ਕੀ ਭਾਰਤ ਦੇ ਸਿੱਖ, ਕਦੇ ਆਪਣੇ ਭਵਿੱਖ ਦੀ ਵਿਉਂਤ-ਬੰਦੀ ਕਰਨਗੇ ?
ਹਰ ਪਾਸਿਉਂ ਸਿੱਖੀ ਸਿਧਾਂਤਾਂ ਦਾ ਘਾਣ ਹੋ ਰਿਹਾ ਹੈ, ਵਾੜ ਹੀ ਖੇਤ ਨੂੰ ਖਾ ਰਹੀ ਹੈ। ਭਾਵੇਂ ਉਹ ਖੇਤ ਗੁਰਬਾਣੀ ਦਾ ਹੋਵੇ, ਭਾਵੇਂ ਸਮਾਜਕ ਹੋਵੇ, ਭਾਵੇਂ ਆਰਥਿਕ ਹੋਵੇ, ਭਾਵੇਂ ਕਿਰਤ ਦੇ ਖੇਤਰ ਦਾ ਹੋਵੇ। ਭਾਵੇਂ ਆਤਮ-ਨਿਰਭਰਤਾ ਦਾ ਹੋਵੇ, ਜਾਂ ਆਤਮ ਸੁਰੱਖਿਆ ਦਾ, ਭਾਵੇਂ ਪੜ੍ਹਾਈ ਦਾ ਹੋਵੇ, ਭਾਵੇਂ ਸਿਹਤ-ਸੰਭਾਲ ਦਾ ਹੋਵੇ, ਹਰ ਪਾਸੇ ਇਨ੍ਹਾਂ ਨੂੰ ਸੰਭਾਲਣ ਵਾਲੇ ਹੀ, ਇਨ੍ਹਾਂ ਦੀਆਂ ਜੜ੍ਹਾਂ ਪੋਲੀਆਂ ਕਰ ਰਹੇ ਹਨ, ਕੋਈ ਕਹਿਣ ਵਾਲਾ, ਇਨ੍ਹਾਂ ਨੂੰ ਰੋਕਣ ਵਾਲਾ ਨਹੀਂ । ਇਵੇਂ ਜਾਪਦਾ ਹੈ, ਜਿਵੇਂ ਕੋਈ ਮਸਤਿਆ ਹੋਇਆ ਹਾਥੀ ਹੋਵੇ, ਜਿਸ ਦੇ ਸਿਰ ਤੇ ਕੋਈ ਕੁੰਡਾ ਨਾ ਹੋਵੇ। ਗੁਰੂ ਸਾਹਿਬ ਨੇ ਤਾਂ ਸਾਨੂੰ ਪਰਾਈ ਗੁਲਾਮੀ ਤੋਂ ਬਚਾਉਣ ਲਈ ਹਦਾਇਤ ਕੀਤੀ ਸੀ,
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ (1427)
ਸਾਡਾ ਨਾਮ ਵੀ ਬਦਲ ਕੇ “ਸਿੰਘ” ਕਰ ਦਿੱਤਾ ਸੀ। ਸ਼ੇਰ ਹੀ ਅਜਿਹਾ ਜਾਨਵਰ ਹੈ, ਜੋ ਕਿਸੇ ਤੋਂ ਡਰਦਾ ਨਹੀਂ, ਨਾ ਹੀ ਆਪਣੀ ਆਕੜ ਵਿਚ ਮਾੜੇ ਜਾਨਵਰਾਂ ਨੂੰ ਐਂਵੇਂ ਮਾਰਦਾ ਰਹਿੰਦਾ ਹੈ, ਸਿਰਫ ਆਪਣੀ ਭੁੱਖ ਦੀ ਪੂਰਤੀ ਲਈ ਸ਼ਿਕਾਰ ਕਰਦਾ ਹੈ। ਅਤੇ ਇਨ੍ਹਾਂ ਸ਼ੇਰਾਂ ਜਾਂ ਮਸਤੇ ਹਾਥੀਆਂ ਦੇ ਸਿਰ ਤੇ ਰਹਿਤ ਮਰਯਾਦਾ ਦਾ ਕੁੰਡਾ ਵੀ ਬਣਾਇਆ ਸੀ, ਪਰ ਸਮੇ ਦੇ ਗੇੜ ਨਾਲ ਸਿੱਖੀ ਤੇ ਪਹਿਰਾ ਦੇਣ ਵਾਲੇ, ਦੂਸਰਿਆ ਲਈ ਸ਼ਹਾਦਤਾਂ ਦਿੰਦੇ ਰਹੇ ਅਤੇ ਵੇਲ੍ਹੜ ਹਰਾਮ-ਖੋਰੀ ਕਰ ਕੇ ਆਪਣੀ ਗਿਣਤੀ ਵਧਾਉਂਦੇ ਰਹੇ ਅਤੇ ਅੱਜ ਇਨ੍ਹਾਂ ਦੀ ਗਿਣਤੀ ਅਸਲੀ ਸਿੱਖਾਂ ਨਾਲੋਂ ਬਹੁਤ ਜ਼ਿਆਦਾ ਹੈ। ਸਿੱਖੀ ਦਾ ਸਾਰਾ ਕੰਮ ਇਨ੍ਹਾਂ ਦੀ ਮਰਜ਼ੀ ਨਾਲ ਹੀ ਹੁੰਦਾ ਹੈ।
ਅੱਜ ਦੇ ਸਿੱਖਾਂ ਨੂੰ ਪੜ੍ਹਾਉਣ ਵਾਲਿਆਂ ਨੇ ਪੜ੍ਹਾ ਦਿੱਤਾ ਹੈ ਕਿ ਤੁਸੀਂ ਤਾਂ ਸਿੰਘ ਹੋ, ਸ਼ੇਰ ਹੋ, ਕਦੀ ਸ਼ੇਰਾਂ ਦੇ ਵੀ ਇੱਜੜ ਹੁੰਦੇ ? ਜੰਗਲ ਵਿਚ ਇਕ ਹੀ ਸ਼ੇਰ ਹੁੰਦਾ ਹੈ। ਇਸ ਦਾ ਸਿੱਖਾਂ ਤੇ ਦੋਹਰਾ ਅਸਰ ਹੁੰਦਾ ਹੈ। 1. ਹਉਮੈ, ਆਕੜ ਅਤੇ 2. ਸ਼ੇਰਾਂ, ਯਾਨੀ ਸਿੱਖਾਂ ਤੋਂ ਹੀ ਨਫਰਤ। ਜਿਸ ਨਾਲ ਸਾਡਾ ਸਮਾਜਕ ਢਾਂਚਾ ਖੇਰੂੰ-ਖੇਰੂੰ ਹੋਇਆ ਪਿਆ ਹੈ। ਗੁਰੂ ਸਾਹਿਬ ਵਲੋਂ ਦੱਸੀ ਸੰਗਤ ਦੀ ਵਢਿਆਈ. ਪਤਾ ਨਹੀਂ ਕਿੱਥੇ ਗਵਾਚ ਗਈ ਹੈ ? ਸੋਨੇ ਤੇ ਸੁਹਾਗਾ, ਗੁਰਦਵਾਰਿਆਂ ਵਿਚ ਪਰਚਾਰ ਕਰਨ ਵਾਲੇ ਰਾਗੀ-ਢਾਡੀ-ਪਰਚਾਰਕ, ਸਿੱਖਾਂ ਦੇ ਇਕੋ ਗੁਣ, ਯਾਨੀ ਲੜਾਕੂ ਹੋਣ ਦੀ ਹੀ ਵਡਿਆਈ ਕਰਦੇ ਹਨ, ਜਿਵੇਂ ਇਸ ਤੋਂ ਇਲਾਵਾ ਸਿੱਖਾਂ ਵਿਚ ਕੋਈ ਗੁਣ (ਸਾਰੀ ਦੁਨੀਆ ਦੇ ਲੋਕਾਂ ਨਾਲ ਭਰੱਪਾ. ਦੂਸਰਿਆ ਲਈ ਸਭ-ਕੁਝ ਨਿਛਾਵਰ ਕਰਨ ਦਾ ਜਜ਼ਬਾ. ਸਰਬੱਤ ਦੇ ਭਲੇ ਦੀ ਲੋਚਾ, ਅਕਲ ਦੀ ਵਰਤੋਂ ਦੀ ਗੁੜ੍ਹਤੀ. ਕਿਸੇ ਦਾ ਬੁਰਾ ਨਾ ਚਾਹੁਣ ਦੀ ਸੋਚ. ਸਿੱਖਾਂ ਦੀ ਆਪਸ ਵਿਚ ਸਕੇ ਭਰਾਵਾਂ ਵਾਲੀ ਸਾਂਝ, ਕਿਰਤ ਕਰਨ ਦੀ ਚਾਹ ਅਤੇ ਉਸ ਵਿਚੋਂ ਦਸਵੰਧ ਦੇਣ ਦੀ ਹੁੱਬ, ਜਿਸ ਆਸਰੇ ਸਿੱਖਾਂ ਵਿਚ, ਨਾ ਕੋਈ ਦਾਤਾ ਹੈ (ਦਸਵੰਧ ਦੇਣ ਵਾਲਾ) ਨਾ ਕੋਈ ਮੰਗਤਾ (ਦਸਵੰਧ ਦੀ ਵਰਤੋਂ ਕਰਨ ਵਾਲਾ) ਪਰ ਅੱਜ ਦੀ ਤ੍ਰਾਸਦੀ ਦਸਵੰਧ, ਦੇਣ ਵਾਲੇ ਸਾਰੇ ਕਿਰਤੀ ਅਤੇ ਦਸਵੰਧ ਦੀ ਵਰਤੋਂ ਕਰਨ ਵਾਲੇ ਸਾਰੇ ਵੇਲ੍ਹੜ ਪੂੰਜੀ-ਪਤੀ, ਜੋ ਦਸਵੰਧ ਦੀ ਗਲਤ ਵਰਤੋਂ ਵੀ ਕਰਦੇ ਹਨ ਅਤੇ ਸਿੱਖਾਂ ਸਿਰ ਅਹਿਸਾਨ ਵੀ ਕਰਦੇ ਹਨ। ਇਹ ਸਾਰਾ ਵਰਤਾਰਾ ਬਦਲਣ ਦੀ ਲੋੜ ਹੈ। ਇਨ੍ਹਾਂ ਵੇਲ੍ਹੜਾਂ ਦੀ ਗਿਣਤੀ ਸਿੱਖਾਂ ਵਿਚ ਲੱਖਾਂ ਦੀ ਹੈ। ਜਿਨ੍ਹਾਂ ਕਰ ਕੇ ਦਸਵੰਧ, ਲੋੜ-ਵੰਦਾਂ ਤੱਕ ਨਹੀਂ ਪਹੁੰਚਦਾ ਅਤੇ ਉਨ੍ਹਾਂ ਦੀ ਹਾਲਤ, ਹਰ ਦਿਨ, ਤਰਸ-ਯੋਗ ਹੁੰਦੀ ਜਾ ਰਹੀ ਹੈ, ਵੇਲ੍ਹੜਾਂ ਦੇ ਹੱਥਾਂ ਵਿਚ ਹੀ ਦਸਵੰਧ ਵਾਲੀ ਗੋਲਕ ਹੈ। ਸਾਰੇ ਇਤਿਹਾਸਿਕ ਗੁਰਦਵਾਰੇ ਉਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ, ਉਨ੍ਹਾਂ ਵਿਚਲਾ ਦਸਵੰਧ ਵੇਲ੍ਹੜਾਂ ਦੇ ਹੱਥ ਵਿਚ ਹੈ, ਇਸ ਨਾਲ ਵੀ ਉਹ ਨਹੀਂ ਰੱਜ ਰਹੇ, ਹਰ ਪਲ ਪੈਸਿਆਂ ਲਈ ਘੁਟਾਲੇ ਕਰਦੇ ਰਹਿੰਦੇ ਹਨ।
ਪਿਛਲੇ ਦਿਨਾਂ ‘ਚ ਕੁਝ ਸਿਆਣਿਆਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਗੁਆਚੀਆਂ ਬੀੜਾਂ ਦੇ ਮਾਮਲੇ ‘ਚ ਆਪਨੇ ਵਿਚਾਰ (ਸਿੱਖ ਵਿਚਾਰ ਮੰਚ) ਦੇ ਨਾਮ ਹੇਠ ਪਰਗਟਾਏ ਸੀ। ਜਿਸ ਨੂੰ ਕਈ ਪਾਸਿਆਂ ਤੋਂ ਹੁੰਗਾਰਾ ਮਿਲਿਆ ਸੀ। ਸਾਡੀ ਉਨ੍ਹਾਂ ਸਿਆਣਿਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਵਿਚਾਰ, ਸਿੱਖ ਮਸਲ੍ਹਿਆਂ ਬਾਰੇ ਲਗਾਤਾਰ ਸੰਗਤ ਸਾਹਵੇਂ ਰੱਖਦੇ ਰਹਣ। ਜੋ ਬੰਦਾ ਕੰਮ ਕਰੇਗਾ, ਉਸ ਤੋਂ ਗਲਤੀਆਂ ਵੀ ਹੋ ਸਕਦੀਆਂ ਹਨ। ਜੇ ਕਿਤੇ ਕੋਈ ਗੱਲ ਸਿੱਖੀ ਸਾਧਾਂਤ ਨਾਲ ਮੇਲ ਨਹੀਂ ਖਾਏਗਾ ਤਾਂ ਪਾਠਕ ਆਪਣੇ ਵਿਚਾਰ ਉਨ੍ਹਾਂ ਸਾਹਵੇਂ ਰੱਖਦੇ ਰਹਣਗੇ, ਅਜਿਹੇ ਵਿਚਾਰ-ਵਟਾਂਦਰੇ ਆਸਰੇ ਹੀ ਸਾਰੇ ਮਸਲ੍ਹੇ ਹੱਲ ਹੋਣੇ ਹਨ। ਸਿੱਖ ਵਿਚਾਰ ਮੰਚ ਵਾਲਿਆਂ ਨੂੰ ਨਿਮ੍ਰਤਾ ਸਹਿਤ ਬੇਨਤੀ ਹੈ ਕਿ ਉਹ ਆਪਣੀ ਬੈਠਕ, ਹਫਤੇ ਵਿਚ ਇਕ ਵਾਰੀ ਕਰ ਕੇ ਅਲੱਗ-ਅਲੱਗ ਮਸਲ੍ਹਿਆਂ ਬਾਰੇ ਵਿਚਾਰ ਪੇਸ਼ ਕਰਦੇ ਰਹਣ, ਪੰਥ ਉਨ੍ਹਾਂ ਦਾ ਬਹੁਤ ਰਿਣੀ ਹੋਵੇਗਾ।
ਅਮਰ ਜੀਤ ਸਿੰਘ ਚੰਦੀ
ਅਮਰਜੀਤ ਸਿੰਘ ਚੰਦੀ
ਕੀ ਭਾਰਤ ਦੇ ਸਿੱਖ, ਕਦੇ ਆਪਣੇ ਭਵਿੱਖ ਦੀ ਵਿਉਂਤ-ਬੰਦੀ ਕਰਨਗੇ ?
Page Visitors: 2466