ਜਥੇਦਾਰ, ਅਕਾਲ ਤਖਤ ਸਾਹਿਬ ਦੇ ਨਾਮ ਖੁੱਲਾ ਖ਼ੱਤ
ਸਤਿਕਾਰ ਯੋਗ ਗਿਆਨੀ ਹਰਪ੍ਰੀਤ ਸਿੰਘ ਜੀ,
ਜਥੇਦਾਰ ਅਕਾਲ ਤਖਤ ਸਾਹਿਬ।
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ।
ਵਿਸ਼ਾ:- ਕੈਲੰਡਰ
ਮਿਤੀ:- 10 ਸਾਵਣ, ਸੰਮਤ 552 (25 ਜੁਲਾਈ 2020)
ਗਿਆਨੀ ਹਰਪ੍ਰੀਤ ਸਿੰਘ ਜੀ, ਆਪ ਜੀ ਦੇ ਨਾਮ ਖੁੱਲਾ ਪੱਤਰ ਲਿਖਣ ਦਾ ਕਾਰਨ ਇਹ ਹੈ ਕਿ,
17 ਮਈ 2020 ਈ: ਦੇ ਅਖ਼ਬਾਰਾਂ ਰਾਹੀ ਪ੍ਰਾਪਤ ਹੋਏ ਆਪ ਜੀ ਦੇ ਆਦੇਸ਼, “ਜਥੇਦਾਰ ਜੀ ਨੇ ਕਿਹਾ ਕਿ ਕੋਈ ਵੀ ਸ਼ਿਕਾਇਤ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਕੋਲ ਭੇਜੀ ਜਾਵੇ, ਜਿਸ ਤੋਂ ਬਾਅਦ ਲੋੜ ਪੈਣ ਤੇ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵਿਚਾਰਿਆ ਜਾਵੇਗਾ”, ਨੂੰ ਮੁਖ ਰੱਖਦਿਆਂ, ਸ. ਮਨਜੀਤ ਸਿੰਘ ਬੱਲ, ਸਕੱਤਰ ਧਰਮ ਪ੍ਰਚਾਰ ਕਮੇਟੀ ਦੇ ਨਾਮ,ਕੈਲੰਡਰ ਸਬੰਧੀ ਸ਼੍ਰੋਮਣੀ ਕਮੇਟੀ ਦਾ ਪੱਖ ਜਾਨਣ ਲਈ 17 ਮਈ ਨੂੰ ਇਕ ਪੱਤਰ ਲਿਖਿਆ ਸੀ।
20 ਮਈ ਨੂੰ ਸ. ਮਨਜੀਤ ਸਿੰਘ ਜੀ ਨਾਲ ਟੈਲੀਫ਼ੋਨ ਤੇ ਵੀ ਸੰਪਰਕ ਕੀਤਾ ਸੀ। ਉਨ੍ਹਾਂ ਵਾਅਦਾ ਕੀਤਾ ਸੀ ਕਿ ਤੁਹਾਡਾ ਪੱਤਰ, ਕੈਲੰਡਰ ਸਬ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ ਅਤੇ ਇਕ ਹਫ਼ਤੇ ਵਿਚ ਜਵਾਬ ਆਪ ਨੂੰ ਭੇਜ ਦਿੱਤਾ ਜਾਵੇਗਾ।
ਦੋ ਹਫ਼ਤੇ ਬੀਤ ਜਾਣ ਤੇ ਜਦੋਂ ਕੋਈ ਜਵਾਬ ਨਹੀ ਆਇਆ ਤਾਂ
31 ਮਈ ਨੂੰ,ਸ.ਮਨਜੀਤ ਸਿੰਘ ਜੀ ਨੂੰ ਯਾਦਪੱਤਰ ਭੇਜਿਆ ਸੀ,ਅਤੇ ਮੰਗੀ ਗਈ ਜਾਣਕਾਰੀ ਭੇਜਣ ਦੀ ਬੇਨਤੀ ਕੀਤੀ ਸੀ। ਦੋ ਹਫ਼ਤੇ ਬੀਤ ਜਾਣ ਤੇ ਜਦੋਂ ਕੋਈ ਜਵਾਬ ਨਹੀਂ ਆਇਆ ਤਾਂ
14 ਜੂਨ ਨੂੰ,ਡਾ ਰੂਪ ਸਿੰਘ ਨੂੰ ਪੱਤਰ ਭੇਜ ਕੇ ਬੇਨਤੀ ਕੀਤੀ ਕਿ ਆਪ ਜੀ ਨਿੱਜੀ ਦਖ਼ਲ ਦੇ ਕੇ ਮੰਗੀ ਗਈ ਜਾਣਕਾਰੀ ਦੀ ਕ੍ਰਿਪਾਲਤਾ ਕਰੋ।
ਇਸੇ ਦੌਰਾਨ ਡਾ ਰੂਪ ਸਿੰਘ ਜੀ ਨਾਲ ਟੈਲੀਫ਼ੋਨ ਤੇ ਗੱਲ ਹੋਈ ਸੀ। ਫੇਰ ਵੀ ਕੋਈ ਜਵਾਬ ਨਹੀਂ ਆਇਆ ਤਾਂ
21 ਜੂਨ ਨੂੰ ਪੱਤਰ ਭੇਜ ਕੇ ਡਾ ਰੂਪ ਸਿੰਘ ਜੀ ਨੂੰ ਬੇਨਤੀ ਕੀਤੀ ਗਈ ਸੀ।
ਜਦੋਂ ਡਾ ਰੂਪ ਸਿੰਘ ਜੀ ਨੂੰ ਲਿਖੇ ਪੱਤਰਾਂ ਦਾ ਵੀ ਕੋਈ ਜਵਾਬ ਨਹੀ ਆਇਆ ਤਾਂ 28 ਜੂਨ ਨੂੰ ਸ. ਗੋਬਿੰਦ ਸਿੰਘ ਜੀ ਲੋਂਗੋਵਾਲ, ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਪੱਤਰ ਭੇਜ ਕੇ ਬੇਨਤੀ ਕੀਤੀ ਗਈ ਕਿ ਨਿੱਜੀ ਦਖ਼ਲ ਦੇ ਕੇ ਮੰਗੀ ਗਈ ਜਾਣਕਾਰੀ ਭਿਜਵਾਉਣ ਦੀ ਕ੍ਰਿਪਾਲਤਾ ਕੀਤੀ ਜਾਵੇ।
ਇਸ ਪੱਤਰ ਦਾ ਵੀ ਕੋਈ ਜਵਾਬ ਨਹੀਂ ਆਇਆ ਤਾਂ
5 ਜੁਲਾਈ ਨੂੰ ਫੇਰ ਪੱਤਰ ਭੇਜ ਕੇ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਗਈ। ਜਦੋਂ ਭਾਈ ਗੋਬਿੰਦ ਸਿੰਘ ਜੀ ਨੇ ਵੀ ਕੋਈ ਹੁੰਗਾਰਾ ਨਹੀਂ ਭਰਿਆ ਤਾਂ
12 ਜੁਲਾਈ ਨੂੰ, ਆਪ ਜੀ ਦੇ ਨਾਮ ਪੱਤਰ ਭੇਜ ਕਿ ਬੇਨਤੀ ਕੀਤੀ ਗਈ ਸੀ ਕਿ ਆਪ ਜੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਆਦੇਸ਼ ਦਿਓ ਕਿ ਉਹ ਮੰਗੀ ਗਈ ਜਾਣਕਾਰੀ ਭੇਜਣ।
ਆਪ ਜੀ ਨੂੰ ਈ ਮੇਲ ਰਾਹੀ ਪੱਤਰ ਭੇਜਣ ਦੇ ਨਾਲ-ਨਾਲ, ਆਪ ਜੀ ਦੇ ਨਿੱਜੀ ਸਹਾਇਕ ਸ. ਜਸਵਿੰਦਰ ਸਿੰਘ ਨਾਲ ਟੈਲੀਫ਼ੋਨ ਤੇ ਵੀ ਗੱਲ ਹੋਈ ਸੀ, ਅਤੇ ਉਨ੍ਹਾਂ ਨੇ ਵੀ ਯਕੀਨ ਦਿਵਾਇਆ ਸੀ। ਇਸ ਦਾ ਵੀ ਕੋਈ ਜਵਾਬ ਨਹੀਂ ਆਇਆ ਤਾਂ
19 ਜੁਲਾਈ ਨੂੰ ਇਕ ਹੋਰ ਪੱਤਰ ਆਪ ਜੀ ਨੂੰ ਭੇਜ ਕੇ ਬੇਨਤੀ ਕੀਤੀ ਗਈ।
20 ਜੁਲਾਈ ਨੂੰ, ਦੂਜੀ ਵਾਰ ਆਪ ਜੀ ਦੇ ਨਿੱਜੀ ਸਹਾਇਕ ਸ. ਜਸਵਿੰਦਰ ਸਿੰਘ ਨਾਲ ਵੀ ਟੈਲੀਫ਼ੋਨ ਤੇ ਗੱਲ ਕਰਕੇ ਵੀ ਬੇਨਤੀ ਕੀਤੀ। ਪਰ! ਬੜੇ ਦੁਖ ਨਾਲ ਲਿਖਣਾ ਪੈ ਰਿਹਾ ਹੈ ਕਿ ਜਦੋਂ ਆਪ ਜੀ ਨੂੰ ਲਿਖੇ ਪੱਤਰਾਂ ਅਤੇ ਕੀਤੇ ਗਏ ਟੈਲੀਫ਼ੋਨਾਂ ਦਾ ਵੀ ਕੋਈ ਨਤੀਜਾ ਨਹੀਂ ਨਿਕਲਿਆ ਤਾਂ ਅੱਜ ਇਹ ਖੁੱਲਾ ਪੱਤਰ ਲਿਖਣ ਲਈ ਮਜਬੂਰ ਹੋਇਆ ਹਾਂ। ਸ਼ਾਇਦ ਹੁਣ ਹੀ ਮੇਰੀ ਬੇਨਤੀ ਆਪ ਜੀ ਤਾਈਂ ਪੁੱਜ ਜਾਵੇ।
ਗਿਆਨੀ ਹਰਪ੍ਰੀਤ ਸਿੰਘ ਜੀ, 14 ਮਾਰਚ ਦੀ ਅਖ਼ਬਾਰ ਵਿਚ, ਆਪ ਜੀ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਨਵੇਂ ਸਾਲ ਦਾ ਕੈਲੰਡਰ ਜਾਰੀ ਕਰਨ ਦੀ ਖ਼ਬਰ ਮੁਤਾਬਕ ਆਪ ਜੀ ਦਾ ਬਿਆਨ, “ਕੈਲੰਡਰ ਜਾਰੀ ਕਰਦਿਆਂ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਿਹਾ ਕਿ ਸੰਗਤਾਂ ਇਸ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਮਨਾਉਣ।
ਪਾਕਿਸਤਾਨ ਸਿੱਖ ਗੁ: ਪ੍ਰ: ਕਮੇਟੀ ਸਮੇਤ ਕੁੱਝ ਸਿੱਖ ਜਥੇਬੰਦੀਆਂ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਤੇ ਸ਼੍ਰੋਮਣੀਕਮੇਟੀ ਵਲੋਂ ਪ੍ਰਕਾਸ਼ਿਤ ਸੋਧੇ ਹੋਏ ਕੈਲੰਡਰ ਸਬੰਧੀ ਚੱਲ ਰਹੇ ਵਿਵਾਦ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਸਿੱਖ ਪੰਥ ਦਾ ਇੱਕੋ ਕੈਲੰਡਰ ਹੋਣਾ ਚਾਹੀਦਾ ਹੈ, ਜਿਸ ਨੂੰ ਦੁਨੀਆਂ ਦੇ ਸਾਰੇ ਸਿੱਖ ਪ੍ਰਵਾਨ ਕਰਨ”।ਛਪਿਆ ਸੀ।
ਜਥੇਦਾਰ ਜੀ, ਮੈਂ ਵੀ ਤਾਂ ਇਸੇ ਗੱਲ ਨੂੰ ਅੱਗੇ ਤੋਰ ਰਿਹਾ ਹਾਂ, ਕਿ ਜੇ ਸਿੱਖ ਪੰਥ ਦਾ ਆਪਣਾ ਕੈਲੰਡਰ ਹੋਣਾ ਚਾਹੀਦਾ ਹੈ ਤਾਂ ਕਿਹੜਾ ਕੈਲੰਡਰ ਹੋਣਾ ਚਾਹੀਦਾ ਹੈ?
(1) ਕਿਹੜਾ ਕੈਲੰਡਰ ਚਾਹੀਦਾ ਹੈ?
(ੳ) ਸੂਰਜੀ (solar)
(ਅ) ਚੰਦ ਅਧਾਰਿਤ (Lunar)
(ੲ) ਚੰਦਰ-ਸੂਰਜੀ (lunisolar)
(2) ਜੇ ਸੂਰਜੀ ਕੈਲੰਡਰ ਹੋਣਾ ਚਾਹੀਦਾ ਹੈ ਤਾਂ, ਸੂਰਜੀ ਕਿਹੜਾ ਹੋਣਾ ਚਾਹੀਦਾ ਹੈ?
(ੳ) ਸੂਰਜੀ ਸਿਧਾਂਤ
(ਅ) ਦ੍ਰਿਕਗਿਣਤ ਸਿਧਾਂਤ
(ੲ) ਰੁੱਤੀ ਸਾਲ (Tropical year)
(3) ਜੇ ਚੰਦਰ-ਸੂਰਜੀ ਕੈਲੰਡਰ ਹੋਣਾ ਚਾਹੀਦਾ ਹੈ ਤਾਂ ਸੂਰਜੀ ਕਿਹੜਾ ਹੋਣਾ ਚਾਹੀਦਾ ਹੈ?
(ੳ) ਸੂਰਜੀ ਸਿਧਾਂਤ
(ਅ) ਦ੍ਰਿਕਗਿਣਤ ਸਿਧਾਂਤ
(ੲ) ਰੁੱਤੀ ਸਾਲ (Tropical year)
ਜਥੇਦਾਰ ਜੀ, ਜੇ ਤੁਹਾਡਾ ਭਾਵ ਇਹ ਹੈ ਕਿ ਜਿਹੜਾ ਕੈਲੰਡਰ ਸ਼੍ਰੋਮਣੀ ਕਮੇਟੀ ਵੱਲੋਂ ਛਾਪਿਆ ਜਾਵੇ, ਉਸੇ ਕੈਲੰਡਰ ਨੂੰ ਹੀ ਪੰਥ ਅੱਖਾਂ ਬੰਦ ਕੇ ਅਤੇ ਸਿਰ ਸੁੱਟ ਕੇ ਭਾਣਾ ਮੰਨ ਲਵੇ, ਤਾਂ ਇਹ ਸੰਭਵ ਨਹੀਂ ਹੈ। ਵਿਦੇਸ਼ੀ ਸਿੱਖਾਂ ਦੀ ਗੱਲ ਤਾਂ ਛੱਡੋ, ਪਿਛਲੇ ਸਾਲ ਤੁਹਾਡੇ ਵੱਲੋਂ ਜਾਰੀ ਕੀਤੇ ਕੈਲੰਡਰ ਨੂੰ ਤਾਂ, ਆਪਣੇ ਆਪ ਨੂੰ ਗੁਰੂ ਦੀਆਂ ਲਾਡਲੀਆਂ ਫੌਜਾਂ ਅਖਵਾਉਣ ਵਾਲਿਆਂ ਨੇ ਵੀ ਨਹੀ ਸੀ ਮੰਨਿਆ। ਆਪ ਜੀ ਨੂੰ ਯਾਦ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਕੈਲੰਡਰ ਵਿੱਚ ਹੋਲਾ ਮਹੱਲਾ 8 ਚੇਤ ਦਾ ਦਰਜ ਸੀ। ਪਰ ਨਿਹੰਗ ਬਾਬਿਆਂ ਨੇ ਹੋਲਾ ਮਹੱਲਾ 9 ਚੇਤ ਨੂੰ ਮਨਾਇਆ ਸੀ। ਆਪ ਜੀ ਨੇ “ਵੇਖ ਕੇ ਅਣਡਿੱਠ ਕਰਨ” ਦੇ ਸਿਧਾਂਤ ਤੇ ਅਮਲ ਕਰਨ ਵਿੱਚ ਹੀ ਭਲਾਈ ਸਮਝੀ ਸੀ। ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਇਸ ਸਾਲ (ਸੰਮਤ 552) ਦੇ ਕੈਲੰਡਰ ਵਿੱਚ ਹੋਲਾ ਮਹੱਲਾ ਦਰਜ ਹੀ ਨਹੀਂ ਹੈ। ਕੀ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਹੋਲਾ ਮਹਲਾ ਮਨਾਉਣਾ ਬੰਦ ਕਰ ਦਿੱਤਾ ਹੈ?
ਜਥੇਦਾਰ ਜੀ, ਜਿਸ ਤਖਤ ਸਾਹਿਬ ਦੇ ਆਪ ਜੀ ਮੁਖ ਸੇਵਾਦਾਰ ਹੋ, ਉਸ ਤਖਤ ਦੇ ਇਤਹਾਸ ਨਾਲ ਵੀ ਸ਼੍ਰੋਮਣੀ ਕਮੇਟੀ ਵੱਲੋਂ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਸਾਲ (ਸੰਮਤ 552) ਦੇ ਕੈਲੰਡਰ ਮੁਤਾਬਕ ਤਾਂ ਗੁਰੂ ਜੀ ਨੇ ਮੀਰੀ ਅਤੇ ਪੀਰੀ ਦੀਆਂ ਕਿਰਪਾਨਾਂ ਥੜਾ ਬਣਨ ਤੋਂ ਇਕ ਦਿਨ ਪਹਿਲਾ ਪਹਿਨੀਆਂ ਸਨ, ਪਰ ਪਿਛਲੇ ਸਾਲ (ਸੰਮਤ 551 ) ਦੇ ਕੈਲੰਡਰ ਮੁਤਾਬਕ ਥੜਾ ਬਣਨ ਤੋਂ 9 ਦਿਨ ਪਿਛੋਂ ਪਹਿਨੀਆਂ ਗਈਆਂ ਸਨ। ਜੇ ਹੁਣ ਵੀ ਆਪ ਜੀ ਨੇ ਧਿਆਨ ਨਾ ਦਿੱਤਾ ਤਾਂ ਸ਼੍ਰੋਮਣੀ ਕਮੇਟੀ ਨੇ ਅਗਲੇ ਸਾਲ ਇਹ ਦਿਹਾੜਾ ਸਾਵਣ ਵਿੱਚ (4 ਸਾਵਣ) ਲੈ ਜਾਣਾ ਹੈ। ਕੀ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਇਤਿਹਾਸ ਨੂੰ ਗੰਧਲਾਂ ਕਰਨ ਦੀ ਸ਼ਾਜਿਸ, ਆਪ ਜੀ ਨੂੰ ਪ੍ਰਵਾਨ ਹੈ?
ਜਥੇਦਾਰ ਜੀ, ਆਪ ਜੀ ਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ ਆਪ ਜੀ ਜਦੋਂ ਪਾਕਿਸਤਾਨ ਗਏ ਸੀ ਤਾਂ, ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਆਪ ਜੀ ਨੇ ਵਾਅਦਾ ਕੀਤਾ ਸੀ ਕਿ ਅਗਲੇ ਸਾਲ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਆਪਾਂ ਇਕੱਠੇ ਮਨਾਵਾਂਗੇ। ਤੁਹਾਡੇ ਵੱਲੋਂ ਜਾਰੀ ਕੈਲੰਡਰ ਵਿੱਚ ਇਹ ਦਿਹਾੜਾ 13 ਜੇਠ ਦਾ ਦਰਜ ਹੈ ਅਤੇ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੈਲੰਡਰ ਵਿੱਚ ਇਹ ਦਿਹਾੜਾ 2 ਹਾੜ ਦਾ ਦਰਜ ਹੈ। ਮਹਾਂ-ਮਾਰੀ ਹੋਣ ਕਾਰਨ, ਇਸ ਸਾਲ ਆਵਾਜਾਈ ਬੰਦ ਹੈ। ਇਸ ਕਾਰਨ ਕੋਈ ਵੀ ਜਥਾ ਪਾਕਿਸਤਾਨ ਜਾ ਨਹੀਂ ਸਕਿਆ, ਪਰ ਜੇ ਅਜੇਹਾ ਨਾ ਹੁੰਦਾ ਤਾਂ ਦੱਸੋ ਤੁਹਾਡੇ ਵੱਲੋਂ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਕੀਤੇ ਗਏ ਵਾਅਦੇ ਦਾ ਕੀ ਬਣਦਾ?
ਆਪ ਜੀ ਦਾ ਬਿਆਨ, “ਉਨ੍ਹਾਂ ਪਾਕਿ ਸਿੱਖ ਗੁ: ਪ੍ਰ: ਕਮੇਟੀ ਵੱਲੋਂ ਇਸ ਮੌਕੇ ਮੂਲ ਨਾਨਕਸ਼ਾਹੀ ਕੈਲੰਡਰ ਵਿਵਾਦ ਨੂੰ ਹੱਲ ਕਰਨ ਦੀ ਕੀਤੀ ਅਪੀਲ `ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਜੇ ਵਾਹਿਗੁਰੂ ਨੇ ਚਾਹਿਆ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਅਗਲੇ ਸਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਤੇ ਪਾਕਿ ਸਿੱਖ ਗੁ: ਪ੍ਰ: ਕਮੇਟੀ ਸਮੇਤ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਗੁ: ਡੇਹਰਾ ਸਾਹਿਬ ਵਿਖੇ ਸਾਂਝੇ ਤੌਰ ਤੇ ਮਿਲ ਕੇ ਮਨਾਇਆ ਜਾਵੇਗਾ”। (ਅਜੀਤ 2 ਅਗਸਤ 2019 ਈ:)
ਸਤਿਕਾਰ ਯੋਗ ਜਥੇਦਾਰ ਜੀ, ਜਦੋਂ ਵਾਰ-ਵਾਰ ਈ-ਮੇਲਾਂ ਅਤੇ ਟੈਲੀਫ਼ੋਨ ਰਾਹੀਂ ਬੇਨਤੀਆਂ ਕਰਨ ਤੇ ਕੋਈ ਜਵਾਬ ਨਹੀਂ ਆਇਆ ਤਾਂ ਇਸ ਖੁੱਲੇ ਪੱਤਰ ਰਾਹੀ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਹਾਂ। ਨਿਮਰਤਾ ਸਾਹਿਤ ਬੇਨਤੀ ਹੈ ਕਿ ਆਪਣੇ ਬਚਨਾਂ “ਸਿੱਖ ਪੰਥ ਦਾ ਇਕ ਹੀ ਕੈਲੰਡਰ ਹੋਣਾ ਚਾਹੀਦਾ ਹੈ”ਨੂੰ ਅਮਲੀ ਜਾਮਾ ਪਹਿਨਾਉਣ ਦਾ ਉਪਰਾਲਾ ਕਰੋ, ਤਾਂ ਜੋ ਸਿੱਖ ਪੰਥ ਲਈ ਬਹੁਤ ਹੀ ਅਹਿਮ ਅਤੇ ਸਤਿਕਾਰ ਯੋਗ ਅਹੁਦਾ, ਜਿਸ ਤੇ ਅੱਜ ਆਪ ਜੀ ਬਿਰਾਜਮਾਨ ਹੋ, ਦੀ ਮਾਣ-ਮਰਯਾਦਾ ਨੂੰ ਹੋਰ ਖੋਰਾ ਲੱਗਣ ਤੋਂ ਬਚਾਇਆ ਜਾ ਸਕੇ।
ਸਤਿਕਾਰ ਸਹਿਤ
ਸਰਵਜੀਤ ਸਿੰਘ ਸੈਕਰਾਮੈਂਟੋ
sarbjits@gmail.com
ਸਰਵਜੀਤ ਸਿੰਘ ਸੈਕਰਾਮੈਂਟੋ
ਜਥੇਦਾਰ, ਅਕਾਲ ਤਖਤ ਸਾਹਿਬ ਦੇ ਨਾਮ ਖੁੱਲਾ ਖ਼ੱਤ
Page Visitors: 2442