ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ
ਗੁਰਦੇਵ ਸਿੰਘ ਸੱਧੇਵਾਲੀਆ
ਅਤਿ ਨੀਚ?
ਧੁਰ ਹੇਠਾਂ ਵਾਲਾ ਆਖਿਆ ਜਾਂਦਾ ਨੀਚ। ਦੱਬਿਆ ਹੋਇਆ, ਕੁੱਚਲਿਆ, ਸਾਹ ਹੀ ਨਾ ਆਵੇ।
ਕਰੀਬਨ 6700 ਜਾਤਾਂ ਤੋਂ ਉਪਰ ਹਿੰਦੋਸਤਾਨ ਵਿੱਚ! ਧੁਰ ਹੇਠਲੇ ਵਾਲੇ ਦਾ ਹਾਲ? ਜਿਸ ਬੰਦੇ ਦੀ ਧੌਣ ਉਪਰ 6699 ਲੋਕ ਬੈਠੇ ਹੋਣ ਉਸਦੇ ਮੋਢੇ ਕਿਓਂ ਨਾ ਟੁੱਟਣਗੇ, ਉਸ ਦੀ ਧੌਣ ਕਿਓਂ ਨਾ ਝੁਕੇਗੀ, ਉਸ ਦੇ ਹਥ ਕਿਓਂ ਨਾ ਜੁੜਨਗੇ ਤੇ ਲਤਾਂ ਕਿਓਂ ਨਾਂ ਕੰਬਣਗੀਆਂ।
6699 ਦੇ ਧੁਰ ਉਪਰ 67ਵੇਂ ਸੌ ਥਾਂ ਟੀਸੀ 'ਤੇ ਚੌਕੜਾ ਮਾਰੀ ਬੈਠਾ ਪੰਡੀਆ ਕੀ ਜਾਣੇ ਹੇਠਾਂ ਵਾਲਿਆਂ ਦਾ ਹਾਲ?
ਉਹ ਤਾਂ ਮੋਦੀ ਦੇ ਮਹਿੰਗਾ ਕੋਟ ਪਾ ਕੇ ਅਮਰੀਕਾ ਇੰਗਲੈਂਡ ਦੀਆਂ ਸੈਰਾਂ ਕਰਨ ਤਰਾਂ ਕਦੇ ਵਿਸ਼ਨੂੰ ਦੇ ਖੀਰ ਸਮੁੰਦਰ ਪਹੁੰਚਿਆ ਫਿਰ ਰਿਹਾ ਹੁੰਦਾ ਤੇ ਕਦੇ ਇੰਦਰ ਦੇ ਅਖਾੜੇ ਦੀਆਂ ਅਪਛਰਾਂ ਗਿਣਨ?
ਖੀਰ ਦੇ ਕੜਛਿਆਂ ਨਾਲ ਢਿਡ ਤੂੜ ਕੇ ਉਪਰ ਬੈਠਾ ਈ ਓਹ ਦਸਦਾ ਰਿਹਾ ਕਿ ਬ੍ਰਹਮੇ ਨੇ ਕਿਹੜੀ ਜਾਤ ਦੀਆਂ ਉਲਟੀਆਂ ਮੂੰਹ ਥਾਣੀਂ ਕੀਤੀਆਂ, ਕਿਹੜਾ ਢਿਡ ਪਾੜ ਕੇ ਨਿਕਲਿਆ ਤੇ ਕਿਹੜਾ ਪੈਰਾਂ ਵਿਚੋਂ ਪੈਦਾ ਹੋਇਆ!
ਪਰ ਬਾਬਾ ਜੀ ਅਪਣਿਆਂ ਧੁਰ ਹੇਠਾਂ ਦੱਬੇ ਬੰਦੇ ਪੰਡੀਏ ਹੇਠੋਂ ਕਢਣੇ ਸ਼ੁਰੂ ਕੀਤੇ ਤਾਂ ਉਪਰਲਾ ਸਿੰਘਾਸਨ ਤਾਂ ਹਿਲਣਾ ਹੀ ਸੀ। ਜਦ ਹੇਠਾਂ ਹਿਲ ਜੁਲ ਹੋਊ ਉਪਰ ਵਾਲਾ ਸਮਾਨ ਤਾਂ ਹਿਲਣਾ ਹੀ ਸੀ। ਜਨੇਊ ਦੀ ਨਾਂਹ ਤੋਂ ਬਾਅਦ ਇਹ ਦੂਜੀ ਵਡੀ ਬਗਾਵਤ ਸੀ ਜਦ ਪੰਡੀਆ ਪੂਰੀ ਤਰਾਂ ਹਿਲਿਆ ਕਿ ਬਾਬਾ ਜੀ ਅਪਣੇ ਚਲ ਸਿਧਾ ਮਰਾਸੀ ਦੇ ਘਰ?
ਫਜ਼ੂਲ ਗੱਲਾਂ ਕਿ ਪਿਓ ਬਾਬੇ ਨੂੰ ਨਿਕੰਮਾ, ਆਲਸੀ ਤੇ ਕੰਮਚੋਰ ਸਮਝਦਾ ਸੀ ਤਾਂ ਨਾ ਬਣੀ ਬਾਬੇ ਨਾਲ। ਨਾਅ! 65 ਸਾਲ ਦੀ ਉਮਰੇ ਹਲ ਵਾਹੁਣ ਵਾਲਾ ਬਾਬਾ ਆਲਸੀ? ਅਸਲੀ ਗਲ ਲੁਕਾਓਂਣ ਖਾਤਰ ਪੰਡੀਏ ਕਿਆਂ ਬਾਬਾ ਵਿਹਲੜ ਤੇ ਆਲਸੀ ਧੁਮਾ ਦਿਤਾ ਕਿ ਉਹ ਤਾਂ ਮਝਾਂ ਈ ਲੋਕਾਂ ਦੇ ਖੇਤੀਂ ਛਡ ਸਓਂ ਰਹਿੰਦਾ ਸੀ?
ਗੁਰੂ ਨਾਨਕ ਸਾਹਿਬ ਰੜਕਦੇ ਤਾਂ ਪੰਡੀਏ ਦੇ ਜਨੇਊ ਵੇਲੇ ਤੋਂ ਹੀ ਸਨ ਪਰ ਆਹਾ ਗਲ ਤਾਂ ਓਂ ਈ ਜਗੋਂ ਤੇਰਵੀ?
ਮਰਾਸੀ ਨਾਲ ਤੁਰੇ ਫਿਰਨਾ?
ਓਹ ਵੀ ਮੁਸਲਮਾਨ?
ਬਾਕੀ ਸਭ ਨਾ 'ਵਿਗੜਨਗੇ'?
ਲੋਕਾਂ ਘਰੀਂ ਅਗਾਂ ਲਾਓਂਣ ਦਾ ਮਾਹਰ ਪੰਡੀਆ ਚੁੱਪ ਕਦ ਬੈਠਾ ਹੋਏਗਾ।
ਕਲੇਸ਼ ਤਾਂ ਵਧਣਾ ਹੀ ਸੀ ਪਿਓ ਪੁਤ ਦਾ ਤੇ ਪੇਕੇ ਆਈ ਭੈਣ ਬਾਬਾ ਜੀ ਨੂੰ ਸਹੁਰੇ ਲੈ ਗਈ ਕਿ ਵੀਰਿਆ ਬਾਪੂ ਦੇ ਗਲ ਤੇਰੀ ਸਮਝ ਨਹੀਂ ਆਓਂਣੀ ਤੇ ਇਨਾ ਪੰਡੀਏ ਕਿਆਂ ਬਾਪੂ ਨੂੰ ਲੂਤੀਆਂ ਲਾਓਂਣੋ ਹਟਣਾ ਨਹੀਂ।
ਅਗੇ ਜਾ ਕੇ ਗਲ ਹੋਰ ਵਧ ਗਈ ਜਦ ਦੂਜੇ ਥਾਂ ਆ ਕੇ ਬਾਬੇ ਕਿਆਂ ਲੰਗਰ ਵੀ ਇਕਠਾ ਤੇ ਤੀਜੇ ਤਾਂ ਸ਼ਰਤ ਹੀ ਇਹ ਰਖ ਦਿਤੀ ਕਿ ਜਿਸ ਮਿਲਣਾ ਪਹਿਲਾਂ ਲੰਗਰ ਛਕ ਕੇ ਆਵੇ?
ਪੰਜਵੇ ਥਾਂ ਆ ਕੇ ਬਾਬੇ ਕਿਆਂ ਟੁੱਬੀਆਂ ਵੀ ਇਕੱਠੀਆਂ ਈ ਲਵਾ ਦਿਤੀਆਂ ਤਾਂ ਦਸਵੇਂ 'ਤੇ ਆ ਕੇ ਤਾਂ ਓਂ ਈ ਸਿਰਾ ਜਦ ਬਾਬੇ ਕੇ ਕਹਿੰਦੇ ਆਹਾ ਫੜੋ ਬਾਟਾ ਫਿਰ ਦੇਖਦੇਂ ਕਿਹੜਾ ਚੂਹੜਾ ਚਮਾਰ ਤੇ ਕਿਹੜਾ ਬਰਾਹਮਣ?
ਇਸ ਨੂੰ ਕਹਿੰਦੇ ਵਾਲੋਂ ਨਿਕੀ ਯਾਣੀ ਹਾਥੀ ਸੂਈ ਦੇ ਨਕੇ ਵਿਚਦੀ ਕਢਣਾ?
ਪਰ ਕਿਰਪਾ ਰਾਮ ਵਰਗਾ ਸ਼ੁਧ ਕਸ਼ਮੀਰੀ ਬ੍ਰਾਹਮਣ ਗਲ ਕਲਿਕ ਕਰ ਗਿਆ ਤੇ ਅਪਣਾ ਬ੍ਰਾਹਮਣ ਵਾਲਾ ਹਾਥੀ ਮਾਰ ਕੇ ਆਣ ਆਖੇ ਜਾਂਦੇ ਚੂਹੜੇ ਚਮਾਰ ਦੇ ਜੂਠੇ ਬਾਟੇ ਨੂੰ ਮੂੰਹ ਲਾਇਆ ਅਤੇ ਕਿਰਪਾ ਸਿੰਘ ਬਣ ਚਮਕੌਰ ਦੀ ਗੜੀ ਵਿਚ ਸੂਰਮਿਆਂ ਤਰਾਂ ਮੌਤ ਨਾਲ ਖਹਿ ਗਿਆ। ਓਥੇ ਈ ਲਾਸ਼ ਚੂਹੜੇ, ਚਮਾਰ, ਭੰਗੀ, ਤਖਾਣ, ਝੀਰ ਤੇ ਓਥੇ ਈ ਬ੍ਰਾਹਮਣ ਦੀ?
ਜੰਗ ਦੇ ਮੈਦਾਨ ਵਿਚ ਡੁਲਾ ਤੇ ਇਕ ਮਿਕ ਹੋਇਆ ਲਹੂ ਦਸੇ ਕੋਈ ਕਿਸਦਾ ਸੀ?
ਲਹੂ ਵਿਚ ਗਚ ਡਿਗੇ ਸੂਰਮਿਆਂ ਦੀਆਂ ਪਈਆਂ ਗੁਥਮਗੁਥਾ ਲਾਸ਼ਾਂ ਨੇ ਪੰਡੀਏ ਦੇ ਉਚੇ ਹੋਣ ਦੇ ਹੰਕਾਰ ਵਾਲੇ ਸਾਰੇ ਠੀਕਰੇ ਭੰਨ ਸੁੱਟੇ?
ਅੱਗੇ ਜਾ ਕੇ ਜਿਆਦਾਤਰ ਖਾਲਸਾ ਪੰਥ ਦੀ ਕਮਾਂਡ ਓਨਾ ਸੂਰਮਿਆ ਜਰਨੈਲਾ ਹਥ ਰਹੀ ਜਿੰਨਾ ਨੂੰ ਪੰਡੀਆ ਨੀਚ ਯਾਣੀ ਅਤ ਨੀਚ ਸਮਝਦਾ ਰਿਹਾ ਸੀ?
ਇਹ ਮੇਰੇ ਤੇ ਨਿਰਭਰ ਮੈਂ ਹੇਠਾਂ ਦੇਖਾਂ ਜਾਂ ਉਪਰ। ਉਪਰ ਜਾਣ ਲਈ ਤਾਂ ਉਪਰ ਹੀ ਦੇਖਣਾ ਪਵੇਗਾ ਨਹੀਂ ਤਾਂ ਜੇ ਬੰਦਾ ਹੇਠਾਂ ਈ ਦੇਖਣ ਤੇ ਆ ਜਾਏ ਤਾਂ ਹੇਠਾਂ ਫਿਰਦੀ ਕੀੜੀ ਪੱਕੇ ਲੈਂਟਰਾ ਵਿਚ ਵੀ ਵਿਥਾਂ ਲਭ ਲੈਂਦੀ ਹੈ। ਉਪਰ ਉਠਣ ਲਈ ਜੋਰ ਚਾਹੀਦਾ ਹੇਠਾਂ ਤਾਂ ਬੰਦਾ ਆਪੇ ਡਿਗ ਜਾਂਦਾ। ਅਜ ਜੇ ਖਾਲਸਾ ਜੀ ਜੋਰ ਲਾ ਕੇ ਜਟ ਮਜਬੀ ਚੂਹੜਾ ਮਹਿਰਾ ਦਾ ਜਾਲ ਨਹੀਂ ਤੋੜਦਾ ਤਾਂ ਖੁਦ ਦਾ ਤੁੜਕਾ ਭੁਜਣ ਲਈ ਤਿਆਰ ਰਹੇ ਮੋਦੀ ਕਿਆਂ ਰਾਹੀਂ ਪੰਡੀਆ ਅਪਣੀ ਆਈ ਤੇ ਆ ਚੁਕਾ ਹੋਇਆ ਉਸ ਦੇ ਬੁਲਡੋਜਰ ਨੇ ਨਾ ਜੱਟ ਵੇਖਣਾ ਨਾ ਦਲਿਤ?
ਇਹ ਮੈਂ ਨਹੀਂ ਪੰਡੀਏ ਦਾ ਇਤਿਹਾਸ ਕਹਿੰਦਾ! ਨਹੀਂ?
ਗੁਰਦੇਵ ਸਿੰਘ ਸੱਧੇਵਾਲੀਆ
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ
Page Visitors: 2677