ਗੁਰੂ ਗ੍ਰੰਥ ਸਾਹਿਬ ਵਲੋਂ ਅਖੌਤੀ ਦਸਮ ਗ੍ਰੰਥ ਦੇ ਲਿਖਾਰੀਆਂ ਦੇ ਮੰਨੇ ਮਾਤਾ ਪਿਤਾ ਰੱਦ
ਪ੍ਰੋ. ਕਸ਼ਮੀਰਾ ਸਿੰਘ USA
ਸਿੱਖੀ ਵਿਚਾਰਧਾਰਾ ਦਾ ਮੂਲ਼ ਸੋਮਾ ਗੁਰੂ ਗ੍ਰੰਥ ਸਾਹਿਬ ਜੀ ਹੀ ਹੈ । ਰਾਗਮਾਲ਼ਾ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿੱਖੀ ਦੇ ਵਿਹੜੇ ਵਿੱਚ ਪਏ ਸਿੱਖੀ ਨਾਲ਼ ਜੋੜੇ ਗਏ ਕਈ ਗ੍ਰੰਥਾਂ ਵਿੱਚ ਸਿੱਖੀ ਬਾਰੇ ਲਿਖੇ ਵਿਚਾਰਾਂ ਦੇ ਸੱਚ ਅਤੇ ਝੂਠ ਨੂੰ ਪਰਖ ਕਰਨ ਲਈ ਕਸਵੱਟੀ (ਕਸਉਟੀ)/ Touch Stone ਦਾ ਕੰਮ ਕਰਦੀ ਹੈ । ਇਨ੍ਹਾਂ ਜੋੜੇ ਗਏ ਗ੍ਰੰਥਾਂ ਵਿੱਚ ਜਨਮ ਸਾਖੀਆਂ, ਤਵਾਰੀਖ ਗੁਰੂ ਖ਼ਾਲਸਾ, ਪ੍ਰਕਾਸ਼ ਜਿਵੇਂ ਪੰਥ ਪ੍ਰਕਾਸ਼ ਅਤੇ ਸੂਰਜ ਪ੍ਰਕਾਸ਼, ਬਿਲਾਸ ਜਿਵੇਂ ਗੁਰਬਿਲਾਸ ਪਾ: ਛੇਵੀਂ ਅਤੇ ਤਿੰਨ ਵੱਖ ਵੱਖ ਕਵੀਆਂ ਦੇ ਲਿਖੇ ਤਿੰਨ ਵੱਖ ਵੱਖ ਗੁਰਬਿਲਾਸ ਪਾ: ਦਸਵੀਂ, ਨਾਨਕ ਮੁਹਰ ਛਾਪ ਨਾਲ਼ ਲਿਖੇ ਗ੍ਰੰਥ, ਅਖੌਤੀ ਦਸਮ ਗ੍ਰੰਥ ਜਿਸ ਵਿੱਚ ਸਿਰਲੇਖਾਂ ਵਿੱਚ ਪਾਤਿਸ਼ਾਹੀ ਦਸਵੀਂ ਅਤੇ ਬਹੁਤੀਆਂ ਲਿਖਤਾਂ ਵਿੱਚ ਰਾਮ ਅਤੇ ਸ਼ਯਾਮ ਕਵੀਆਂ ਦੀ ਮੁਹਰ ਛਾਪ ਹੈ ਆਦਿਕ ਸ਼ਾਮਲ ਹਨ ।
ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਹੀ ਅਰਥ {ਪ੍ਰੋ. ਸਾਹਿਬ ਸਿੰਘ ਦੇ ਲਿਖੇ ਗੁਰੂ ਗ੍ਰੰਥ ਸਾਹਿਬ ਦਰਪਣ ਅਨੁਸਾਰ} ਆਮ ਸਿੱਖ ਸੰਗਤਾਂ ਵਿੱਚ, ਉਪਲਬਧ ਹਰ ਸਿਖਲਾਈ ਮਾਧਿਅਮ ਰਾਹੀਂ ਅਤੇ ਨਿੱਜੀ ਪਹੁੰਚ ਕਰ ਕੇ, ਦ੍ਰਿੜ੍ਹ ਕਰਵਾ ਦਿੱਤੇ ਜਾਣ ਤਾਂ ਨਕਲੀ ਗ੍ਰੰਥਾਂ ਰਾਹੀਂ ਸਿੱਖੀ ਵਿਚਾਰਧਾਰਾ ਵਿੱਚ ਹੋ ਚੁੱਕੀਆਂ ਅਤੇ ਕੀਤੀਆਂ ਜਾ ਰਹੀਆਂ ਬ੍ਰਾਹਮਣਵਾਦੀ ਮਿਲਾਵਟਾਂ ਦੂਰ ਕਰਨ ਵਿੱਚ ਬਹੁਤ ਆਸਾਨੀ ਹੋ ਸਕਦੀ ਹੈ।
ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ:
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਇਸ ਪਾਸੇ ਵਿਸ਼ੇਸ਼ ਜ਼ਿੰਮੇਵਾਰੀ ਬਣਦੀ ਹੈ ਜਿਸ ਨੂੰ ਨਿਭਾਇਆ ਨਹੀਂ ਜਾ ਰਿਹਾ । ਇਸ ਕਮੇਟੀ ਵਲੋਂ ਪਿੰਡ, ਤਹਿਸੀਲ, ਜ਼ਿਲ੍ਹਾ ਅਤੇ ਰਾਜ ਪੱਧਰ ਤੇ ਬਹੁਤ ਸਾਰੇ ਸਿੱਖੀ ਪ੍ਰਚਾਰ ਦੇ ਕੇਂਦਰ ਸਥਾਪਤ ਕਰਨ ਦੀ ਲੋੜ ਸੀ ਜਿਸ ਨਾਲ਼ ਆਮ ਸਿੱਖ ਸੰਗਤਾਂ ਵਿੱਚ ਸਿੱਖੀ ਸਿਧਾਂਤਾਂ ਦਾ ਬੋਲਬਾਲਾ ਹੁੰਦਾ ਅਤੇ ਬ੍ਰਾਹਣਵਾਦ ਨੇੜੇ ਨਾ ਢੁੱਕਦਾ, ਪਰ ਅਜਿਹਾ ਹੁਣ ਤਕ ਨਹੀਂ ਹੋ ਸਕਿਆ । ਦੂਜੇ ਪਾਸੇ ਸਿੱਖੀ ਵਿਚਾਰਧਾਰਾ ਨੂੰ ਖੋਰਾ ਲਾਉਣ ਵਾਲ਼ੇ ਆਪਣੇ ਵਲੋਂ ਏਕਲ ਵਿਦਿਆਲੇ ਚਲਾ ਕੇ ਪਿੰਡ ਪਿੰਡ ਵਿੱਚ ਬ੍ਰਾਹਮਣਵਾਦੀ ਪ੍ਰਚਾਰ ਜ਼ੋਰ-ਸ਼ੋਰ ਨਾਲ਼ ਕਰ ਰਹੇ ਹਨ ।
ਹਥਲੇ ਲੇਖ ਵਿੱਚ ਦਸਮ ਗ੍ਰੰਥ ਦੇ ਲਿਖਾਰੀਆਂ ਦੇ ਮਾਤਾ ਪਿਤਾ ਕੋਣ ਹਨ, ਦੀ ਪਛਾਣ ਕਰਨਾ ਅਤੇ ਇਸ ਉੱਤੇ ਗੁਰਬਾਣੀ ਦੀ ਕਸਵੱਟੀ ਲਾ ਕੇ ਦੇਖਣਾ ਹੈ ਕਿ ਅਖੌਤੀ ਦਸਮ ਗ੍ਰੰਥ ਵਿੱਚ ਮੰਨੇ ਗਏ ਮਾਤਾ ਪਿਤਾ ਨੂੰ ਗੁਰੂ ਗ੍ਰੰਥ ਸਾਹਿਬ ਪ੍ਰਵਾਨ ਕਰਦੇ ਹਨ ਕਿ ਨਹੀਂ । ਦਸਮ ਗ੍ਰੰਥ ਦੇ ਲਿਖਾਰੀਆਂ ਦੇ ਮਾਤਾ ਪਿਤਾ ਕੌਣ ਹਨ?
ਦਸਮ ਗ੍ਰੰਥ ਦਾ ਅਧਿਐਨ ਕਰਦਿਆਂ ਦੇਖਿਆ ਗਿਆ ਹੈ ਕਿ ਇਸ ਦੇ ਪੰਨਾਂ ਨੰਬਰ 73 ਉੱਤੇ ਇਉਂ ਲਿਖਿਆ ਗਿਆ ਹੈ:
ਦਸਮ ਗ੍ਰੰਥ ਦਾ ਪੰਨਾ 73: -
ਸਰਬਕਾਲ ਹੈ ਪਿਤਾ ਅਪਾਰਾ।
ਦੇਬਿ ਕਾਲਕਾ ਮਾਤ ਹਮਾਰਾ।-5।
ਅਰਥ ਸਪੱਸ਼ਟ ਹਨ ਕਿ ਬਚਿੱਤਰ ਨਾਟਕ ਦਾ ਕਵੀ ਸਰਬਕਾਲ ਨੂੰ ਆਪਣਾ ਪਿਓ ਅਤੇ ਕਾਲਕਾ ਦੇਵੀ ਨੂੰ ਆਪਣੀ ਮਾਂ ਮੰਨ ਰਿਹਾ ਹੈ ।
ਸਰਬਕਾਲ਼ ਕੌਣ ਹੈ?
ਮਹਾਂਕਾਲ਼ ਦੇਵਤਾ ਸ਼ਿਵ ਜੀ ਦਾ 12 ਵਿੱਚੋਂ ਇੱਕ ਜੋਤ੍ਰਿਲਿੰਗਮ ਹੈ ਜਿਸ ਦਾ ਮੰਦਰ ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਬਣਿਆਂ ਹੋਇਆ ਹੈ । ਮਹਾਂਕਾਲ਼ ਦੇਵਤੇ ਦੇ ਹੋਰ ਕਈ ਨਾਂ ਵੀ ਬਚਿੱਤਰ ਨਾਟਕ ਵਿੱਚ ਮਿਲ਼ਦੇ ਹਨ ਜਿਵੇਂ, ਸਰਬਕਾਲ਼, ਸਰਬਲੋਹ, ਮਹਾਂਲੋਹ, ਖੜਗਕੇਤ, ਅਸਿਧੁਜ, ਖੜਗਾਧੁਜ, ਅਸਿਕੇਤ, ਅਸਿਪਾਨ ਆਦਿਕ ।
ਪ੍ਰਮਾਣ ਵਜੋਂ ਦੇਖੋ-
ਮਹਾਂਕਾਲ਼ ਦੀ ਉਸਤਤਿ ਦੇ ਪ੍ਰਮਾਣ-
ਪੰਨਾਂ ਅਖੌਤੀ ਦਸਮ ਗ੍ਰੰਥ 309-10 (ਕ੍ਰਿਸ਼ਨਾਵਤਾਰ-ਕ੍ਰਿਸ਼ਨ ਲੀਲ੍ਹਾ), ਅਥ ਦੇਵੀ ਜੂ ਕੀ ਉਸਤਤਿ ਕਥਨੰ॥ ਭੁਜੰਗ ਪ੍ਰਯਾਤ ਛੰਦ॥ ਇਹ ਉਸਤਤਿ ਛੰਦ ਨੰਬਰ 419 ਤੋਂ 440 ਤਕ ਦਰਜ ਹੈ । ਇਨ੍ਹਾਂ ਛੰਦਾਂ ਵਿੱਚ ਦੁਰਗਾ ਦੇਵੀ ਪਾਰਬਤੀ ਅਤੇ ਮਹਾਂਕਾਲ਼ ਦੇਵਤੇ ਦੋਹਾਂ ਦੀ ਉਸਤਤਿ ਸ਼ਾਮਲ ਹੈ, ਭਾਵੇਂ, ਸਿਰਲੇਖ ਵਿੱਚ ‘ਅਥ ਦੇਵੀ ਜੂ ਕੀ ਉਸਤਤਿ ਕਥਨੰ’ ਹੀ ਲਿਖਿਆ ਹੋੲਆ ਹੈ ।
1. ਮਹਾਂਕਾਲ਼ ਰਖਵਾਰ ਹਮਾਰੋ। ਮਹਾਂਲੋਹ ਮੈਂ ਕਿੰਕਰ ਥਾਰੋ।
ਅਪਨਾ ਜਾਨ ਕਰੋ ਰਖਵਾਰ। ਬਾਹਿ ਗਹੇ ਕੀ ਲਾਜ ਵਿਚਾਰ। 435 ।
ਅਪਨਾ ਜਾਨਿ ਮੁਝੈ ਪ੍ਰਤਿਪਰੀਐ। ਚੁਨਿ ਚੁਨਿ ਸ਼ਤ੍ਰ ਹਮਾਰੇ ਮਰੀਐ॥ ---436 ।
ਅਰਥ ਵਿਚਾਰ: ਬਚਿੱਤਰ ਨਾਟਕ ਦਾ ਲਿਖਾਰੀ ਕਹਿ ਰਿਹਾ ਹੈ- ਹੇ ਮਹਾਂਕਾਲ਼ ਦੇਵਤੇ! ਤੂੰ ਮੇਰਾ ਰਾਖਾ ਹੈ । ਹੇ ਮਹਾਂਲੋਹ ਦੇਵਤਾ ਮਹਾਂਕਾਲ਼ ਜੀ! ਮੈਂ ਤੇਰੇ ਅੱਗੇ ਕਿੰਕਰ ਦੀ ਨਿਆਈਂ ਹਾਂ । ਮੇਰੀ ਰੱਖਿਆ ਕਰੋ ਅਤੇ ਮੇਰੀ ਬਾਂਹ ਫੜੀ ਦੀ ਲਾਜ ਰੱਖੋ । ਮੈਨੂੰ ਆਪਣਾ ਸਮਝ ਕੇ ਮੇਰੀ ਪਾਲਣਾ ਕਰੋ ਅਤੇ ਮੇਰੇ ਸਾਰੇ ਦੁਸ਼ਮਣਾ ਨੂੰ ਚੁਣਿ ਚੁਣਿ ਕੇ ਮੌਤ ਦੇ ਘਾਟ ਉਤਾਰ ਦਿਓ।
ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ:
ਗੁਰੂ ਗ੍ਰੰਥ ਸਾਹਿਬ ਅਨੁਸਾਰ ਸਿੱਖ ਕਿਸੇ ਦੇਵੀ ਦੇਵਤੇ ਤੋਂ ਕੁੱਝ ਨਹੀਂ ਮੰਗਦਾ । ਸਿੱਖ ਲਈ ਦਾਤਾ ਗੁਰੂ ਪਰਮੇਸ਼ਰ ਹੀ ਹੈ । ਰਾਮ ਅਤੇ ਸ਼ਯਾਮ ਹੀ ਦੇਵੀ ਦੇਵਤਿਆਂ ਤੋਂ ਮੰਗ ਸਕਦੇ ਹਨ ਕਿਉਂਕਿ ਇਹ ਉਨ੍ਹਾਂ ਲਿਖਾਰੀਆਂ ਦੇ ਇਸ਼ਟ ਹਨ ਅਤੇ ਸਿੱਖ ਦੇ ਇਸ਼ਟ ਨਹੀਂ । ਇਸ ਰਚਨਾ ਨੂੰ ਦਸਵੇਂ ਗੁਰੂ ਜੀ ਨਾਲ਼ ਜੋੜਨਾ ‘ਆ ਬੈਲ ਮੈਨੂੰ ਮਾਰ’ ਵਾਲ਼ੀ ਗੱਲ ਹੈ।
2. ਤ੍ਰਿਆ ਚਰਿੱਤ੍ਰ ਨੰਬਰ 404 ਵਿੱਚੋਂ ‘ਕਬਿਯੋ ਬਾਚ ਬੇਨਤੀ ਚੌਪਈ’ ਸਿੱਖਾਂ ਨੂੰ ਨਿੱਤਨੇਮ ਰਾਹੀਂ ਸ਼੍ਰੋ. ਕਮੇਟੀ ਸੰਨ 1936 ਤੋਂ ਪੜ੍ਹਾ ਰਹੀ ਹੈ । ਬਹੁਤ ਸਾਰੇ ਸਜਣ ਇਹ ਵੀ ਕਹਿ ਰਹੇ ਹਨ ਕਿ ਸ਼੍ਰੋ. ਕਮੇਟੀ ਨਹੀਂ ਸਗੋਂ ਪੰਥ ਹੀ ਪੰਥ ਪ੍ਰਵਾਨਤ ਰਹਤ ਮਰਯਾਦਾ ਰਾਹੀਂ ਇਹ ਚੌਪਈ ਪੜ੍ਹਾ ਰਿਹਾ ਹੈ ਪਰ ਸਾਰੇ ਸਿੱਖ-ਪੰਥ ਉੱਤੇ ਇਹ ਧੱਬਾ ਨਹੀਂ ਲਾਉਣਾ ਚਾਹੀਦਾ ਕਿਉਂਕਿ ਇਹ ਚੌਪਈ ਮਹਾਂਕਾਲ਼/ਸਰਬਕਾਲ਼ ਦੇਵਤੇ ਅੱਗੇ ਕੀਤੀ ਗਈ ਰਾਮ ਅਤੇ ਸ਼ਯਾਮ ਆਦਿਕ ਕਿਸੇ ਕਵੀ ਵਲੋਂ ਕੀਤੀ ਗਈ ਅਰਦਾਸਿ ਹੈ ਜਿਸ ਨੂੰ ਸਿੱਖ ਪੰਥ ਆਪਣੇ ਸਿੱਖਾਂ ਨੂੰ ਨਿੱਤਨੇਮ ਰਾਹੀਂ ਨਹੀਂ ਪੜ੍ਹਾ ਸਕਦਾ ਕਿਉਂਕਿ ਸਿੱਖ ਪੰਥ ਨੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਹੀ ਅੱਗੇ ਤੋਰਨਾ ਹੁੰਦਾ ਹੈ ਤਾਂ ਜੁ ਸਿੱਖ ਗੁਰਮਤਿ ਗਾਡੀ ਰਾਹ ਤੇ ਤੁਰੇ ਜਾਣ।
ਮਹਾਂਕਾਲ਼ ਦੇਵਤੇ ਵਲੋਂ ਦੂਲਹ ਦੇਈ ਸੁੰਦਰੀ ਦੀ ਸਹਾਇਤਾ ਲਈ ਲੜੀ ਜੰਗ:
ਤ੍ਰਿਅ ਚਰਿੱਤ੍ਰ ਨੰਬਰ 404 ਵਿੱਚ ਮਹਾਂਕਾਲ਼ ਦੇਵਤਾ ਦੈਂਤਾਂ ਨਾਲ਼ ਯੁੱਧ ਕਰਦਾ ਹੈ ਅਤੇ ਜਿੱਤ ਜਾਂਦਾ ਹੈ ਅਤੇ ਜੇਤੂ ਅੱਗੇ ਹੀ ਬੇਨਤੀ ਕੀਤੀ ਜਾਂਦੀ ਹੈ ਹਾਰੇ ਹੋਏ ਅੱਗੇ ਨਹੀਂ । ਦੂਲਹ ਦੇਈ ਸੁੰਦਰੀ ਨੂੰ ਵਰਨ ਵਾਸਤੇ ਇਹ ਜੰਗ ਲੜੀ ਗਈ ।
ਮਹਾਂਕਾਲ਼ ਦੇਵਤੇ ਅੱਗੇ ਕੀਤੀ ਬੇਨਤੀ ਦੇ ਪ੍ਰਮਾਣ:
ਮਹਾਂਕਾਲ਼ ਦੀ ਜੰਗ ਜਿੱਤਣ ਤੋਂ ਬਾਅਦ ਕਵੀ ਸਿਫ਼ਤਿ ਕਰਦਾ ਲਿਖਦਾ ਹੈ-
ਪੰਨਾਂ ਦਸਮ ਗ੍ਰੰਥ 1383, ਤ੍ਰਿਆ ਚਰਿੱਤ੍ਰ ਨੰਬਰ 404
ਪੁਨਿ ਰਾਛਸ ਕਾ ਕਾਟਾ ਸੀਸਾ। ਸ੍ਰੀ ਅਸਿਕੇਤ ਜਗਤ ਕੇ ਈਸਾ।
ਪੁਹਪਨ ਬ੍ਰਿਸਟਿ ਗਗਨ ਤੇ ਭਈ। ਸਭਹਿਨ ਆਨਿ ਵਧਾਈ ਦਈ । 375 ।
ਧੰਨ੍ਯ ਧੰਨ੍ਯ ਲੋਗਨ ਕੇ ਰਾਜਾ। ਦੁਸ਼ਟਨ ਦਾਹ ਗਰੀਬ ਨਿਵਾਜਾ।
ਅਖਲ ਭਵਨ ਕੇ ਸਿਰਜਨਹਾਰੇ। ਦਾਸ ਜਾਨਿ ਮੁਹਿ ਲੇਹੁ ਉਬਾਰੇ। 376 ।
ਅੱਗੋਂ ਬੰਦ ਨੰਬਰ 377 ਤੋਂ ਇਸੇ ਜੇਤੂ ਮਹਾਂਕਾਲ਼ ਅੱਗੇ ਕਬਿਯੋ ਬਾਚ ਬੇਨਤੀ।ਚੌਪਈ। ਸ਼ੁਰੂ ਹੁੰਦੀ ਹੈ ਜਿਸ ਦੇ ਸਿਰਲੇਖ ਨਾਲ਼ ‘ੴ ਵਾਹਿਗੁਰੂ ਜੀ ਕੀ ਫ਼ਤਿਹ ਪਾਤਿਸ਼ਾਹੀ ਦਸਵੀ’ ਨਹੀਂ ਲਿਖਿਆ ਹੋਇਆ ਜੋ ਗੁਟਕਿਆਂ ਵਿੱਚ ਧੱਕੇ ਅਤੇ ਧੋਖੇ ਨਾਲ਼ ਹੀ ਲਿਖਿਆ ਗਿਆ ਹੈ ਤਾਂ ਜੁ ਪੜ੍ਹਨ ਵਾਲ਼ੇ ਮੰਨਣ ਕਿ ਇਹ ਰਚਨਾ ਗੁਰੂ ਜੀ ਦੀ ਹੀ ਲਿਖੀ ਹੋਈ ਹੈ ਜੋ ਕਿ ਨਹੀਂ ਹੈ ।
ਚੌਪਈ ਵਿੱਚੋਂ ਕੁੱਝ ਪ੍ਰਮਾਣ-
ਅਪਨਾ ਜਾਨਿ ਕਰੋ ਪ੍ਰਤਿਪਾਰਾ। 377 ।
ਮੋ ਰਛਾ ਨਿਜ ਕਰ ਦੈ ਕਰੀਐ। ਸਭ ਬੈਰਨ ਕੋ ਆਜ ਸੰਘਰਿਐ। 379 ।
ਸੇਵਕ ਸਿਖ ਹਮਾਰੇ ਤਾਰੀਅਹਿ। ਚੁਨਿ ਚੁਨਿ ਸ਼ਤ੍ਰ ਹਮਾਰੇ ਮਾਰੀਐ। 380 ।
ਵਿਚਾਰ: - ਨੰਬਰ 1 ਅਤੇ ਨੰਬਰ 2 ਵਿੱਚ ਦਿੱਤੇ ਪ੍ਰਮਾਣ ਮਿਲ਼ਦੇ ਜੁਲ਼ਦੇ ਹਨ ਜਿਸ ਤੋਂ ਸਪੱਸ਼ਟ ਹੋ ਗਿਆ ਕਿ ਸਰਬਕਾਲ ਅਤੇ ਮਹਾਂਕਾਲ ਦੇਵਤਾ ਇੱਕੋ ਹੀ ਹਨ ।
3. ਸਰਬਕਾਲ਼ ਦੀ ਸਿਫ਼ਤਿ ਵਿੱਚ ਲਿਖੇ ਪ੍ਰਮਾਣ:
ਦਸਮ ਗ੍ਰੰਥ ਪੰਨਾਂ 73 ਉੱਤੇ ਲਿਖੀ ਸਰਬਕਾਲ਼ ਪ੍ਰਤੀ ਚੌਪਈ ਦੇ 11 ਬੰਦ ਹਨ ਜਿਨਾਂ ਨੂੰ ਪੜ੍ਹ ਕੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਮਹਾਂਕਾਲ਼ ਦਾ ਨਾਂ ਹੀ ਸਰਬਕਾਲ ਹੈ । ਦੇਖੋ ਕੁੱਝ ਪ੍ਰਮਾਣ-
ਸਰਬਕਾਲ ਸਭ ਸਾਧ ਉਬਾਰੇ। ਦੁਖ ਦੈ ਕੈ ਦੋਖੀ ਸਭ ਮਾਰੇ। 1 ।
ਦਾਸ ਜਾਨਿ ਮੁਰਿ ਕਰੀ ਸਹਾਇ। ਆਪ ਹਾਥ ਦੈ ਲਯੋ ਬਚਾਇ। 2 ।
ਸਰਬਾਕਾਲ ਕਰੁਣਾ ਤਬ ਭਰੇ। ਸੇਵਕ ਜਾਨਿ ਦਯਾ ਰਸ ਢਰੇ। 7 ।
ਸਰਬਕਾਲ ਜਬ ਭਏ ਦਯਾਲਾ। ਲੋਹ ਰਛ ਹਮ ਕੋ ਸਭ ਕਾਲਾ। 8 ।
ਵਿਚਾਰ: - ਇਨ੍ਹਾਂ ਪੰਕਤੀਆਂ ਵਿੱਚ ਮਹਾਂਕਾਲ ਨੂੰ ਭੂਤਕਾਲ ਵਿੱਚ ਕਿਰਿਆ ਕਰਦੇ ਲਿਖਿਆ ਗਿਆ ਹੈ ਜਦੋਂ ਕਿ ਪ੍ਰਮਾਣ ਨੰਬਰ 1 ਅਤੇ 2 ਵਿੱਚ ਮਹਾਂਕਾਲ਼ ਅੱਗੇ ਬੇਨਤੀਆਂ ਕੀਤੀਆਂ ਗਈਆਂ ਹਨ । ਮਹਾਂਕਾਲ਼ ਨੂੰ ਦੁਸ਼ਟ ਮਾਰਨ ਲਈ ਕਿਹਾ ਹੈ ਅਤੇ ਸਰਬਕਾਲ਼ ਨੇ ਉਹੀ ਕੰਮ ਕਰ ਦਿੱਤਾ ਹੈ । ਮਹਾਂਕਾਲ਼ ਅੱਗੇ ਦਾਸ ਜਾਨ ਕੇ ਸਹਾਇਤਾ ਕਰਨ ਲਈ ਬੇਨਤੀ ਕੀਤੀ ਹੈ ਅਤੇ ਸਰਬਕਾਲ ਨੇ ਦਾਸ ਜਾਨ ਕੇ ਸਹਾਇਤਾ ਕਰ ਦਿੱਤੀ ਹੈ ।
ਉਪਰੋਕਤ ਕੀਤੀ ਵਿਚਾਰ ਤੋਂ ਸਿੱਧ ਹੁੰਦਾ ਹੈ ਕਿ ਮਹਾਂਕਾਲ਼ ਦਾ ਹੋਰ ਨਾਂ ਹੀ ਸਰਬਕਾਲ਼ ਹੈ ।
ਕਵੀ ਇਸ ਸਰਬਕਾਲ ਨੂੰ ਅਤੇ ਦੇਬਿ ਕਾਲਕਾ ਨੂੰ ਆਪਣੇ ਕ੍ਰਮਵਾਰ ਪਿਤਾ ਅਤੇ ਮਾਤਾ ਲਿਖਦਾ ਹੈ । ਕਾਲਕਾ ਲਫ਼ਜ਼ ਤੋਂ ਪਹਿਲਾਂ ਲਿਖਿਆ ਦੇਬਿ ਸ਼ਬਦ ਕੋਈ ਸ਼ੱਕ ਨਹੀਂ ਰਹਿਣ ਦਿੰਦਾ ਕਿ ਕਾਲਕਾ ਹਿੰਦੂ ਮੱਤ ਦੀ ਦੇਵੀ ਹੈ ਜਿਸ ਦੇ ਦਸਮ ਗ੍ਰੰਥ ਵਿੱਚ ਹੀ ਹੋਰ ਕਈ ਨਾਂ ਵੀ ਹਨ ਜਿਵੇਂ- ਦੁਰਗਾ, ਚੰਡਿਕਾ, ਚੰਡਿ, ਦੁਰਗਸ਼ਾਹ, ਭਵਾਨੀ, ਭਗਉਤੀ, ਭਗਵਤੀ ਆਦਿਕ । ਇਹ ਸਾਰੇ ਨਾਂ ਸ਼ਿਵ ਦੇਵਤੇ ਦੀ ਪਤਨੀ ਪਾਰਬਤੀ ਦੇਵੀ ਦੇ ਹੀ ਬਦਲਵੇਂ ਨਾਂ ਹਨ । ਕਾਲਕਾ(ਕਾਲਿਕਾ) ਇੱਕ ਹੀ ਸ਼ਬਦ ਹੈ ਜਿਸ ਨੂੰ ਕੁੱਝ ਚੋਟੀ ਦੇ ਪ੍ਰਚਾਰਕ ਕਾਲ/ਕਾਲਿ+ਕਾ ਦੱਸ ਕੇ ਸਿੱਖ ਜੰਤਾ ਨੂੰ ਬੁੱਧੂ ਤਾਂ ਸਮਝ ਹੀ ਰਹੇ ਹਨ ਪਰ ਆਪਣੇ ਭਾਸ਼ਾਈ ਗਿਆਨ ਦਾ ਦਿਵਾਲ਼ਾ ਵੀ ਕੱਢ ਰਹੇ ਹਨ ।
ਭਾਈ ਵੀਰ ਸਿੰਘ ਵਰਗੇ ਵਿਦਵਾਨ ਤਾਂ ਕਾਲਕਾ ਦਾ ਅਰਥ ਅਕਾਲਪੁਰਖ ਦੱਸ ਕੇ ਪਤਾ ਨਹੀਂ ਕਿਹੜਾ ਤੀਰ ਚਲਾ ਗਏ ਹਨ ।
ਗੁਰੂ ਗ੍ਰੰਥ ਸਾਹਿਬ ਅਨੁਸਾਰ ਮਾਤਾ ਅਤੇ ਪਿਤਾ ਦੀ ਪਛਾਣ:
ਅਖੌਤੀ ਦਸਮ ਗ੍ਰੰਥ ਦਾ ਕਵੀ ਲਿਖਦਾ ਹੈ ਕਿ ਉਸ ਦਾ ਪਿਤਾ ਮਹਾਂਕਾਲ਼ ਹੈ ਅਤੇ ਮਾਤਾ ਕਾਲਕਾ ਦੇਵੀ ਹੈ । ਕਾਲਕਾ/ਦੁਰਗਾ ਕਿਉਂਕਿ ਸ਼ਿਵ ਜੀ ਦੀ ਪਤਨੀ ਹੈ ਇਸ ਲਈ ਸਰਬਕਾਲ ਹੋਰ ਕੋਈ ਨਹੀਂ ਸਗੋਂ ਮਹਾਂਕਾਲ਼ ਹੀ ਹੈ ਜੋ ਸ਼ਿਵ ਦੇਵਤੇ ਦਾ ਇੱਕ ਰੂਪ ਹੈ । ਦਸਮ ਗ੍ਰੰਥ ਦੇ ਲਿਖਾਰੀ ਰਾਮ, ਸ਼ਯਾਮ ਆਦਿਕ ਮਹਾਂਕਾਲ਼ ਅਤੇ ਕਾਲਕਾ/ਦੁਰਗਾ ਨੂੰ ਹੀ ਆਪਣਾ ਰੱਬ ਮੰਨ ਕੇ ਚੱਲਦੇ ਹਨ ਇਸ ਲਈ ਉਨ੍ਹਾਂ ਦੇ ਇਹੋ ਮਾਤਾ ਪਿਤਾ ਹਨ । ਦਸਮ ਗ੍ਰੰਥ ਕਿਉਂਕਿ ਦਸਵੇਂ ਪਾਤਿਸ਼ਾਹ ਨਾਲ਼ ਅਕਾਰਥ ਹੀ ਜੋੜਿਆ ਜਾ ਰਿਹਾ ਹੈ ਇਸ ਲਈ ਇਹ ਨਿਖੇੜਾ ਕਰਨਾ ਜ਼ਰੂਰੀ ਹੈ ਕਿ ਸਿੱਖ ਦੇ ਮਾਤਾ ਪਿਤਾ ਗੁਰਬਾਣੀ ਅਨੁਸਾਰ ਕੌਣ ਹਨ ।
ਸਿੱਖ ਦੇ ਮਾਤਾ ਪਿਤਾ ਗੁਰੂ ਗ੍ਰੰਥ ਸਾਹਿਬ ਅਨੁਸਾਰ ਮਹਾਂਕਾਲ ਦੇਵਤਾ ਅਤੇ ਦੇਵੀ ਕਾਲਕਾ ਨਹੀਂ ਹਨ । ਗੁਰਬਾਣੀ ਇਨ੍ਹਾਂ ਦੋਹਾਂ ਨੂੰ ਮਾਤਾ ਪਿਤਾ ਵਜੋਂ ਮੂਲ਼ੋਂ ਹੀ ਰੱਦ ਕਰਦੀ ਹੈ । ਇੱਥੇ ਬਿੰਦੀ ਮਾਤਾ ਪਿਤਾ ਦੀ ਗੱਲ ਨਹੀਂ ਹੋ ਰਹੀ ਸਗੋਂ ਅਧਿਆਤਮਕ ਮਾਤਾ ਪਿਤਾ ਦੀ ਗੱਲ ਹੋ ਰਹੀ ਹੈ । ਕੁੱਝ ਪ੍ਰਮਾਣ ਸੱਚੀ ਬਾਣੀ ਵਿੱਚੋਂ ਇਸ ਪ੍ਰਕਾਰ ਹਨ-
ੳ). ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ॥
ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ॥ (ਗਗਸ ਪੰਨਾਂ 1101)
ਹਰਿ- ਪਰਮਾਤਮਾ, ਕਰਤਾਪੁਰਖੁ । ‘ਹਰਿ’ ਦੇ ਅਰਥ ਸਰਬਕਾਲ ਅਤੇ ਦੇਵੀ ਕਾਲਕਾ ਨਹੀਂ ਹਨ ।
ਅ). ਮੇਰਾ ਮਾਤ ਪਿਤਾ ਹਰਿ ਰਾਇਆ॥
ਕਰਿ ਕਿਰਪਾ ਪ੍ਰਤਿਪਾਲਣ ਲਾਗਾ ਕਂਰੀ ਤੇਰਾ ਕਰਾਇਆ॥ (ਗਗਸ ਪੰਨਾਂ 626)
ਹਰਿ ਰਾਇਆ- ਅਕਾਲਪੁਰਖ, ਪਰਮਾਤਮਾ ਹੈ ਤੇ ਕੋਈ ਸਰਬਕਾਲ ਅਤੇ ਦੇਵੀ ਕਾਲਕਾ ਨਹੀਂ ।
ੲ). ਮੇਰਾ ਪਿਆਰਾ ਪ੍ਰੀਤਮੁ ਸਤਿਗੁਰੁ ਰਖਵਾਲਾ॥
ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ॥
ਮੇਰਾ ਮਾਤ ਪਿਤਾ ਗੁਰੁ ਸਤਿਗੁਰੁ ਪੂਰਾ ਗੁਰ ਜਲ ਮਿਲਿ ਕਮਲੁ ਵਿਗਸੈ ਜੀਉ ॥3॥ (ਗਗਸ ਪੰਨਾਂ 94)
ਗੁਰੁ ਸਤਿਗੁਰੁ ਪੂਰਾ- ਵਾਕਅੰਸ਼ ਦਾ ਅਰਥ ਸਰਬਕਾਲ਼ ਜਾਂ ਦੇਵੀ ਕਾਲਕਾ ਨਹੀਂ ਸਗੋਂ ਗੁਰੂ ਪਰਮੇਸ਼ਰ ਹੈ ।
ਸ). ਮੇਰੇ ਸਤਿਗੁਰਾ ਮੈ ਹਰਿ ਹਰਿ ਨਾਮੁ ਦ੍ਰਿੜਾਇ॥
ਮੇਰਾ ਮਾਤ ਪਿਤਾ ਸੁਤ ਬੰਧਪੋ ਮੈ ਹਰਿ ਬਿਨੁ ਅਵਰੁ ਨ ਮਾਇ॥1॥ ਰਹਾਉ॥ (ਗਗਸ ਪੰਨਾਂ 996)
ਹਰਿ- ਅਕਾਲਪੁਰਖ, ਪਰਮਾਤਮਾ ।
ਹ). ਮਾਝ ਮਹਲਾ 5॥ ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ॥
ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ॥
ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ॥1॥ (ਗਗਸ ਪੰਨਾਂ 103)
ਤੂੰ ਸ਼ਬਦ ਦਾ ਅਰਥ ਅਕਾਲਪੁਰਖੁ ਪਰਮਾਤਮਾ ਹੈ ਨਾ ਕਿ ਸਰਬਕਾਲ਼ ਦੇਵਤਾ ਜਾਂ ਦੇਵੀ ਕਾਲਕਾ ।
ਕ). ਭੈਰਉ ਮਹਲਾ 5॥ ਤੂ ਮੇਰਾ ਪਿਤਾ ਤੂਹੈ ਮੇਰਾ ਮਾਤਾ॥
ਤੂ ਮੇਰੇ ਜੀਅ ਪ੍ਰਾਨ ਸੁਖਦਾਤਾ॥
ਤੂ ਮੇਰਾ ਠਾਕੁਰੁ ਹਉ ਦਾਸੁ ਤੇਰਾ॥
ਤੁਝ ਬਿਨੁ ਅਵਰੁ ਨਹੀ ਕੋ ਮੇਰਾ ॥1॥ (ਗਗਸ ਪੰਨਾਂ 1144)
ਤੂ (ਤੂੰ) ਸ਼ਬਦ ਦਾ ਅਰਥ ਗੁਰਬਾਣੀ ਦੇ ਕਿਸੇ ਵੀ ਟੀਕੇ ਵਿੱਚ ਸਰਬਕਾਲ਼ ਦੇਵਤਾ ਅਤੇ ਦੇਵੀ ਕਾਲਕਾ ਨਹੀਂ ਲਿਖਿਆ ਗਿਆ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖਾਂ ਵਲੋਂ ਕਿਸੇ ਦੇਵੀ ਅਤੇ ਦੇਵਤੇ ਦੀ ਪੂਜਾ ਦੀ ਪ੍ਰੋੜਤਾ ਹੀ ਨਹੀਂ ਕੀਤੀ ਗਈ ।
ਸਾਰ: ਬਚਿੱਤਰ ਨਾਟਕ ਵਿੱਚ, ਜੋ ਸੰਨ 1897 ਵਿੱਚ ਗੁਰਮਤਿ ਗ੍ਰੰਥ ਪ੍ਰਚਾਰਕ ਸਭਾ ਅੰਮ੍ਰਿਤਸਰ ਵਲੋਂ ਅੰਗ੍ਰੇਜ਼ ਸਰਕਾਰ ਦੇ ਬ੍ਰਾਹਮਣਵਾਦੀ ਪਿੱਠੂ ਭਾਈ ਖੇਮ ਸਿੰਘ ਬੇਦੀ ਦੇ ਸਹਿਯੋਗ ਨਾਲ਼ ਅਖੌਤੀ ਦਸਮ ਗ੍ਰੰਥ ਬਣਾ ਦਿੱਤਾ ਗਿਆ ਸੀ, ਕਵੀਆਂ ਨੇ ਸਰਬਕਾਲ ਦੇਵਤੇ ਨੂੰ ਆਪਣਾ ਪਿਤਾ ਅਤੇ ਦੇਵੀ ਕਾਲਕਾ ਨੂੰ ਆਪਣੀ ਮਾਤਾ ਮੰਨ ਲਿਆ ਹੈ ।
ਗੁਰੂ ਗ੍ਰੰਥ ਸਾਹਿਬ ਬਚਿੱਤਰ ਨਾਟਕ ਦੀ ਇਸ ਵਿਚਾਰਧਾਰਾ ਨੂੰ ਪੂਰਨ ਤੌਰ 'ਤੇ ਰੱਦ ਕਰਦੇ ਹੋਏ ਦੱਸਦੇ ਹਨ ਕਿ ਸਿੱਖ ਦਾ ਅਧਿਆਤਮਕ ਤੌਰ ਤੇ ਮਾਤਾ ਅਤੇ ਪਿਤਾ ਅਕਾਲਪੁਰਖ ਪਰਮਾਤਮਾ ਹੀ ਹੈ । ਜੇ ਬਚਿੱਤਰ ਨਾਟਕ ਨੂੰ ਦਸਵੇਂ ਪਾਤਿਸ਼ਾਹ ਨਾਲ਼ ਨਾ ਜੋੜਿਆ ਜਾਂਦਾ ਤਾਂ ਅਜਿਹੇ ਲੇਖ ਲਿਖਣ ਦੀ ਕੋਈ ਲੋੜ ਨਹੀਂ ਸੀ । ਹੁਣ ਇਹ ਜ਼ਰੂਰੀ ਹੋ ਗਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਸਿੱਖੀ ਵਿਚਾਰਧਾਰਾ ਨੂੰ ਸਪੱਸ਼ਟ ਕੀਤਾ ਜਾਵੇ ਤਾਂ ਜੁ ਕਲਮ ਰਾਹੀਂ ਸਿੱਖੀ ਉੱਪਰ ਕੀਤੇ ਗਏ ਮਾਰੂ ਹਮਲਿਆਂ ਦਾ ਜਵਾਬ ਦਿੱਤਾ ਜਾ ਸਕੇ । ਜੇ ਵਾਕਿਆ ਹੀ ਬਚਿੱਤਰ ਨਾਟਕ ਨੂੰ ਗੁਰੂ ਦਸਵੇਂ ਪਾਤਿਸ਼ਾਹ ਨਾਲ਼ ਜੋੜਨਾ ਹੈ ਤਾਂ ਇਹ ਵੀ ਮੰਨਣਾ ਹੋਵੇਗਾ ਕਿ ਗੁਰੂ ਜੀ ਦੇ ਪਿਤਾ ਸਰਬਕਾਲ ਦੇਵਤਾ ਅਤੇ ਮਾਤਾ ਕਾਲਕਾ ਦੇਵੀ ਸੀ ਜੋ ਨਾਨਕ ਜੋਤਿ ਦੀ ਗੁਰੂ ਗ੍ਰੰਥ ਸਾਹਿਬ ਵਾਲ਼ੀ ਵਿਚਾਰਧਾਰਾ ਦੇ ਮੂਲ਼ੋਂ ਹੀ ਉਲ਼ਟ ਹੈ ਅਤੇ ਮੰਨਣਯੋਗ ਨਹੀਂ ।
ਗੁਰੂ ਰਾਖਾ!