ਪਟਿਆਲੀਏ ਰਾਜਿਆਂ ਦੀਆਂ ਗੱਦਾਰੀਆਂ ਦਾ ਇਤਿਹਾਸ
ਗੁਰਦੇਵ ਸਿੰਘ ਸੱਧੇਵਾਲੀਆ
ਪਟਿਆਲੀਆਂ ਦੀ ਖਾਲਸਾ ਪੰਥ ਵਿੱਚ ਪਛਾਣ ਜਿਆਦਾਤਰ ਬਾਬਾ ਆਲਾ ਸਿੰਘ ਤੋਂ ਸ਼ੁਰੂ ਹੁੰਦੀ ਹੈ ਉਂਝ ਪਿਛੋਕੜ ਇਨ੍ਹਾਂ ਦਾ ਰਾਜਪੂਤ ਭਟੀਆਂ ਨਾਲ ਜਾ ਜੁੜਦਾ ਜਿਹੜੇ ਪੰਜਾਬ ਆ ਕੇ ਸਿੱਧੂ ਜੱਟ ਬਣ ਗਏ?
ਗੁਰੂ ਘਰ ਨਾਲ ਇਨ੍ਹਾਂ ਦਾ ਵਾਹ ਗੁਰੂ ਹਰ ਰਾਇ ਸਾਹਿਬ ਨਾਲ ਸ਼ੁਰੂ ਹੁੰਦਾ ਜਦ ਇਨ੍ਹਾਂ ਦਾ ਵਡੇਰਾ ਕਾਲਾ, ਫੂਲ ਤੇ ਸੰਦਾਲੀ ਨੂੰ ਗੁਰੂ ਸਾਹਿਬ ਕੋਲੇ ਲੈ ਕੇ ਆਇਆ ਜਿਥੇ ਆ ਕੇ ਓਹ ਦੋਨੋਂ ਅਪਣਾ ਭੁਖਾ ਢਿੱਡ ਵਜਾਓਣ ਲਗਦੇ ਹਨ।
ਅੱਗੇ ਜਾ ਕੇ ਇਨ੍ਹਾਂ ਦੀ ਇਲਾਕੇ ਦੀ ਵੰਡ ਵੰਡਾਈ ਤੋਂ ਲੈ ਕੇ ਆਪਸੀ ਟੱਬਰਾਂ ਦੀ ਵਢ ਟੁਕ ਦਾ ਕਾਫੀ ਝਮੇਲਾ ਰਿਹਾ ਜਿਹੜਾ ਇਥੇ ਵਿਸ਼ਾ ਨਹੀਂ।
ਚੌਧਰੀ ਰਾਮੇ ਦੇ ਛੇ ਪੁਤਾਂ ਵਿੱਚੋਂ ਅਪਾਂ ਗਲ ਬਾਬੇ ਆਲਾ ਸਿੰਘ ਤੋਂ ਸ਼ੁਰੂ ਕਰਦੇ ਹਾਂ ਜਿਹੜਾ ਬੜਾ ਤਿਖਾ ਤੇ ਦਲੇਰ ਸੀ ਜਿਸ ਨੇ ਸਭ ਤੋਂ ਪਹਿਲਾਂ ਅਪਣੇ ਪਿਓ ਦੇ ਕਾਤਲ ਉਗਰਸੈਨ ਅਤੇ ਬੀਰੂ ਵਰਗੇ ਘੇਰ ਕੇ ਵੱਢੇ।
ਉਪਰੰਤ ਇਲਾਕੇ ਮੱਲਣ ਵੰਨੀ ਜਦ ਓਹ ਹੋਇਆ ਤਾਂ 1731 ਵਿੱਚ ਆਲਾ ਸਿੰਘ ਨੇ ਮਲੇਰਕੋਟੀਏ, ਜੰਲਧਰੀਏ ਫੌਜਦਾਰਾਂ ਵਿਰੁਧ ਖਾਲਸਾ ਫੌਜ ਨੂੰ ਅਪਣੀ ਮਦਦ ਲਈ ਸਦਿਆ ਯਾਣੀ ਵਰਤਿਆ। ਵਰਤਿਆ ਮੈਂ ਤਾਂ ਕਿਹਾ ਕਿ ਆਲਾ ਸਿੰਘ ਦੀ ਫਿਤਰਤ ਸੀ ਕਿ ਓਹ ਕਦੇ ਅਬਦਾਲੀ ਦੀ ਕਛ ਵਿੱਚ ਜਾ ਵੜਦਾ ਸੀ ਜਦ ਲੋੜ ਪੈਂਦੀ ਖਾਲਸੇ ਦੇ ਪੈਰੀਂ ਆ ਡਿਗਦਾ ਸੀ ਯਾਣੀ ਓਹ ਵਰਤਦਾ ਹੀ ਸੀ। ਉਸ ਅਪਣੀ ਬਹੁਤੀ ਸਲਤਨਤ ਖਾਲਸਾ ਜੀ ਦੀ ਮਦਦ ਨਾਲ ਫੈਲਾਈ ਸੀ ਪਰ ਜਦ ਸਿੰਘਾਂ ਉਪਰ ਵੱਡਾ ਘੱਲੂਘਾਰਾ ਵਾਪਰਿਆ ਤਾਂ ਉਸ ਅਬਦਾਲੀ ਦੀ ਮਦਦ ਬੇਸ਼ਕ ਨਹੀਂ ਕੀਤੀ, ਪਰ ਓਸ ਵੱਢੇ ਟੁੱਕੇ ਮਾਲਵੇ ਵੰਨੀ ਵਧ ਰਹੇ ਖਾਲਸੇ ਦੀ ਵੀ ਬਾਂਹ ਨਹੀਂ ਫੜੀ।
ਓਹ ਪਾਸਾ ਵੇਖ ਰੰਗ ਬਦਲਦਾ ਸੀ ਕਦੇ ਓਹ ਸਿੰਘਾਂ ਵੰਨੀ, ਕਦੇ ਦਿਲੀ ਦੇ ਬਾਦਸ਼ਾਹ, ਕਦੇ ਮਰਹੱਟਿਆਂ ਤੇ ਕਦੇ ਅਬਦਾਲੀ ਦੀ ਮਦਦ ਕਰ ਰਿਹਾ ਹੁੰਦਾ ਸੀ।
ਜਨਵਰੀ 1764 ਨੂੰ ਜਦ ਖਾਲਸੇ ਨੇ ਸਰਹੰਦ ਫਿਰ ਅਪਣੇ ਪੈਰਾਂ ਵਿੱਚ ਰੋਲੀ ਤਾਂ ਵੰਡੇ ਆਇਆ ਸ਼ਹਿਰ ਅਤੇ ਕਿਲਾ ਸ੍ਰ. ਬੁੱਢਾ ਸਿੰਘ ਭਾਈਕੇ ਨੂੰ ਦੇ ਦਿਤਾ, ਪਰ ਓਹ ਗੁਰੂ ਮਾਰੀ ਸਰਹੰਦ ਸਮਝਕੇ ਉਸਨੂੰ ਲੈਣੀ ਨਹੀਂ ਸੀ ਚਾਹੁੰਦਾ ਤਾਂ ਆਲਾ ਸਿੰਘ ਨੇ ਵੀਹ ਹਜਾਰ ਦੇ ਕੇ ਸਰਹੰਦ ਉਸ ਤੋਂ ਲੈ ਲਈ।
ਅਬਦਾਲੀ ਦੇ ਅਠਵੇਂ ਹਮਲੇ ਵੇਲੇ ਜਦ ਓਹੀ ਸਰਹੰਦ ਆਲਾ ਸਿੰਘ ਨੇ ਤਿੰਨ ਲਖ ਬਦਲੇ ਅਬਦਾਲੀ ਤੋਂ ਲੈ ਕੇ ਉਸ ਦੀ ਅਧੀਨਗੀ ਮੰਨੀ ਅਤੇ ਅਬਦਾਲੀ ਨੇ ਆਲਾ ਸਿੰਘ ਨੂੰ ਰਾਜੇ ਦਾ ਖਿਤਾਬ ਦਿਤਾ ਤਾਂ ਗੁਸੇ ਵਿੱਚ ਆਏ ਸਿੰਘਾਂ ਪਟਿਆਲੇ ਤੇ ਹਮਲਾ ਕਰ ਦਿਤਾ ਤਾਂ ਓਸ ਲੜਾਈ ਵਿੱਚ ਬੜਾ ਸੂਰਬੀਰ ਜਰਨੈਲ ਸ੍ਰ ਹਰੀ ਸਿੰਘ ਭੰਗੀ ਆਲਾ ਸਿੰਘ ਦੀ ਫੌਜ ਦੀ ਗੋਲੀ ਦਾ ਸ਼ਿਕਾਰ ਹੋ ਗਿਆ। ਖਾਲਸੇ ਪਟਿਆਲੇ ਦੀ ਮਿਟੀ ਪੁੱਟ ਦੇਣ ਵਾਲੇ ਹੀ ਸਨ ਜੇ ਸ੍ਰ ਜਸਾ ਸਿੰਘ ਆਹਲੂਵਾਲੀਆ ਮੌਕੇ ਤੇ ਆ ਕੇ ਸਿੰਘਾਂ ਨੂੰ ਸ਼ਾਂਤ ਨਾ ਕਰਦਾ।
70 ਸਾਲ ਦੀ ਉਮਰ ਭੋਗ ਕੇ 1765 ਵਿੱਚ ਚਲ ਵਸੇ ਬਾਬਾ ਆਲਾ ਸਿੰਘ ਤੋਂ ਬਾਅਦ ਕਮਾਂਡ ਸੰਭਾਲੀ ਆਲਾ ਸਿੰਘ ਦੇ ਪੋਤੇ ਰਾਜਾ ਅਮਰ ਸਿੰਘ ਨੇ। ਮੁੰਡੇ ਆਲਾ ਸਿੰਘ ਦੇ ਤਿੰਨੋ ਆਲਾ ਸਿੰਘ ਤੋਂ ਵੀ ਪਹਿਲਾਂ ਮਰ ਚੁਕੇ ਸਨ। ਰਾਜਾ ਅਮਰ ਸਿੰਘ ਦੀ ਵੀ ਖਾਲਸਾ ਫੌਜ ਨੇ ਪਟਿਆਲਾ ਰਾਜ ਨੂੰ ਮੋਕਲਾ ਕਰਨ ਵਿੱਚ ਬਹੁਤ ਮਦਦ ਕੀਤੀ ਤੇ ਲਹੂ ਵੀਟਿਆ। ਖਾਸਕਰ ਸ੍ਰ ਜਸਾ ਸਿੰਘ ਆਹਲੂਵਾਲੀਆ ਇਨ੍ਹਾਂ ਦੇ ਵਡੇਰਿਆਂ ਕਰਕੇ ਇਸ ਘਰਾਣੇ ਪ੍ਰਤੀ ਬਹੁਤ ਜਿਆਦਾ ਦਿਆਲੂ ਰਿਹਾ। ਪਰ ਜਦ 1766 ਵਿੱਚ ਖਾਲਸਾ ਜੀ ਦੀ ਅਬਦਾਲੀ ਦੇ ਦਿਲੀ ਉਪਰ ਕਾਬਜ ਜਰਨੈਲ ਨਜੀਬੁਦੌਲਾ ਨਾਲ ਤੇਗ ਖੜਕੀ ਤਾਂ ਰਾਜਾ ਅਮਰ ਸਿੰਘ ਨਜੀਬੁਦੌਲਾ ਦੀ ਮਦਦ ਤੇ ਜਾ ਖੜਾ ਹੋਇਆ ਤੇ ਖਾਲਸੇ ਵਿਰੁਧ ਕਈ ਲੜਾਈਆਂ ਵਿੱਚ ਨਜੀਬੁਦੌਲਾ ਦੀ ਮਦਦ ਕੀਤੀ।
1767 ਵਿੱਚ ਨਾਵੇਂ ਹਮਲੇ ਵੇਲੇ ਅਬਦਾਲੀ ਅੰਬਾਲੇ ਤੱਕ ਹੀ ਆਇਆ ਤੇ ਮੁੜਦਾ ਹੋਇਆ ਮਾਰਚ ਨੂੰ ਓਹ ਸਰਹੰਦ ਆਣ ਬੈਠਾ ਤਾਂ ਰਾਜੇ ਅਮਰ ਸਿੰਘ ਨੇ ਤਿੰਨ ਲਖ ਅਬਦਾਲੀ ਦੇ ਪੈਰਾਂ ਵਿੱਚ ਰਖਿਆ ਤੇ ਅਬਦਾਲੀ ਨੇ ਪੈਰੀਂ ਡਿਗੇ ਰਾਜੇ ਅਮਰ ਸਿੰਘ ਨੂੰ ਗਲ ਲਾ ਕੇ ਕਿ ਉਠ ਮੇਰਾ ਪੁਤ ਤਗੜਾ ਹੋ ਵਰਗੇ ਹਲਾਤਾਂ ਵਿੱਚ 'ਰਾਜਾ-ਇ-ਰਾਜਗਾਨ' ਦਾ ਖਿਤਾਬ ਦਿਤਾ ਤੇ ਰਾਜੇ ਨੇ ਅਬਦਾਲੀ ਦੇ ਨਾਂ ਦਾ ਸਿਕਾ ਜਾਰੀ ਕੀਤਾ।
1769 ਵਿੱਚ ਅਮਰ ਸਿੰਘ ਨੇ ਸ੍ਰ ਬਘੇਲ ਸਿੰਘ ਦੇ ਕੁਝ ਪਿੰਡਾਂ 'ਤੇ ਕਬਜਾ ਕਰ ਲਿਆ ਜਦ ਸਿੰਘਾਂ ਤਲਵਾਰ ਧੂਹੀ ਤਾਂ ਪੋਤਾ ਵੀ ਦਾਦੇ ਆਲਾ ਸਿੰਘ ਤਰਾਂ ਸਿੰਘਾਂ ਦੀ ਕਮਜ਼ੋਰੀ ਸਮਝਦਾ ਸੀ ਓਸੇ ਵੇਲੇ ਪੈਰੀਂ ਪੈ ਕੇ ਮੁੰਡੇ ਆਵਦੇ ਯਾਣੀ ਸਾਹਿਬ ਸਿੰਘ ਨੂੰ ਅੰਮ੍ਰਿਤ ਛਕਾ ਦਿਤਾ।
1775 ਵਿੱਚ ਦਿਲੀਓਂ ਚੜੀ ਫੌਜ ਵੇਲੇ ਵੀ ਸਿੰਘਾਂ ਰਾਜੇ ਦੀ ਮਦਦ ਕੀਤੀ ਜਿਸ ਵਿੱਚ ਦਿਲੀ ਦਾ ਜਰਨੈਲ ਰਹੀਮਦਾਦ ਖਾਂ ਸਿੰਘਾਂ ਮਾਰ ਕੇ ਅਮਰ ਸਿੰਘ ਦਾ ਦਿਲੀ ਵਾਲਿਆਂ ਤੋਂ ਖਹਿੜਾ ਛੁਡਵਾਇਆ।
1791 ਨੂੰ ਰਾਜਾ ਅਮਰ ਸਿੰਘ 35 ਸਾਲ ਦੀ ਉਮਰ ਵਿੱਚ ਚਲ ਵਸਿਆ ਤਾਂ ਉਸ ਦਾ ਪੁੱਤਰ ਸਾਹਿਬ ਸਿੰਘ ਰਾਜਾ ਬਣਿਆ। ਇਸ ਦੀ ਮਦਦੇ ਮਹਾਰਾਜਾ ਰਣਜੀਤ ਸਿੰਘ ਕਈ ਵਾਰ ਆਇਆ ਤੇ ਇਸ ਦੇ ਭਰਾ ਹਿੰਮਤ ਸਿੰਘ ਨਾਲ ਲੜਾਈ ਅਤੇ ਇਸ ਦੀ ਘਰ ਵਾਲੀ ਆਸਾ ਕੌਰ ਨਾਲ ਲੜਾਈਆਂ ਦੇ ਘਰੇਲੂ ਝਗੜੇ ਓਹ ਕਈ ਵਾਰ ਨਿਬੇੜਦਾ ਰਿਹਾ ਪਰ 1808 ਵਿੱਚ ਇਹ ਮਾਲਵੇ ਦੇ ਦੂਜੇ ਰਾਜਿਆਂ ਨੂੰ ਨਾਲ ਲੈ ਕੇ ਅੰਗਰੇਜੀ ਰਾਜ ਦੀ ਸ਼ਰਨ ਯਾਣੀ ਰਾਖੀ ਵਿੱਚ ਚਲਾ ਗਿਆ? ਦਰਅਸਲ ਖਾਲਸਾ ਰਾਜ ਦੇ ਪਤਨ ਦੀ ਨੀਂਹ ਪਟਿਆਲੀਏ ਰਾਜੇ ਸਾਹਿਬ ਸਿੰਘ ਨੇ ਇਸੇ ਦਿਨ ਰਖ ਦਿਤੀ ਸੀ ਜਦ ਬਾਹਰਲਾ ਦੁਸ਼ਮਣ ਖਾਲਸਾ ਰਾਜ ਦੀਆਂ ਬਰੂਹਾਂ ਤੇ ਲਿਆ ਬੈਠਾਇਆ। ਮਹਾਰਾਜਾ ਰਣਜੀਤ ਸਿੰਘ ਨੇ ਬਾਬਾ ਸਾਹਿਬ ਸਿੰਘ ਬੇਦੀ ਨੂੰ ਵਿੱਚ ਪਾ ਕੇ ਰਾਜੇ ਸਾਹਿਬ ਸਿੰਘ ਨੂੰ ਲਖਨੌਰ ਸਦ ਕੇ ਬੜੇ ਭਰੋਸੇ ਦਵਾਏ ਤੇ ਵਾਸਤੇ ਪਾਏ ਕਿ ਵੈਰੀਆ ਦੁਸ਼ਮਣ ਨੂੰ ਸਾਡੇ ਦਰਵਾਜੇ ਅੱਗੇ ਨਾ ਖੜਾ ਕਰ ਪਰ ਓਹ ਨਹੀਂ ਮੰਨਿਆ।
1809 ਵਿੱਚ ਅੰਗਰੇਜਾਂ ਲੁਧਿਆਣੇ ਪਕੀ ਛਾਓਣੀ ਪਾ ਲਈ ਜਿਥੋਂ ਬੈਠ ਓਹਨਾ ਨੂੰ ਲਹੌਰ ਪਹੁੰਚਣ ਦਾ ਰਸਤਾ ਨੇੜੇ ਜਾਪਣ ਲਗਾ।
ਖਾਲਸਾ ਰਾਜ ਦੇ ਵਿਹੜੇ ਸਿਹ ਦਾ ਤੱਕਲਾ ਗਡ ਪੰਜ ਸਾਲ ਬਾਅਦ ਯਾਣੀ 1713 ਨੂੰ ਸਾਹਿਬ ਸਿੰਘ ਮਰ ਗਿਆ।
ਵਾਰੀ ਆਈ ਰਾਜੇ ਕਰਮ ਸਿੰਘ ਦੀ। 1845 ਵਿੱਚ ਲਹੌਰ ਦਰਬਾਰ ਤੇ ਅੰਗਰੇਜਾਂ ਦੀ ਲੜਾਈ ਵਿੱਚ ਰਾਜੇ ਕਰਮ ਸਿੰਘ ਨੇ ਖੁਲੇ ਦਿਲ ਅੰਗਰੇਜਾਂ ਦੀ ਮਦਦ ਦਾ ਐਲਾਨ ਕੀਤਾ ਪਰ ਫੇਰੂ ਦੀ ਲੜਾਈ ਸ਼ੁਰੂ ਹੋਣ ਦੇ ਅਗਲੇ ਦਿਨ ਹੀ ਕਰਮ ਸਿੰਘ ਵੀ ਸਫ ਵਲੇਟ ਗਿਆ ਯਾਣੀ ਅੰਗਰੇਜਾਂ ਦੀ ਟਾਊਟੀ ਕਰਨ ਦੇ ਅਰਮਾਨ ਦਿਲ ਵਿੱਚ ਲੈ ਕੇ ਹੀ ਮਰ ਗਿਆ।
ਹੁਣ 23 ਸਾਲਾ ਰਾਜਾ ਨਰਿੰਦਰ ਸਿੰਘ ਸ਼ੁਰੂ ਹੁੰਦਾ ਹੈ । ਖਾਲਸਾ ਰਾਜ ਵਿਰੁਧ ਉਸ ਵੀ ਓਹੀ ਕੁਝ ਕੀਤਾ ਜਿਹੜਾ ਉਸ ਦਾ ਪਿਓ ਕਰਨਾ ਚਾਹੁੰਦਾ ਮਰ ਗਿਆ। ਮਾਲਵੇ ਦੇ ਰਾਜਿਆਂ ਦੀਆਂ ਇਨ੍ਹਾਂ ਗੱਦਾਰੀਆਂ ਕਰਕੇ ਜੂਨ 1849 ਵਿੱਚ ਨਾਭਾ, ਜੀਂਦ, ਮਲੇਰਕੋਟਲਾ, ਫਰੀਦਕੋਟ ਅਤੇ ਪਟਿਆਲਾ ਆਦਿ ਅੰਗਰੇਜੀ ਰਾਜ ਵਿੱਚ ਮਿਲਾਓਂਣੋ ਛਡ ਦਿਤੇ ਗਏ।
ਚਾਹੇ ਸਿਖਾਂ ਨੇ ਗੁਸੇ ਵਿੱਚ ਕਿਸੇ ਗਦਰ ਵਦਰ ਦਾ ਸਾਥ ਨਹੀਂ ਦਿਤਾ ਪਰ 1857 ਦੇ ਗਦਰ ਸਮੇ ਪਟਿਆਲਾ ਘਰਾਣਾ ਇਸ ਗਦਰ ਸਮੇ ਅੰਗਰੇਜਾਂ ਦਾ ਸਭ ਤੋਂ ਵਡੇ ਖੈਰਖਾਹ ਰਿਹਾ। ਏਸੇ ਟਾਊਟੀ ਦੇ ਇਨ੍ਹਾਂਮ ਵਜੋਂ ਅੰਗਰੇਜਾਂ ਨਵਾਬ ਝਜਰ ਦੇ ਜਬਤ ਕੀਤੇ ਇਲਾਕੇ ਵਿੱਚੋਂ ਦੋ ਲਖ ਆਮਦਨ ਵਾਲਾ ਇਲਾਕਾ ਅਤੇ ਦਿਲੀ ਦੀ ਬੇਗਮ ਦਾ 'ਜੀਨਤ ਮਹਿਲ' ਰਾਜੇ ਨਰਿੰਦਰ ਸਿੰਘ ਨੂੰ ਇਨ੍ਹਾਂਮ ਵਜੋਂ ਦਿਤਾ ਅਤੇ ਪੂਛ ਉਸ ਦੀ ਮਗਰ ਇਨੇ ਛਜ ਬੰਨੇ ਕਿ ਬੰਦਾ ਗਿਣਦਾ ਈ ਪਾਗਲ ਹੋ ਜਾਏ।
ਫਰਜੰਦਿ ਖਾਸ, ਦੌਲਤੇ ਇੰਗਲਿਸ਼ੀਆ, ਮਨਸੂਰੁਲ ਜ਼ਮਾ, ਅਮੀਰੁੱਲ ਉਮਰਾ, ਮਹਾਰਾਜਾ ਧੀਰਾਜ, ਰਾਜੇਸ਼ਵਰ, ਸ੍ਰੀ ਮਹਾਰਾਜਾ-ਏ-ਰਾਜਗਾਨ ਨਰਿੰਦਰ ਸਿੰਘ ਬਹਾਦੁਰ।
ਸਤਾਰਾ ਏ ਹਿੰਦ ਤੇ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਪੂਛਾਂ ਲਵਾ ਕੇ ਨਵੰਬਰ 1862 ਨੂੰ ਰਾਜਾ ਨਰਿੰਦਰ ਸਿੰਘ ਵੀ ਸਪੁਰਦੇ ਖਾਕ ਹੋ ਗਿਆ।
ਉਪਰੰਤ 10 ਸਾਲ ਦਾ ਮਹਿੰਦਰ ਸਿੰਘ ਰਾਜਾ ਬਣਿਆ ਪਰ ਓਹ 1876 ਵਿੱਚ ਹੀ ਚਲਾ ਗਿਆ। ਪਟਿਆਲੇ ਵਾਲਾ ਮਹਿੰਦਰਾ ਕਾਲਜ ਓਸੇ ਦਾ ਬਣਾਇਆ ਹੈ।
ਰਜਿੰਦਰ ਸਿੰਘ 26 ਕੁ ਸਾਲ ਦੀ ਉਮਰੇ ਯਾਣੀ 1900 ਵਿੱਚ ਚਲਾ ਗਿਆ ਤੇ ਵਾਰੀ ਆਈ ਭੁਪਿੰਦਰ ਸਿੰਘ ਦੀ। ਉਸ ਦੇ ਸਮੇ ਅਕਾਲੀ ਲਹਿਰ ਜੋਰਾਂ ਤੇ ਸੀ। ਕਈ ਜਬਰ ਜੁਲਮ ਸਿਖ ਕੌਮ ਉਪਰ ਅੰਗਰੇਜਾਂ ਢਾਹੇ ਪਰ ਰਾਜਾ ਭੁਪਿੰਦਰ ਸਿੰਘ ਟਸ ਤੋਂ ਮਸ ਨਹੀਂ ਹੋਇਆ ਸਗੋਂ ਅੰਗਰੇਜ ਵਲੋਂ 'ਸਰ' ਦਾ ਖਿਤਾਬ ਉਸ ਨੂੰ ਉਸ ਸਮਿਆ ਵਿੱਚ ਹੀ ਮਿਲਿਆ ਪਤਾ ਨਹੀਂ ਕਿਹੜੀ ਟਾਊਟੀ ਬਦਲੇ।
1938 ਰਾਜਾ ਯਾਦਵਿੰਦਰ ਸਿੰਘ ਗੱਦੀ 'ਤੇ ਬੈਠਾ। ਇਸ ਦੇ ਸਮੇ ਵਿੱਚ ਹਿੰਦੋਸਤਾਨ ਆਜ਼ਾਦ ਹੋਇਆ। ਅੰਗਰੇਜ ਇਨ੍ਹਾਂ ਦੀਆਂ ਵਫਾਦਾਰੀਆਂ ਦੇ ਮੁਲ ਵਜੋਂ ਕਹਿ ਰਹੇ ਸਨ ਕਿ ਸਾਰੀਆਂ ਰਿਆਸਤਾਂ ਰਲਕੇ ਅਪਣੀ ਵਖਰੀ ਤੇ ਆਜ਼ਾਦ ਯੂਨੀਅਨ ਬਣਾ ਲਵੋ । ਬਹੁਤੇ ਰਾਜੇ ਅੰਗਰੇਜ ਦੀ ਇਸ ਰਾਇ ਦੇ ਹਕ ਵਿੱਚ ਸਨ ਪਰ ਗੁਲਾਮੀ ਤੇ ਟਾਊਟੀ ਜਦ ਤੁਹਾਡੇ ਹੱਡਾਂ ਤੱਕ ਉਤਰ ਗਈ ਹੋਵੇ ਤੁਸੀਂ ਆਜ਼ਾਦ ਰਹਿਣ ਦੀ ਸੋਚ ਵੀ ਕਿਵੇਂ ਸਕਦੇਂ ਤੇ ਸਭ ਤੋਂ ਪਹਿਲਾਂ 13 ਮਾਰਚ 1947 ਨੂੰ ਕੈਬਨਿਟ ਮਿਸ਼ਨ ਪਲਾਨ ਦੇ ਮੁਤਾਬਕ ਹਿੰਦ ਵਿੱਚ ਸ਼ਾਮਲ ਹੋਣ ਦਾ ਐਲਾਨ ਰਾਜੇ ਯਾਦਵਿੰਦਰ ਸਿੰਘ ਨੇ ਕੀਤਾ। ਉਸ ਦੀ ਰੀਸੇ ਯਾਣੀ ਅਗਵਾਈ ਹੇਠ 22 ਰਿਆਸਤਾਂ ਹੋਰ ਵੀ ਸ਼ਾਮਲ ਹੋ ਗਈਆਂ ਯਾਣੀ ਆਜ਼ਾਦ ਰਿਆਸਤਾਂ ਨੂੰ ਹਿੰਦੂ ਜੂਲੇ ਹੇਠ ਦੇਣ ਲਈ ਪਟੇਲ ਦੀ ਸਭ ਤੋਂ ਵਧ ਮਦਦ ਰਾਜੇ ਯਾਦਵਿੰਦਰ ਸਿੰਘ ਨੇ ਕੀਤੀ ਯਾਣੀ ਅਪਣੀ ਪਿਤਾ ਪੁਰਖੀ ਗਦਾਰੀ ਦੀ ਮਾਣ ਮਰਿਯਾਦਾ ਨੂੰ ਪਟਿਆਲਾ ਘਰਾਣੇ ਨੇ ਪੂਰੀ ਤਨਦੇਹੀ ਨਿਭਾਇਆ।
ਇਸ ਤੋਂ ਅਗਲੇ ਰਾਜੇ ਦਾ ਹਾਲ ਅਤੇ ਇਤਿਹਾਸ ਤਾਂ ਤੁਹਾਡੇ ਸਾਹਵੇਂ ਤੁਰਿਆ ਫਿਰਦਾ ਜਿਹੜਾ ਗੁਰਬਾਣੀ ਹਥ ਫੜ ਫੜ ਸੌਂਹਾਂ ਖਾ ਹਟਿਆ ਤੇ ਕੌਮ ਤੁਹਾਡੀ ਦੀ ਨਸਲਕੁਸ਼ੀ ਕਰਨ ਵਾਲੇ ਬੁਚੜ ਕੇ ਪੀ ਗਿਲ ਵਰਗਿਆਂ ਦੀਆਂ ਪਰਕਮਾਂ ਕਰ ਹੱਟਿਆ।
ਯਾਦ ਰਹੇ ਅਜਿਹੇ ਘਰਾਣੇ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਦਾਸ ਬਣਨ ਵਿੱਚ ਕਿੰਨੇ ਮਾਹਰ ਰਹੇ ਨੇ ਕਿ ਅਜ ਖਾਲਸਾ ਰਾਜ ਤੁਸੀਂ ਲੈ ਲਓ ਪਟਿਆਲੀਆਂ ਵਰਗੇ ਘਰਾਣਿਆਂ ਦੀ ਪੁਜੀਸ਼ਨ ਓਥੇ ਵੀ ਓਹੀ ਹੋਵੇਗੀ ਜੋ ਅਬਦਾਲੀ ਵੇਲੇ ਸੀ, ਜੋ ਅੰਗਰੇਜ ਵੇਲੇ ਤੇ ਜੋ ਅਜ ਹਿੰਦੂ ਵੇਲੇ ਹੈ! ਨਹੀਂ?
ਗੁਰਦੇਵ ਸਿੰਘ ਸੱਧੇਵਾਲੀਆ
ਪਟਿਆਲੀਏ ਰਾਜਿਆਂ ਦੀਆਂ ਗੱਦਾਰੀਆਂ ਦਾ ਇਤਿਹਾਸ
Page Visitors: 2467