ਦੋ ਆਰ ਦੀਆਂ ਦੋ ਪਾਰ ਦੀਆਂ, ਬਾਕੀ ਸਭ ਸਰਕਾਰ ਦੀਆਂ!
ਕੋਈ ਵੇਲਾ ਸੀ, ਭਾਰਤ ਨਵਾਂ-ਨਵਾਂ ਆਜ਼ਾਦ ਹੋਇਆ ਸੀ, ਭਾਰਤੀਆਂ ਨੂੰ ਆਜ਼ਾਦੀ ਦਾ ਮਤਲਬ ਹੀ ਪਤਾ ਨਹੀਂ ਸੀ। ਪਤਾ ਹੋਵੇ ਵੀ ਕਿਵੇਂ ? ਅਠਵੀਂ ਸਦੀ ਤੋਂ ਗੁਲਾਮੀ ਹੰਢਾਅ ਰਿਹਾ ਸੀ। ਜੇ ਏਸ ਦੌਰਾਨ ਆਜ਼ਾਦੀ ਦੇ ਅਰਥ ਭੁੱਲ ਗਏ ਸਨ ਤਾਂ ਇਸ ਦੌਰਾਨ, ਚਾਰ ਵਰਣਾਂ ਦੀ ਗੱਲ ਵੀ ਭੁੱਲ-ਭੱਲ ਗਈ ਸੀ।
ਆਜ਼ਾਦੀ ਵਿਚ ਸਭ ਤੋਂ ਪਹਿਲਾ ਵਿਕਣ ਵਾਲਾ ਬੰਦਾ ਸੀ ਸਰਦਾਰ ਬਹਾਦਰ ਬਲਦੇਵ ਸਿੰਘ, ਵੈਸੇ ਤਾਂ ਅਜਿਹੇ ਲਕਬਾਂ ਵਾਲਿਆਂ ਦਾ ਮਤਲਬ ਹੀ ਸੀ “ਵਿਕਰੀ ਦਾ ਮਾਲ”, ਗੱਲ ਤਿੰਨ ਧਰਮਾਂ ਦੀ ਸੀ, ਹਿੰਦੂ, ਮੁਸਲਿਮ, ਅਤੇ ਸਿੱਖ।
ਹਿੰਦੂਆਂ ਦਾ ਲੀਡਰ ਸੀ, ਮੋਹਨਦਾਸ-ਕਰਮਚੰਦ ਗਾਂਧੀ, ਮੁਸਲਮਾਨਾਂ ਦਾ ਲੀਡਰ ਸੀ ਮੁਹੱਮਦ ਅਲੀ ਜਿਨਾਹ, ਸਿੱਖਾਂ ਦਾ ਲੀਡਰ ਸੀ ਸਰਦਾਰ ਬਹਾਦਰ ਬਲਦੇਵ ਸਿੰਘ, ਤਿੰਨਾਂ ਦੇ ਜ਼ਿੱਮੇ ਸੀ, ਆਪਣੇ ਆਪਣੇ ਧਰਮ ਵਾਲਿਆਂ ਦੇ ਹੱਕਾਂ ਦੀ ਰਖਵਾਲੀ ਕਰਨੀ। ਹਾਲਾਂਕਿ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਦਾ ਲੀਡਰ ਮਾਸਟਰ ਤਾਰਾ ਸਿੰਘ ਸੀ, ਉਸ ਦੇ ਉੱਦਮ ਸਦਕਾ ਹੀ ਭਾਰਤ ਵਾਲਾ ਪੰਜਾਬ, ਭਾਰਤ ਦਾ ਹਿੱਸਾ ਬਣਿਆ ਸੀ, ਪਰ ਉਹ ਵਿਕਰੀ ਦਾ ਮਾਲ ਨਹੀਂ ਸੀ, ਹਾਂ ਹਿੰਦੂ ਪਰਿਵਾਰ ਵਿਚੋਂ ਹੋਣ ਕਾਰਨ, ਉਹ ਵੀ ਹਿੰਦੂਆਂ ਦੇ ਬਹੁਤ ਨੇੜੇ ਸੀ। ਇਵੇਂ ਸਿੱਖ, ਲੀਡਰ ਰਹਿਤ ਹੋ ਗੲੈ, ਅਤੇ ਗੱਲ ਚਲ ਪਈ ਦੋ ਭਾਈਵਾਲਾਂ ਦੀ, ਹਿੰਦੂਆਂ ਅਤੇ ਮੁਸਲਮਾਨਾਂ ਦੀ। ਇਹ ਵੀ ਯਾਦ ਕਰਵਾ ਦਿਆਂ ਕਿ ਆਜ਼ਾਦ ਭਾਰਤ ਵਿਚ, ਜੇਲ੍ਹ ‘ਚ ਬੰਦ ਹੋਣ ਵਾਲਾ ਪਹਿਲਾ ਬੰਦਾ ਵੀ ‘ਮਾਸਟਰ ਤਾਰਾ ਸਿੰਘ’ਸੀ। ਏਨੇ ਨਾਲ ਹੀ ਹਾਲਾਤ ਕਾਫੀ-ਕੁਝ ਸਾਫ ਹੋ ਜਾਂਦੇ ਹਨ। ਸਿੱਖਾਂ ਨੂੰ ਪਹਿਲੇ ਹੱਲੇ ਹੀ ਇਸ਼ਾਰਾ ਮਿਲ ਗਿਆ ਸੀ ਕਿ ਤੁਸੀਂ ਭਾਰਤ ਵਿਚ ਦੋ ਨੰਬਰ ਦੇ ਸ਼ਹਿਰੀ, ਬਣ ਕੇ ਹੀ ਰਹਿਣਾ ਹੈ, ਭਾਵੇਂ ਵਿਕ ਕੇ ਰਹੋ ਭਾਵੇਂ ਡੰਡੇ ਥੱਲੇ ਰਹੋ।
ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਸਿੱਖ ਆਜ਼ਾਦੀ ਦੇ ਪੂਜਕ ਹਨ, ਪਰ ਇਨ੍ਹਾਂ ਵਿਚ ਵੀ ਵਿਕਰੀ ਦਾ ਮਾਲ ਬਹੁਤ ਹੈ। ਸਿੱਖਾਂ ਵਲੋਂ ਆਜ਼ਾਦੀ ਦਾ ਪਹਿਲਾ ਮੋਰਚਾ ‘ਸਿਰਦਾਰ ਕਪੂਰ ਸਿੰਘ’ ਨੇ ਲਾਇਆ ਸੀ। ਨੈਹਰੂ ਨੇ ਸਿਰਦਾਰ ਕਪੂਰ ਸਿੰਘ ਨੂੰ ਗੁਲਾਮ ਰੱਖਣ ਲਈ ਪਹਿਲੇ ਦਿਨ ਤੋਂ ਹੀ ਸੰਵਿਧਾਨ ਨੂੰ ਛਿੱਕੇ ਟੰਗ ਦਿੱਤਾ ਸੀ, ਸੁਪ੍ਰੀਮ ਕੋਰਟ ਤੇ ਹੁਕਮ ਚਾੜ੍ਹਨ ਵਾਲਾ ਪਹਿਲਾ ਸਿਆਸਤ ਦਾਨ ਨੈਹਰੂ ਸੀ। ਏਥੋਂ ਸਾਫ ਹੋ ਜਾਂਦਾ ਹੈ ਕਿ ਸੁਪ੍ਰੀਮ ਕੋਰਟ ਦਾ ਮੁੱਖ ਜੱਜ ਵੀ ਸੰਵਿਧਾਨ ਪ੍ਰਤੀ ਕਿੰਨਾ ਕੁ ਸੁਚੇਤ ਸੀ।
ਅਗਾਂਹ ਚਲਦੇ ਹਾਂ, ਸਿੱਖ ਲੀਡਰ ਥੱਲੇ ਸਿੱਖਾਂ ਦੀ ਗੁਲਾਮੀ, ਮੁੱਖ-ਮੰਤਰੀ ਪਰਤਾਪ ਸਿੰਘ ਕੈਰੋਂ ਤੋਂ ਸ਼ੁਰੂ ਹੁੰਦੀ ਹੈ, ਫਿਰ ਚੱਲ-ਸੁ-ਚੱਲ ਹੀ ਰਹੀ। ਪਰਤਾਪ ਸਿੰਘ ਕੈਰੋਂ ਬਹੁਤ ਜ਼ਿਆਦਾ ਨੈਹਰੂ ਭਗਤ ਸੀ। ਨੈਹਰੂ ਅਮੀਰ ਆਦਮੀ ਸੀ, ਇਸ ਲਈ ਦੇਸ਼ ਦੀ ਲੁੱਟ ਵਿਚ ਉਸ ਦੇ ਪਰਿਵਾਰ ਦਾ ਨਾਮ ਸ਼ੋਭਦਾ ਨਹੀਂ, ਹੋਰ ਵੀ ਬਹੁਤ ਸਾਰੇ ਲੀਡਰ ਸਨ।
ਕਾਂਗਰਸ ਰਾਜ ਵਿਚ ਦੇਸ਼ ਨੇ ਤਰੱਕੀ ਵੀ ਬਹੁਤ ਕੀਤੀ ਹੈ, ਪਰ ਲੁੱਟ ਵੀ ਬਹੁਤ ਹੋਈ ਹੈ, ਬੋਫੋਰਸ ਚੋਂ ਦਲਾਲੀ ਤਾਂ ਵੱਡੀ ਗੱਲ ਸੀ, ਪਰ ਫੌਜੀਆਂ ਦੇ ਤਬੂਤਾਂ ‘ਚੋਂ ਵੀ ਦਲਾਲੀ ਦੀਆਂ ਖਬਰਾਂ ਆਂਈਆਂ। ਫੌਜ ਵਿਚ ਵੀ ਕੁਰੱਪਸ਼ਨ ਸ਼ੁਰੂ ਹੋਈ।
ਏਸੇ ਦੌਰਾਨ ਬ੍ਰਾਹਮਣਾਂ ਨੂੰ ਵੀ ਚਾਰ-ਵਰਣ ਅਤੇ ਆਪਣਾ ਵਰਚੱਸਵ ਯਾਦ ਆ ਗਿਆ ਅਤੇ ਉਸ ਨੇ ਆਰ.ਐਸ.ਐਸ. ਦੇ ਰੂਪ ਵਿਚ ਆਪਣਾ ਭਵਿੱਖ ਉਸਾਰਨਾ ਸ਼ੁਰੂ ਕੀਤਾ। ਏਥੋਂ ਹੀ ਦੇਸ਼-ਵਾਸੀਆਂ ਦੀ ਆਪਸੀ ਫੁੱਟ ਸ਼ੁਰੂ ਹੁੰਦੀ ਹੈ।
ਇਸ ਮਗਰੋਂ ਤਾਂ ਕੀ ਨਹੀਂ ਹੋਇਆ ?
ਘੱਟ ਗਿਣਤੀਆਂ ਅਤੇ ਹਿੰਦੂਆਂ ਦਾ ਪਾੜਾ ਦਿਨੋ-ਦਿਨ ਵਧਦਾ ਗਿਆ, ਫਿਰ ਕੀ ਨਹੀਂ ਵਿਕਿਆ ?
ਆਉ ਵੇਖਦੇ ਹਾਂ।
ਮੇਰੇ ਵੇਖਦੇ ਵੇਖਦੇ ਪੰਜਾਬ ਵਿਕ ਕੇ ਕੇਂਦਰ ਦੀ ਝੋਲੀ ਵਿਚ ਪੈ ਗਿਆ, ਅੱਜ ਵੀ ਪੰਜਾਬ ਨੇ ਕੇਂਦਰ ਸਰਕਾਰ ਦਾ ਹਜ਼ਾਰਾਂ ਕ੍ਰੋੜ ਰੁਪਏ ਕਰਜ਼ਾ ਦੇਣਾ ਹੈ, ਕੀ ਪੰਜਾਬ ਦੇ ਲੋਕ ਏਨੇ ਹੀ ਨਿਕੱਮੇ ਹਨ ਕਿ ਉਹ ਆਪਣਾ ਗੁਜ਼ਾਰਾ ਵੀ ਨਹੀਂ ਚਲਾ ਸਕਦੇ ? ਪਰ ਇਹ ਸਭ ਕੁਝ ਪੰਜਾਬ ਦੀ ਸਰਕਾਰ ਅਤੇ ਕੇਂਦਰ ਦੀ ਸਰਕਾਰ ਦੀ ਮਿਲੀ-ਭੁਗਤ ਹੈ। ਪੰਜਾਬ ਦੇ ਪਾਣੀ ਤੇ ਪੰਜਾਬ ਦਾ ਕੋਈ ਹੱਕ ਨਹੀਂ।
ਭਾਖੜਾ ਡੈਮ ਤੇ ਪੰਜਾਬ ਦਾ ਕੋਈ ਹੱਕ ਨਹੀਂ । ਪੰਜਾਬ ਦੀ ਆਪਣੀ ਹਾਈ ਕੋਰਟ ਨਹੀਂ, ਹੋਰ ਤਾਂ ਹੋਰ ਪੰਜਾਬ ਦੀ ਆਪਣੀ ਕੋਈ ਰਾਜ-ਧਾਨੀ ਨਹੀਂ। ਪੰਜਾਬ ਦੀ ਅੱਧੀ ਤੋਂ ਜ਼ਿਆਦਾ ਜ਼ਮੀਨ, ਫੈਕਟਰੀਆਂ ਦੇ ਝਾਂਸੇ ਵਿਚ, ਭਾਰਤ ਦੇ ਧਨਾਢਾਂ ਦੇ ਨਾਮ ਹੋ ਚੁੱਕੀ ਹੈ। ਪੰਜਾਬ ਦੇ ਅੱਧਿਉਂ ਜ਼ਿਆਦੇ ਕਮਾਊ ਪੂਤ, ਫਰਜ਼ੀ ਮੁਕਾਬਲਿਆਂ ਵਿਚ ਮਾਰੇ ਜਾ ਚੁੱਕੇ ਹਨ। ਬਹੁਤ ਵੱਡੀ ਗਿਣਤੀ ਦੂਸਰੇ ਮੁਲਕਾਂ ਵਿਚ ਜਾਣ ਲਈ ਦਲਾਲਾਂ ਦੇ ਢਹੇ ਚੜ੍ਹ ਕੇ ਰਸਤੇ ਵਿਚ ਹੀ ਰੱਬ ਨੂੰ ਪਿਆਰੇ ਹੋ ਚੁੱਕੇ ਹਨ, ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ। ਇਕ ਮੁਲਕ ਹੈ ਇਜ਼ਰਾਈਲ, ਜਿਸ ਦਾ ਇਕ ਬੰਦਾ ਵੀ ਮਰਨ ਤੇ ਪੂਰੀ ਪੁੱਛ ਪੜਤਾਲ ਹੁੰਦੀ ਹੈ, ਢੁੱਕਵਾਂ ਫੈਸਲਾ ਹੁੰਦਾ ਹੈ। ਇਕ ਮੁਲਕ ਹੈ ਪੰਜਾਬ ਜਿਸ ਵਿਚ ਸਰਕਾਰ ਇਹ ਵੀ ਨਹੀਂ ਗੌਲਦੀ ਕਿ ਉਸ ਦੇ ਕਿੰਨੇ ਹਜ਼ਾਰ ਜਾਂ ਕਿਂਨੇ ਲੱਖ ਬੰਦੇ ਮਾਰੇ ਗਏ ਹਨ ?
ਘਰੋਂ ਚੁੱਕ ਕੇ ਲਿਜਾ ਕੇ ਥਾਣਿਆਂ ਵਿਚ ਬੰਦੇ ਮਾਰ ਦਿੱਤੇ ਜਾਂਦੇ ਹਨ, ਨਾ ਸਰਕਾਰ ਨੂੰ ਮਤਲਬ, ਨਾ ਪੁਲਸ ਨੂੰ, ਨਾ ਕੋਰਟ ਨੂੰ। ਕੀ ਅਜਿਹੇ ਕਿਸੇ ਰਾਜ ਨੂੰ ਆਜ਼ਾਦ ਰਾਜ ਕਿਹਾ ਜਾ ਸਕਦਾ ਹੈ ?
ਵਿਧਾਨ-ਸਭਾ, ਮੁੱਖ-ਮੰਤ੍ਰੀ ਅਤੇ ਮੰਤ੍ਰੀ-ਮੰਡਲ ਕਿਸ ਲਈ ਹੈ ?
ਪੰਜਾਬ ਨੂੰ ਲੁੱਟਣ ਲਈ ?
ਕੀ ਵਾਕਿਆ ਹੀ ਪੰਜਾਬ ਵਿਚਲੇ ਸਾਰੇ ਇਮਾਨਦਾਰ ਬੰਦੇ ਮਰ ਗਏ ਹਨ?
ਮੇਰੇ ਵੇਖਦੇ ਵੇਖਦੇ ਕਸ਼ਮੀਰ ਵਿਕ ਗਿਆ, ਸਾਲ ਭਰ ਤੋਂ ਉਸ ਵਿਚਲੇ ਬੰਦਿਆਂ ਦਾ ਹਾਲ, ਪਤਾ ਨਹੀਂ ਕੀ ਹੈ। ਕੀ ਇਹ ਭਾਰਤ ਦਾ ਅਟੁੱਟ ਅੰਗ ਹੈ ?
ਕੀ ਭਾਰਤ ਵਿਚ ਕੋਈ ਅਜਿਹਾ ਬੰਦਾ ਨਹੀਂ ਹੈ, ਜੋ ਕਸ਼ਮੀਰ ਦੀ ਸਾਰ ਲੈ ਸਕੇ ?
ਮੇਰੇ ਵੇਖਦੇ ਵੇਖਦੇ ਸਾਰੇ ਬੈਂਕ, ਸਮੇਤ ਰਿਜ਼ਰਵ ਬੈਂਕ ਦੇ ਵਿਕ ਚੁੱਕੇ ਹਨ, ਲੋਕਾਂ ਦੇ ਜਮ੍ਹਾ ਪੈਸੇ ਦਾ ਕੀ ਹੋਵੇਗਾ ? ਕੋਈ ਪਤਾ ਨਹੀਂ। ਰੇਲਵੇ ਵਿਕ ਚੁੱਕੀ ਹੈ, ਏਅਰ ਲਾਈਨ ਵਿਕ ਗਈ ਹੈ, ਸਭ ਤੋਂ ਕਮਾਊ ਪੂਤ ਐਲ.ਆਈ.ਸੀ. ਵਿਕ ਚੁੱਕੀ ਹੈ। ਲਾਲ-ਕਿਲ੍ਹਾ ਵਿਕ ਚੁੱਕਾ ਹੈ। ਸਮੁੰਦਰ ਦਾ ਸੈਂਕੜੇ ਮੀਲ ਥਾਂ ਤੇਲ ਅਤੇ ਗੈਸ ਸਮੇਤ ਵਿਕ ਚੁੱਕਾ ਹੈ। ਭਾਰਤ ਹੈਵੀ ਇਲੈਕਟਰੀਕਲਸ ਵਿਕ ਚੁੱਕੀ ਹੈ। ਅਤੇ ਅੰਦਰ-ਖਾਤੇ ਪਤਾ ਨਹੀਂ ਕੀ ਕੁਝ ਵਿਕ ਚੁੱਕਾ ਹੈ। ਕਾਂਗਰਸ ਦੇ ਜ਼ਿੱਮੇ ਤਾਂ ਬੋਫੋਰਸ ਦੀ ਦਲਾਲੀ ਲਗਦੀ ਸੀ, ਏਥੇ ਤਾਂ ਆਪਣੇ ਚਹੇਤਿਆਂ ਨੂੰ ਰਫੇਲ ਦੀ ਦਲਾਲੀ ਵਿਚੋਂ ਰਫੇਲ ਦੀ ਕੀਮਤ ਦੇ 75% ਪੈਸੇ ਅਤੇ ਹਿੰਦੁਸਤਾਨ-ਏਅਰੋਨਾਟਿਕਸ ਵੀ ਦਾਜ ਵਿਚ ਦੇ ਦਿੱਤੀ ਹੈ।
ਸਿਰੇ ਦੇ ਫੌਜੀ ਅਫਸਰ ਵਿਕ ਗਏ, ਵਕੀਲ ਵਿਕ ਗਏ, ਹਾਈ ਕੋਰਟ ਦੇ ਜੱਜ ਅਤੇ ਸੁਪ੍ਰੀਮ ਕੋਰਟ ਦੇ ਜੱਜ ਵਿਕ ਗਏ, ਕਿਸੇ ਨੂੰ ਕੋਈ ਪਰਵਾਹ ਨਹੀਂ। ਸਰਹੱਦ ਤੇ ਫੌਜੀ ਅਤੇ ਦੇਸ਼ ਵਿਚ ਇਮਾਨਦਾਰ ਪੁਲਸ ਵਾਲੇ ਮਰ ਰਹੇ ਹਨ, ਖੇਤਾਂ ਵਿਚ ਕਿਸਾਨ ਮਰ ਰਹੇ ਹਨ, ਕੋਈ ਟਿੱਚ ਕਰ ਕੇ ਨਹੀਂ ਜਾਣਦਾ।
ਦੇਸ਼ ਵਿਚ ਦੋ ਚੀਜ਼ਾਂ ਵੱਧ-ਫੁੱਲ ਰਹੀਆਂ ਹਨ, ਪਹਿਲੀ ਅਮੀਰਾਂ ‘ਚ ਅੰਬਾਨੀ ਦਾ ਰੁਤਬਾ ਅਤੇ ਦੂਸਰੀ, ਚਾਰ ਵੋਟਾਂ ਲੈ ਕੇ ਵਿਧਾਇਕ ਬਣਨ ਵਾਲਿਆਂ ਦੀ ਕੀਮਤ। ਕੀ ਭਾਰਤ ਦਾ ਕੋਈ ਅਜਿਹਾ ਸਪੂਤ ਨਹੀਂ ਹੈ, ਜੋ ਭਾਰਤ ਨੂੰ ਵਿਕਣੋਂ ਬਚਾ ਸਕੇ ?
ਕੀ ਮਿਲਟਰੀ ਇੰਟੈਲੀਜੈਸ ਵਿਚ ਵੀ ਏਨਾ ਦਮ ਨਹੀਂ ਕਿ ਉਹ ਭਾਰਤ ਨੂੰ ਇਸ ਤਬਾਹੀ ਤੋਂ ਬਚਾ ਸਕੇ ? ਇਸ ਸਾਰੀ ਹੇਰਾ-ਫੇਰੀ ਦੀ ਪੜਤਾਲ ਕਰ ਸਕੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇ ਸਕੇ ?
ਜੇ ਨਹੀਂ ਤਾਂ ਭਾਰਤ ਦਾ ਕੀ ਹੋਵੇਗਾ ?
ਬਾਬਾ ਨਾਨਕ ਜੀ ਨੇ ਤਾਂ ਫਿਰ ਆਉਣਾ ਨਹੀਂ । ਸਿੰਘਾਂ ਨੂੰ ਆਰ.ਐਸ.ਐਸ. ਨੇ ਏਨੇ ਜੋਗੇ ਛੱਡਿਆ ਹੀ ਨਹੀਂ।
ਕੀ ਫਿਰ ਸੁਭਾਸ਼ ਚੰਦਰ ਬੋਸ,ਅਸ਼ਫਾਕ-ਉਲ੍ਹਾ, ਚੰਦਰ-ਸ਼ੇਖਰ ਆਜ਼ਾਦ, ਸਰਦਾਰ ਭਗਤ ਸਿੰਘ. ਸਰਦਾਰ ਊਧਮ ਸਿੰਘ ਵਰਗੇ ਪੈਦਾ ਹੋਣਗੇ ?
ਇਕ ਗੱਲ ਬੜੀ ਸਾਫ ਹੈ ਕਿ ਭਾਰਤ ਵਾਸੀ, ਇਸ ਸਰਕਾਰ ਦਾ ਭਾਰਤ ਨੂੰ ਬਰਬਾਦ ਕਰਨ ਦਾ ਸੁਪਨਾ ਕਿਸੇ ਹਾਲਤ ਵਿਚ ਵੀ ਪੂਰਾ ਨਹੀਂ ਹੋਣ ਦੇਣਗੇ।
ਅਮਰ ਜੀਤ ਸਿੰਘ ਚੰਦੀ
04-8-2020
ਅਮਰਜੀਤ ਸਿੰਘ ਚੰਦੀ
ਦੋ ਆਰ ਦੀਆਂ ਦੋ ਪਾਰ ਦੀਆਂ, ਬਾਕੀ ਸਭ ਸਰਕਾਰ ਦੀਆਂ!
Page Visitors: 2474