ਧਰਮ ਯੁੱਧ ਮੋਰਚੇ ਵਾਂਗ ਕਿਤੇ ਕਿਸਾਨੀ ਸੰਘਰਸ਼ ਨੂੰ ਵੀ ਇਹ ਲੀਡਰ ਫੇਲ ਨਾ ਕਰ ਦੇਣ...?
ਕਿਸਾਨ ਵੀਰੋ, ਜ਼ਰਾ ਬਚ ਕੇ ਮੋੜ ਤੋਂ......
ਇਤਿਹਾਸ ਗਵਾਹ ਹੈ ਕਿ ਪੰਜਾਬ ਕਿਸੇ ਵੀ ਸੰਘਰਸ਼ੀ ਮੈਦਾਨ ਵਿੱਚ ਜਦੋਂ ਵੀ ਹਾਰਿਆ ਤਾਂ ਸਾਡੇ ਲੀਡਰਾਂ ਦੀ ਗਦਾਰੀ ਕਾਰਨ ਹੀ ਹਾਰਿਆ, ਸਾਡਾ ਸਿੱਖ ਰਾਜ ਗਿਆ ਤਾਂ ਆਪਣਿਆਂ ਦੀ ਗਦਾਰੀ ਕਰ । 1947 ਵਿੱਚ ਅਸੀਂ ਵੱਖਰਾ ਮੁਲਕ ਨਹੀਂ ਲੈ ਸਕੇ ਆਪਣੇ ਲੀਡਰਾਂ ਦੀ ਗਦਾਰੀ ਕਾਰਨ, ਪੰਜਾਬ ਨੂੰ ਵੱਧ ਅਧਿਕਾਰਾਂ ਲਈ ਕਿਸਾਨੀ ਦੀ ਬੇਹਤਰੀ ਅਤੇ ਸਿੱਖੀ ਦੀ ਅਫਾਜ਼ਤ ਲਈ ਸਾਲ 1982 ਵਿੱਚ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ ਤਾਂ ਉਸ ਨੂੰ ਮਾਰ ਪਈ ਸਿੱਖ ਲੀਡਰਾਂ ਦੀ ਗਦਾਰੀ ਦੀ ,1984 ਵਿੱਚ ਦਰਬਾਰ ਸਾਹਿਬ ਤੇ ਹੋਏ ਹਮਲੇ ਵਿੱਚ ਵੀ ਵੱਡੀ ਭੂਮਿਕਾ ਸਾਡੇ ਆਪਣੇ ਲੀਡਰ ਨੇ ਨਿਭਾਈ, ਹੁਣ ਜਦੋਂ ਦੇਸ਼ ਦੀ ਕਿਸਾਨੀ ਦੇ ਖਿਲਾਫ ਕੇਂਦਰ ਸਰਕਾਰ ਨੇ ਤਿੰਨ ਬਿੱਲ ਪਾਸ ਕੀਤੇ ਜਿਸ ਦੇ ਵਿਰੋਧ ਵਿੱਚ ਪੰਜਾਬ ਦਾ ਕਿਸਾਨ ਜਾਗਿਆ ਉਸ ਨੇ ਕਿਸਾਨੀ ਦੇ ਨਾਲ ਹੋ ਰਹੇ ਧੱਕੇ ਦੇ ਖਿਲਾਫ ਇਨਸਾਫ ਦੀ ਲੜਾਈ ਸ਼ੁਰੂ ਕੀਤੀ ਲੋਕਾਂ ਦੇ ਰੋਹ ਨੂੰ ਦੇਖਦਿਆਂ ਤਾਂ ਅਕਾਲੀ ਅਤੇ ਕਾਂਗਰਸੀਆਂ ਨੇ ਗਿਰਗਿਟ ਵਾਂਗ ਆਪਣੇ ਰੰਗ ਬਦਲ ਲਏ, ਤਿੰਨ ਮਹੀਨੇ ਪਹਿਲਾਂ ਜਿਹੜੇ ਅਕਾਲੀ ਇਸ ਕਿਸਾਨ ਵਿਰੋਧੀ ਆਰਡੀਨੈਂਸ ਦੀਆਂ ਤਰੀਫਾਂ ਕਰਦੇ ਸਨ ਅਤੇ ਉਸ ਨੂੰ ਕਿਸਾਨੀ ਦੇ ਹੱਕ ਵਿੱਚ ਦੱਸਦੇ ਸਨ ਦੂਜੇ ਪਾਸੇ ਕਾਂਗਰਸੀਆਂ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਕਿਸਾਨੀ ਬਿੱਲ ਬਣਨ ਤੋਂ ਪਹਿਲਾਂ ਕੇਂਦਰ ਸਰਕਾਰ ਦੀਆਂ ਮੀਟਿੰਗਾਂ ਵੀ ਅਟੈਂਡ ਕੀਤੀਆਂ, ਹਾਲਾਂਕਿ ਉੱਚ ਅਧਿਕਾਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਕਦਰ ਸਾਵਧਾਨ ਕਰ ਦਿੱਤਾ ਸੀ ਕਿ ਜੇਕਰ ਇਹ ਬਿੱਲ ਪਾਸ ਹੋ ਗਿਆ ਤਾਂ ਪੰਜਾਬ ਦੇ ਵਿੱਚ ਕਿਸਾਨੀ ਦੀ ਕੋਈ ਖੈਰ ਨਹੀਂ ਬਹੁਤ ਨੁਕਸਾਨ ਪੰਜਾਬ ਦੇ ਕਿਸਾਨ ਦਾ ਹੋਵੇਗਾ ਪਰ ਆਪਣੀ ਮਸਤ ਚਾਲ ਚੱਲਣ ਵਾਲੇ ਮੁੱਖ ਮੰਤਰੀ ਪੰਜਾਬ ਨੇ ਕੋਈ ਗੰਭੀਰਤਾ ਨਹੀੰ ਦਿਖਾਈ ਜਦੋਂ ਪੰਜਾਬ ਦੇ ਕਿਸਾਨਾਂ ਨੇ ਸੜਕਾਂ ਉੱਪਰ ਆ ਕੇ ਕਿਸਾਨੀ ਖਿਲਾਫ ਪਾਸ ਹੋਏ ਇਸ ਬਿੱਲ ਵਿਰੁੱਧ ਸੰਘਰਸ਼ ਦਾ ਬਿਗਲ ਵਜਾਇਆ ਤਾਂ ਰਾਜ ਭਾਗ ਦੀਆਂ ਹਿੱਸੇਦਾਰ ਰਵਾਇਤੀ ਪਾਰਟੀਆਂ ਨੂੰ ਜਦੋਂ ਆਪਣਾ ਵੋਟ ਬੈਂਕ ਖਿਸਕਦਾ ਦਿੱਸਣ ਲੱਗਿਆ ਤਾਂ ਫਿਰ ਕੋਈ ਅਸਤੀਫਾ ਦੇਣ ਦਾ ਡਰਾਮਾ ,ਕੋਈ ਬੀਜੇਪੀ ਨਾਲੋਂ ਨਾਤਾ ਤੋੜਨਾ ਡਰਾਮਾ ,ਕੋਈ ਦਿੱਲੀ ਜਾ ਕੇ ਕਿਸਾਨਾਂ ਨਾਲ ਧਰਨਾ ਦੇਣ ਦਾ ਐਲਾਨ ਕਰਨ ਲੱਗਿਆ , ਕੋਈ ਟਰੈਕਟਰ ਰੈਲੀ ਕੋਈ ਟ੍ਰੈਕਟਰਾਂ ਨੂੰ ਅੱਗ ਲਾਉਣ ਲੱਗਾ ,ਕੋਈ ਚੱਕਾ ਜਾਮ ਕਰਨ ਲੱਗਿਆ ਗੱਲ ਕੀ ਸੀ ਕਿ ਪੂਰਾ ਪੰਜਾਬ ਦਾ ਅਵਾਮ " ਕਿਸਾਨੀ ਦੇ ਇਸ ਇਨਸਾਫ ਯੁੱਧ " ਵਿੱਚ ਪੰਜਾਬ ਦੇ ਕਿਸਾਨ ਨਾਲ ਖੜ੍ਹਾ ਹੋ ਗਿਆ ਫਿਰ ਇਨ੍ਹਾਂ ਲੀਡਰਾਂ ਨੇ ਤਾਂ ਕਿੱਥੇ ਪਿੱਛੇ ਹੱਟਣਾ ਸੀ ?
ਜੇਕਰ ਇਨ੍ਹਾਂ ਲੀਡਰਾਂ ਦਾ ਇਤਿਹਾਸ ਫਰੋਲੀਏ ਤਾਂ 1982 ਵਿੱਚ ਇਹ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਆਪਣੀਆਂ ਹੱਕੀ ਮੰਗਾਂ ਖਾਤਰ ਮੋਰਚਾ ਸ਼ੁਰੂ ਕੀਤਾ ਦੂਜੇ ਪਾਸੇ ਅਕਾਲੀ ਦਲ ਨੇ ਆਪਣਾ ਕਪੂਰੀ ਮੋਰਚਾ ਸ਼ੁਰੂ ਕੀਤਾ ਸੀ ਅਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਬਾਗੀ ਹੋ ਕੇ ਦਿੱਲੀ ਤੋਂ ਆਪਣਾ ਮੋਰਚਾ ਸ਼ੁਰੂ ਕੀਤਾ ਜਦੋਂ ਸਿੱਖ ਸੰਗਤਾਂ ਦਾ ਪੂਰਾ ਜਲੌਅ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲ ਹੋ ਗਿਆ ਅਤੇ ਸੰਤਾਂ ਦੇ ਚਾਰੇ ਪਾਸੇ ਦੀ ਚੜ੍ਹਤ ਹੋਣ ਲੱਗੀ ਤਾਂ ਇਨ੍ਹਾਂ ਦੋਹਾਂ ਗਰੁੱਪਾਂ ਨੇ ਆਪਣੇ ਲਗਾਏ ਮੋਰਚਿਆਂ ਦਾ ਸੰਤਾਂ ਨਾਲ ਰਲੇਵਾਂ ਕਰਦਿਆਂ "ਧਰਮ ਯੁੱਧ ਮੋਰਚੇ" ਦੇ ਨਾਮ ਹੇਠ ਆਨੰਦਪੁਰ ਸਾਹਿਬ ਦਾ ਮਤਾ (ਜੋ ਪੰਜਾਬ ਲਈ ਵੱਧ ਅਧਿਕਾਰਾਂ ਦੀ ਮੰਗ ਕਰਦਾ ਸੀ) ਮਨਾਉਣ ਦੀ ਵੱਡੇ ਅਕਾਲੀ ਲੀਡਰਾਂ ਨੇ ਸੰਤ ਜਰਨੈਲ ਸਿੰਘ ਨਾਲ ਮਿਲ ਕੇ ਦਰਬਾਰ ਸਾਹਿਬ ਵਿਖੇ ਅਰਦਾਸ ਕਰਦਿਆਂ ਇਹ ਪ੍ਰਣ ਕੀਤਾ ਕਿ ਜਾਂ ਤਾਂ ਸਾਡੀਆਂ ਜਾਨਾਂ ਜਾਣਗੀਆਂ ਜਾਂ ਫਿਰ ਆਨੰਦਪੁਰ ਸਾਹਿਬ ਦੇ ਮਤੇ ਦੀਆਂ ਸਾਰੀਆਂ ਮੰਗਾਂ ਮਨਾਈਆਂ ਜਾਣਗੀਆਂ । ਕਿਸੇ ਵੀ ਕਾਜ ਲਈ ਮਰ ਮਿਟਨ ਵਾਲੀਆਂ ਲੜਾਈਆਂ ਇੰਨੀਆਂ ਸੌਖੀਆਂ ਨਹੀਂ ਹੁੰਦੀਆਂ ਫਿਰ ਨਤੀਜਾ ਕੀ ਨਿਕਲਿਆ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਤਾ ਗੁਰੂ ਅੱਗੇ ਕੀਤੀ ਅਰਦਾਸ ਦੀ ਅਹਿਮੀਅਤ ਨੂੰ ਮੁੱਖ ਰੱਖ ਕੇ ਆਪਣੇ ਸਾਥੀਆਂ ਨਾਲ ਆਪਣੀ ਜਾਨ ਤਲੀ ਉੱਤੇ ਰੱਖ ਕੇ ਕੁਰਬਾਨ ਹੋ ਗਿਆ । ਇਹ ਲੀਡਰ ਲੋਕ ਜਿਹੜੇ ਕਹਿੰਦੇ ਸੀ ਕਿ ਟੈਂਕ ਪਹਿਲਾ ਸਾਡੀਆਂ ਲਾਸ਼ਾਂ ਦੇ ਉੱਪਰ ਦੀ ਫੇਰ ਦਰਬਾਰ ਸਾਹਿਬ ਵਿੱਚ ਜਾਣਗੇ ਪਰ ਜਦੋਂ ਇਮਤਿਆਨ ਦਾ ਵਕਤ ਆਇਆ ਤਾਂ ਇਹ ਗੱਦਾਰੀ ਦੀ ਤਖਤੀ ਗਲਾਂ ਚ ਪਾ ਕੇ ਹੱਥ ਖੜ੍ਹੇ ਕਰ ਕੇ ਬਾਹਰ ਆ ਗਏ। ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੇ ਰੋਹ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੇ ਆਮ ਘਰਾਂ ਦੀਆਂ ਮਾਵਾਂ ਦੇ ਹਜ਼ਾਰਾਂ ਪੁੱਤ ਇਨ੍ਹਾਂ ਲੀਡਰਾਂ ਨੇ ਸਿੱਖ ਸੰਘਰਸ਼ ਵਿੱਚ ਸ਼ਹੀਦ ਕਰਵਾ ਦਿੱਤੇ,ਕਿਸੇ ਲੀਡਰ ਦਾ ਇੱਕ ਵੀ ਮੁੰਡਾ ਉਸ ਸਿੱਖ ਸੰਘਰਸ਼ ਵਿੱਚ ਨਹੀਂ ਮਰਿਆ ਪਰ ਜਦੋਂ ਰਾਜ ਭਾਗ ਕਰਨ ਦੀ ਵਾਰੀ ਆਈ ਤਾਂ ਇਨ੍ਹਾਂ ਸਾਰੇ ਵੱਡੇ ਲੀਡਰਾਂ ਦੇ ਮੁੰਡੇ ਕੋਈ ਐੱਮ ਐੱਲ ਏ ,ਕੋਈ ਐੱਮ ਪੀ ,ਤੇ ਕੋਈ ਡਿਪਟੀ ਮੁੱਖ ਮੰਤਰੀ ਬਣ ਗਿਆ । ਕਿਸਾਨ ਵੀਰੋ ਇਹ ਇਨ੍ਹਾਂ ਰਾਜਨੀਤਿਕ ਲੀਡਰਾਂ ਦਾ ਕਿਰਦਾਰ ਹੈ । ਇਹ ਉਹ ਲੋਕ ਨੇ ਜੋ ਦਿਨੇ ਸ਼ਹੀਦ ਹੋਏ ਨੌਜਵਾਨਾਂ ਦੇ ਭੋਗਾਂ ਤੇ ਜਾਂਦੇ ਸੀ ਅਤੇ ਰਾਤ ਨੂੰ ਉਸ ਵੇਲੇ ਦੇ ਪੁਲੀਸ ਮੁਖੀ ਕੇ ਪੀ ਐਸ ਗਿੱਲ ਨਾਲ ਪੰਜਾਬ ਦੀ ਜਵਾਨੀ ਨੂੰ ਮਾਰਨ ਦੀਆਂ ਵਿਉਂਤਾਂ ਬਣਾਉਂਦੇ ਸਨ ।ਕਿਸਾਨੀ ਅੰਦੋਲਨ ਵਿੱਚ ਵੀ ਇਹਨਾਂ ਲੋਕਾਂ ਵੱਲੋਂ ਕਿਸੇ ਵਧੀਆ ਆਸ ਦੀ ਤਵੱਕੋ ਨਾ ਰੱਖਣਾ ।
ਕਿਸਾਨੀ ਸਾਡਾ ਖਾਨਦਾਨੀ ਪੇਸ਼ਾ ਹੈ ਇਸ ਨੂੰ ਬਚਾਉਣਾ ਅਤੇ ਅੱਗੇ ਲੈ ਕੇ ਜਾਣਾ ਹਰ ਪੰਜਾਬੀ ਦਾ ਫ਼ਰਜ਼ ਹੈ। ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰ ਵਰਗ ਇਸ ਸੰਘਰਸ਼ ਵਿੱਚ ਹੈ ਉਨ੍ਹਾਂ ਸਾਰਿਆਂ ਨੂੰ ਸਲੂਟ ਹੈ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਸੰਤ ,ਮਹਾਤਮਾ , ਗਾਉਣ ਵਾਲਿਆਂ ਅਤੇ ਕਿਰਤੀ ਕਾਮਿਆਂ ਨੇ ਕਿਸਾਨਾਂ ਦੇ ਹੱਕ ਵਿੱਚ ਨਾਅਰਾ ਬੁਲੰਦ ਕੀਤਾ ਉਹ ਵੀ ਇਸ ਕਿਰਤ ਸੱਭਿਆਚਾਰ ਦਾ ਹਿੱਸਾ ਹਨ ਅਤੇ ਉਹ ਦਿਲੋਂ ਕਿਸਾਨੀ ਨੂੰ ਪਿਆਰ ਕਰਦੇ ਹਨ ਪਰ ਹੁਣ ਅੱਗੇ ਹੋਵੇਗਾ ਕੀ ਕਿ ਕਿਸਾਨੀ ਸੰਘਰਸ਼ ਨੂੰ ਚਾਲਬਾਜ਼ ਲੀਡਰਾਂ ਦੁਆਰਾ ਤਾਰੋਪੀਡ ਕੀਤਾ ਜਾਏਗਾ , ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੂੰ ਖਰੀਦਣ ਦਾ ਯਤਨ ਕੀਤਾ ਜਾਵੇਗਾ । ਪਾੜੋ ਅਤੇ ਰਾਜ ਕਰੋ ਵਾਲੀ ਚਾਲ ਚੱਲੀ ਜਾਵੇਗੀ ਇੱਥੇ ਹੀ ਬੱਸ ਨਹੀਂ ਕਿਸਾਨ ਉੱਤੇ ਅੱਤਵਾਦੀ ਹੋਣ ਦਾ ਠੱਪਾ ਵੀ ਲੱਗ ਸਕਦਾ ਹੈ ਫਿਰ ਬੜੇ ਵੱਡੇ ਵੱਡੇ ਜ਼ਬਾਨੀ ਕਲਾਮੀ ਇਹ ਲੀਡਰ ਕਿਸਾਨਾਂ ਲਈ ਇਨਸਾਫ ਦੇ ਵਾਅਦੇ ਕਰਨਗੇ ਪਰ ਜ਼ਬਾਨੀ ਭਰੋਸਿਆਂ ਤੇ ਕਦੇ ਵੀ ਯਕੀਨ ਨਾ ਕਰਨਾ ਕਿਸਾਨੀ ਹੱਕਾਂ ਲਈ ਸ਼ੁਰੂ ਹੋਇਆ ਇਹ ਸੰਘਰਸ਼ ਤੁਹਾਡੀ ਦ੍ਰਿੜਤਾ ਇਮਾਨਦਾਰੀ ਸਮਰਪਿਤ ਭਾਵਨਾ ਅਤੇ ਲਗਨ ਨਾਲ ਮਿੱਥੇ ਨਿਸ਼ਾਨੇ ਤੇ ਪਹੁੰਚ ਸਕਦਾ ਹੈ ਬੱਸ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਆਪਸੀ ਥਵਾਕ ਨਾ ਟੁੱਟੇ ਇੱਕ ਗੱਲ ਜ਼ਰੂਰ ਯਾਦ ਰੱਖਣਾ ਤੁਹਾਡਾ ਨਿਸ਼ਾਨਾ ਹੈ ਕਿਸਾਨਾਂ ਨੂੰ ਇਨਸਾਫ਼ ਦਿਵਾਉਣਾ,ਅਤੇ ਕਿਸਾਨੀ ਦੇ ਬਣਦੇ ਹੱਕ ਲੈਣਾ ਜੇਕਰ ਤੁਹਾਡੀ ਏਕਤਾ ਬਣੀ ਰਹੀ ਤਾਂ ਕੇਂਦਰ ਸਰਕਾਰ ਤਾਂ ਕੀ ਤੁਸੀ ਵੱਡੇ ਵੱਡੇ ਪਹਾੜਾਂ ਨੂੰ ਵੀ ਸੁੱਟ ਸਕਦੇ ਹੋ ਕਿਉਂਕਿ ਪੰਜਾਬ ਦਾ ਹਰ ਵਰਗ ਤੁਹਾਡੇ ਨਾਲ ਚੱਟਾਨ ਵਾਂਗ ਖੜ੍ਹਾ ਹੈ ਪਰ ਇਹ ਵੀ ਯਾਦ ਰੱਖਣਾ ਇਨ੍ਹਾਂ ਲੀਡਰਾਂ ਦਾ ਸਿਰਫ਼ ਇੱਕੋ ਇੱਕ ਨਿਸ਼ਾਨਾ ਹੈ ਤੁਹਾਡੇ ਸੰਘਰਸ਼ ਨੂੰ ਫੇਲ ਕਰ ਕੇ 2022 ਵਿੱਚ ਆਪਣੀ ਸਰਕਾਰ ਬਣਾਉਣਾ ਹੈ । ਹੁਣ ਗੇਂਦ ਕਿਸਾਨਾਂ ਦੇ ਪਾੜੇ ਵਿੱਚ ਹੈ ਜਦ ਕਿ ਇਹ ਬੇਈਮਾਨ ਲੀਡਰ ਕਿਸਾਨਾਂ ਦੇ ਪਾੜੇ ਵਿੱਚੋਂ ਗੇਂਦ ਖੋਹਣ ਨੂੰ ਉਤਾਵਲੇ ਬੈਠੇ ਹਨ । ਕਿਸਾਨ ਵੀਰੋ ਧਰਮ ਯੁੱਧ ਮੋਰਚੇ ਦੇ ਸੰਘਰਸ਼ ਦਾ ਹਸ਼ਰ ਯਾਦ ਰੱਖਣਾ ਕਿ ਉਸ ਨੂੰ ਫੇਲ੍ਹ ਕਰਵਾ ਕੇ ਇਨ੍ਹਾਂ ਬਾਦਲਾਂ ,ਕੈਪਟਨਾਂ ਨੇ ਕਿਵੇਂ ਪੰਜਾਬ ਦੀ ਬਰਬਾਦੀ ਕਰਵਾਈ ਹੈ । ਪ੍ਰਮਾਤਮਾ ਕਿਸਾਨ ਜਥੇਬੰਦੀਆਂ ਨੂੰ ਸੁਮੱਤ ਬਖਸ਼ੇ ,ਪੰਜਾਬ ਦੇ ਕਿਸਾਨ ਦਾ ਰੱਬ ਰਾਖਾ !
ਜਗਰੂਪ ਸਿੰਘ ਜਰਖੜ , ਖੇਡ ਲੇਖਕ ਤੇ ਪ੍ਰਮੋਟਰ
jagroopjarkhar@gmail.com
9814300722
ਜਗਰੂਪ ਸਿੰਘ ਜਰਖੜ
ਧਰਮ ਯੁੱਧ ਮੋਰਚੇ ਵਾਂਗ ਕਿਤੇ ਕਿਸਾਨੀ ਸੰਘਰਸ਼ ਨੂੰ ਵੀ ਇਹ ਲੀਡਰ ਫੇਲ ਨਾ ਕਰ ਦੇਣ...?
Page Visitors: 2453