ਬਚਿੱਤਰ ਨਾਟਕ ਗ੍ਰੰਥ (ਅਖੌਤੀ ਦਸਮ ਗ੍ਰੰਥ) ਸਾਹਿਤਕ ਦ੍ਰਿਸ਼ਟੀਕੋਣ ਤੋਂ ਵੀ ਧੋਖਾ ਹੈ
-: ਸੰਪਾਦਕ ਖ਼ਾਲਸਾ ਨਿਊਜ਼ 08.10.2020
#KhalsaNews #Adhak #BachittarNatak #DasamGranth
ਬਲ-ਧੁਨੀ (ਅੱਧਕ) ਦਾ ਸੰਖੇਪ ਇਤਿਹਾਸ
ਲਗਾਖਰ ਵਿੱਚੋਂ ਬਲ-ਧੁਨੀ (ਅੱਧਕ) ਦੀ ਮਹੱਤਤਾ ਵੀ ਪੰਜਾਬੀ ਵਿੱਚ ਵਧੇਰੇ ਕਰਕੇ ਹੈ। ਗੁਰਬਾਣੀ-ਪਾਠ ਕਰਦੇ ਸਮੇਂ ਬਹੁਤਾਤ ਵਿੱਚ ਐਸੇ ਲਫਜ਼ ਨਜ਼ਰੀਂ ਪੈਂਦੇ ਹਨ, ਜੋ ਬਲ-ਧੁਨੀ ਦੇ ਪ੍ਰਯੋਗ਼ ਦੀ ਮੰਗ ਕਰਦੇ ਹਨ। ਚੂੰਕਿ, ਐਸਾ ਨਾ ਕੀਤਿਆਂ ਲਫ਼ਜ਼ ਦਾ ਸ਼ੁੱਧ ਅਰਥ ਸਪਸ਼ਟ ਨਹੀਂ ਹੁੰਦਾ। ਐਪਰ, ਗੁਰਬਾਣੀ ਵਿੱਚ ਬਲ-ਧੁਨੀ ਦੀ ਅਣਹੋਂਦ ਹੋਣ ਕਾਰਣ ਕੁੱਝ ਸੱਜਣ ਇਸ ਪ੍ਰਤੀ ਅਪਵਾਦ ਰਖਦੇ ਹਨ ਕਿ, ‘ਜਦੋਂ ਬਲ-ਧੁਨੀ ਦਾ ਚਿੰਨ੍ਹ ਗੁਰਬਾਣੀ ਵਿੱਚ ਵਰਤਿਆ ਹੀ ਨਹੀਂ ਗਿਆ ਤਾਂ, ਉਚਾਰਣ ਸਮੇਂ ਇਸ ਦਾ ਪ੍ਰਯੋਗ ਭੀ ਨਹੀਂ ਕਰਨਾ ਚਾਹੀਦਾ’। (ਧੰਨਵਾਦ ਸਹਿਤ ਹਰਜਿੰਦਰ ਸਿੰਘ ‘ਘੜਸਾਣਾ’)
ਗੁਰਬਾਣੀ ਵਿੱਚ ਬਲ-ਧੁਨੀ ਚਿੰਨ੍ਹ ਦਾ ਅਭਾਵ
ਸੁਆਲ ਪੈਦਾ ਹੁੰਦਾ ਹੈ ਕਿ, ਗੁਰਬਾਣੀ ਵਿੱਚ ਅੱਧਕ (ਬਲ-ਧੁਨੀ) ਦਾ ਚਿੰਨ੍ਹ ਕਿਉਂ ਨਹੀਂ ਲੱਗਾ ? ਜਵਾਬ ਇਹ ਹੈ ਕਿ ਗੁਰੂ-ਕਾਲ ਸਮੇਂ ਜਾਂ ਇਸ ਤੋਂ ਪਹਿਲਾਂ ਪੁਰਾਤਨ ਪੰਜਾਬੀ ਵਿੱਚ ਬਲ-ਧੁਨੀ ਨੂੰ ਪ੍ਰਗਟਾਉਣ ਲਈ ਵੱਖਰੇ ਤੌਰ ‘ਤੇ ਕੋਈ ਚਿੰਨ੍ਹ ਈਜਾਦ ਨਹੀਂ ਸੀ ਹੋਇਆ। ਉਂਜ, ਪੁਰਾਤਨ ਪੰਜਾਬੀ ਵਿੱਚ ਉਚਾਰਣ ਦੇ ਭਾਗ ਵਜੋਂ ਬਲ-ਧੁਨੀ ਸ਼ਾਮਿਲ ਸੀ। ਇਸ ਕਰਕੇ ਸਮੁੱਚੀ ਗੁਰਬਾਣੀ ਵਿੱਚ ਅਜੋਕਾ ਬਲ-ਧੁਨੀ ਚਿੰਨ੍ਹ ਵਰਤਿਆ ਨਹੀਂ ਗਿਆ। ਗੁਰਬਾਣੀ ਗਹੁ ਨਾਲ ਵਾਚਿਆਂ ਇਹ ਭੀ ਸਪਸ਼ਟ ਹੁੰਦਾ ਹੈ ਕਿ, ਕੁੱਝ ‘ਕੁ ਲਫ਼ਜ਼ ਜੋ ਬਲ-ਧੁਨੀ ਦਾ ਪ੍ਰਯੋਗ ਮੰਗਦੇ ਹਨ, ਉਹਨਾਂ ਨੂੰ ਦੇਵਨਾਗਰੀ, ਬ੍ਰਹਮੀ, ਨਾਗਰੀ ਆਦਿ ਲਿੱਪੀਆਂ ਵਾਲੇ ਤਰੀਕੇ ਅਨੁਸਾਰ ਦੁੱਤ ਕੀਤਾ ਹੋਇਆ ਹੈ। ਇੱਥੋਂ ਉਕਤ ਗੱਲ ਭੀ ਸਿੱਧ ਹੋ ਜਾਂਦੀ ਹੈ ਕਿ, ਗੁਰੂ ਕਾਲ ਵਿੱਚ ਬਲ-ਧੁਨੀ ਦਾ ਉਚਾਰਣ ਤਾਂ ਪ੍ਰਚਲਤ ਸੀ, ਐਪਰ ਇਸ ਨੂੰ ਪ੍ਰਗਟ ਕਰਨ ਲਈ ਕੋਈ ਚਿੰਨ੍ਹ ਪੈਦਾ ਨਹੀਂ ਸੀ ਹੋਇਆ। (ਧੰਨਵਾਦ ਸਹਿਤ ਹਰਜਿੰਦਰ ਸਿੰਘ ‘ਘੜਸਾਣਾ’)
ਬਲ-ਧੁਨੀ ਚਿੰਨ੍ਹ ਪੰਜਾਬੀ ਵਿੱਚ ਕਦੋਂ ਈਜਾਦ ਹੋਇਆ?
ਖ਼ੋਜ ਕੀਤਿਆਂ ਪਤਾ ਲਗਦਾ ਹੈ ਕਿ ਬਲ-ਧੁਨੀ ਦਾ ਚਿੰਨ੍ਹ ਲਗਭਗ 1800 ਈਸਵੀ ਤੋਂ ਮਗਰੋਂ ਹੀ ਪ੍ਰਗਟ ਹੋਇਆ ਹੈ। ਸੰਨ 1854-55 ਵਿੱਚ ਪ੍ਰਕਾਸ਼ਿਤ ਹੋਏ ‘ਪੰਜਾਬੀ-ਅੰਗਰੇਜੀ ਕੋਸ਼’ ਵਿੱਚ (ਉਕਤ ਕੋਸ਼ ਅੰਗ੍ਰੇਜ ਮਿਸ਼ਨਰੀਆਂ ਵੱਲੋਂ ਛਾਪਿਆ ਗਿਆ ਸੀ, ਦਾਸ ਪਾਸ ਮੌਜੂਦ ਹੈ) ਬਲ-ਧੁਨੀ ਚਿੰਨ੍ਹ ਦੀ ਥਾਂ ਇੱਕ ਸਿੱਧੀ ਲਕੀਰ (-) ਵਰਤੀ ਹੈ। ਇਸ ਤੋਂ ਬਾਅਦ ਦੀਆਂ ਲਿਖਤਾਂ ਵਿੱਚ ਬਲ-ਧੁਨੀ ਦਾ ਅਜੋਕਾ ਚਿੰਨ੍ਹ ਵਰਤਿਆ ਮਿਲਦਾ ਹੈ। 1800 ਈ. ਤੋਂ ਪਹਿਲਾਂ ਇਹ ਚਿੰਨ੍ਹ ਕਿਸੇ ਭੀ ਲਿਖਤ ਵਿੱਚ ਨਹੀਂ ਵਰਤਿਆ ਮਿਲਦਾ। ‘ਸ਼ਰਧਾ ਰਾਮ ਫਿਲੌਰੀ’ ਦੀਆਂ ਲਿਖਤਾਂ ਜੋ 1865 ਈਸਵੀ ਦੀਆਂ ਹਨ ਵਿੱਚ ਬਲ-ਧੁਨੀ ਦੇ ਚਿੰਨ੍ਹ ਦਾ ਪ੍ਰਯੋਗ਼ ਮਿਲਦਾ ਹੈ। ਸੋ, 1800 ਈ. ਵਿੱਚ ਇਹ ਚਿੰਨ੍ਹ ਇੱਕ ਸਿੱਧੀ ਲਕੀਰ ਤੋਂ ਅਗਾਂਹ 1860-65 ਈ. ਦਰਮਿਆਨ ਪੂਰਨ ਰੂਪ ਵਿੱਚ ਚਿੰਨ੍ਹ ਪ੍ਰਗਟ ਹੋਇਆ ਜਾਪਦਾ ਹੈ। (ਧੰਨਵਾਦ ਸਹਿਤ ਹਰਜਿੰਦਰ ਸਿੰਘ ‘ਘੜਸਾਣਾ’)
ਬਚਿੱਤਰ ਨਾਟਕ ਗ੍ਰੰਥ 'ਚ ਅੱਧਕ ਫਿਰ ਕਿੱਥੋਂ ਆਇਆ?
ਹੁਣ ਸਵਾਲ ਖੜਾ ਹੁੰਦਾ ਹੈ ਕਿ… ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਆਪ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ, ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ 'ਚ ਵੀ ਅੱਧਕ ਦੀ ਵਰਤੋਂ ਨਹੀਂ ਹੈ, ਅਤੇ ਸਾਰੀ ਗੁਰਬਾਣੀ “ੴ ਤੋਂ ਲੈਕੇ ਮੁੰਦਾਵਣੀ” (ਰਾਗਮਾਲਾ ਗੁਰਬਾਣੀ ਨਹੀਂ) ਤੱਕ ਗੁਰਬਾਣੀ 'ਚ ਅੱਧਕ ਨਹੀਂ ਹੈ।
“ਅੱਧਕ” ਜੋ ਕਿ ਇਜ਼ਾਦ ਹੀ ੧੮੦੦ ਈ. ਤੋਂ ਬਾਅਦ ਹੋਇਆ ਹੈ, ਫਿਰ “ਬਚਿੱਤਰ ਨਾਟਕ” ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਕਿਵੇਂ ਇਸਤੇਮਾਲ ਕੀਤਾ ??? (ਜੇ ਇਹ ਗੁਰੂ ਸਾਹਿਬ ਨੇ ਲਿਖਿਆ)
ਹੁਣ ਤੱਕ ਅਸੀਂ ਹਰ ਕੋਣੇ ਤੋਂ ਵਾਚ ਲਿਆ ਕਿ ਬਚਿੱਤਰ ਨਾਟਕ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਬਿਲਕੁਲ ਨਹੀਂ ਹੈ। ਸਾਹਿਤਕ ਪੱਖ ਤੋਂ ਵੀ ਇਹ ਗ੍ਰੰਥ ਇੱਕ ਧੋਖੇ ਤੋਂ ਸਿਵਾਏ ਕੱਖ ਨਹੀਂ। ਇਸ ਗ੍ਰੰਥ ਨੂੰ ਸਿੱਖਾਂ ਦੇ ਸਿਰ ਮੱੜ੍ਹਿਆ ਗਿਆ, ਹੈ। ਜਿੰਨੀ ਛੇਤੀ ਸਿੱਖ ਇਸ ਗੱਲ ਨੂੰ ਸਮਝ ਜਾਣ ਚੰਗਾ ਹੈ, ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮੁਆਫ ਨਹੀਂ ਕਰਣਗੀਆਂ, ਉਨ੍ਹਾਂ ਕੋਲ਼ ਮੋਬਾਇਲ ਫੋਨ ਤੋਂ ਹੀ ਵਿਹਲ ਨਹੀਂ, ਸ਼ਾਇਦ ਹੀ "ਕੋਈ ਹਰਿਆ ਬੂਟੁ ਰਹਿਓ ਰੀ”, ਖੋਜ ਕਰੇਗਾ, ਸਿੱਖਾ ਇਹ ਸਮਝ ਲੈ “ਇਹੀ ਤੇਰਾ ਅਉਸਰੁ ਇਹ ਤੇਰੀ ਬਾਰ।”