ਕੀ ਇਹ ਨਾਮ ਜਪਣਾ ਹੈ?
‘ਦਾ ਖਾਲਸਾ ਵੈਬ ਸਾਈਟ’ ਤੇ ਪਿਆ ਇੱਕ ਵੀਡਿਓ ਮੈਂ ਵੇਖਿਆ ਸੁਣਿਆ ਹੈ। ਇਸ ਵਿੱਚ ਸੇਵਾ ਸਿੰਘ ਤ੍ਰਿਮਾਲੇ ਦੀ ਅੰਤਮ ਅਰਦਾਸ ਦੇ ਸਮਾਗਮ ਤੇ ਇਕੱਠੇ ਹੋਏ ਲੋਕ ਆਪਣੇ ਵਲੋਂ ਤਾਂ ਨਾਮ ਜਪ ਰਹੇ ਹਨ, ਪਰ ਸਿਰਾਂ ਨੂੰ ਜੋਰ-ਜੋਰ ਨਾਲ ਫੇਰਦਿਆਂ ਹੋਇਆਂ ਕਈਆਂ ਦੀਆਂ ਦਸਤਾਰਾਂ ਖੁੱਲ ਗਈਆਂ ਹਨ, ਕੇਸ ਖਿਲਰ ਗਏ ਹਨ, ਕਈ ਭਵਾਂਟਣੀਆਂ ਲੈ ਰਹੇ ਹਨ, ਕਈ ਉਛਲ-ਉਛਲ ਕੇ, ਭੁੜਕ-ਭੜਕੁ ਕੇ ਵਾਹਿਗੁਰੂ –ਵਾਹਿਗੁਰੂ ਕਹਿ ਰਹੇ ਹਨ। ਕੀ ਵਾਹਿਗੁਰੂ ਦਾ ਜਾਪ ਕਰਨ ਦਾ
ਇਹੋ ਤਰੀਕਾ ਹੈ? ਸਿੱਖ ਮਰਿਆਦਾ ’ਚ ਤਾਂ ਇਸ ਢੰਗ ਨਾਲ ਜਾਪ ਕਰਨ ਦੀ ਖੁੱਲ ਨਹੀਂ ਹੈ। ਸੂਫ਼ੀ (ਮੁਸਲਮਾਨਾਂ ਦਾ ਇੱਕ ਕਿੱਤਾ) ਨੱਚ ਟਪ ਕੇ ਰਬ ਨੂੰ ਰੀਝਾਉਣ ਦੀ ਕੋਸ਼ਿਸ਼ ਕਰਦਾ ਹੈ, ਇਹ ਉਨ੍ਹਾਂ ਦੀ ਮਰਿਆਦਾ ਹੈ। ਇਸ ਨੂੰ ਉਹ ਵਜਿਦ ਆਖਦੇ ਹਨ। ਨਾਮਧਾਰੀਆਂ ਵਿੱਚ ਵੀ ਇਹ ਵਾਦੀ ਕਿਤੇ-ਕਿਤੇ ਵੇਖਣ
ਵਿੱਚ ਆਉਂਦੀ ਹੈ। 1947 ਤੋਂ ਪਹਿਲਾਂ ਇੱਕ ਵਾਰੀ ਸਾਡੇ ਪਿੰਡ (ਜੋ ਹੁਣ ਪਾਕਿਸਤਾਨ ਵਿੱਚ ਹੈ) ਨਾਮਧਾਰੀਆਂ ਦਾ ਦੀਵਾਨ ਲੱਗਾ। ਕਈ ਕੇਸ ਖਲਾਰ ਕੇ ਭਵਾਂਟਣੀਆਂ ਲੈ ਰਹੇ ਸਨ, ਸਿਰ ਫ਼ੇਰ ਰਹੇ ਸਨ। ਉਸ ਵਕਤ ਬਾਬਾ ਪਰਤਾਪ ਸਿੰਘ ਨਾਮਧਾਰੀਆਂ ਦੀ ਗੁਰਗੱਦੀ ਤੇ ਸਨ, ਉਹ ਸਟੇਜ ਤੇ ਬੈਠੇ ਸਨ। ਕੀਰਤਨੀਆ ਭਾਈ ਅਤਰ ਸਿੰਘ ਕੀਰਤਨ ਕਰਦਾ-ਕਰਦਾ ਸਟੇਜ ਤੋਂ ਛਾਲ ਮਾਰ ਕੇ ਥੱਲੇ ਉਤਰ ਆਇਆ, ਖੜਤਾਲਾਂ ਵਜਾਉਂਦਾ ਕਦੀ ਕਿਸੇ ਪਾਸੇ ਨੂੰ ਦੌੜ ਜਾਏ, ਕਦੀ ਕਿਸੇ ਪਾਸੇ ਨੂੰ। ਛਾਲਾਂ ਮਾਰਦਾ ਭੱਜਿਆ ਫਿਰੇ ।
ਮੈਂ ਇੱਕ ਬਜੁਰਗ ਕੋਲੋਂ ਪੁਛਿਆ “ ਇਹਨੂੰ ਕੀ ਹੋ ਗਿਆ ਹੈ ”। ਉਸ ਜਵਾਬ ਦਿੱਤਾ “ਇਹਨੂੰ ਸੂਤਰ ਪੈ ਗਿਆ ਹੈ”। ਮੇਰੇ ਮੂੰਹ ਚੋਂ ਨਿਕਲ ਗਿਆ “ਸੂਤਰ ਪੈ
ਗਿਆ ਹੈ ਕਿ ਇਹ ਭੂਤਰ ਗਿਆ ਹੈ”। ਇਸ ਦੇ ਬਦਲੇ ’ਚ ਮੈਨੂੰ ਬਜ਼ੁਰਗ ਕੋਲੋਂ ਚੰਗੀ ਡਾਂਟ ਪਈ।
ਰਾਸਧਾਰੀਏ ਵੀ ਸਵਾਂਗ ਬਣਾ-ਬਣਾ ਕੇ ਨੱਚ ਟਪ ਕੇ ਰਾਸਲੀਲਾ ਪਾਉਂਦੇ ਹਨ।
“ ਵਾਇਨਿ ਚੇਲੇ ਨਚਿਨਿ ਗੁਰ।ਪੈਰ ਹਲਾਇਨ੍ਹਿ ਫੇਰਨ੍ਹਿ ਸਿਰਿ॥
ਉਡਿ ਉਡਿ ਰਾਵਾ ਝਾਟੈ ਪਾਇ॥ਵੇਖੇ ਲੋਕੁ ਹਸੇ ਘਰਿ ਜਾਇ॥……………… ॥
ਨਚਣੁ ਕੁਦਣੁ ਮਨ ਕਾ ਚਾਉ॥ਨਾਨਕ ਜਿਨ੍ਹ ਮਨਿ ਭਉ ਤਿਨ੍ਹਾ ਮਨਿ ਭਾਉ॥- ਮ:1॥ਪੰਨਾ 465॥
ਇਹੋ ਜਿਹੇ ਸ਼ੋਰ ਸ਼ਰਾਬੇ ਵਿੱਚ ਵਾਹਿਗੁਰੂ ਨਾਲ ਸੁਰਤ ਜੋੜਣੀ ਤਾਂ ਕਿਤੇ ਰਹੀ, ਜੁੜੀ ਹੋਈ ਵੀ ਉੱਖੜ ਜਾਂਦੀ ਹੈ। ਨਾਮ ਤਾਂ ਸਹਿਜ ਵਿੱਚ ਟਿੱਕ ਕੇ ਜਪੀਦਾ ਹੈ।
“ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ॥
ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ॥……….॥