ਕੈਟੇਗਰੀ

ਤੁਹਾਡੀ ਰਾਇ



ਰਣਜੀਤ ਸਿੰਘ ਦਮਦਮੀ ਟਕਸਾਲ
ਕੀ ਫ਼ਰਕ ਹੈ ਸਿੱਖ ਲੀਡਰਸ਼ਿਪ ਅਤੇ ਹਿੰਦੂ ਲੀਡਰਸ਼ਿਪ ਵਿੱਚ ?
ਕੀ ਫ਼ਰਕ ਹੈ ਸਿੱਖ ਲੀਡਰਸ਼ਿਪ ਅਤੇ ਹਿੰਦੂ ਲੀਡਰਸ਼ਿਪ ਵਿੱਚ ?
Page Visitors: 2448

ਕੀ ਫ਼ਰਕ ਹੈ ਸਿੱਖ ਲੀਡਰਸ਼ਿਪ ਅਤੇ ਹਿੰਦੂ ਲੀਡਰਸ਼ਿਪ ਵਿੱਚ ?
  ਜਦ ਅਖ਼ਬਾਰਾਂ 'ਚ ਇਹ ਖ਼ਬਰ ਆਈ ਕਿ ਸ਼੍ਰੋਮਣੀ ਕਮੇਟੀ ਅਧੀਨ ਚਲਦੀ ਪ੍ਰਿੰਟਿੰਗ ਪ੍ਰੈੱਸ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਾਇਬ ਹਨ ਤੇ ਜਦ ਸ਼੍ਰੋਮਣੀ ਕਮੇਟੀ ਨੇ ਇਸ ਖ਼ਬਰ ਦਾ ਠੋਕਵਾਂ ਵਿਰੋਧ ਕੀਤਾ ਤਾਂ ਸਭ ਨੂੰ ਜਾਪਿਆ ਕਿ ਬਾਦਲਕੇ ਜਿੰਨਾ ਮਰਜ਼ੀ ਗਰਕ ਗਏ ਹੋਣ ਪਰ ਐਨੇ ਤਾਂ ਨਹੀਂ ਗਰਕ ਸਕਦੇ ਕਿ ਪ੍ਰਿੰਟਿੰਗ ਪ੍ਰੈੱਸ 'ਚੋਂ ਪਾਵਨ ਸਰੂਪ ਹੀ ਗਾਇਬ ਹੋ ਜਾਣ! ਪਰ ਜਦ ਮਸਲਾ ਭਖ਼ਿਆ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਸ ਬਾਰੇ ਪੜਤਾਲ ਕਰਵਾਈ ਤੇ ਸੱਚ ਸਾਹਮਣੇ ਆਇਆ ਤਾਂ 'ਕਾਅਬੇ ਵਿੱਚ ਕੁਫ਼ਰ' ਵਾਲ਼ੀ ਗੱਲ ਹੀ ਸਿੱਧ ਹੋਈ!
  ਇੱਕ ਕਿਤਾਬ ਹੈ 'ਸ਼੍ਰੋਮਣੀ ਕਮੇਟੀ ਕਿਵੇਂ ਬਣੀ ?' ਜਦ ਇਸ ਕਿਤਾਬ ਵਿੱਚੋਂ ਓਸ ਵੇਲ਼ੇ ਦੇ ਹਾਲਾਤ ਪੜ੍ਹਦੇ ਹਾਂ ਜਦ ਸਾਡੇ ਗੁਰਧਾਮਾਂ ਦੇ ਪ੍ਰਬੰਧ ਵਿੱਚ ਨਿਘਾਰ ਕਰਕੇ ਮਹੰਤਾਂ ਖ਼ਿਲਾਫ਼ ਸਾਡੇ ਦਾਦੇ-ਪੜਦਾਦੇ ਮੈਦਾਨ ਵਿੱਚ ਨਿਤਰੇ ਸੀ ਤਾਂ ਨਾਲ਼ ਦੀ ਨਾਲ਼ ਚੇਤੇ ਆ ਜਾਂਦਾ ਹੈ ਕਿ ਬਿਲਕੁਲ ਓਹੀ ਗੜਬੜਾਂ, ਨਿਘਾਰ, ਕਮਜ਼ੋਰੀਆਂ ਤੇ ਘਾਟਾਂ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਵਿੱਚ ਆ ਗਈਆਂ ਹਨ! ਓਦੋਂ ਚਰਚਾ ਚਲਦੀ ਹੁੰਦੀ ਸੀ ਕਿ ਮਹੰਤਾਂ ਨੂੰ ਭਜਾ ਕੇ ਜਿਹੜੇ ਲੋਕਾਂ ਦੇ ਹੱਥਾਂ ਵਿੱਚ ਹੁਣ ਪ੍ਰਬੰਧ ਦੇ ਰਹੇ ਹਾਂ ਜੇ ਕਿਤੇ ਇਹ ਵਿਗੜ ਗਏ ਤਾਂ ਲਾਹੁਣੇ ਔਖੇ ਹੋ ਜਾਣਗੇ।ਹੁਣ ਓਹੀ ਗੱਲ ਸੱਚੀ ਹੋਈ ਪਈ ਹੈ। ਸ਼੍ਰੋਮਣੀ ਕਮੇਟੀ 'ਚ ਹਰ ਤਰ੍ਹਾਂ ਦਾ ਨਿਘਾਰ ਆ ਚੁੱਕਾ ਹੈ ਪਰ ਮੌਜੂਦਾ ਪ੍ਰਬੰਧਕਾਂ ਨੂੰ ਲਾਂਭੇ ਕਰਨ ਦਾ ਕੋਈ ਰਾਹ ਨਹੀ। ਵੋਟਾਂ ਰਾਹੀਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਤਾਂ ਬਦਲੇ ਜਾ ਸਕਦੇ ਨੇ ਪਰ ਸਿਸਟਮ ਦੇ ਅੰਦਰ ਵਸ ਚੁੱਕੀ ਗੜਬੜ ਦਾ ਕੋਈ ਹੱਲ ਨਹੀਂ ਦਿਸਦਾ! ਇਹ ਸੰਸਥਾ ਕਨੂੰਨੀ ਤੌਰ ਉੱਤੇ ਐਨੀ ਮਜ਼ਬੂਤ ਹੈ ਕਿ ਗੜਬੜ ਕਰਨ ਵਾਲ਼ੇ ਨੂੰ ਪੂਰੀ ਕਨੂੰਨੀ ਸੁਰੱਖਿਆ ਹਾਸਲ ਹੈ!
  ਬਾਦਲ-ਪਰਿਵਾਰ ਨੇ ਆਪਣੇ ਸਵਾਰਥਾਂ ਲਈ ਸ਼੍ਰੋਮਣੀ ਕਮੇਟੀ ਦੇ ਨਾਲ਼-ਨਾਲ਼ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਘੇਰ ਲਿਆ! ਹਾਲਾਤ ਐਨੇ ਹੱਥੋਂ ਨਿਕਲੇ ਹੋਏ ਨੇ ਕਿ ਛੇਤੀ ਕੀਤੇ ਤਾਂ ਬਾਦਲ-ਪਰਿਵਾਰ ਤੋਂ ਹੀ ਖਹਿੜਾ ਛੁਡਵਾਉਣਾ ਔਖਾ ਲਗਦਾ ਪਰ ਜੇ ਕਿਸੇ ਤਰ੍ਹਾਂ ਇਹ ਚਮਤਕਾਰ ਵਾਪਰ ਹੀ ਜਾਵੇ ਤਾਂ ਹਾਲਾਤ ਹੋਰ ਜਿਆਦਾ ਵਿਗੜਨ ਦੇ ਆਸਾਰ ਹਨ! ਗੁਰਦੁਆਰਾ ਸੁਧਾਰ ਲਹਿਰ ਵਿੱਚ ਸ਼ਾਮਲ ਰਹੇ ਗੁਰਸਿੱਖ ਜੇ ਇਹ ਸਭ ਕੁਝ ਵੇਖਣ ਤਾਂ ਇਹੀ ਕਹਿਣਗੇ ਕਿ ਇਹਨਾਂ ਨਾਲ਼ੋਂ ਤਾਂ ਮਹੰਤ ਕਿਤੇ ਚੰਗੇ ਸੀ!
  ਸਿੱਖ ਸੰਸਥਾਵਾਂ, ਖ਼ਾਸ ਕਰਕੇ ਗੁਰਧਾਮਾਂ ਦੇ ਪ੍ਰਬੰਧ ਵਾਲ਼ੀਆਂ ਸੰਸਥਾਵਾਂ ਵਿੱਚ ਉਹ ਲੋਕ ਹੀ ਛਾਏ ਹੋਏ ਨੇ ਜਿਹੜੇ ਪੰਥਕ ਹਿੱਤਾਂ ਦੀ ਪਰਵਾਹ ਨਾ ਕਰਨ ਤੇ ਪੰਥ ਦੇ ਖ਼ਿਲਾਫ਼ ਭੁਗਤਦੇ ਲੋਕਾਂ ਤੇ ਵਰਤਾਰਿਆਂ ਦੀ ਜਾਂ ਤੇ ਹਮਾਇਤ ਵਿੱਚ ਹੋਣ ਜਾਂ ਖ਼ਾਮੋਸ਼ ਰਹਿ ਕੇ ਸਹਿਮਤੀ ਦੇਣ! ਪੰਥ ਨੂੰ ਸਮਰਪਿਤ ਕਿਸੇ ਵੀ ਸਿੱਖ ਦਾ ਇਹਨਾਂ ਸੰਸਥਾਵਾਂ ਵਿੱਚ ਜਿਉਣਾ ਦੁੱਭਰ ਕਰ ਦਿੱਤਾ ਜਾਂਦਾ। ਸੰਸਥਾਵਾਂ ਉੱਤੇ ਕਾਬਜ ਘੜੰਮ-ਚੌਧਰੀ ਪੂਰੀ ਮਿਹਨਤ ਕਰਦੇ ਨੇ ਕਿ ਵੇਖਣ ਵਾਲ਼ੇ ਨੂੰ ਇਉਂ ਜਾਪੇ ਕਿ ਇਹ ਲੋਕ ਤਾਂ ਪੰਥ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਲੱਗੇ ਹੋਏ ਨੇ ਪਰ ਵਿਚਾਰਿਆਂ ਦੀ ਵਾਹ ਨਹੀ ਚਲਦੀ ਤੇ ਪੰਥ-ਦੋਖੀਆਂ ਸਾਹਮਣੇ ਬੇਵੱਸ ਤੇ ਲਾਚਾਰ ਨੇ!
  ਸਮਝਣ ਦੀ ਲੋੜ ਹੈ ਕਿ ਇਹ ਨੀਤੀ ਤੇ ਇਹ ਖੇਡ ਕਿੱਥੋਂ ਚਲ ਰਹੀ ਹੈ ਕਿ ਪੰਥਕ ਸੋਚ ਵਾਲ਼ਿਆਂ ਨੂੰ ਪੰਥਕ ਸੰਸਥਾਵਾਂ ਦੇ ਨੇੜੇ ਨਹੀਂ ਲੱਗਣ ਦੇਣਾ ਤੇ ਉਹਨਾਂ ਲੋਕਾਂ ਨੂੰ ਹੀ ਪੰਥਕ ਸੰਸਥਾਵਾਂ ਉੱਤੇ ਬਿਠਾਈ ਰੱਖਣਾ ਹੈ ਜਿਹੜੇ ਸਿੱਖਾਂ ਦੀ ਬਿਪਤਾ ਵਧਾਉਣ ਦੇ ਮਾਹਰ ਹੋਣ!ਹੈਰਾਨੀ ਦੀ ਗੱਲ ਹੈ ਕਿ ਮਾਮਲਾ ਤਾਂ ੨੬੭ ਸਰੂਪ ਗਾਇਬ ਹੋਣ ਦਾ ਉਭਰਿਆ ਸੀ ਪਰ ਜਦ ਜਾਂਚ ਹੋਈ ਤਾਂ ੩੨੮ ਸਰੂਪ ਗਾਇਬ ਪਾਏ ਗਏ। ਇਹ ਸਭ ਕੁਝ ਬਾਦਲਕਿਆਂ ਦੀ ਸਿੱਖ ਸੰਸਥਾਵਾਂ ਵਿੱਚ ਦਖਲ-ਅੰਦਾਜ਼ੀ ਕਰਕੇ ਵਾਪਰਿਆ ਹੈ। ਇਹ ਘਪਲਾ ਤਾਂ ਨਸ਼ਰ ਹੋ ਗਿਆ, ਹੋਰ ਪਤਾ ਨਹੀਂ ਕੀ ਕੁਝ ਹੋਇਆ ਹੈ! ਬਾਦਲਕਿਆਂ ਦੇ ਚਹੇਤੇ ਕੋਹਲੀ/ਹਰਚਰਨ ਸਿੰਘ ਵਰਗੇ ਲੋਕਾਂ ਨੂੰ ਸ਼੍ਰੋਮਣੀ ਕਮੇਟੀ ਰਾਹੀਂ ਨਿਹਾਲ ਕੀਤਾ ਗਿਆ। ਜਦ ਮੁਲਾਜ਼ਮ-ਸਕੱਤਰ ਵੇਖਦੇ ਹਨ ਕਿ ਬਾਦਲਕਿਆਂ ਨੇ ਆਪਣੇ ਚਹੇਤੇ ਭਰਤੀ ਕੀਤੇ ਹਨ, ਅਪੰਥਕ ਫ਼ੈਸਲੇ ਹੋ ਰਹੇ ਹਨ ਤਾਂ ਹੇਠਾਂ ਤਕ ਭ੍ਰਿਸ਼ਟਾਚਾਰ ਦੇ ਰਾਹ ਖੁਲ੍ਹਦੇ ਹਨ। ਹੇਰਾਫੇਰੀ-ਗ਼ਲਤੀ ਨਸ਼ਰ ਹੋਣ ਮਗਰੋਂ ਹਰੇਕ ਮੁਲਾਜ਼ਮ ਨੂੰ ਪਤਾ ਹੁੰਦਾ ਹੈ ਕਿ ਬਾਦਲਕਿਆਂ ਦੀ ਸਿਫ਼ਾਰਸ਼ ਨਾਲ਼ ਫੇਰ ਕਿਵੇਂ ਆਪਣੀ ਸੀਟ ਉੱਤੇ ਪਹੁੰਚਣਾ ਹੈ। ਇਉਂ ਬਾਦਲਕਿਆਂ ਨੇ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਗ੍ਰਹਿਣ ਲਾ ਦਿੱਤਾ ਹੈ।
   ਸਿੱਖ ਆਪਣੇ ਆਪ ਨੂੰ ਬੜੇ ਸਿਆਣੇ ਤੇ ਹਿੰਦੂਆਂ ਨੂੰ ਬੇਕਾਰ ਜਿਹੇ ਸਮਝ ਕੇ ਮਖੌਲਾਂ ਕਰਦੇ ਹਨ ਪਰ ਹਿੰਦੂਆਂ ਨੇ ਉਹ ਲੀਡਰਸ਼ਿਪ ਚੁਣੀ ਹੈ ਜੋ ਉਹਨਾਂ ਦੇ ਕੌਮੀ ਹਿੱਤਾਂ ਦੀ ਪੂਰਤੀ ਲਈ ਦ੍ਰਿੜ ਹੈ ਜਦ ਕਿ ਸਿੱਖਾਂ ਨੇ ਉਹ ਲੀਡਰਸ਼ਿਪ ਚੁਣੀ ਹੈ ਜੋ ਸਿੱਖ ਕੌਮ ਦਾ ਜਲੂਸ ਕਢਵਾ ਰਹੀ ਹੈ ਤੇ ਐਨੀ ਗਈ ਗੁਜਰੀ ਹੈ ਕਿ ਕੌਮ ਦੇ ਇਸ਼ਟ ਦੀ ਬੇਅਦਬੀ ਦੀ ਵੀ ਪ੍ਰਵਾਹ ਨਹੀਂ ਕਰਦੀ! ਐਹੋ ਜਿਹੀ ਸਿੱਖ ਲੀਡਰਸ਼ਿਪ ਵਿੱਚ ਕੌਣ ਭਰੋਸਾ ਕਰੇਗਾ ? ਇਤਿਹਾਸ ਦੇ ਸਫ਼ੇ ਉੱਤੇ ਦਰਜ਼ ਹੋ ਕੇ ਰਹੇਗਾ ਕਿ ਸਿੱਖਾਂ ਨੇ ਬੇਕਾਰ ਤੇ ਗਈ-ਗੁਜਰੀ ਸਿੱਖ ਲੀਡਰਸ਼ਿਪ ਚੁਣੀ ਸੀ!
  ਬਤੌਰ ਸਿੱਖ ਅਸੀਂ ਆਪਣੇ ਨਜ਼ਰੀਏ ਤੋਂ ਆਰ.ਐੱਸ.ਐੱਸ., ਭਗਵੇਂ ਬ੍ਰਿਗੇਡ, ਹਿੰਦੂਤਵੀਆਂ ਤੇ ਮੋਦੀ ਲੀਡਰਸ਼ਿਪ ਨੂੰ ਜੋ ਮਰਜ਼ੀ ਕਹੀਏ ਪਰ ਹਿੰਦੂ ਨਜ਼ਰੀਏ ਤੋਂ ਇਹ ਲੀਡਰਸ਼ਿਪ ਕਮਾਲ ਦੀ ਸਿੱਧ ਹੋਈ ਹੈ। ਪਿਛਲੇ ਸਾਲ ਜਦ ਮੋਦੀ ਦੀ ਹਮਾਇਤ ਵਿੱਚ ਸਾਰੇ ਭਾਰਤ ਨੇ ਵੋਟਾਂ ਪਾ ਕੇ ਦੁਬਾਰਾ ਸੱਤਾ ਸੌਂਪੀ ਤਾਂ ਸਾਰੇ ਭਾਰਤ ਦੇ ਹਿੰਦੂ ਨੂੰ ਯਕੀਨ ਸੀ ਕਿ ਇਹ ਰਾਮ ਮੰਦਰ ਲਾਜ਼ਮੀ ਬਣਾਉਣਗੇ ਤੇ ਮੁਸਲਮਾਨਾਂ ਸਾਹਮਣੇ ਅਸੀਂ ਸਿਰ ਚੱਕਣ ਜੋਗੇ ਹੋ ਜਾਵਾਂਗੇ। ਬਾਬਰੀ ਮਸਜਿਦ ਵਾਲ਼ੀ ਥਾਂ ਉੱਤੇ ਰਾਮ ਮੰਦਰ ਬਣਾਉਣ ਪਿੱਛੇ ਅਸਲ ਕਾਰਨ ਤਾਂ ਪਿਛਲੀਆਂ ਸਦੀਆਂ ਵਿੱਚ ਮੁਸਲਮਾਨਾਂ ਹੱਥੋਂ ਹੋਈ ਹਿੰਦੂਆਂ ਦੀ ਖੇਹ-ਖੁਆਰੀ ਹੈ। ਹਿੰਦੂਆਂ ਕੋਲ਼ ਅਡਵਾਨੀ, ਇੰਦਰਾ, ਮੋਦੀ ਵਰਗੇ ਆਗੂ ਨੇ ਜਿਹੜੇ ਹਿੰਦੂਤਵ ਲਈ ਨਾ ਕਿਸੇ ਦਾ ਧਰਮ-ਸਥਾਨ ਢਾਹੁਣ-ਢਵਾਉਣ ਮੌਕੇ ਢਿੱਲ ਕਰਦੇ ਨੇ, ਨਾ ਆਪਣੇ ਧਰਮ ਦਾ ਸਥਾਨ ਬਣਾਉਣ ਵੇਲ਼ੇ ਵੇਖਦੇ-ਸੋਚਦੇ ਨੇ ਕਿ ਸਾਰਾ ਸੰਸਾਰ ਸਾਨੂੰ ਲਾਹਣਤਾਂ ਪਾ ਰਿਹਾ! ਹਿੰਦੂਆਂ ਦੇ ਆਗੂ ਸਿਰਫ਼ ਹਿੰਦੂ ਕੌਮ ਦੇ ਹਿੱਤ ਵੇਖਦੇ ਨੇ! ਉਹ ਆਪਣੇ ਨਿਸ਼ਾਨੇ ਉੱਤੇ ਨਜ਼ਰ ਗੱਡ ਕੇ ਅੱਗੇ ਵਧਦੇ ਨੇ ਜਿਸ ਕਰਕੇ ਹਰੇਕ ਹਿੰਦੂ ਉਹਨਾਂ ਵਿੱਚ ਅੰਨ੍ਹਾ ਹੋ ਕੇ ਭਰੋਸਾ ਕਰਦਾ ਹੈ। ਬਾਬਰੀ ਮਸਜਿਦ ਢਾਹ ਕੇ ਓਥੇ ਰਾਮ ਮੰਦਰ ਬਣਵਾ ਕੇ ਹਿੰਦੂ ਆਗੂਆਂ ਨੇ ਜਿੱਥੇ ਹਿੰਦੂ ਚੇਤਨਾ ਨੂੰ ਨਿਹਾਲ ਕਰ ਦਿਤਾ, ਓਥੇ ਮੁਸਲਮਾਨ ਚੇਤਨਾ ਨੂੰ ਵੀ ਚਾਰੇ-ਖਾਨੇ ਚਿੱਤ ਕਰ ਦਿੱਤਾ! ਆਮ ਹਿੰਦੂ-ਮਾਨਸਿਕਤਾ ਵਿੱਚ ਮੁਸਲਮਾਨਾਂ ਪ੍ਰਤੀ ਨਫ਼ਰਤ ਤੇ ਵਿਰੋਧ ਨੂੰ ਆਪਣੇ ਸਿਆਸੀ ਹਿੱਤ ਲਈ ਵਰਤ ਕੇ ਇਤਿਹਾਸ ਵਿੱਚ ਜੋ ਹਾਰ, ਸ਼ਰਮ, ਹੀਣਤਾ ਝੋਲ਼ੀ ਪਾਈ ਹੈ ਉਹਦੇ ਉੱਪਰ ਜੇਤੂ ਹੋਣ ਦੀ ਮਲ੍ਹਮ ਲਾ ਕੇ ਹਿੰਦੂਤਵੀਆਂ ਨੇ ਆਪਣੇ ਸਿਆਸੀ ਭਵਿੱਖ ਨੂੰ ਹੀ ਨਿਸ਼ਚਿਤ ਨਹੀਂ ਕੀਤਾ, ਸਗੋਂ ਭਵਿੱਖ ਦੇ ਭਾਰਤ ਵਿੱਚ ਵੀ ਬੜੀ ਵੱਡੀ ਤਬਦੀਲੀ ਤੇ ਰੱਦੋ-ਬਦਲ ਬਾਰੇ ਦੱਸ ਦਿਤਾ ਹੈ।
  ਉਦਾਰ-ਧਰਮ ਨਿਰਪੱਖ-ਲੋਕਤੰਤਰ (ਲਿਬਰਲ ਸੈਕੂਲਰ ਡੈਮੋਕਰੇਸੀ) ਵਾਲ਼ਾ ਬੁਰਕਾ ਲਾਹ ਕੇ ਹੁਣ ਇਥੇ ਹਿੰਦੂਤਵੀ ਕੱਟੜਵਾਦ ਦੀ ਰਾਜਨੀਤੀ ਭਾਰੂ ਹੋਵੇਗੀ। ਜਿਵੇਂ ਇੰਦਰਾ ਦੀ ਥਾਂ ਲੈਣ ਲਈ ਉਹਦੇ ਨਾਲ਼ੋਂ ਵਧ ਕੱਟੜ ਹਿੰਦੂ ਆਗੂ ਦੀ ਲੋੜ ਸੀ ਤੇ ਅਡਵਾਨੀ ਦੀ ਰਥ-ਯਾਤਰਾ ਨਿਕਲੀ ਜਿਸ ਨੇ ਭਾਰਤ ਨੂੰ ਲਹੂ-ਲੁਹਾਣ ਕੀਤਾ। ਫੇਰ ਅਡਵਾਨੀ ਤੋਂ ਗੱਦੀ ਖੋਹਣ ਲਈ ਉਹਦੇ ਨਾਲ਼ੋਂ ਵਧ ਕੱਟੜ ਹਿੰਦੂ ਆਗੂ ਦੇ ਰੂਪ ਵਿੱਚ ਮੋਦੀ ਉਭਰਿਆ। ਹੁਣ ਮੋਦੀ ਦੀ ਥਾਂ ਲੈਣ ਲਈ ਮੋਦੀ ਨਾਲੋਂ ਵਧ ਕੱਟੜ ਹਿੰਦੂ ਆਗੂ ਦਾ ਉਭਾਰ ਹੋਣਾ ਹੈ। ਭਵਿੱਖ ਵਿੱਚ ਕਿਸੇ ਐਹੋ ਜਿਹੇ ਆਗੂ ਲਈ ਕਿਸੇ ਵੱਡੇ ਖ਼ੂਨ-ਖ਼ਰਾਬੇ ਤੇ ਕਤਲੇਆਮ ਦੀ ਵਿਉਂਤਬੰਦੀ ਹੋ ਰਹੀ ਹੋਵੇਗੀ।
  ਹੁਣ ਆਪਾਂ ਆਪਣੇ ਘਰ ਵੱਲ ਨਜ਼ਰ ਮਾਰੀਏ! ਕੀ ਬਾਦਲ, ਕੈਪਟਨ, ਢੀਂਡਸਾ ਸਮੇਤ ਭਾਰਤੀ ਮੁੱਖ-ਧਾਰਾ ਨੂੰ ਮੱਥਾ ਟੇਕੀ ਬੈਠੇ ਕਿਸੇ ਸਿੱਖ ਆਗੂ ਵਿੱਚ ਐਨਾ ਹਿੰਦੂ ਆਗੂਆਂ ਵਾਂਗ ਆਪਣੀ ਕੌਮ ਦੇ ਹੱਕਾਂ ਤੇ ਆਪਣੀ ਕੌਮ ਦੇ ਹਿੱਤਾਂ ਲਈ ਲੜਨ-ਮਰਨ ਦਾ ਜਜ਼ਬਾ ਹੈ ? ਹਿੰਦੂ ਆਗੂ ਵੀ ਦੂਜੀਆਂ ਕੌਮਾ ਦੀਆਂ ਵੋਟਾਂ ਲੈਂਦੇ ਹਨ ਪਰ ਕਦੇ ਵੀ ਉਹ ਕੰਮ ਕਦਾਚਿਤ ਨਹੀਂ ਕਰਦੇ ਜੋ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਸਹੀ ਨਾ ਹੋਵੇ ਜਦ ਕਿ ਸਿੱਖ ਆਗੂ ਦੂਜਿਆਂ ਧਰਮਾਂ ਦੀਆ ਵੋਟਾਂ ਲੈਣ ਦੇ ਨਾਂ ਹੇਠ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਉਂਦੇ ਹਨ। ਹਿੰਦੂ ਆਗੂ ਆਪਣੀ ਰਾਜਨੀਤੀ ਆਪਣੇ ਧਰਮ ਵਿਚ ਪ੍ਰਪੱਕ ਰਹਿ ਕੇ ਕਰਦੇ ਹਨ, ਜਿਸ ਕਰਕੇ ਹਰੇਕ ਹਿੰਦੂ ਉਹਨਾਂ ਦਾ ਸਤਿਕਾਰ ਕਰਦਾ ਹੈ ਤੇ ਉਹਨਾਂ ਦੀ ਹਮਾਇਤ ਕਰਦਾ ਹੈ। ਸਿੱਖ ਆਗੂ ਆਪਣੀ ਰਾਜਨੀਤੀ ਆਪਣੇ ਧਰਮ ਦੇ ਖ਼ਿਲਾਫ਼ ਭੁਗਤ ਕੇ ਹਰ ਉਹ ਕੰਮ ਕਰਦੇ ਹਨ ਜਿਸ ਨਾਲ਼ ਧਰਮੀ ਗੁਰਸਿੱਖ ਸ਼ਰਮਸਾਰ ਹੋ ਜਾਣ, ਇਸ ਕਰਕੇ ਸਿੱਖ ਆਗੂਆਂ ਦਾ ਕੋਈ ਸਤਿਕਾਰ ਨਹੀਂ।
  ਹਿੰਦੂ ਆਗੂ ਕਦੇ ਵੀ ਓਸ ਥਾਂ ਨਹੀਂ ਜਾਂਦੇ, ਉਹ ਕੰਮ ਨਹੀਂ ਕਰਦੇ ਜੋ ਉਹਨਾਂ ਦੇ ਧਰਮ ਦੇ ਹਿਸਾਬ ਨਾਲ਼ ਗ਼ਲਤ ਹੋਵੇ ਤੇ ਓਸ ਕੰਮ ਕਰਕੇ ਹਿੰਦੂ ਲੋਕ ਨਰਾਜ ਹੋ ਜਾਣ। ਪਰ ਸਿੱਖ ਆਗੂ ਹਰ ਓਸ ਥਾਂ ਜਾਣ ਤੇ ਹਰ ਓਸ ਕੰਮ ਨੂੰ ਕਰਨ ਵਿੱਚ ਹੀ ਟੌਹਰ ਸਮਝਦੇ ਹਨ ਜਿਸ ਨਾਲ਼ ਸਿੱਖ ਸੰਗਤਾਂ ਨਰਾਜ ਹੋ ਜਾਣ! ਸੋ, ਜਿਹੜੇ ਹਿੰਦੂ ਆਪਣੇ ਧਰਮ ਵਿੱਚ ਪ੍ਰਪੱਕ ਹੋਣ, ਉਹਨਾਂ ਨਾਲ਼ ਬਾਦਲ, ਕੈਪਟਨ, ਢੀਂਡਸਾ ਵਰਗੇ ਭਾਰਤੀ ਮੁੱਖ-ਧਾਰਾ ਨੂੰ ਮੱਥਾ ਟੇਕੀ ਬੈਠੇ ਸਿੱਖ ਆਗੂ ਕਿੱਥੇ ਮੁਕਾਬਲਾ ਕਰ ਲੈਣਗੇ ? ਹਿੰਦੂ ਆਗੂ ਜਾਣਦੇ ਹਨ ਕਿ ਸਾਡੀ ਹਿੰਦੂ ਕੌਮ ਸਾਡੇ ਨਾਲ਼ ਹੈ ਤੇ ਅਸੀਂ ਉਸ ਨੂੰ ਕਿਸੇ ਵੀ ਕੀਮਤ ਉੱਤੇ ਨਰਾਜ ਨਹੀਂ ਕਰਨਾ ਜਦ ਕਿ ਹਿੰਦੂ ਆਗੂ ਇਹ ਵੀ ਜਾਣਦੇ ਹਨ ਕਿ ਬਾਦਲ, ਕੈਪਟਨ, ਢੀਂਡਸਾ ਸਮੇਤ ਭਾਰਤੀ ਮੁੱਖ-ਧਾਰਾ ਨੂੰ ਮੱਥਾ ਟੇਕੀ ਬੈਠੇ ਸਾਰੇ ਸਿੱਖ ਆਗੂ ਸਿੱਖਾਂ ਵਿੱਚ ਆਪਣੀ ਅਹਿਮੀਅਤ, ਕਦਰ, ਹੈਸੀਅਤ ਗਵਾਈ ਬੈਠੇ ਹਨ।
  ਹਿੰਦੂ ਆਗੂ ਜਾਣਦੇ ਹਨ ਕਿ ਪ੍ਰਕਾਸ਼ ਸਿਹੁੰ ਬਾਦਲ, ਸੁਖਬੀਰ ਸਿਹੁੰ ਬਾਦਲ, ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ, ਬ੍ਰਹਮਪੁਰਾ ਸਮੇਤ ਭਾਰਤੀ ਮੁੱਖ-ਧਾਰਾ ਨੂੰ ਮੱਥਾ ਟੇਕੀ ਬੈਠੇ ਸਾਰੇ ਸਿੱਖ ਆਗੂ ਬੇਸ਼ੱਕ ਵੋਟਾਂ ਵਿੱਚ ਜਿਤ ਵੀ ਜਾਂਦੇ ਹੋਣ ਪਰ ਅਸਲ ਵਿੱਚ ਇਹ ਆਪਣੀ ਕੌਮ ਦੀ ਹਮਾਇਤ ਗਵਾ ਚੁੱਕੇ ਹਨ। ਹਿੰਦੂ ਆਗੂ ਜਾਣਦੇ ਹਨ ਕਿ ਇਹ ਆਗੂ ਸਵਾਰਥਾਂ ਲਈ ਕੌਮੀ ਹਿੱਤਾਂ ਦੀ ਬਲੀ ਦਿੰਦੇ-ਦਿੰਦੇ ਪੂਰੀ ਕੌਮ ਸਾਹਮਣੇ ਨੰਗੇ ਹੋ ਚੁੱਕੇ ਹਨ। ਇਕ ਪਾਸੇ ਇਹ ਬਾਦਲ, ਕੈਪਟਨ, ਢੀਂਡਸਾ ਸਮੇਤ ਭਾਰਤੀ ਮੁੱਖ-ਧਾਰਾ ਨੂੰ ਮੱਥਾ ਟੇਕੀ ਬੈਠੇ ਸਾਰੇ ਸਿੱਖ ਆਗੂ ਨੇ ਜਿਹੜੇ ਬੇਕਾਰ ਜਿਹੀਆਂ ਗੱਲਾਂ ਬਦਲੇ ਹੀ ਆਪਣੀ ਕੌਮ ਦੀ ਹਮਾਇਤ ਗਵਾ ਕੇ ਬਹਿ ਗਏ, ਦੂਜੇ ਪਾਸੇ ਹਿੰਦੂ ਕੌਮ ਹੈ ਜੋ ਜਾਣਦੀ ਹੈ ਕਿ ਇਹ ਹਿੰਦੂ ਆਗੂ ਜਿੰਨਾ ਮਰਜ਼ੀ ਭ੍ਰਿਸ਼ਟਾਚਾਰ ਕਰੀ ਜਾਣ, ਜੋ ਮਰਜ਼ੀ ਹੋਰ ਗੜਬੜਾਂ ਕਰੀ ਜਾਣ ਪਰ ਹਿੰਦੂ-ਹਿੱਤ ਨੂੰ ਪਿੱਠ ਨਹੀ ਵਿਖਾਉਂਦੇ।
  ਕਿਸੇ ਕੌਮ ਨੂੰ ਆਪਣੀ ਲੀਡਰਸ਼ਿਪ ਭ੍ਰਿਸ਼ਟ ਹੋਣ ਦਾ ਦੁੱਖ ਉਹਨਾ ਨਹੀਂ ਹੁੰਦਾ, ਜਿੰਨਾ ਦੁੱਖ ਲੀਡਰਸ਼ਿਪ ਉੱਤੇ ਓਦੋਂ ਹੁੰਦਾ ਹੈ ਜਦ ਲੀਡਰਸ਼ਿਪ ਧਰਮ-ਕੌਮ ਦੇ ਹਿੱਤਾਂ ਦੇ ਉਲ਼ਟ ਭੁਗਤਦੀ ਹੈ। ਕਿਸੇ ਧਰਮ ਜਾਂ ਕੌਮ ਨੂੰ ਓਹੀ ਲੀਡਰਸ਼ਿਪ ਪਿਆਰੀ ਹੁੰਦੀ ਹੈ ਜੋ ਧਰਮ-ਕੌਮ ਦੇ ਹਿੱਤਾਂ ਦੇ ਹੱਕ ਵਿਚ ਭੁਗਤੇ। ਲੀਡਰਸ਼ਿਪ ਦੇ ਹੋਰ ਔਗੁਣ ਕੌਮ ਅੱਖੋਂ-ਪਰੋਖੇ ਵੀ ਕਰ ਲੈਂਦੀ ਹੈ ਜਿਵੇਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਔਗੁਣਾਂ-ਕਮੀਆਂ-ਪੇਸ਼ੀਆਂ ਨਾਲ਼ੋਂ ਸਾਨੂੰ ਉਹਨਾਂ ਦੇ ਗੁਣਾਂ ਦੀ ਕਦਰ ਜਿਆਦਾ ਹੈ ਕਿ ਸਾਡੇ ਧਰਮ ਦੀ ਸ਼ਾਨ ਵਧਾਉਣ ਵਾਲ਼ਾ ਰਾਜ ਕਾਇਮ ਕੀਤਾ ਸੀ।
   ਜਿਵੇਂ ਹਿੰਦੂ ਅਵਾਮ ਨੂੰ ਮੋਦੀ ਤੇ ਹੋਰਾਂ ਦੀ ਲੀਡਰਸ਼ਿਪ ਵਿੱਚ ਭਰੋਸਾ ਸੀ ਕਿ ਮੁਸਲਮਾਨਾਂ ਸਾਹਮਣੇ ਸਾਨੂੰ ਸਿਰ ਉੱਚਾ ਕਰਕੇ ਜਿਊਣ ਵਾਲ਼ੇ ਹਾਲਾਤ ਬਣਾਉਣ ਲਈ ਇਹ ਰਾਮ ਮੰਦਰ ਲਾਜ਼ਮੀ ਬਣਾਉਣਗੇ। ਕੀ ਬਾਦਲ, ਕੈਪਟਨ, ਢੀਂਡਸਾ ਸਮੇਤ ਭਾਰਤੀ ਮੁੱਖ-ਧਾਰਾ ਨੂੰ ਮੱਥਾ ਟੇਕੀ ਬੈਠੇ ਸਾਰੇ ਸਿੱਖ ਆਗੂਆਂ ਵਿੱਚੋਂ ਕਿਸੇ ਦੇ ਪੱਲੇ ਐਹੋ ਜਿਹੀ ਲੀਡਰਸ਼ਿਪ ਹੈ ਜੋ ਸਾਰੀ ਕੌਮ ਦਾ ਭਰੋਸਾ ਜਿੱਤਣ ਲਈ ਡਟ ਕੇ ਇਉਂ ਅੱਗੇ ਵਧੇ ਕਿ ਹਰੇਕ ਨੂੰ ਦ੍ਰਿੜ ਯਕੀਨ ਹੋਵੇ ਕਿ ਇਹ ਸਾਡੇ ਢਾਹੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਬਦਲਾ ਲੈ ਕੇ ਦੇਣਗੇ, ਇਹ ਸਾਡੇ ਖੋਹੇ ਹੋਏ ਗੁਰਦੁਆਰੇ ਮਟਨ ਸਾਹਿਬ, ਮੰਗੂਮੱਠ ਸਾਹਿਬ, ਡਾਂਗਮਾਰ ਸਾਹਿਬ, ਗਵਾਲੀਅਰ ਤੇ ਗਿਆਨ ਗੋਦੜੀ ਵਾਪਸ ਲੈ ਕੇ ਦੇਣਗੇ ?
  ਹੈਗੀ ਸਿੱਖ ਲੀਡਰਸ਼ਿਪ ਜੋ ਇਹ ਭਰੋਸਾ ਪੈਦਾ ਕਰ ਸਕੇ ਕਿ ਸਿੱਖਾ ਦਾ ਖੋਹਿਆ ਹੋਇਆ ਵਕਾਰ, ਰੁਤਬਾ ਤੇ ਹੈਸੀਅਤ ਬਰਕਰਾਰ ਕਰਾਂਗੇ!ਮੋਦੀ ਦੀ ਅਗਵਾਈ ਹੇਠ ਹਿੰਦੂ ਲੀਡਰਸ਼ਿਪ ਨੇ ਮੁਲਕ ਭਰ ਵਿੱਚ ਉਹ ਲੋਕ ਉਭਾਰੇ ਜਿਹੜੇ ਸ਼ਰੇਆਮ ਹਿੰਦੂ-ਰਾਸ਼ਟਰ ਦੀ ਗੱਲ ਕਰਦੇ ਨੇ ਪਰ ਜਦ ਬਾਦਲਾਂ ਦਾ ਰਾਜ ਸੀ ਤਾਂ ਮੇਰੇ ਵਰਗੇ ਹਰੇਕ ਪੰਥਕ ਤੇ ਖ਼ਾਲਿਸਤਾਨੀ ਸਿੱਖ ਦਾ ਜਿਊਣਾ ਦੁੱਭਰ ਕਰੀ ਰੱਖਿਆ! ਕਾਂਗਰਸ ਦੇ ਰਾਜ ਵਿਚ ਕੈਪਟਨ ਤੋਂ ਤਾਂ ਆਸ ਹੀ ਕੀ ਕਰਨੀ ਪਰ ਨੀਲੀ ਦਸਤਾਰ ਵਾਲੇ 'ਪੰਥ ਰਤਨ' ਦੇ ਰਾਜ ਵਿੱਚ ਪੰਥਕ ਸੋਚ ਵਾਲ਼ਿਆਂ ਨੂੰ ਯੂ.ਏ.ਪੀ.ਏ. ਲਾ ਕੇ ਜੇਲ੍ਹਾਂ ਵਿੱਚ ਡੱਕਿਆ ਗਿਆ!
  ਇੱਕ ਪਾਸੇ ਮੋਦੀ ਵਾਲ਼ੀ ਹਿੰਦੂ ਲੀਡਰਸ਼ਿਪ ਹੈ ਜੋ ਅੱਤਵਾਦੀ ਸਾਧਵੀ ਪ੍ਰਗਿਆ, ਅਸੀਮਾਨੰਦ, ਕਰਨਲ ਪੁਰੋਹਿਤ ਵਰਗਿਆਂ ਦੀ ਹਮਾਇਤ ਵਿੱਚ ਡਟ ਕੇ ਖੜ੍ਹੀ ਰਹੀ। ਬੰਬ ਧਮਾਕਿਆਂ ਤੇ ਹੋਰ ਖ਼ੂਨੀ ਵਾਰਦਾਤਾਂ ਦੇ ਇਲਜ਼ਾਮਾਂ ਵਿੱਚ ਜੇਲ੍ਹ ਵਿੱਚ ਬੰਦ ਰਹੀ ਸਾਧਵੀ ਪ੍ਰਗਿਆ ਨੂੰ ਪਾਰਲੀਮੈਂਟ ਦੀ ਮੈਂਬਰ ਬਣਾਇਆ। ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲ਼ੇ ਹਰੇਕ ਹਿੰਦੂ ਨੂੰ ਮੋਦੀ ਸਰਕਾਰ ਦਾ ਥਾਪੜਾ ਤੇ ਸਰਪ੍ਰਸਤੀ ਹਾਸਲ ਹੈ ਪਰ ਸਾਡੇ ਬਾਦਲ ਸਾਬ੍ਹ ਨੇ ਜੇਲ੍ਹਾਂ ਵਿੱਚ ਬੰਦ ਸਿੰਘਾਂ ਨੂੰ ਬਣਦੀ ਰਿਹਾਈ ਤਾਂ ਕੀ ਦੇਣੀ ਸੀ, ਬਲਕਿ ਪੰਥਕ ਸੋਚ ਵਾਲ਼ਿਆਂ ਨੂੰ ਆਪਣਾ ਦੁਸ਼ਮਣ ਮੰਨਿਆ ਹੋਇਆ ਹੈ। ਮੋਦੀ ਵਾਲ਼ੀ ਹਿੰਦੂ ਲੀਡਰਸ਼ਿਪ ਹਿੰਦੂ-ਰਾਸ਼ਟਰ ਦੇ ਝੰਡਾ-ਬਰਦਾਰਾਂ ਨਾਲ਼ ਫੋਟੋਆਂ ਖਿਚਵਾਉਣ ਉਹਨਾਂ ਨੂੰ ਮਾਣ ਸਨਮਾਨ ਦੇਣ ਵਿੱਚ ਫ਼ਖ਼ਰ ਸਮਝਦੀ ਹੈ ਪਰ ਬਾਦਲ, ਕੈਪਟਨ, ਢੀਂਡਸਾ ਸਮੇਤ ਭਾਰਤੀ ਮੁੱਖ-ਧਾਰਾ ਨੂੰ ਮੱਥਾ ਟੇਕੀ ਬੈਠੇ ਸਾਰੇ ਸਿੱਖ ਆਗੂ ਖ਼ਾਲਿਸਤਾਨੀਆਂ ਤੋਂ ਲੁਕਦੇ ਫਿਰਦੇ ਨੇ ਕਿ ਕਿਤੇ ਇਹਨਾਂ ਨਾਲ਼ ਸਾਡੀ ਫੋਟੋ ਨਾ ਛਪ ਜਾਵੇ।ਸੱਚ ਹੈ ਕਿ ਹਿੰਦੂਆਂ ਨੇ ਆਰ.ਐੱਸ.ਐੱਸ. ਨੇ ਉਹ ਲੀਡਰਸ਼ਿਪ ਉਭਾਰੀ ਹੈ ਜੋ ਹੋਰ ਜਿੰਨੀਆਂ ਮਰਜੀ ਗੜਬੜਾਂ ਕਰ ਲਵੇ ਪਰ ਕਦੇ ਹਿੰਦੂ ਹਿੱਤ ਦੇ ਖ਼ਿਲਾਫ਼ ਨਹੀਂ ਭੁਗਤਦੀ। ਸਗੋਂ ਹਿੰਦੂਆਂ ਦਾ ਮਾਣ ਵਧਾਉਣ ਲਈ ਕਿਸੇ ਵੀ ਹੱਦ ਤਕ ਜਾ ਸਕਦੀ ਹੈ।
  ਇਸ ਦੇ ਉਲ਼ਟ ਸਾਡੇ ਪੱਲੇ ਉਹ ਲੀਡਰਸ਼ਿਪ ਹੈ ਜੋ ਹੋਰ ਜੋ ਮਰਜ਼ੀ ਕਰ ਲਵੇ ਪਰ ਕਦੇ ਵੀ ਸਿੱਖ ਕੌਮ ਦੇ ਹਿੱਤ ਵਿੱਚ ਨਹੀਂ ਭੁਗਤ ਸਕਦੀ, ਸਗੋਂ ਉਹ ਕੰਮ ਕਰਦੀ ਹੈ ਜਿਸ ਨਾਲ਼ ਸਿੱਖਾਂ ਦਾ ਜਲੂਸ ਨਿਕਲੇ ਤੇ ਸਿੱਖਾਂ ਦਾ ਮਾਣ ਟੁੱਟੇ।
  ਸਿੱਖ ਲੀਡਰਾਂ ਨਾਲ਼ੋਂ ਤਾਂ ਭਾਰਤੀ ਮੁਸਲਮਾਨਾਂ ਦੀ ਲੀਡਰ ਅਸਦ-ਉਦ-ਦੀਨ ਓਵੈਸੀ ਹੀ ਚੰਗਾ ਹੈ ਜੋ ਸ਼ਰੇਆਮ ਕਹਿੰਦਾ ਹੈ ਕਿ "ਅਸੀਂ ਆਪਣੇ ਬੱਚਿਆਂ ਨੂੰ ਸਿਖਾ ਕੇ ਜਾਵਾਂਗੇ ਕਿ ਬਾਬਰੀ ਮਸਜਿਦ ਹਿੰਦੂਆਂ ਨੇ ਤੋੜੀ ਸੀ" ਤੇ ਸਾਡੇ ਸਿੱਖ ਆਗੂ ਕਹਿੰਦੇ ਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਸਿਖਾ ਕੇ ਜਾਣਾ ਕਿ "ਤੁਸੀਂ ਹਿੰਦੂਆਂ ਦਾ ਹੀ ਹਿੱਸਾ ਹੋ ਤੇ ਦਸਵੇਂ ਪਾਤਸ਼ਾਹ ਨੇ ਹਿੰਦੂਆਂ ਦੀ ਰੱਖਿਆ ਕਰਨ ਲਈ ਖ਼ਾਲਸਾ ਪੰਥ ਸਾਜਿਆ ਸੀ!" ਸਿੱਖ ਆਗੂਆਂ ਨੂੰ ਤਾਂ ਹਿੰਦੂ ਆਗੂ, ਭਾਰਤੀ ਹਕੂਮਤੀ ਮਸ਼ੀਨਰੀ ਤੇ ਮੀਡੀਆ ਡਰਾਈ ਰੱਖਦਾ ਹੈ ਕਿ ਜੇ ਤੁਸੀਂ ਪੰਥ ਤੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਤਾਂ ਦੇਸ਼-ਧ੍ਰੋਹੀ ਗਰਦਾਨੇ ਜਾ ਸਕਦੇ ਹੋ ਜਦ ਕਿ ਸਿੱਖਾਂ ਦਾ ਆਗੂ ਤਾਂ ਓਹੀ ਹੋਵੇਗਾ ਜੋ ਹਿੱਕ ਠੋਕ ਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਵਾਂਗ ਕਹੇ ਕਿ "ਆਪਣੇ ਧਰਮ, ਆਪਣੀ ਕੌਮ, ਆਪਣੇ ਪੰਥ, ਆਪਣੇ ਲੋਕਾਂ ਲਈ ਬੋਲਣਾ ਜੇ ਦੇਸ਼-ਧ੍ਰੋਹ ਹੁੰਦਾ ਹੈ ਤਾਂ ਮੈਂ ਦੇਸ਼-ਧ੍ਰੋਹੀ ਹਾਂ, ਅੱਤਵਾਦੀ ਹਾਂ!" ਪਰ ਜਿਹੜੀ ਮੌਜੂਦਾ ਸਿੱਖ ਲੀਡਰਸ਼ਿਪ ਆਪਣੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਵੀ ਸੁਹਿਰਦ ਨਹੀਂ ਉਹਦੇ ਤੋਂ ਕੀ ਆਸ ਕਰ ਸਕਦੇ ਹਾਂ ?

  • ਰਣਜੀਤ ਸਿੰਘ ਦਮਦਮੀ ਟਕਸਾਲ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ

     

     

    ranjitsinghsyfb1984@gmail.com

    88722-93883


  •  
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.