ਉਹ ਅੱਖਰ ਜਿਨ੍ਹਾਂ ਨੂੰ ਸਮਝੇ ਬਗੈਰ ਤੁਸੀਂ ਗੁਰਮਤਿ ਦੇ ਫਲਸਫੇ ਨੂੰ ਨਹੀਂ ਸਮਝ ਸਕਦੇ।
1. ੴਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ (1)
ਗੁਰਬਾਣੀ ਵਿਚ ਇਸ ਦੇ ਤਿੰਨ ਰੂਪ ਹੋਰ ਹਨ,
(ੳ) ੴਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥ (137)
(ਅ) ੴਸਤਿ ਨਾਮੁ ਗੁਰ ਪ੍ਰਸਾਦਿ ॥ (81) ਅਤੇ ਇਸ ਦਾ ਸਭ ਤੋਂ ਛੋਟਾ ਸਰੂਪ ਹੈ,
(ੲ) ੴਸਤਿ ਗੁਰ ਪ੍ਰਸਾਦਿ ॥
ਅਰਥ:- ਗੁਰੂ ਜੀ ਨੇ ਰੱਬ ਦਾ ਚਿਤ੍ਰ ਬਣਾਇਆ ਹੈ, ਤਾਂ ਜੋ ਸਿੱਖ ਉਸ ਦਾ ਹੀ ਸਮਰਣ ਕਰਨ ਜਿਸ ਵਿਚ ਇਹ ਖੂਬੀਆਂ ਹੋਣ, ਜਿਸ ਵਿਚ ਇਹ ਖੂਬੀਆਂ ਨਾ ਹੋਣ ਉਹ ਰੱਬ ਨਹੀਂ ਹੋ ਸਕਦਾ।
ਰੱਬ ਸਿਰਫ ਤੇ ਸਿਰਫ ਇਕ ਹੈ। ਇਹ ਦਿਸਦਾ ਸਾਰਾ ਸੰਸਾਰ, ਬ੍ਰਹਮੰਡ, ਕੁਦਰਤ, ਉਸ ਦਾ ਆਪਣਾ ਹੀ ਆਕਾਰ ਹੈ।
ਗੁਰਬਾਣੀ ਫੁਰਮਾਨ ਹੈ,
ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ॥8॥ (141)
ਹੇ ਨਾਨਕ ਸਾਰਿਆਂ ਨੂੰ ਦਾਤਾਂ ਦੇਣ ਵਾਲਾ, ਜੋ ਹਮੇਸ਼ਾ ਕਾਇਮ ਰਹਣ ਵਾਲਾ ਹੈ, ਉਸ ਦੀ ਪਛਾਣ, ਉਸ ਦੀ ਕੁਦਰਤ ਵਿਚੋਂ ਹੀ ਕੀਤੀ ਜਾ ਸਕਦੀ ਹੈ। (ਵੈਸੇ ਉਹ ਨਿਰਾਕਾਰ ਹੈ)
ਉਸਦਾ ਨਾਮ ਵੀ ਇਕੋ, ਉਸ ਦਾ ਹੁਕਮ ਹੀ ਹੈ ਜੋ ਉਸ ਵਾਙ ਹੀ ਸਦੀਵੀ ਰਹਣ ਵਾਲਾ ਹੈ।
ਗੁਰ-ਫੁਰਮਾਨ ਹੈ,
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥5॥ (72)
ਓਹੀ ਸਭ ਕੁਝ ਕਰਨ ਵਾਲਾ ਹੈ ਅਤੇ ਸ੍ਰਿਸ਼ਟੀ ਦਾ ਇਕੋ-ਇਕ ਪੁਰਖੁ ਹੈ।
ਗੁਰਬਾਣੀ ਫੁਰਮਾਨ ਹੈ,
ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥ (591)
ਇਸ ਸੰਸਾਰ ਵਿਚ ਪਰਮਾਤਮਾ ਹੀ ਇਕੋ-ਇਕ ਪੁਰਸ਼ (ਨਰ) ਹੈ, ਸੰਸਾਰ ਦੇ ਬਾਕੀ ਸਭ ਜੀਵ, ਉਸ ਦੀਆਂ ਨਾਰਾਂ, ਇਸਤਰੀਆਂ ਹਨ।
ਉਸ ਨੂੰ ਕਿਸੇ ਦਾ ਡਰ ਨਹੀਂ ਹੈ, ਕਿਉਂਕਿ ਸਭ ਉਸ ਦੇ ਹੀ ਖੇਡ-ਖਿਡੌਣੇ ਹਨ।
ਉਸ ਨੂੰ ਕਿਸੇ ਨਾਲ ਵੈਰ ਨਹੀਂ ਹੈ, ਇਸ ਲਈ ਹੀ ਉਸ ਦਾ ਇੰਸਾਫ ਸੱਚ ਤੇ ਆਧਾਰਿਤ ਹੈ, ਭਾਵੇਂ ਕੋਈ ਰਾਜਾ ਹੋਵੇ ਤੇ ਭਾਵੇਂ ਕੋਈ ਕੰਗਾਲ ਹੋਵੇ।
ਉਸ ਦੀ ਹਸਤੀ, ਕਾਲ, ਸਮੇ ਦੇ ਪ੍ਰਭਾਵ ਤੋਂ ਬਾਹਰ ਹੈ।ਕੁਦਰਤ ਦੀਆਂ ਸਾਰੀਆਂ ਚੀਜ਼ਾਂ ਵਾਙ, ਉਸ ਤੇ ਸਮੇ ਦਾ ਕੋਈ ਅਸਰ ਨਹੀਂ ਪੈਂਦਾ, ਉਹ ਹਮੇਸ਼ਾ ਨਵਾਂ-ਨਰੋਇਆ ਹੈ।
ਇਸ ਸਾਰੇ ਬ੍ਰਹਮੰਡ ਦੀ ਹੋਂਦ, ਉਸ ਦੇ ਆਪਣੇ-ਆਪ ਤੋਂ ਹੈ।
ਇਸ ਸਭ ਕਾਸੇ ਦਾ ਗਿਆਨ ਗੁਰ, ਸ਼ਬਦ ਗੁਰੂ ਦੀ ਮਿਹਰ ਆਸਰੇ ਹੀ ਹੁੰਦਾ ਹੈ।
ਏਥੋਂ ਤੱਕ ਇਹ ਪੂਰਨ ਹੈ, ਇਸ ਨੂੰ ਮੂਲ-ਮੰਤ੍ਰ ਕਿਹਾ ਜਾਂਦਾ ਹੈ,
(ਪਰ ਇਸ ਦੇ ਮੂਲਮੰਤ੍ਰ ਹੋਣ ਬਾਰੇ ਗੁਰਬਾਣੀ ਵਿਚ ਕੋਈ ਇਸ਼ਾਰਾ ਨਹੀਂ ਹੈ, ਮੰਤਰ ਬ੍ਰਾਹਮਣ ਦੇ ਵੇਦਾਂ ਸ਼ਾਸਤ੍ਰਾਂ ਵਿਚ ਹਨ, ਜਿਨ੍ਹਾਂ ਦਾ ਉਹ ਰਟਨ ਕਰਦੇ ਹਨ, ਅਤੇ ਸਮਝਦੇ ਹਨ ਕਿ ਇਸ ਰਟਨ ਦੇ ਅਲੱਗ-ਅਲੱਗ ਫਲ ਮਿਲਦੇ ਹਨ,ਪਰ ਗੁਰੂ ਗ੍ਰੰਥ ਸਾਹਿਬ ਵਿਚ ਕੁਝ ਵੀ ਰੱਟਾ ਲਾਉਣ ਵਾਲਾ ਨਹੀਂ ਹੈ, ਗੁਰਬਾਣੀ ਵਿਚ ਹਰ ਚੀਜ਼ ਅਕਲ ਦੀ ਕਸਵੱਟੀ ਤੇ ਪਰਖ ਕੇ, ਉਸ ਨੂੰ ਜੀਵਨ ਵਿਚ ਢਾਲਣ ਲਈ ਹੈ।)
ਇਕ ਗੱਲ ਹੋਰ ਵੀ ਸਾਫ ਕਰ ਲਈਏ, ਸਿੱਖੀ ਵਿਚ ਸਥਾਪਤ ਕੁਝ ਸੰਤ, ਮਹਾਂ ਪੁਰਖ, ਬ੍ਰਹਮ-ਗਿਆਨੀ, ਇਸ ਮੂਲ-ਮੰਤ੍ਰ ਨੂੰ,
॥ਜਪੁ॥
ਆਦਿ ਸਚੁ ਜੁਗਾਦ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥1॥
ਸਮੇਤ ਪੂਰਾ ਮੰਨਦੇ ਹਨ, ਜੋ ਕਿ ਠੀਕ ਨਹੀਂ ਹੈ। ਪਹਿਲਾਂ ਗੁਰ ਪ੍ਰਸਾਦਿ ਅੱਗੇ ਦੋ ਡੰਡੀਆਂ ਲਾ ਕੇ ਪੂਰਨ ਵਿਸ਼੍ਰਾਮ ਲਾਇਆ ਹੋਇਆ ਹੈ।
ਜਪੁ ਦੇ ਪਹਿਲਾਂ ਵੀ ਦੋ ਡੰਡੀਆਂ ਅਤੇ ਅੰਤ ਵਿਚ ਵੀ ਦੋ ਡੰਡੀਆਂ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ॥ਜਪੁ॥ ਇਕ ਸੰਪੂਰਨ ਸੰਦੇਸ਼ ਹੈ, ਜਿਸ ਦਾ ਮਤਲਬ ਹੈ “ਜਪਣਾ” ਅੱਗੇ ਦਿੱਤਾ ਹੈ ਕਿ ਜਪਣਾ ਕਿਸ ਨੂੰ ਹੈ ?
ਉਸ ਨੂੰ ਜਪਣਾ ਹੈ, ਜੋ ਮੁੱਢ-ਕਦੀਮ ਤੋਂ ਹੀ ਸਦੀਵੀ ਹੋਂਦ ਵਾਲਾ ਸੀ, ਜੁਗਾਂ ਦੇ ਸ਼ੁਰੂ ਤੋਂ, ਸ੍ਰਿਸ਼ਟੀ ਦੀ ਰਚਨਾ ਵੇਲੇ ਵੀ ਸਦੀਵੀ ਹੋਂਦ ਵਾਲਾ ਸੀ।ਅੱਜ ਵੀ ਸਦੀਵੀ ਹੋਂਦ ਵਾਲਾ ਹੈ, ਹੇ ਨਾਨਕ ਆਖ, ਉਹ ਆਉਣ ਵਾਲੇ ਸਮੇ ਵਿਚ ਵੀ ਸਦੀਵੀ ਹੋਂਦ ਵਾਲਾ ਹੋਵੇਗਾ। ਸਿਰਫ ਤੇ ਸਿਰਫ ਉਸ ਦਾ ਹੀ ਜਪ, ਸਿਮਰਨ ਕਰਨਾ ਹੈ। ਗੁਰਬਾਣੀ ਬਹੁਤ ਥਾਵਾਂ ਤੇ ਸੇਧ ਦਿੰਦੀ ਹੈ ਕਿ ਜਪ, ਸਿਮਰਨ ਮਨ ਦਾ ਵਿਸ਼ਾ ਹੈ, ਜ਼ਬਾਨ ਦਾ ਵਿਸ਼ਾ ਨਹੀਂ।
ਵੈਸੇ ਤਾਂ ਇਸ ਵਿਸ਼ੇ ਦੇ ਸੈਂਕੜੇ ਸ਼ਬਦ ਹਨ, ਪਰ ਆਪਾਂ ਦੋਵਾਂ ਨਾਲ ਸਬੰਧਤ 5-5 ਸ਼ਬਦਾਂ ਨੂੰ ਹੀ ਵੇਖਦੇ ਹਾਂ।
1. ਜਪਿ ਮਨ ਮੇਰੇ ਰਾਮ ਰਾਮ ਰੰਗਿ॥
ਘਰਿ ਬਾਹਰਿ ਤੇਰੈ ਸਦ ਸੰਗਿ॥1॥ਰਹਾਉ॥ (177)
2. ਜਪਿ ਮਨ ਨਾਮੁ ਏਕੁ ਅਪਾਰੁ ॥
ਪ੍ਰਾਨ ਮਨੁ ਤਨੁ ਜਿਨਹਿ ਦੀਆ ਰਿਦੇ ਕਾ ਆਧਾਰੁ॥1॥ਰਹਾਉ॥ (51)
3. ਜਪਿ ਮਨ ਹਰਿ ਹਰਿ ਨਾਮੁ ਸਲਾਹ॥
ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤੁ ਅਗਮ ਅਥਾਹ॥ਰਹਾਉ॥ (604)
4. ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ॥
ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ॥ਰਹਾਉ॥ (670)
5. ਜਪਿ ਮਨ ਨਾਮੁ ਹਰਿ ਸਰਣੀ॥
ਸੰਸਾਰ ਸਾਗਰ ਤਾਰਿ ਤਾਰਣ ਰਾਮ ਨਾਮ ਕਰਿ ਕਰਣੀ॥1॥ਰਹਾਉ॥ (505) ਅਤੇ,
1. ਮਨ ਰੇ ਹਉਮੈ ਛੋਡਿ ਗੁਮਾਨੁ॥
ਹਰਿ ਗੁਰੁ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ॥1॥ਰਹਾਉ॥ (21)
2. ਮਨ ਰੇ ਕਿਉ ਛੂਟਹਿ ਬਿਨੁ ਪਿਆਰ॥
ਗੁਰਮੁਖਿ ਅੰਤਰਿ ਰਵਿ ਰਹਿਆ ਬਖਸੇ ਭਗਤਿ ਭੰਡਾਰ॥1॥ਰਹਾਉ॥ (60)
3. ਮਨ ਰਾਮ ਨਾਮ ਗੁਨ ਗਾਈਐ॥
ਨੀਤ ਨੀਤ ਹਰਿ ਸੇਵੀਐ ਸਾਸਿ ਸਾਸਿ ਹਰਿ ਧਿਆਈਐ॥1॥ਰਹਾਉ॥ (211)
4. ਸਿਮਰਿ ਮਨਾ ਦਾਮੋਦਰੁ ਦੁਖਹਰੁ ਭੈ ਭੰਜਨੁ ਹਰਿ ਰਾਇਆ॥ (248)
5. ਸਿਮਰਿ ਮਨਾ ਤੂ ਸਾਚਾ ਸੋਇ ॥
ਹਲਤਿ ਪਲਤਿ ਤੁਮਰੀ ਗਤਿ ਹੋਇ॥1॥ਰਹਾਉ॥ (1148)
ਅਮਰ ਜੀਤ ਸਿੰਘ ਚੰਦੀ
ਅਮਰਜੀਤ ਸਿੰਘ ਚੰਦੀ
ਉਹ ਅੱਖਰ ਜਿਨ੍ਹਾਂ ਨੂੰ ਸਮਝੇ ਬਗੈਰ ਤੁਸੀਂ ਗੁਰਮਤਿ ਦੇ ਫਲਸਫੇ ਨੂੰ ਨਹੀਂ ਸਮਝ ਸਕਦੇ।
Page Visitors: 2462