ਲਾਸ਼ਾਂ ਦੇ ਢੇਰ ਉੱਤੇ ਸਿੰਘਾਸਨ ਡਾਹੁਣ ਵਾਲੇ ਜ਼ਾਲਮ ਬਾਦਸ਼ਾਹ
ਗੁਰਦੇਵ ਸਿੰਘ ਸੱਧੇਵਾਲੀਆ
ਚੰਗੇਜ ਖਾਂ ਨੇ ਦੁਨੀਆ ਦੇ ਕਰੀਬਨ 22 ਪ੍ਰਤੀਸ਼ਤ ਹਿੱਸੇ 'ਤੇ ਰਾਜ ਕੀਤਾ ਜਿਸ ਵਿੱਚ ਰੂਸ, ਚੀਨ, ਜਪਾਨ, ਅਫਗਾਨ, ਅਫਰੀਕਾ ਆਦਿ ਮੁਲੱਖ ਵੀ ਸ਼ਾਮਲ ਸਨ। ਮਨੁੱਖਤਾ ਦੇ ਲਹੂ ਵਿੱਚ ਟੁੱਬੀਆਂ ਲਾਓਂਣ ਵਾਲੇ ਚੰਗੇਜ ਨੇ ਕੋਈ ਚਾਰ ਕਰੋੜ ਮਨੁਖਤਾ ਨੂੰ ਮੌਤ ਦੇ ਹਵਾਲੇ ਕਰ ਦਿਤਾ?
1219 ਵਿੱਚ ਈਰਾਨ 'ਤੇ ਹਮਲਾ ਕਰਕੇ ਚੰਗੇਜ ਨੇ 75 ਫੀਸਦੀ ਲੋਕ ਮੌਤ ਦੇ ਘਾਟ ਉਤਾਰੇ ਅਤੇ ਬੁਖਾਰਾ ਦੀ 10 ਲੱਖ ਅਬਾਦੀ ਵਿੱਚੋਂ ਕੇਵਲ 50 ਹਜਾਰ ਲੋਕ ਹੀ ਚੰਗੇਜ ਦੀ ਖੂਨੀ ਤਲਵਾਰ ਤੋਂ ਬਚੇ ਰਹਿ ਸਕੇ?
1206 ਤੋਂ 1227 ਤਕ ਦਾ ਸਮਾਂ ਚੰਗੇਜ਼ ਖਾਨ ਦੀ ਤਲਵਾਰ ਦੀਆਂ ਤਬਾਹੀਆਂ ਦਾ ਦੌਰ ਕਿਹਾ ਜਾ ਸਕਦਾ ਜਿਸ ਵਿੱਚ ਉਸ ਨੇ ਅਪਣੇ ਰਾਜ ਨੂੰ ਵਡਾ ਕਰਨ ਦੇ ਲੋਭ ਵਿੱਚ ਕਰੂਰਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਛਡੀਆਂ।
1336 ਵਿੱਚ ਜੰਮੇ ਤੈਮੂਰ ਲੰਙੇ ਨੇ ਅਪਣੀ ਜਿੰਦਗੀ ਦੇ ਸ਼ਾਸ਼ਨ ਕਾਲ ਦੌਰਾਨ ਕਰੀਬਨ ਦੋ ਕਰੋੜ ਬੰਦਾ ਵਢਿਆ ਜੋ ਉਸ ਸਮੇ ਸੰਸਾਰ ਦੀ ਕੁਲ ਅਬਾਦੀ ਦਾ ਪੰਜ ਫੀਸਦੀ ਹਿਸਾ ਬਣਦਾ ਸੀ?
ਹਿੰਦੋਸਤਾਨ ਉਪਰ ਹਮਲੇ ਦੌਰਾਨ ਜਦ ਓਹ ਦਿਲੀ ਉਪਰ ਹਮਲਾ ਕਰਨ ਤੁਰਿਆ ਤਾਂ ਬਾਕੀ ਥਾਵਾਂ ਤੋਂ ਬੰਦੀ ਬਣਾਏ ਕਰੀਬਨ ਇਕ ਲੱਖ ਲੋਕ ਉਸ ਇਕੇ ਦਿਨ ਇਸ ਗਲੇ ਵਢ ਸੁਟੇ ਕਿ ਹਮਲੇ ਸਮੇ ਕਿਹੜਾ ਇਨਾ ਮਗਰ ਪਹਿਰਾ ਰਖਦਾ ਫਿਰੇਗਾ?
ਹਿਟਲਰ ਦੇ ਸਮਕਾਲੀ ਜੋਸਫ ਸਟਾਲਿਨ ਨੇ 1930 ਵਿੱਚ 30 ਲੱਖ ਕਿਸਾਨਾਂ ਦਾ ਬੜਾ ਬੇਰਹਿਮੀ ਨਾਲ ਕਤਲੇਆਮ ਇਸ ਗਲੇ ਕੀਤਾ ਕਿ ਕਿਸਾਨ ਮੋਦੀ ਦੇ ਅਜ ਵਰਗੇ ਬਣਾਏ ਜਾ ਰਹੇ ਕਿਸਾਨ ਵਿਰੋਧੀ ਕਨੂੰਨ ਖਿਲਾਫ ਬਗਾਵਤ ਤੇ ਉਤਰ ਆਏ ਸਨ ਜਿਸ ਕਨੂੰਨ ਤਹਿਤ ਕਿਸਾਨਾ ਦੀਆਂ ਜਮੀਨਾ ਖੋਹ ਕੇ ਇੰਡਸਟਰੀ ਨੂੰ ਦਿਤੀਆਂ ਜਾ ਰਹੀਆਂ ਸਨ ਜਿਸ ਤਹਿਤ ਕਿਸਾਨ ਦੀ ਮਿਹਨਤ ਦਾ 90 ਪ੍ਰਤੀਸ਼ਤ ਹਿਸਾ ਸਿਧਾ ਸਰਕਾਰੀ ਢਿਡ ਵਿੱਚ ਜਾ ਪੈਂਦਾ ਸੀ ਕਿਸਾਨ ਹਿਸੇ ਕੇਵਲ 10 ਪ੍ਰਤੀਸ਼ਤ ਰਹਿ ਜਾਂਦਾ ਸੀ? ਲੱਖਾਂ ਕਿਸਾਨ, ਸਟਾਲਿਨ ਨੇ ਸਾਇਬੇਰੀਆ ਦੀਆਂ ਜਿਹਲਾਂ ਯਾਣੀ ਬਰਫਾਂ ਵਿੱਚ ਸੁਟ ਦਿਤੇ ਜਿਥੇ ਦਾ ਤਾਪਮਾਨ 60 ਤੋਂ ਵੀ ਹੇਠਾਂ ਡਿਗ ਪੈਦਾ ਸੀ ਤੇ ਪੂਰੀ ਖਾਧ ਖੁਰਾਕ ਵੀ ਨਾ ਹੋਣ ਕਾਰਨ ਭੁਖ ਦੁਖੋਂ ਲੋਕ ਇਕ ਦੂਏ ਨੂੰ ਹੀ ਮਾਰ ਕੇ ਖਾ ਗਏ।
ਦੋ ਕਰੋੜ ਹੋਰ ਲੋਕਾਂ ਨੂੰ ਵੀ ਸਟਾਲਿਨ ਨੇ ਇਹ ਕਹਿ ਕੇ ਸਾਇਬੇਰੀਆ ਦੀਆਂ ਜਿਹਲਾਂ ਵਿੱਚ ਸੁਟੀ ਰਖਿਆ ਕਿ ਓਹ ਕਮਇਨਿਜਮ ਵਿਰੋਧੀ ਹਨ ਜਿਸ ਵਿੱਚੋਂ ਕੇਵਲ ਇਕ ਕਰੋੜ ਲੋਕ ਹੀ ਬਚ ਸਕੇ?
ਵਿਰੋਧੀ ਦੀ ਗਲ ਸੁਣਨ ਦਾ ਮਾਦਾ ਨਹੀਂ ਦੇ ਮਿਹਣੇ ਦੇਣ ਵਾਲੇ ਕਾਮਰੇਡਾਂ ਦੇ ਉਸਤਾਦ ਸਟਾਲਿਨ ਨੇ ਖੁਦ ਦੇ ਹੀ 83 ਜਰਨੈਲ ਅਤੇ ਸੈਂਟਰ ਪਾਰਟੀ ਦੇ 91 ਮੈਂਬਰ ਮੌਤ ਦੇ ਘਾਟ ਉਤਾਰ ਦਿਤੇ ਕਿਓਂਕਿ ਓਹ ਸਟਾਲਿਨ ਦੀਆਂ ਜਾਬਰ ਪਾਲਸੀਆਂ ਨਾਲ ਸਹਿਮਤ ਨਹੀਂ ਸਨ!
ਕਿਸਾਨ ਮਜਦੂਰ ਦਾ ਹਮਾਇਤੀ ਹੋਣ ਦਾ ਭੁਲੇਖਾ ਪਾਓਂਦਾ ਦਾਤਰੀ ਹਥੌੜੇ ਦਾ ਝੰਡਾ ਲਾਈ ਫਿਰਦੇ ਰੂਸ ਦੇ ਕਾਮਰੇਡ ਸਟਾਲਿਨ ਦਾ ਇਹ ਹੁਕਮ ਸੀ ਕਿ ਜਿਹੜਾ ਮਜਦੂਰ ਮਿਥੀ ਗਈ ਪ੍ਰੋਡੈਕਸ਼ਨ ਦਾ ਗੋਲ ਪੂਰਾ ਨਹੀਂ ਕਰਦਾ ਉਸ ਨੂੰ ਜਿਹਲ ਸੁਟ ਦਿਓ ਜਾਂ ਫਾਹੇ ਦਾ ਦਿਓ।
ਇਹ ਕੇਵਲ ਓਹ ਜੁਲਮ ਸਨ ਜਿਸੜੇ ਸਟਾਲਿਨ ਨੇ ਅਪਣੇ ਮੁਲੱਖ ਦੇ ਲੋਕਾਂ ਤੇ ਢਾਹੇ ਇਸ ਵਿੱਚ ਓਹ ਸ਼ਾਮਲ ਨਹੀਂ ਜਿਹੜੇ ਸਟਾਲਿਨ ਦੀਆਂ ਫੌਜਾਂ ਨੇ ਜਰਮਨ ਜਿਤਣ ਬਾਅਦ ਓਥੇ ਕੀਤੇ ਤੇ ਖਾਸ ਕਰ ਜਿਹੜੀ ਹਾਲਤ ਓਨੀ ਔਰਤਾਂ ਦੀ ਕੀਤੀ।
ਚੀਨ ਦੇ ਕਾਮਰੇਡ ਲੀਡਰ ਚਿੜੀਮਾਰ ਮਾਓਜੇਤੁੰਗ ਨੇ 1947 ਤੋਂ 51 ਤਕ ਅਪਣੇ ਹੀ ਮੁਲੱਖ ਦੇ 40 ਲੱਖ ਲੋਕ ਵੱਢ ਦਿਤੇ।
ਅਜ ਦੇ ਮੋਦੀ ਦੀ ਕਾਰਪੋਰੇਟ ਨੀਤੀ ਤਰਾਂ ਕੁਲੈਕਟਰ ਜਾਂ ਕਮਿਊਨਿਟੀ ਫਾਰਮਿੰਗ ਦੇ ਨਾਂ ਤੇ ਗਰੀਬ ਕਿਸਾਨਾ ਦੀਆਂ ਜਮੀਨਾ ਮਾਓ ਨੇ ਹੜੱਪ ਲਈਆਂ ਜਿਸ ਵਿੱਚ ਕਿਸਾਨ ਕੇਵਲ ਖੁਦ ਦੀਆਂ ਜਮੀਨਾ ਉਪਰ ਅਪਣੀ ਕੇਵਲ ਜਾਨ ਤੋੜੇਗਾ ਪਰ ਫੈਸਲਾ ਸਰਕਾਰ ਦਾ ਹੋਵੇਗਾ ਕਿ ਕੀ ਬੀਜਣਾ ਤੇ ਕੀ ਵਢਣਾ, ਕਿਥੇ ਵੇਚਣਾ ਤੇ ਕੀ ਵਟਣਾ। ਮਾਓ ਦੀ ਛੇਤੀ ਤਰਕੀ ਕਰਨ ਦੀ ਪਾਗਲਾਨਾ ਦੌੜ ਨੇ ਖੁਦ ਦੇ ਲੋਕਾਂ ਨੂੰ ਭੁਖ ਨਾਲ ਮਰਨ ਤੇ ਮਜਬੂਰ ਕਰ ਦਿਤਾ।
ਮਾਓ ਵੀ ਮੋਦੀ ਤਰਾਂ ਕਿਸਾਨਾ ਨੂੰ ਉਜਾੜ ਕੇ ਐਗਰੀਕਲਚਰਲ ਇਕਨਾਮਕ ਤੋਂ ਇੰਡਸਟਰੀ ਇਕਨਾਮਕ ਬਣਾਓਂਣਾ ਚਾਹੁੰਦਾ ਸੀ ਜਿਸ ਦੇ ਨਤੀਜੇ ਵਜੋਂ ਭੁਖਮਰੀ ਦਾ ਸ਼ਿਕਾਰ ਹੋਏ ਕਿਸਾਨ ਮਿਟੀ, ਕੀੜੇ ਮਕੌੜੇ ਅਤੇ ਇਥੇ ਤਕ ਇਕ ਦੂਜੇ ਨੂੰ ਖਾਣ ਲਈ ਮਜਬੂਰ ਹੋ ਗਏ ਪਰ ਮਾਓ ਨੇ ਇਸ ਦਾ ਹਲ ਪਤਾ ਕੀ ਦਸਿਆ? ਚਿੜੀਆਂ ਤੋਤੇ ਪੰਛੀ ਸਭ ਮਾਰ ਦਿਓ ਤਾਂ ਕਿ ਤੁਹਾਡੇ ਖਾਣ ਗੋਚਰੇ ਦਾਣੇ ਬਚਾਏ ਜਾ ਸਕਣ? ਮਾਓ ਦੇ ਰਚੇ ਇਸ 'ਮਹਾਨ ਇਤਿਹਾਸ ' ਕਾਰਨ ਹੀ ਇਸ ਨੂੰ ਚਿੜੀ ਮਾਰ ਕਾਮਰੇਡ ਕਿਹਾ ਜਾਂਦਾ ਰਿਹਾ ਹੈ।
1966 ਤੋਂ 76 ਤਕ ਮਾਓ ਨੇ ਸਕੂਲਾਂ ਨੂੰ ਤਾਲੇ ਲਾ ਦਿਤੇ ਅਤੇ ਹਿੰਦੋਸਤਾਨ ਵਿੱਚ RSS ਵਲੋਂ ਗੁੰਡਾ ਬ੍ਰਿਗੇਡ ਤਿਆਰ ਕਰਨ ਤਰਾਂ ਮਾਓ ਨੇ 'ਰੈਡ ਗਾਰਡ' ਨਾ ਦੀ ਸੈਨਾ ਤਿਆਰ ਕੀਤੀ ਜਿਹੜੀ ਮਾਓ ਵਿਰੁਧ ਬੋਲਣ ਵਾਲੇ ਹਰੇਕ ਨੂੰ ਸਰੇ ਬਜਾਰ ਢਾਹ ਕੇ ਕੁਟਦੀ, ਜਲੀਲ ਕਰਦੀ ਜਾਂ ਫਾਹੇ ਲਾ ਦਿੰਦੀ। ਇਸ ਵਿੱਚ ਸਕੂਲ ਟੀਚਰ, ਡਾਕਟਰ, ਵਕੀਲ ਸਭ ਸ਼ਾਮਲ ਸਨ ਕਿਸੇ ਦਾ ਕੋਈ ਲਿਹਾਜ ਨਾ ਸੀ। ਮਾਓ ਦੀ ਲਾਲ ਕਿਤਾਬ ਵਿੱਚੋਂ ਪੈਦਾ ਹੋਇਆ ਇਹ ਲਾਲ ਗਾਰਡ ਯਾਣੀ ਰੈਡ ਗਾਰਡ ਨੇ ਨੌਜਵਾਨਾ ਨੂੰ ਪਾਗਲਪਨ ਦੀ ਹਦ ਤਕ ਇਨਾ ਕੱਟੜਪੰਥੀ ਕਰ ਦਿਤਾ ਕਿ ਕਮਿਊਨਿਜਮ ਨਾਲ ਸਹਿਮਤ ਨਾ ਹੋਣ ਤੇ ਓਨੀ ਖੁਦ ਦੇ ਮਾਂ ਬਾਪ ਵੀ ਵਢ ਸੁਟੇ?
ਮਾਓ ਦੀਆਂ ਬੇਵਕੁਫਾਨਾ ਅਤੇ ਜਾਲਮ ਨੀਤੀਆਂ ਦਾ ਇਹ ਭਿਆਨਕ ਅੰਤ ਸਤੰਬਰ 1976 ਵਿੱਚ ਮਾਓ ਦੇ ਮਰਨ ਬਾਅਦ ਹੋਇਆ ਜਿਹੜਾ ਅਪਣੇ ਰਾਜਕਾਲ ਦੌਰਾਨ ਕੋਈ ਢਾਈ ਤਿੰਨ ਕਰੋੜ ਲੋਕਾਂ ਨੂੰ ਬਲੀ ਚਾੜਨ ਦਾ ਕਾਰਨ ਬਣਿਆ।
ਸੰਸਾਰ ਵਿੱਚ ਜਾਲਮ ਤੋਂ ਜਾਲਮ ਬਾਦਸ਼ਾਹ, ਰਾਜੇ, ਮਹਾਰਾਜੇ ਹੋਏ ਹਨ ਪਰ ਪਿਛਲੇ ਦੋ ਸ਼ਾਸ਼ਕ ਓਹ ਜਾਬਰ ਸਨ ਜਿੰਨਾ ਮੁਲੱਖ ਦੀ ਤਰੱਕੀ ਦੇ ਨਾਂ 'ਤੇ ਅਪਣੇ ਹੀ ਮੁਲੱਖ ਦੇ ਲੋਕਾਂ ਦੇ ਆਹੂ ਲਾਹ ਕੇ ਰਖ ਦਿਤੇ ਅਤੇ ਭੁਖ ਨਾਲ ਮਰ ਰਹੇ ਲੋਕਾਂ ਦੀਆਂ ਲਾਸ਼ਾਂ ਉਪਰ ਅਪਣੇ ਸਿੰਘਾਸਨ ਡਾਹੁਣ ਨੂੰ ਇਨਕਲਾਬ ਦਾ ਨਾਂ ਦੇ ਕੇ ਇਨਕਲਾਬ ਦਾ ਹੀ ਜਲੂਸ ਕਢ ਕੇ ਰਖ ਦਿਤਾ!
ਯਾਦ ਰਹੇ ਕਿਸਾਨੀ ਮਾਮਲੇ ਵਿੱਚ ਮੋਦੀ ਜੋ ਅੱਜ ਕਰ ਰਿਹਾ ਕਾਮਰੇਡ ਸ਼ਾਸ਼ਕ ਇਨਕਲਾਬ ਦੇ ਨਾਂ ਹੇਠ ਕਈ ਦਹਾਕੇ ਪਹਿਲਾਂ ਕਰ ਚੁਕੇ ਹੋਏ ਹਨ! ਨਹੀਂ?
ਗੁਰਦੇਵ ਸਿੰਘ ਸੱਧੇਵਾਲੀਆ
ਲਾਸ਼ਾਂ ਦੇ ਢੇਰ ਉੱਤੇ ਸਿੰਘਾਸਨ ਡਾਹੁਣ ਵਾਲੇ ਜ਼ਾਲਮ ਬਾਦਸ਼ਾਹ
Page Visitors: 2472