ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ
ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ॥149॥
ਇਹ ਪੰਕਤੀ ਭਗਤ ਕਬੀਰ ਜੀ ਦੇ ਸਲੋਕ ਨੰ: 149 ਦੀ ਹੈ।
ਇਸ ਦੇ ਅਰਥ ਸਮਝਣ ਲਈ ਭਗਤ ਕਬੀਰ ਜੀ ਦੇ ਇਸ ਤੋਂ ਪਹਿਲੇ ਵਾਲੇ ਸਲੋਕਾਂ ਨੂ ਧਿਆਨ ’ਚ ਰੱਖਣ ਦੀ ਲੋੜ ਹੈ। ਪ੍ਰਭੂ ਪ੍ਰਾਪਤੀ ਲਈ ਮਨੁੱਖ ਨੂ ਆਪਣੇ ਵਿੱਚ ਕਿਹੜੇ ਗੁਣ ਪੈਦਾ ਕਰਨੇ ਚਾਹੀਦੇ ਹਨ, ਭਗਤ ਕਬਰਿ ਜੀ ਇਸ ਦਾ ਜ਼ਿਕਰ ਇਨ੍ਹਾਂ ਸਲੋਕਾਂ ਵਿੱਚ ਕਰਦੇ ਹਨ:-
ਸਲੋਕ ਨੰ: 146:-
ਕਬੀਰ ਰੋੜਾ ਹੋਇ ਰਹੁ ਬਾਟ ਕਾ ਤਜਿ ਮਨ ਕਾ ਅਭਿਮਾਨੁ॥ਐਸਾ ਕੋਈ ਦਾਸੁ ਹੋਇ ਤਾਹਿ ਮਿਲੈ ਭਗਵਾਨੁ॥ 146॥
ਭਾਵ:- ਪ੍ਰਭੂ ਮਿਲਾਪ ਚਾਹੁੰਦਾ ਹੈਂ ਤਾਂ ਮੈਂ-ਮੈਂ ਛੱਡ। (ਪਰ ਮੈਂ-ਮੈਂ ਛੱਡਣ ਵਾਲਾ ਵੀ ਕਈ ਵਾਰੀ ਦੂੱਜਿਆਂ ਦੀ ਭਾਵਨਾ ਨੂ ਸੱਟ ਮਾਰਣ ਤੋਂ ਬਾਜ਼ ਨਹੀਂ ਆਂਉਂਦਾ, ਇਹ ਸਪਸ਼ਟ ਕਰਨ ਲਈ ਰਾਹ ਵਿੱਚ ਪਏ ਰੋੜਾ ਦਾ ਦ੍ਰਿਸ਼ਟਾਂਤ ਵਰਤਿਆ ਹੈ)।
ਸਲੋਕ ਨੰ: 147 -
ਕਬੀਰ ਰੋੜਾ ਹੂਆ ਤ ਕਿਆ ਭਇਆ ਪੰਥੀ ਕੋ ਦੁਖੁ ਦੇਇ॥ਐਸਾ ਤੇਰਾ ਦਾਸੁ ਹੈ ਜਿਉ ਧਰਨੀ ਮਹਿ ਖੇਹ॥147॥
ਭਾਵ:-ਪ੍ਰਭੂ ਦਾ ਮਿਲਾਪ ਚਾਹੀਦਾ ਹੈ ਤਾਂ ਨਿਮਾਣਾ ਬਣ। (ਪਰ ਨਿਮਾਣਾ ਵੀ ਕਈ ਵਾਰੀ ਦੂੱਜਿਆਂ ਤੇ ਲਾਛਣ ਲਾਉਂਣ ਲੱਗ ਜਾਂਦਾ ਹੈ।
ਦ੍ਰਿਸ਼ਟਾਂਤ ਧਰਤੀ ਤੇ ਪਈ ਉੱਡਣ ਵਾਲੀ ਮਿੱਟੀ ਦਾ ਦਿੱਤਾ ਹੈ)।
ਸਲੋਕ ਨੰ: 148:-
ਕਬੀਰ ਖੇਹ ਹੂਈ ਤਉ ਕਿਆ ਭਇਆ ਜਉ ਉਡਿ ਲਾਗੈ ਅੰਗ॥ਹਰਿ ਜਨੁ ਐਸਾ ਚਾਹੀਐ ਜਿਉ ਪਾਨੀ ਸਰਬੰਗ॥148॥
ਭਾਵ:- ਪ੍ਰਸਥਿੱਤੀਆਂ ਦੇ ਅਨੁਕੂਲ ਬਣਿਆ ਰਹੁ। (ਪਰ ਐਸੇ ਮਨੁੱਖ ਵੀ ਕਦੇ ਉਤੇਜਨਾ ਅਤੇ ਕਦੇ ਢਹਿੰਦੀ ਕਲਾ ਵਿੱਚ ਚਲਾ ਜਾਂਦਾ ਹੈ,
ਦ੍ਰਿਸ਼ਟਾਂਤ ਪਾਣੀ ਦਾ ਵਰਤਿਆ ਹੈ)।
ਸਲੋਕ ਨੰ: 149:-
ਕਬੀਰ ਪਾਨੀ ਹੂਆ ਤ ਕਿਆ ਭਇਆ ਸੀਰਾ ਤਾਤਾ ਹੋਇ॥ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ॥149॥
ਭਾਵ:- ਪ੍ਰਭੂ ਨਾਲ ਮੇਲ ਤਦ ਹੀ ਹੋ ਸਕਦਾ ਹੈ ਜੇ ਮਨੁੱਖ ਆਪਣੇ ਅੰਦਰ ਪ੍ਰਭੂ ਵਾਲੇ ਗੁਣ ਪੈਦਾ ਕਰ ਲਏ।
‘ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ’ ਬਤੌਰ ਪ੍ਰਮਾਣ ਤੱਤ ਪਰਿਵਾਰ ਨੇ ਹਰਦੇਵ ਸਿੰਘ ਜੰਮੂ ਅਤੇ ਉਨ੍ਹਾਂ ਵਿੱਚ ਉਨ੍ਹਾਂ ਦੇ ਵੈਬ ਸਾਈਟ ਤੇ
‘ਅਕਾਲ ਤਖਤ:ਸੰਕਲਪ ਅਤੇ ਵਿਵਸਥਾ’ ਨਾਮ ਦੀ ਪੁਸਤਕ ਤੇ ਹੋਈ ਚਰਚਾ ਦੇ ਸੰਬੰਧ ਵਿੱਚ ਵਰਤਿਆ ਹੈ। ਤੱਤ ਪਰਿਵਾਰ ਦਾ ਕਹਿਣਾ ਹੈ ਕਿ ਇਸ
ਪੁਸਤਕ ਦੇ ਲੇਖਕ ਇਕਬਾਲ ਸਿੰਘ ਢਿਲੋਂ ਤੇ ਧਾਰਾ 295 ਏ ਲਗਾਉਣਾ ਯਾਨੀ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਇਲਜ਼ਾਮ ਲਗਾਉਣਾ ਗ਼ਲਤ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਗੁਰਬਾਣੀ ਵੀ ਤਾਂ ਅਲੋਚਣਾ ਕਰਦੀ ਹੈ। ਹਰਦੇਵ ਸਿੰਘ ਨੇ ਧਾਰਾ 295 ਏ ਦੇ ਕਾਨੂਨੀ ਪੱਖ ਦੀ ਗੱਲ ਕਰਦਿਆਂ ਢਿਲੋਂ ਦੇ ਮੁਕਦਮੇ ਨਾਲ ਮਿਲਦੇ ਜੁਲਦੇ ਇੱਕ ਅਲਾਹਾਬਾਦ ਹਾਈਕੋਰਟ ਵਿੱਚ ਚੱਲੇ ਮੁਕਦਮੇ ਦਾ ਜ਼ਿਕਰ ਕੀਤਾ ਜਿਸ ਵਿੱਚ ਹਾਈ ਕੋਰਟ ਨੇ ਧਾਰਾ 295 ਏ ਦੇ ਹੱਕ ਵਿੱਚ ਫ਼ੈਸਲਾ ਦਿੱਤਾ ਸੀ। ਉਸ ਨੇ ਇਹ ਵੀ ਆਖਿਆ ਹੈ ਕਿ ਗੂਰੂ ਸਾਹਿਬਾਨ ਵਲੋਂ ਵਿਚਾਰ ਦੀ ਅਭਿਵਿੱਯਕਤੀ ਪੈਗੰਬਰੀ ਹੈ। ਇਸ ਤੇ ਵੈਬ ਸਾਈਟ ਸੰਚਾਲਕ ਆਖਦੇ ਹਨ ਕਿ ‘ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ’ ਪੰਕਤੀ ਸਾਨੂ ਸਿਖਾਉਂਦੀ ਹੈ ਕਿ ਗੁਰਬਾਣੀ ਅਤੇ ਗੁਰਬਾਣੀਕਾਰਾਂ ਤੋਂ ਸੇਧ ਲੈ ਕੇ ਸੁਚੇਤ ਲੇਖਕਾਂ ਨੂੰ ਲਿਖਣਾ ਚਾਹੀਦਾ ਹੈ। ‘ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ’ ਪੰਕਤੀ ਕੀ ਸਿਖਾਉਂਦੀ ਹੈ ਇਹ ਭਲੀ ਪ੍ਰਕਾਰ ਊਪਰ ਦਸਿਆ ਜਾ ਚੁੱਕਾ ਹੈ।
ਭਗਤ ਕਬੀਰ ਜੀ ਨੇ ਆਪਣੇ ਸਲੋਕ ਨੰ: 146, 147 ਅਤੇ 148 ਵਿੱਚ ਹਰਿ ਜਨ ਦੇ ਕੁਝ ਲੱਛਣ ਦੱਸੇ ਹਨ ਜੋ ਇਸ ਤਰ੍ਹਾਂ ਹਨ, ਮੈਂ-ਮੈਂ ਨਾਂ ਕਰਨਾ,
ਨਿਮਾਣਾ ਬਣ ਕੇ ਰਹਿਣਾ, ਉਤੇਜਿਤ ਨਾਂ ਹੋਣਾ, ਪਰ ਕੇਵਲ ਇਨ੍ਹਾਂ ਗੁਣਾ ਨਾਲ ਕੋਈ ਹਰਿ ਜਨ ਨਹੀਂ ਬਣ ਜਾਂਦਾ। ਹਰਿ ਜਨ ਹੋਣ ਲਈ ਉਹ ਸਾਰੇ ਗੁਣ ਹੋਣੇ ਚਾਹੀਦੇ ਹਨ ਜੋ ਹਰੀ ਵਿੱਚ ਹਨ, ਭਗਤ ਕਬੀਰ ਜੀ ਸਲੋਕ ਨੰ: 149 ਵਿੱਚ ਇਹ ਸਮਝਾਉਂਦੇ ਹਨ। ਵੈਬ ਸਾਈਟਾਂ ਨਾਲ ਰਾਬਤਾ ਰੱਖਣ ਵਾਲੇ ਪਾਠਕਾਂ ਨੇ ਤੱਤ ਪਰਿਵਾਰ ਅਤੇ ਇਕਬਾਲ ਸਿੰਘ ਢਿਲੋਂ ਦੀਆਂ ਲਿਖਤਾਂ ਜ਼ਰੂਰ ਪੜ੍ਹੀਆਂ ਹੋਣ ਗੀਆਂ। ਪਾਠਕ ਆਪ ਹੀ ਵਿਚਾਰ ਕਰ ਲੈਣ ਕਿ, ਕੀ ਇਨ੍ਹਾਂ ਦੀਆਂ ਲਿਖਤਾਂ ਮੈਂ-ਮੈਂ, ਅਭਿਮਾਨ, ਉਤੇਜਨਾ ਤੋਂ ਖਾਲੀ ਹਨ ? ਜੇਕਰ ਨਹੀਂ ਤਾਂ ਇਹ ਫਿਰ ਕਿਥੋਂ ਹਰਿ ਜਨ ਹੋ ਗਏ ਅਤੇ ਇਨ੍ਹਾਂ ਦੀਆਂ ਲਿਖਤਾਂ ਗੁਰਬਾਣੀ ਅਤੇ ਗੁਰਬਾਣੀਕਾਰਾਂ ਤੋਂ ਸੇਧ ਲੈ ਕੇ ਲਿਖੀਆਂ ਕਿਸ ਤਰ੍ਹਾਂ ਹੋ ਗਈਆਂ ? ਇਕਬਾਲ ਸਿੰਘ ਢਿਲੋਂ ਆਪਣੀ ਪੁਸਤਕ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦੇ ਜਨਮ ਬਾਰੇ ਨਿਹਾਇਤ ਗੰਦੇ ਸ਼ਬਦ ਵਰਤਦਾ ਹੈ (ਮੇਰੇ ਲਈ ਇਹੋ ਜਿਹੇ ਸ਼ਬਦ ਜ਼ਬਾਨ ਤੇ ਲਿਆਉਣੇ ਅਪਰਾਧ ਹੈ)। ਇਹ ਵੀ ਆਖਦਾ ਹੈ ਕਿ ਅਕਾਲ ਤਖਤ ਕੋਈ ਜਗ੍ਹਾ ਹੈ ਹੀ ਨਹੀਂ। ਕਿਸੇ ਵੀ ਧਰਮ ਦੇ ਕਿਸੇ ਵੀ ਵਢੇਰੇ ਲਈ ਗੁਰਬਾਣੀ ਨੇ ਇਹੋ ਜਿਹੇ ਅਪਸ਼ਬਦ ਨਹੀਂ ਵਰਤੇ। ਨਾਂ ਹੀ ਇਹ ਆਖਿਆ ਹੈ ਕਿ ਬਦਰੀਨਾਥ, ਮੱਕਾ, ਕਪਾਲ ਮੋਚਣ, ਕੋਈ ਜਗ੍ਹਾ ਹੈ ਹੀ ਨਹੀਂ। ਪਾਠਕ ਹੀ ਵਿਚਾਰ ਕਰ ਲੈਣ ਕਿ, ਕੀ ਢਿਲੋਂ ਦੀ ਸ਼ਬਦਾਵਲੀ ਨੂ ਮੁੱਖ ਰਖਦੇ ਹੋਏ ‘ਅਕਾਲ ਤਖਤ: ਸੰਕਲਪ ਅਤੇ ਵਿਵਸਥਾ’ ਪੁਸਤਕ ਤੇ ਧਾਰਾ 295 ਏ ਲਗਣਾ ਦਰੁਸਤ ਹੈ ਕਿ ਨਹੀਂ ?
ਪਾਠਕ ਇਹ ਵੀ ਵਿੱਚਾਰ ਕਰ ਲੈਣ ਕਿ, ਕੀ ‘ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ’ ਵਾਲਾ ਪ੍ਰਮਾਣ ਇਸ ਸੰਧਰਭ ਵਿੱਚ ਵਰਤਣਾ ਠੀਕ ਹੈ ? ਕੀ
ਇਕਬਾਲ ਸਿੰਘ ਦੀਆਂ ਲਿਖਤਾਂ ਗੁਰਬਾਣੀ ਦੀ ਸੇਧ ਤੇ ਲਿਖੀਆਂ ਹੋਈਆਂ ਹਨ ? ਗੁਰਬਾਣੀ ਦੀ ਸੇਧ ਤਾਂ ਇਹ ਹੈ:-
“ਕਲਮ ਜਲਉ ਸਣੁ ਮਸਵਾਣੀਐ ਕਾਗਦੁ ਭੀ ਜਲਿ ਜਾਉ॥ਲਿਖਣ ਵਾਲਾ ਜਲਿ ਬਲਉ ਜਿਨਿ ਲਿਖਿਆ ਦੂਜਾ ਭਾਉ॥”-ਪੰਨਾ 84॥
ਸੁਰਜਨ ਸਿੰਘ --+9190419
ਸੁਰਜਨ ਸਿੰਘ
ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ
Page Visitors: 3413