ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ
ਆਪਣੇ ਆਪ ਨੂੰ ਜਾਗਰੂਕ ਕਹਿਣ ਵਾਲੇ ਸਿੱਖ ਲੇਖਕ ਆਪਣੀ ਲਿਖਤ ਨੂੰ ਸਹੀ ਠਹਿਰਾਉਣ ਵਾਸਤੇ “ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥”
ਗੁਰਬਾਣੀ ਦੀ ਪੰਕਤੀ ਅਕਸਰ ਵਰਤ ਦੇ ਹਨ ਭਾਵੇਂ ਉਨ੍ਹਾਂ ਨੂੰ ਖ਼ੁਦ ਹੀ ਸੰਦੇਹ ਹੁੰਦਾ ਹੈ ਆਪਣੀ ਲਿਖਤ ਦੀ ਸਚਾਈ ਬਾਰੇ।‘ਹਾਥ ਕੰਗਣ ਕੋ ਆਰਸੀ ਕਿਆ’। ਜੇ ਲਿਖਤ ਸੱਚੀ ਹੈ ਤਾਂ ਸੱਚੀ ਹੀ ਹੈ। ਪਰ ਮਨ ਵਿੱਚ ਤੌਖਲਾ ਬਣਿਆ ਰਹਿੰਦਾ ਹੈ ਕਿ ਹੋ ਸਕਦਾ ਪਾਠਕ ਲਿਖਤ ਨੂੰ ਸੱਚੀ ਨਾਂ ਮਨਣ।ਇਸ ਲਈ ਲੇਖਕ ਆਪਣੀ ਸੋਚਣੀ ਤੇ ਇਸ ਗੁਰਬਾਣੀ ਦੀ ਪੰਕਤੀ ਦੀ ਪਾਹ ਚਾੜਾਉਣ੍ਹ ਦੀ ਕੋਸ਼ਿਸ਼ ਕਰਦਾ ਹੈ।
ਇਸ ਪੰਕਤੀ ਵਾਲਾ ਸਲੋਕ ਪੰਨਾਂ ਨੰ: 953 ਤੇ ਅੰਕਿਤ ਹੈ।ਪੂਰਾ ਸਲੋਕ ਇਸ ਤਰ੍ਹਾਂ ਹੈ:-
“ਮ: 1 ॥ ਨਾਨਕੁ ਆਖੈ ਰੇ ਮਨਾ ਸੁਣੀਐ ਸਿੱਖ ਸਹੀ॥
ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ॥
ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ॥
ਅਜਰਾਈਲੁ ਫਰੇਸਤਾ ਹੋਸੀ ਆਇ ਤਹੀ॥
ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ॥
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥”-ਪੰਨਾ ਨੰ: 953॥
“ਅਰਥ:- ਨਾਨਕ ਆਖਦਾ ਹੈ-ਹੇ ਮਨ! ਸੱਚੀ ਸਿੱਖਿਆ ਸੁਣ। (ਤੇਰੇ ਕੀਤੇ ਅਮਲਾਂ ਦੇ ਲੇਖੇ ਦੀ ਕਿਤਾਬ) ਕੱਢ ਕੇ ਬੈਠਾ ਹੋਇਆ ਰਬ (ਤੈਥੋਂ) ਹਿਸਾਬ ਪੁਛੇਗਾ। ਜਿਨ੍ਹਾਂ ਜਿਨ੍ਹਾਂ ਵਲ ਲੇਖੇ ਦੀ ਬਾਕੀ ਰਹਿ ਜਾਂਦੀ ਹੈ ਉਨ੍ਹਾਂ ਉਨ੍ਹਾਂ ਮਨਮੁਖਾਂ ਨੂੰ ਸੱਦੇ ਪੈਣਗੇ। ਮੌਤ ਦਾ ਫ਼ਰਿਸ਼ਤਾ (ਕੀਤੇ ਕਰਮਾਂ ਅਨੁਸਾਰ ਦੁੱਖ ਦੇਣ ਲਈ ਸਿਰ ਤੇ) ਆਣ ਖੜਾ ਹੋਵੇਗਾ। ਉਸ ਔਕੜ ਵਿੱਚ ਫਸੀ ਹੋਈ ਜਿੰਦ ਨੂੰ (ਉਸ ਵੇਲੇ) ਕੁਝ ਅਹੁੜਦਾ ਨਹੀਂ। ਹੇ ਨਾਨਕ! ਕੂੜ ਦੇ ਵਪਾਰੀ ਹਾਰ ਕੇ ਜਾਂਦੇ ਹਨ, ਸੱਚ ਦਾ ਸਉਦਾ ਕੀਤਿਆਂ ਹੀ ਅੰਤ ਨੂੰ ਰਹਿ ਆਉਂਦੀ ਹੈ।”
ਊਪਰ ਦਿੱਤੇ ਅਰਥਾਂ ਦੇ ਮੱਦੇ ਨਜ਼ਰ ਗੁਰਬਾਣੀ ਦੀ ਪੰਕਤੀ
“ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ”
ਨੂੰ ਆਪਣੀ ਲਿਖਤ ਨੂੰ ਸਹੀ ਅਤੇ ਦੂਜੇ ਦੀ ਲਿਖਤ ਨੂੰ ਗ਼ਲਤ ਦਰਸਾਉਣ ਵਾਸਤੇ ਵਰਤਣਾ ਗੁਰਮਤਿ ਅਨੁਸਾਰ ਠੀਕ ਨਹੀਂ ਹੈ।
ਸੁਰਜਨ ਸਿੰਘ –919041409041