ਹੋਰ ਸਭ ਕੱਚ ਕਬਾੜ ਛੱਡ ਕੇ, ਸੱਚੇ ਦਿਲ ਨਾਲ਼ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ‘ਚ ਆ ਸੱਜ ਬੈਠੋ
ਗੁਰਪ੍ਰੀਤ ਸਿੰਘ, ਵਾਸ਼ਿੰਗਟਨ ਸਟੇਟ
ਪੋਥੀ ਪਰਮੇਸਰ ਕਾ ਥਾਨੁ ॥
ਮਨ ਬਹੁਤ ਹੀ ਵੈਰਾਗਮਈ ਹੋ ਜਾਂਦਾ ਹੈ ਜਦ ਗੁਰਮਤਿ ਤੋਂ ਅਣਜਾਣ ਤੇ ਅੰਨ੍ਹੀ ਸ਼ਰਧਾ ‘ਚ ਗ਼ਲਤਾਨ ਪਰ ਆਪਣੇ ਆਪ ਨੂੰ ਗੁਰੂ ਦੇ ਪੂਰਨ ਸਿੱਖ ਅਖਵਾਉਣ ਵਾਲੇ, ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਾਮ ਅਸ਼ਲੀਲਤਾ ਭਰਪੂਰ ਇੱਕ ਅਤਿ ਘਿਨਾਉਣੇ ਤੇ ਮਾਨਵਤਾ ਵਿਰੋਧੀ ਗ੍ਰੰਥ (ਬਚਿੱਤਰ ਨਾਟਕ) ਨਾਲ਼ ਜੋੜਦਿਆਂ ਹੋਇਆਂ ਕੋਈ ਵੀ ਸ਼ਰਮ ਮਹਿਸੂਸ ਨਹੀਂ ਕਰਦੇ। ਮਨ ਕੁਰਲਾ ਉੱਠਦਾ ਹੈ:
ਵਾਹ! ਕਿਆ ਸਿਲਾ ਦੀਆ ਹਮ ਨੇ, ਉਸ ਕੀ ਮੁਹੱਬਤ ਕਾ,
ਜਿਸ ਨੇ ਹਮਾਰੀ ਮੁਹੱਬਤ ਮੇ, ਸਭ ਕੁਛ ਹੀ ਲੁਟਾ ਦੀਆ।
ਮਿਟੇ ਨਾ ਹਮਾਰਾ ਨਾਮੋ ਨਿਸ਼ਾਨ ਕਭੀ ਗੁਲਿਸਤਾਨ ਸੇ,
ਹਮੇ ਰੋਸ਼ਨ ਕਰ, ਅਪਨੇ ਚਾਰੋਂ ਚਿਰਾਗੋਂ ਕੋ ਬੁਝਾ ਦੀਆ।
ਆਪਣੇ ਅਸਲ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ “ ਦਸਮ ਗ੍ਰੰਥ” ਦੇ ਰੂਪ ‘ਚ ਇੱਕ ਸ਼ਰੀਕ ਖੜਾ ਕਰ ਕੇ, ਆਖਰ ਮੇਰੇ ਭੁੱਲੇ ਭਟਕੇ ਵੀਰ ਸਾਬਤ ਕੀ ਕਰਨਾ ਚਾਹੁੰਦੇ ਹਨ?
ਦਾੜ੍ਹੀ ਕੇਸਾਂ ਵਾਲੇ ਬ੍ਰਾਹਮਣ ਬਣ ਕੇ, ਕੀ ਅਸੀਂ ਨਾਨਕ ਦੇ ਨਿਰਮਲ ਪੰਥ ਨੂੰ ਅਗਾਂਹ ਤੋਰ ਸਕਾਂਗੇ?
ਸਭ ਤੋਂ ਵੱਡਾ ਸਵਾਲ ਤਾਂ ਹਰ ਰੋਜ਼ ਹੀ ਮੇਰੇ ਦਿਮਾਗ ‘ਚ ਹਥੌੜੇ ਦੀ ਤਰ੍ਹਾਂ ਵੱਜਦਾ ਹੈ ਕਿ ਕੀ ਅਸੀਂ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ, ਸਮਝ ਕੇ ਤੇ ਇਸ ਵਿਚਲਾ ਹਰ ਸਿਧਾਂਤ ਅਪਨਾ ਕੇ ਵੇਖ ਲਿਆ ਹੈ?
ਸ਼ਾਇਦ ਕੋਈ ਵਿਰਲਾ ਹੀ ਹੋਵੇਗਾ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ‘ਚ ਦਰਜ “ਜਪੁ” ਬਾਣੀ ਦੇ ਅਰਥ ਆਪ ਕਰ ਸਕਦਾ ਹੋਵੇ!
ਧਿਆਨ ਰਹੇ ਕਿ ਜਿਹੜੀ ਵੀ ਲਾਲਸਾ ਜਾਂ ਮਨੋਰਥ ਅਧੀਨ ਅੱਜ ਅਸੀਂ ਅਨਮਤੀ ਗ੍ਰੰਥਾਂ ਨੂੰ ਆਪਣੇ ਸੱਚੇ ਗੁਰੂ ਤੋਂ ਵੀ ਵੱਧ ਅਹਿਮੀਅਤ ਦੇਣ ਲਈ ਪੱਬਾਂ ਭਾਰ ਹੋਏ ਪਏ ਹਾਂ, ਉਹ ਆਖ਼ਰੀ ਵੇਲੇ ਨਹੀਂ ਬਹੁੜਨ ਲੱਗੇ; ਦੇਰ ਸਵੇਰ ਸੱਚੇ ਸਤਿਗੁਰੂ ਦੀ ਸ਼ਰਨ ਆਉਣਾ ਹੀ ਪਵੇਗਾ। ਗੁਰੂ ਉਪਦੇਸ਼ ਤੇ ਜ਼ਰੂਰ ਗ਼ੌਰ ਕਰੀਏ:
ਸਤਿਗੁਰੂ ਨ ਸੇਵਿਓ ਮੂਰਖ ਅੰਧ ਗਵਾਰਿ ॥
ਦੂਜੈ ਭਾਇ ਬਹੁਤੁ ਦੁਖੁ ਲਾਗਾ ਜਲਤਾ ਕਰੇ ਪੁਕਾਰ ॥
ਜਿਨ ਕਾਰਣਿ ਗੁਰੂ ਵਿਸਾਰਿਆ ਸੇ ਨ ਉਪਕਰੇ ਅੰਤੀ ਵਾਰ ॥
ਨਾਨਕ ਗੁਰਮਤੀ ਸੁਖੁ ਪਾਇਆ ਬਖਸੇ ਬਖਸਣਹਾਰ ॥ ( ਮ:੩/੫੯੪)
ਤੇ ਇਹ ਵੀ ਨਾ ਭੁੱਲੀਏ ਕਿ ਸਤਿਗੁਰੂ ਕੇਵਲ ਇੱਕ ਹੈ ( ਏਕਸ ਬਿਨੁ ਸਭ ਧੰਧੁ ਹੈ....) ਤੇ ਸਿੱਖ ਲਈ ਸਤਿਗੁਰੂ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਹਨ। ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਬਚਨ ਤਾਂ ਹਰ ਇੱਕ ਸਿੱਖ ਦੇ ਹਿਰਦੇ ਤੇ ਹਮੇਸ਼ਾਂ ਲਈ ਉੱਕਰ ਜਾਣੇ ਚਾਹੀਦੇ ਹਨ:
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥( ਮ:੩/੯੨੦)
ਭਾਵ ਕਿ ਗੁਰ-ਆਸ਼ੇ ਦੇ ਉਲਟ ਜਾਣ ਵਾਲੀ ਕਿਸੇ ਵੀ ਰਚਨਾ ਨੂੰ ਪੜ੍ਹਨ ਨਾਲ਼ ਮਨ ਕਮਜ਼ੋਰ ਹੋ ਉੱਠਦਾ ਹੈ। ਤਾਂ ਫਿਰ ਭੰਗ, ਸ਼ਰਾਬ, ਅਫ਼ੀਮ ਤੇ ਹੋਰ ਨਸ਼ਿਆਂ, ਵਿਭਚਾਰ ਤੇ ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਵਾਲੀ ਅਨਮਤੀ ਕੱਚੀ ਬਾਣੀ ਨੂੰ, ਦਸਮ ਪਾਤਸ਼ਾਹ ਦੇ ਨਾਮ ਨਾਲ਼ ਮੜ੍ਹਨ ਦੀ ਸਾਜ਼ਸ਼ ਦਾ ਹਿੱਸਾ ਬਣ ਰਹੇ ਇਹਨਾਂ ਕਮਜ਼ੋਰ ਮਨਾਂ ਵਾਲ਼ਿਆਂ ਲਈ ਪੰਥ ‘ਚ ਕੋਈ ਥਾਂ ਹੈ?
ਨਾਨਕ ਦਾ ਨਿਰਮਲ ਪੰਥ ਤਾਂ:
ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥,
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥ ਅਤੇ
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥
ਵਾਲਾ ਗੁਰਮਤਿ ਗਾਡੀ ਰਾਹ ਹੈ। ਨਹੀਂ ?
ਹਾਲੇ ਵੀ ਵੇਲਾ ਹੈ! ਮੇਰੇ ਭੁੱਲੇ ਭਟਕੇ ਭਲਿਉ ਵੀਰੋ, ਹੋਰ ਸਭ ਕੱਚ ਕਬਾੜ ਛੱਡ ਕੇ, ਸੱਚੇ ਦਿਲ ਨਾਲ਼ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ‘ਚ ਆ ਸੱਜ ਬੈਠੋ। ਨਹੀਂ ਤਾਂ ਸਿੱਖੀ ਦੇ ਵਿਹੜੇ ‘ਚ ਪਲ਼ ਕੇ ਭਾਵ ਸਿੱਖ ਸਰੂਪ ਧਾਰਨ ਕਰ ਕੇ, ਸਿੱਖੀ ਦੀਆਂ ਹੀ ਜੜ੍ਹਾਂ ਵੱਢਣ ਤੋਂ ਵੱਡੀ ਹਰਾਮਖ਼ੋਰੀ ਹੋਰ ਕੀ ਹੋ ਸਕਦੀ ਹੈ:
ਲੂਣੁ ਖਾਇ ਕਰਹਿ ਹਰਾਮਖੋਰੀ ਪੇਖਤ ਨੈਨ ਬਿਦਾਰਿਓ ॥
ਅਸਾਧ ਰੋਗੁ ਉਪਜਿਓ ਤਨ ਭੀਤਰਿ ਟਰਤ ਨ ਕਾਹੂ ਟਾਰਿਓ ॥( ਮ:੫/੧੦੦੧)
ਯਕੀਨ ਜਾਣਿਉ! ਹਰਾਮਖ਼ੋਰੀ ਦਾ ਰੋਗ ਲਾਇਲਾਜ ਹੈ ਜੋ ਕਿਸੇ ਵੀ ਤਰੀਕੇ ਮਿਟਾਇਆ ਨਹੀਂ ਜਾ ਸਕਦਾ। ਲੂਣਹਰਾਮ ਮਨੁੱਖ ਤਾਂ ਗੁਰੂ ਦੇ ਕੀਤੇ ਉਪਕਾਰ ਨੂੰ ਵੀ ਭੁੱਲ ਜਾਂਦੇ ਹਨ ਤੇ ਫਿਰ ਅਜਿਹਿਆਂ ਦੀ ਬੱਧੀ-ਰੁੱਧੀ ਸਲਾਮ ਖਸਮ ਨੂੰ ਕੀ ਭਾਉਣੀ ਹੈ:
ਮਨਮੁਖ ਲੂਣ ਹਾਰਾਮ ਕਿਆ ਨ ਜਾਣਿਆ ॥
ਬਧੇ ਕਰਨਿ ਸਲਾਮ ਖਸਮ ਨ ਭਾਣਿਆ ॥ (ਮ:੧/੧੪੩)
ਗੁਰੂ ਭਲੀ ਕਰੇ।
ਗੁਰਪ੍ਰੀਤ ਸਿੰਘ, ਵਸ਼ਿੰਗਟਨ ਸਟੇਟ
ਹੋਰ ਸਭ ਕੱਚ ਕਬਾੜ ਛੱਡ ਕੇ, ਸੱਚੇ ਦਿਲ ਨਾਲ਼ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ‘ਚ ਆ ਸੱਜ ਬੈਠੋ
Page Visitors: 2460