੜੇ ਵਿਚ ਧਾਰਮਿਕ ਫਸਲ ਕਿਥੋਂ ਆਉਣੀ ਹੈ? ਉਨ੍ਹਾਂ ਦਾ ਜੀਵਣ ਫਿਟਕਾਰ ਯੋਗ ਹੈ। ਜੋ ਲੋਕ ਸੱਚੇ ਕਰਮ, ਇਕ ਅਕਾਲ ਨਾਲ ਜੋੜਨ ਦਾ ਕੰਮ ਨਹੀਂ ਕਰਦੇ,ਪ੍ਰਭੂ ਦੀ ਹਜ਼ੂਰੀ ਵਿਚ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ। ਅਜਿਹੇ ਕੰਮਾ ਵਿਚ ਅਕਲ ਵਰਤਣੀ ਅਕਲਮੰਦੀ ਨਹੀਂ, (ਚਤਰਾਈ ਹੈ) ਅਕਲਮੰਦੀ ਉਹ ਹੈ ਜਿਸ ਨਾਲ ਆਪਸੀ ਵਾਦ ਵਿਵਾਦਿ,ਆਪਸੀ ਵਖਰੇਵੇਂ ਖਤਮ ਕਰ ਕੇ ਸੱਚੇ ਮਾਰਗ ਤੇ ਚੱਲਿਆ ਜਾਵੇ।
ਗੱਲ ਚਲ ਰਹੀ ਸੀ ਧਰਮ ਸਿਧਾਂਤਾਂ ਦੀ, ਇਸਲਾਮ ਧਰਮ ਦਾ ਸਿਧਾਂਤ ਹੈ ਕਿ ਅਲ੍ਹਾ, ਵਾਹਿਗੁਰੂ ਸਿਰਫ ਕਾਹਬੇ ਵਾਲੀ ਮਸਜਿਦ ਵਿਚ ਹੈ। ਇਸ ਲਈ ਸਾਰੀ ਦੁਨੀਆ ਵਿਚ ਮੁਸਲਮਾਨ ਕਾਹਬੇ ਵੱਲ ਮੂੰਹ ਕਰ ਕੇ ਨਮਾਜ਼ ਅਦਾ ਕਰਦੇ ਹਨ। ਦੁਨੀਆ ਦੇ ਸਾਰੇ ਨਮਾਜ਼ ਘਰਾਂ ਵਿਚ ਕਾਹਬੇ ਦੀ ਦਿਸ਼ਾ ਦਰਸਾਉਂਦੀ ਇਕ ਕੰਧ ਬਣੀ ਹੁੰਦੀ ਹੈ,ਜਿਸ ਵਿਚ ਇਕ ਮਹਿਰਾਬ ਹੁੰਦੀ ਹੈ ,ਜੋ ਕਾਹਬੇ ਦੀ ਦਿਸ਼ਾ ਸੂਚਕ ਹੁੰਦੀ ਹੈ। ਇਸ ਵੱਲ ਮੂੰਹ ਕਰ ਕੇ ਨਮਾਜ਼ ਪੜ੍ਹੀ ਜਾਂਦੀ ਹੈ। ਇਸੇ ਅਧਾਰ ਤੇ ਹਰ ਮੁਸਲਮਾਨ ਇਹ ਲੋਚਦਾ ਹੈ ਕਿ ਉਹ ਜ਼ਿੰਦਗੀ ਵਿਚ ਇਕ ਵਾਰ ਜ਼ਰੂਰ ਕਾਹਬਾ ਸ਼ਰੀਫ ਦੀ ਜ਼ਿਆਰਤ (ਹੱਜ) ਕਰ ਆਵੇ।
ਬਾਬਾ ਨਾਨਕ ਜੀ ਜਦ ਹਾਜੀਆਂ ਨਾਲ ਕਾਹਬੇ ਗਏ ਤਾਂ ਕਾਹਬੇ ਦੇ ਕਾਜ਼ੀਆਂ ਨੂੰ ਇਹ ਸਮਝਾਉਣ ਲਈ ਕਿ ਅਲ੍ਹਾ, ਭਗਵਾਨ ਖਾਲੀ ਕਾਹਬੇ ਵਿਚ ਹੀ ਨਹੀਂ ਹੈ ਬਲਕਿ ਸ੍ਰਿਸ਼ਟੀ ਦੇ ਕਣ ਕਣ ਵਿਚ ਹੈ, ਉਹ ਉਸ ਮਹਿਰਾਬ ਵੱਲ ਪੈਰ ਕਰ ਕੇ ਲੱਮੇ ਪੈ ਗਏ। ਜਦ ਕਾਜ਼ੀਆਂ ਨੇ ਇਹ ਵੇਖਿਆ ਤਾਂ ਉਨ੍ਹਾਂ ਨੂੰ ਬੜਾ ਗੁੱਸਾ ਆਇਆ, ਉਨ੍ਹਾਂ ਬਾਬੇ ਨਾਨਕ ਨੂੰ ਗੁੱਸੇ ਵਿਚ ਕਿਹਾ ਕਿ ਤੈਨੂੰ ਅਕਲ ਨਹੀਂ ਹੈ, ਤੂੰ ਰੱਬ ਦੇ ਘਰ ਵੱਲ ਪੈਰ ਕੀਤੀ ਪਿਆ ਹੈਂ?
ਬਾਬੇ ਨਾਨਕ ਦਾ ਸਰਲ ਜਿਹਾ ਜਵਾਬ ਸੀ ਕਿ ਭਾਈ, ਥੱਕਿਆ ਹੋਇਆ ਹੋਣ ਕਾਰਨ ਲੱਮਾ ਪੈ ਗਿਆ, ਖਿਆਲ ਨਹੀਂ ਰਿਹਾ, ਮੇਰੇ ਪੈਰ ਉਸ ਪਾਸੇ ਕਰ ਦਿਉ, ਜਿੱਧਰ ਰੱਬ ਦਾ ਘਰ ਨਹੀਂ ਹੈ।
ਇਕ ਕਾਜ਼ੀ ਨੇ ਬੜੇ ਗੁੱਸੇ ਨਾਲ ਗੁਰੂ ਸਾਹਿਬ ਨੂੰ ਲੱਤੋਂ ਫੜਿਆ, ਪਰ ਜਦ ਉਸ ਇਹ ਸੋਚਿਆ ਕਿ ਪੈਰ ਕਿੱਧਰ ਕਰਾਂ? ਤਾਂ ਉਸਨੂੰ ਕੋਈ ਦਿਸ਼ਾ ਅਜਿਹੀ ਨਾ ਸੁੱਝੀ, ਜਿੱਧਰ ਰੱਬ ਨਾ ਹੋਵੇ। ਉਸ ਨੂੰ ਸੋਝੀ ਆ ਗਈ ਉਸ ਨੇ ਗੁਰੂ ਸਾਹਿਬ ਦੇ ਪੈਰ ਛੱਡ ਦਿੱਤੇ। (ਇਸ ਘਟਣਾ ਦਾ ਜ਼ਿਕਰ,ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਤੇ ਨਹੀਂ ਹੈ। ਇਸ ਦਾ ਅਧਾਰ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ 32ਵੀਂ ਪਉੜੀ ਹੈ।)
ਉਸ ਵਾਰ ਅਨੁਸਾਰ ‘ਜੀਵਣਿ ਮਾਰੀ ਲਤਿ ਦੀ’ ਅਤੇ ‘ਟੰਗੋਂ ਪਕੜਿ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ ‘ ਲਿਖਣ ਦਾ ਭਾਵ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਨਾਲ ਮੇਲ ਨਹੀਂ ਖਾਂਦਾ। ਕਲਾ, ਕਰਾਮਾਤ ਨੂੰ ਤਾਂ ਗੁਰੂ ਸਾਹਿਬ ਰੱਦ ਕਰਦੇ ਹਨ, ਜੇ ਮੱਕਾ ਫਿਰ ਜਾਵੇ ਤਾਂ ਇਹ ਕਰਾਮਾਤ (ਕੁਦਰਤ ਦੇ ਅਸੂਲਾਂ ਨੂੰ ਬਦਲ ਦੇਣ ਵਾਲੀ ਗੱਲ) ਹੈ, ਜੋ ਕਿ ਸਰਾਸਰ ਅਸੰਭਵ ਹੈ। ਇਹ ਮੱਨਿਆ ਜਾ ਸਕਦਾ ਹੈ ਕਿ ਕਿਸੇ ਕਾਜ਼ੀ ਨੇ ਬਾਬਾ ਨਾਨਕ ਜੀ ਨੂੰ ਲੱਤ ਮਾਰੀ ਹੋਵੇ ਅਤੇ ਕਿਸੇ ਨੇ ਲੱਤੋਂ ਫੜ ਕੇ ਘਸੀਟਿਆ ਵੀ ਹੋਵੇ, ਕਿਉਂਕਿ ਬਾਬਾ ਨਾਨਕ ਜੀ ਨੇ ਦੁਨੀਆ ਨੂੰ ਪੁਜਾਰੀਆਂ ਦੀ ਲੁੱਟ ਤੋਂ ਬਚਾੳਣ ਲਈ, ਬੇਅੰਤ ਮੁਸੀਬਤਾਂ ਝੱਲੀਆਂ ਹਨ। ਇਹ ਗੱਲ ਵੱਖਰੀ ਹੈ ਕਿ ਸਿੱਖ, ਅੱਜ ਬਾਬੇ ਨਾਨਕ ਦੀ ਗੱਲ ਤੋਂ ਮੁਨਕਰ, ਉਸੇ ਪੁਜਾਰੀ ਦੇ ਮੁਰੀਦ ਬਣੇ, ਗੁਰਬਾਣੀ ਦੀਆਂ ਰੱਦ ਕੀਤੀਆਂ ਗੱਲਾਂ ਨੂੰ ਗੁਰ ਵਿਅਕਤੀਆਂ ਨਾਲ ਹੀ ਜੋੜੀ ਜਾਂਦੇ ਹਨ।
ਮੱਕਾ ਕੀ ਹੈ ?
ਕਾਹਬਾ (ਮਸਜਿਦ) ਮੁਸਲਮਾਨਾਂ ਦਾ ਕੇਂਦਰੀ ਅਸਥਾਨ ਹੈ। ਮੱਕਾ ਸ਼ਹਿਰ ਹੈ, ਕਾਹਬੇ ਦੇ ਪਰਬੰਧਕਾਂ ਦਾ ਨਿਵਾਸ ਅਸਥਾਨ, ਕਾਹਬੇ ਤੋਂ ਕੁਝ ਦੂਰ ਹੈ। ਗੁਰੂ ਸਾਹਿਬ ਕਾਹਬੇ ਦੀ ਦਿਸ਼ਾ ਸੂਚਕ ਮਹਿਰਾਬ ਵੱਲ (ਅਲ੍ਹਾ ਦੇ ਘਰ ਵੱਲ) ਪੈਰ ਕਰ ਕੇ ਪਏ ਸਨ। ਮੁਸਲਮਾਨਾਂ ਦੇ ਧਰਮ ਸਿਧਾਂਤ ਅਨੁਸਾਰ ਇਹ ਕਾਹਬੇ ਦੀ ਬੇਅਦਬੀ ਸੀ। ਜੇ ਕਰ ਭਾਈ ਗੁਰਦਾਸ ਜੀ ਦੇ ਲਿਖੇ ਅਨੁਸਾਰ ਮੱਨ ਲਈਏ ਕਿ ਕਾਜ਼ੀ ਨੇ ਗੁਰੂ ਸਾਹਿਬ ਨੂੰ ਲੱਤੋਂ ਫੜ ਕੇ ਘਸੀਟਿਆ , ਅਤੇ ਮੱਕਾ ਫਿਰ ਗਇਆ,
(ਵੈਸੇ ਸਾਰੀ ਗੱਲ ਪੜ੍ਹਨ ਮਗਰੋਂ ,ਸਾਫ ਹੋ ਜਾਵੇਗਾ ਕਿ ਅਜਿਹਾ ਕੁਝ ਨਹੀਂ ਵਾਪਰਿਆ, ਭਾਈ ਗੁਰਦਾਸ ਜੀ ਨੇ ਇਹ ਗੱਲ ਪ੍ਰਚਲਤ ਸਾਖੀ ਦੇ ਅਧਾਰ ਤੇ ਲਿਖੀ ਹੈ) ਫਿਰਨੀ ਤਾਂ ਉਹ ਚੀਜ਼ ਚਾਹੀਦੀ ਸੀ ਜਿੱਧਰ ਗੁਰੂ ਸਾਹਿਬ ਦੇ ਪੈਰ ਸਨ। ਕਾਹਬਾ ਤਾਂ ਫਿਰਿਆ ਨਹੀਂ , ਫਿਰ ਗਇਆ ਪ੍ਰਬੰਧਕਾਂ ਦਾ ਸ਼ਹਿਰ।
ਸਪੱਸ਼ਟ ਹੈ ਕਿ ਫਿਰਿਆ ਕੁਝ ਵੀ ਨਹੀਂ। ਨਾ ਮੱਕਾ,ਨਾ ਮਹਿਰਾਬ,ਨਾ ਕਾਹਬਾ,ਫਿਰੀ ਮੱਕੇ ਵਿਚ ਵਸਦੇ,ਕਾਹਬੇ ਦੇ ਪ੍ਰਬੰਧਕਾਂ ਦੀ ਸੋਚ, ਉਨ੍ਹਾਂ ਨੂੰ ਸਮਝ ਆ ਗਈ ਕਿ ਅਲ੍ਹਾ ਸਿਰਫ ਕਾਹਬੇ ਵਿਚ ਹੀ ਨਹੀਂ ਹੈ ਬਲਕਿ ਸਰਿਸ਼ਟੀ ਵਿਚ ਹਰ ਥਾਂ ਮੌਜੂਦ ਹੈ। ਉਨ੍ਹਾਂ ਸਾਮ੍ਹਣੇ ਇਕ ਅੜਚਣ ਖੜੀ ਹੋ ਗਈ, ਬਾਬੇ ਨਾਨਕ ਦਾ ਸਿਧਾਂਤ ਅਟੱਲ ਸੀ, ਉਸ ਨੂੰ ਰੱਦ ਨਹੀਂ ਸੀ ਕੀਤਾ ਜਾ ਸਕਦਾ। ਪਰ ਇਸ ਨੂੰ ਸਿਧਾਂਤਕ ਤੌਰ ਤੇ ਮੰਨ ਲੈਣ ਨਾਲ, ਦੁਨੀਆਂ ਵਿਚ ਬਣੇ ਇਸਲਾਮ ਦੇ ਸਾਰੇ ਤਾਣੇ ਬਾਣੇ ਦੀਆਂ ਚੂਲਾਂ ਹਿਲ ਕੇ ਸਭ ਕੁਝ ਵਿੱਖਰ ਜਾਣਾ ਸੀ। ਕਿਉਂਕਿ ਇਸਲਾਮ ਦਾ ਸਾਰਾ ਤਾਣਾ ਬਾਣਾ ਹੀ ਕਾਹਬੇ ਨੂੰ ਅਲ੍ਹਾ ਦਾ ਘਰ, ਕੇਂਦਰੀ ਅਸਥਾਨ ਮੰਨ ਕੇ ਬੁਣਿਆ ਗਿਆ ਹੈ। ਜੇ ਅਲ੍ਹਾ ਨੂੰ ਹਰ ਥਾਂ ਮੰਨ ਲਿਆ ਜਾਵੇ ਤਾਂ ਨਮਾਜ਼ ਗਾਹਾਂ ਦਾ ਸਾਰਾ ਸਰੂਪ ਹੀ ਬਦਲ ਜਾਂਦਾ ਹੈ।
ਜੇਕਰ ਇਹ ਮੰਨ ਲਿਆ ਜਾਂਦਾ ਕਿ ਬਾਬੇ ਨਾਨਕ ਦੇ ਪੈਰਾਂ ਪਿੱਛੇ,ਕਾਹਬਾ ਘੁੱਮ ਗਿਆ ਤਾਂ ਸੁਭਾਵਕ ਹੀ ਸਾਰੇ ਮੁਸਲਮਾਨਾਂ ਨੇ ਜ਼ਾਹਰ ਪੀਰ ਬਾਬੇ ਨਾਨਕ ਨਾਲ ਜੁੜ ਕੇ ਸਿੱਖ ਹੋ ਜਾਣਾ ਸੀ। ਪਰ ਕੌਮਾਂ ਦੇ ਸਿਆਣੇ ਆਗੂ ਅਜਿਹੀਆਂ ਘਾੜਤਾਂ ਘੜ ਲੈਂਦੇ ਹਨ, ਜਿਸ ਨਾਲ ਕੌਮ ਨੂੰ ਬੁਰੀ ਦਸ਼ਾ ਤੋਂ ਬਚਾਇਆ ਜਾ ਸਕੇ। ਮੁਸਲਮਾਨਾਂ ਨੇ ਬੜੀ ਸੋਚ ਸਮਝ ਮਗਰੋਂ ਇਹ ਪਰਚਾਰ ਕੀਤਾ ਕਿ ਨਾਨਕ ਸ਼ਾਹ ਫਕੀਰ ਨੇ, ਮੱਕਾ ਘੁਮਾ ਦਿੱਤਾ, ਅਤੇ ਇਹ ਵੀ ਕੋਈ ਨਵੀਂ ਗੱਲ ਨਹੀਂ, ਮੱਕਾ ਤਾਂ ਇਕ ਵਾਰੀ ਪਹਿਲਾਂ ਵੀ ਚਲ ਕੇ ਇਕ ਮੁਸਲਮਾਨ ਹਾਜੀ ਬੀਬੀ ਦੀ ਮੱਦਦ ਨੂੰ ਗਿਆ ਸੀ।
ਇਥੇ ਗੱਲ ਇਹ ਨਹੀਂ ਕਿ ਮੁਸਲਮਾਨਾਂ ਕੀ ਕੀਤਾ?
ਇਥੇ ਗੱਲ ਇਹ ਹੈ ਕਿ ਸਿੱਖਾਂ ਨੇ ਕੀ ਕੀਤਾ ?
ਜਿਸ ਸਿਧਾਂਤ ਨੂੰ ਦੁਨੀਆ ਤੱਕ ਪਹੁੰਚਾਉਣ ਲਈ ਬਾਬੇ ਨਾਨਕ ਨੇ ਹਜ਼ਾਰਾਂ ਮੀਲਾਂ ਦਾ ਬਿਖੜਾ ਸਫਰ ਪੈਦਲ ਕੀਤਾ, (ਯਾਨੀ ਰੱਬ ਇਕ ਹੈ, ਉਸਨੂੰ ਕੁਝ ਵੀ ਕਹਿ ਲਵੋ । ਉਹ ਕਿਸੇ ਖਾਸ ਥਾਂ, ਕਿਸੇ ਖਾਸ ਧਰਤੀ, ਕਿਸੇ ਖਾਸ ਆਸਮਾਨ ਤੇ ਨਹੀਂ ਬਲਕਿ ਸੰਸਾਰ ਦੇ ਹਰ ਕਣ ਵਿਚ ਮੌਜੂਦ ਹੈ ) ਉਸ ਨਿੱਗਰ ਸਚਾਈ,ਸਿਧਾਂਤ ਦੀ ਗੱਲ ਕਦੀ ਗੁਦਵਾਰਿਆਂ ਦੀ ਸਟੇਜ ਤੋਂ ਨਹੀਂ ਹੁੰਦੀ, ਬਲਕਿ ਉਸ ਨੂੰ ਰੱਦ ਕਰਦੀਆਂ ਬਹੁਤ ਸਾਰੀਆਂ ਕਹਾਣੀਆਂ ਜ਼ਰੂਰ ਸੁਣਾਈਆਂ ਜਾਂਦੀਆਂ ਹਨ, ਜਿਵੇਂ ਬਾਬਾ ਨਾਨਕ ਸੁਲਤਾਨ ਪੁਰ ਲੋਧੀ ਵਾਲੀ ਵੇਈਂ ਵਿਚ ਚੁੱਭੀ ਮਾਰ ਕੇ ਪਰਮਾਤਮਾ ਦੇ ਦਰਬਾਰ ਵਿਚ ਗਿਆ। (ਜ਼ਾਹਰ ਹੈ ਕਿ ਪਾਣੀ ਦੇ ਵਿਚ ਸ਼ੇਸ਼ ਨਾਗ ਦੀ ਸੇਜ ਤੇ, ਹਿੰਦੂਆਂ ਦੀ ਤ੍ਰੈਮੂਰਤੀ ਵਿਚੋਂ ਇਕ,ਵਿਸ਼ਨੂ ਜੀ ਬਰਾਜਦੇ ਹਨ।
ਅਤੇ ਇਹ ਵੀ ਪਰਚਾਰ ਹੁੰਦਾ ਹੈ ਕਿ ਦਰਬਾਰ ਸਾਹਿਬ ਦੀ ਉਸਾਰੀ ਵੇਲੇ,ਵਿਸ਼ਨੂ ਜੀ ਨੂੰ ਟੋਕਰੀ ਢੋਂਦਿਆਂ, ਅਰਜਨ ਪਾਤਸ਼ਾਹ ਦੇ ਨਾਲ ਸੇਵਾ ਕਰਨ ਵਾਲੇ ਸਾਰੇ ਸਿੱਖਾਂ ਨੇ ਵੇਖਿਆ। ਢਿੱਡ ਦਾ ਚੋਰ ਆਪੇ ਬੋਲ ਪੈਂਦਾ ਹੈ। ਗੁਰਬਿਲਾਸ ਪਾਤਸ਼ਾਹੀ 6 ਵਿਚ ਇਹ ਵੀ ਨਾਲ ਹੀ ਸਪੱਸ਼ਟੀਕਰਨ ਦਿੱਤਾ ਹੈ ਕਿ ਵਿਸ਼ਨੂ ਜੀ ਦੀ ਪਛਾਣ ਇਵੇਂ ਹੋਈ ਕਿ ਵਿਸ਼ਨੂ ਜੀ ਦਾ ਪਰਛਾਵਾਂ ਧਰਤੀ ਤੇ ਨਹੀਂ ਪੈ ਰਿਹਾ ਸੀ।
ਦਰਬਾਰ ਸਾਹਿਬ ਤਿਆਰ ਹੋਣ ਮਗਰੋਂ,ਵਿਸ਼ਨੂ ਜੀ ਨੇ, ਗੁਰੂ ਅਰਜਨ ਪਾਤਸ਼ਾਹ ਨੂੰ ਹੁਕਮ ਕੀਤਾ ਕਿ ਇਹ ਮੇਰਾ ਘਰ ਹੈ, ਤੂੰ ਰਾਤ ਨੂੰ ਇਸ ਤੋਂ ਬਾਹਰ ਰਿਹਾ ਕਰ। ਗੁਰੂ ਅਰਜਨ ਪਾਤਸ਼ਾਹ ਨੇ ਸਾਰੀ ਉਮਰ ਇਵੇਂ ਹੀ ਕੀਤਾ ਅਤੇ ਦਰਬਾਰ ਸਾਹਿਬ ਦਾ ਨਾਂ ਹਰਿਮੰਦਰ ਰੱਖ ਦਿਤਾ।
ਕਿੰਨੀ ਘਿਨਾਉਣੀ ਸਾਜ਼ਿਸ਼ ਹੈ? ਪੁਜਾਰੀ ਲਾਣੇ ਦੀ। ਅਤੇ ਸਿੱਖ ਇਸ ਵਿਚ ਹੀ ਮਸਤ ਹਨ ਕਿ ਸਾਡੇ ਬਾਬੇ ਨਾਨਕ ਨੇ ਮੁਸਲਮਾਨਾਂ ਦਾ ਮੱਕਾ ਘੁਮਾ ਦਿੱਤਾ ਸੀ।
ਇਸ ਦਾ ਇਕ ਹੋਰ ਪਹਿਲੂ ਵੀ ਹੈ , ਅਜਿਹੀਆਂ ਮਿਥਹਾਸਿਕ ਕਹਾਣੀਆਂ ਗੁਰਵਿਅਕਤੀਆਂ ਨੂੰ ਕਰਾਮਾਤਾਂ ਨਾਲ ਜੋੜਨ ਦਾ ਕਾਰਨ ਵੀ ਬਣਦੀਆਂ ਹਨ। ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ਹੈ,
ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ ॥
ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ ॥
ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ ॥ (650)
ਪ੍ਰਭੂ ਦੇ ਹੁਕਮ ਵਿਚ ਚਲੇ ਬਗੈਰ, ਸਭ ਖਾਣਾ ਅਤੇ ਪਹਿਨਣਾ ਵਿਅਰਥ ਹੈ। ਜੋ ਸਿੱਧੀ ਜੋ ਕਰਾਮਾਤ ਪਰਮਾਤਮਾ ਦੇ ਹੁਕਮ ਦੀ ਕਾਟ ਦੀ ਗੱਲ ਕਰਦੀ ਹੈ,ਉਹ ਫਿਟਕਾਰ ਯੋਗ ਹੈ। ਚਿੰਤਾ ਤੋਂ ਰਹਿਤ ਪ੍ਰਭੂ, ਬਖਸ਼ਿਸ਼ ਕਰ ਕੇ ਜਿਸ ਨੂੰ ਜੋ ਦੇ ਦੇਵੇ, ਉਹੀ ਸਿੱਧੀ ਹੈ,ਉਹੀ ਕਰਾਮਾਤ ਹੈ।
ਹੇ ਨਾਨਕ ਗੁਰੂ (ਸ਼ਬਦ) ਦੀ ਸਿਖਿਆ ਨਾਲ ਮਨ ਵਿਚ ਹਰੀ ਦਾ ਨਾਮ ਵੱਸ ਜਾਵੇ, ਇਹੋ ਸਿਧੀ ਹੈ, ਇਹੋ ਕਰਾਮਾਤ ਹੈ। ਏਨੀ ਸਪੱਸ਼ਟ ਸੇਧ ਹੋਣ ਤੇ ਵੀ ਅਸੀਂ ਜ਼ਬਰਦਸਤੀ ਕਰਾਮਾਤਾਂ ਨੂੰ ਮਾਨਤਾ ਦੇਈ ਜਾ ਰਹੇ ਹਾਂ।
ਪਰ ਅਸੀਂ ਵੀ ਕੀ ਕਰੀਏ ? ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਹੋਰ ਕਿਤਾਬਾਂ ਨਾਲ ਜੁੜਿਆਂ, ਇਹੀ ਕੁਝ ਹੋ ਸਕਦਾ ਹੈ। ਭਾਈ ਗੁਰਦਾਸ ਜੀ, ਇਕ ਪਾਸੇ ਤਾਂ ਲਿਖਦੇ ਹਨ ਕਿ ਬਾਬੇ ਨਾਨਕ ਨੇ ਸਿੱਧਾਂ ਨਾਲ ਗੋਸ਼ਟ ਵੇਲੇ ਕਿਹਾ ,
ਬਾਝਹੁ ਸਚੇ ਨਾਮ ਦੇ ਹੋਰੁ ਕਰਾਮਾਤਿ ਅਸਾਂ ਤੇ ਨਾਹੀ
( ਵਾਰ ਪਹਿਲੀ , ਪਉੜੀ 43 )
ਅਤੇ ਦੂਸਰੇ ਪਾਸੇ ਮੱਕੇ ਬਾਰੇ ਜ਼ਿਕਰ ਕਰਦੇ ਲਿਖਦੇ ਹਨ,
ਟੰਗੋਂ ਪਕੜਿ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ ।
( ਭਾਈ ਗੁਰਦਾਸ ਜੀ, ਵਾਰ ਪਹਿਲੀ,ਪਉੜੀ 32 ਵੀਂ )
ਸਿੱਖ ਵਿਚਾਰੇ ਕੀ ਕਰਨ? ਸਿੱਖੀ ਵਿਚ ਜ਼ਬਰਦਸਤੀ ਪੈਦਾ ਹੋਏ ਪੁਜਾਰੀ ਲਾਣੇ ਨੇ ਸਿੱਖਾਂ ਨੂੰ ਗਧੀ ਗੇੜ ਪਾਇਆ ਹੋਇਆ ਹੈ।
ਜਦ ਤਕ ਸਿੱਖ, ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਨਹੀਂ ਲਗਦੇ, ਉਸ ਤੋਂ ਹੀ ਸਿਖਿਆ ਨਹੀਂ ਲੈਂਦੇ, ਉਸ ਦੀ ਹੀ ਸਿਖਿਆ ਅਨੁਸਾਰ ਨਹੀਂ ਚਲਦੇ, ਤਦ ਤੱਕ ਸਿੱਖੀ ਦਾ ਭਵਿੱਖ ਧੁੰਦਲਾ ਹੀ ਰਹੇਗਾ। ਸੂਝਵਾਨ ਲੀਡਰਾਂ ਦੇ ਅਭਾਵ ਵਿਚ ਗੁਰਮਤ ਦਾ ਸ਼ੁੱਧ ਸੋਨਾ ਵੀ, ਦੂਸਰਿਆਂ ਧਰਮਾਂ ਦੇ ਪਿੱਤਲ ਦੇ ਭਾ ਵੀ ਨਹੀਂ ਵਿਕਣਾ।
ਵਾਹਿਗੁਰੂ ਹੀ ਮਿਹਰ ਕਰੇ, ਬਖਸ਼ਿਸ਼ ਕਰੇ,ਪੰਥ ਨੂੰ ਸੂਝਵਾਨ ਆਗੂਆਂ ਦਾ ਦਾਨ ਦੇਵੇ।
ਅਮਰ ਜੀਤ ਸਿੰਘ ਚੰਦੀ
ਅਮਰਜੀਤ ਸਿੰਘ ਚੰਦੀ
ਅਤੇ ਬਾਬੇ ਨਾਨਕ ਨੇ ਮੱਕਾ ਫੇਰ ਦਿੱਤਾ
Page Visitors: 2482