ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥
ਗੁਰਦੇਵ ਸਿੰਘ ਸੱਧੇਵਾਲੀਆ
ਅਗਲੇ ਬਚਨ ਵਿੱਚ ਬਾਬਾ ਜੀ ਅਪਣੇ ਕਹਿੰਦੇ ਕਿ ਇਸ ਗਰਬ ਤੋਂ ਵਿਕਾਰ ਬਹੁਤ ਪੈਦਾ ਹੁੰਦੇ। ਸਭ ਤੋਂ ਵਡਾ ਵਿਕਾਰ ਤਾਂ ਹੰਕਾਰ ਹੈ। ਵਡਾ ਹੋਣ ਦਾ ਹੰਕਾਰ, ਉਚਾ ਹੋਣ ਦਾ ਹੰਕਾਰ, ਖਾਸ ਹੋਣ ਦਾ ਹੰਕਾਰ। ਹਾਥੀ ਵਰਗਾ, ਦੀਰਘ ਰੋਗ ਵਰਗਾ ਹੰਕਾਰ।
ਬੰਦੇ ਕੋਲੇ ਜਦ ਹੋਰ ਕੁਝ ਹੋਣ ਦਾ ਹੰਕਾਰ ਨਾ ਰਹਿ ਜਾਏ ਤਾਂ ਓਹ ਜਾਤ ਉਚੀ ਹੋਣ ਦਾ ਹੰਕਾਰ ਹੀ ਕਰ ਬੈਠਦਾ।
ਪੰਡੀਏ ਦੇਖਿਆ ਕਿ ਗੁਰਾਂ ਦੀ ਨਦਰ ਸਦਕਾ ਪੰਜਾਬ ਵਿਚ ਉਸ ਨੂੰ ਕੋਈ ਬੇਰਾਂ ਵਟੇ ਨਹੀਂ ਪੁਛਦਾ। ਉਸ ਦਾ ਰਾਹ ਛਡ ਜਾਣ ਵਾਲੇ ਸ਼ੂਦਰ ਤੇ ਨੀਚ ਪੰਜਾਬ ਵਿਚ ਉਸ ਨੂੰ ਓਏ ਬਾਹਮਣਾ ਕਰਕੇ ਬੁਲਾਉਣ?
ਵਟ ਤਾਂ ਚੜਨੇ ਹੀ ਸਨ। ਹੈ ਜੱਟ ਵੀ ਸ਼ੂਦਰ ਹੀ ਸੀ ਪਰ ਜਿਵੇਂ ਆਪਾਂ ਸੋਚ ਲੈਨੇ ਕਿ ਰਸਤਾ ਕੋਈ ਨਹੀਂ ਬਚਿਆ ਤਾਂ ਮਾੜਿਆਂ ਵਿਚੋਂ ਘਟ ਮਾੜਾ ਚੁਣ ਲੈਨੇ ਆਂ ਤਾਂ ਉਸ ਜੱਟ ਨੂੰ ਘਟ ਨੀਵਾਂ ਸ਼ੂਦਰ ਜਾਣ ਜੱਟ ਸ਼ੂਦਰ ਚੁਣ ਲਿਆ। ਉਸ ਨੂੰ ਜਿਓਂ ਹਵਾ ਕੀਤੀ ਕਿ ਪਾਟਣ ਵਾਲਾ ਕਰ ਦਿੱਤਾ।
ਗੰਡਾਸਾ ਜੱਟ ਦਾ, ਘੋਟਨਾ ਜੱਟ ਦਾ, ਬਦਲਾ ਜੱਟ ਦਾ, ਝੋਟਾ ਬਕਰਾ ਸਭ ਜੱਟ ਦਾ। ਫਿਲਮਾ ਤੋਂ ਲੈਕੇ ਗਾਣਿਆਂ ਤਕ ਮਾਂ ਦਿਆਂ ਪੁਤਾਂ ਛਡਿਆ ਕਖ ਨਹੀਂ ਜਿਹੜਾ ਜੱਟ ਦੇ ਖਾਤੇ ਨਹੀਂ ਪਾਇਆ ਤੇ ਭੂਤਰਿਆ ਜੱਟ ਪੰਡੀਏ ਤਰਾਂ ਹੀ ਖਤਰਨਾਕ ਹੋ ਨਿਬੜਿਆ।
ਸ਼ੂਦਰ ਜੱਟ ਤਾਂ ਪੰਡੀਏ ਆਵਦੇ ਵਰਗਾ ਯਾਣੀ ਜਾਤ ਅਭਿਮਾਨੀ ਕਰ ਲਿਆ ਪਰ ਅਗਲਾ ਦੁਖਾਂਤ ਇਹ ਹੋਇਆ ਕਿ ਦੂਜਿਆਂ ਸ਼ੂਦਰਾਂ ਜੱਟ ਨੂੰ ਹੀ ਸਿੱਖ ਜਾਂ ਖਾਲਸਾ ਪੰਥ ਸਮਝ ਕੇ ਸਿੱਖੀ ਤੋਂ ਪਾਸਾ ਮੋੜ ਲਿਆ। ਡਿੱਗਾ ਖੋਤੇ ਤੋਂ ਗੁੱਸਾ ਘੁਮਾਰ 'ਤੇ ਕੱਢਣ ਤਰਾਂ ਬੰਦਾ ਸਤਾਇਆ ਜੱਟ ਦਾ ਸੀ ਗੁੱਸਾ ਸਿੱਖੀ 'ਤੇ ਕੱਢ ਗਿਆ ਬਿਨਾ ਇਹ ਗਲ ਸਮਝੇ ਕਿ ਸਿੱਖੀ ਕਿਸੇ ਜੱਟ ਵੱਟ ਦੀ ਮਨਾਪਲੀ ਨਹੀਂ ਬਲਕਿ ਗੁਰਾਂ ਦੀ ਨਦਰ 'ਤੇ ਖੜੋਤੀ ਹੈ, ਜਿਸ ਦਾ ਪਾਤਰ ਕੋਈ ਵੀ ਬਣ ਸਕਦਾ। ਇਤਿਹਾਸ ਇਸ ਗਲ ਦਾ ਠੋਸ ਗਵਾਹ। ਭੰਗੀ, ਕਲਾਲ, ਜੱਟ, ਚਮਾਰ ਸਭ ਸਰਦਾਰ। ਸਭ ਦਾ ਲੰਗਰ ਇਕੇ ਥਾਂ। ਕਿਸੇ ਨੂੰ ਪਤਾ ਨਾ ਸੀ ਜੰਗ ਦੇ ਮੈਦਾਨ ਵਿਚ ਭੰਗੀ ਦਾ ਸਿਰ ਲੱਥਾ ਜਾਂ ਜੱਟ ਜਾਂ ਚਮਾਰ ਦਾ। ਇੱਕ ਸਿਰ ਲੱਥਦਾ ਚਾਰ ਮਗਰ ਹੋਰ ਖੜੇ ਹੁੰਦੇ। ਕਿਸੇ ਦੇ ਚਿਤ ਚੇਤੇ ਵੀ ਨਾ ਸੀ ਕਿ ਕਿੰਨੇ ਜੱਟ ਡਿੱਗੇ ਮੈਦਾਨ ਵਿਚ, ਕਿੰਨੇ ਤਖਾਣ ਜਾਂ ਨਾਈ। ਇਹ ਤਾਂ ਗਿਣਤੀਆਂ ਗੁਰਨਾਮ ਸਿੰਘ ਵਰਗੇ ਅੱਜ ਕਰਨ ਲੱਗੇ, ਇਹ ਵੰਡੀਆਂ ਤਾਂ ਹੁਣ ਪੈਣ ਲਗੀਆਂ ਕਿ ਲੱਥੇ ਸਿਰਾਂ ਵਿੱਚ ਜੱਟਾਂ ਦੀ ਢੇਰੀ ਵਡੀ ਸੀ ਜਾਂ ਸ਼ੂਦਰਾਂ ਦੀ!
ਸ਼ੂਦਰ ਦਾ ਗੁੱਸਾ ਤਾਂ ਜਾਇਜ ਸੀ ਜੇ ਗੁਰਾਂ ਨੇ ਕੋਈ ਇਸ਼ਾਰਾ ਵੀ ਕੀਤਾ ਹੁੰਦਾ ਕਿ ਕੌਣ ਉਚਾ ਤੇ ਕਿਹੜਾ ਨੀਵਾਂ। ਪੰਡੀਏ ਦੀ ਤਾਂ ਪੂਜੀ ਜਾਣ ਵਾਲੀ ਮੰਨੂੰ ਸਿਮਰਤੀ ਕਹਿ ਰਹੀ ਕਿ ਕਾਂ, ਕੁਤਾ, ਕੀੜਾ ਤੇ ਸ਼ੂਦਰ ਦੂਰ ਰਖੋ। ਕੇਰਲਾ ਵੰਨੀ ਹਾਲੇ ਤੱਕ ਇਹ ਗੱਲਾਂ ਅਮਲ ਵਿੱਚ ਹਨ ਕਿ ਸ਼ੂਦਰ ਦੀ ਔਰਤ ਛਾਤੀ ਨਹੀਂ ਢੱਕ ਸਕਦੀ, ਸ਼ੂਦਰ ਨੂੰ ਠਾਕਰਾਂ ਦੇ ਘਰਾਂ ਅਗਿਓਂ ਜੁਤੀਆਂ ਲਾਹ ਕੇ ਅਤੇ ਸਾਇਕਲਾਂ ਤੋਂ ਉਤਰ ਕੇ ਲੰਗਣਾ ਪੈ ਰਿਹਾ। ਮੁਲਖ ਦਾ ਰਾਸ਼ਟਰਪਤੀ ਅਗਲਿਆਂ ਥੜੇ ਨਹੀਂ ਚੜਨ ਦਿਤਾ। ਗਿਆਨੀ ਜੈਲ ਸਿੰਘ ਪਓੜੀਆਂ 'ਚ ਖੜਾ ਕਰੀ ਰਖਿਆ।
ਬਾਬਾ ਜੀ ਅਪਣਿਆਂ ਤਾਂ ਪੰਡੀਏ ਵਾਲਾ ਫਸਤਾ ਉਸ ਸਮੇ ਹੀ ਵਢ ਦਿਤਾ ਸੀ ਜਦ ਸ਼ੀਬਾ, ਨਾਈ, ਚਮਾਰ, ਜੁਲਾਹਾ ਸਭ ਇੱਕ ਅਤੇ ਉਨ੍ਹਾਂ ਮਹਾਂਪੁਰਖਾਂ ਦੀ ਜੁਅਰਤ ਦੇਖੋ ਜਿਸ ਪੰਡੀਏ ਦੀ ਸਿਰਜੀ ਗਈ ਜਾਤ ਨੂੰ ਲੋਕ ਲੁਕਾ ਲੁਕਾ ਰਖਦੇ ਸਨ ਉਨ੍ਹਾਂ ਫਖਰ ਨਾਲ ਕਿਹਾ ਕਿ ਚਮਾਰ ਤਾਂ ਚਮਾਰ ਹੀ ਸਹੀਂ ਤੇਰੇ ਤਰਾਂ ਲੋਕਾਂ ਨੂੰ ਲੁੱਟ ਕੇ ਤਾਂ ਨਹੀਂ ਖਾਂਦਾ। ਜੁਲਾਹਾ ਤਾਂ ਜੁਲਾਹਾ ਹੀ ਸਹੀਂ ਲੋਕਾਂ ਦਾ ਖੂਨ ਤਾਂ ਨਹੀਂ ਪੀਂਦਾ। ਹਰੇਕ ਭਗਤ ਨੇ ਜਾਤ ਲੁਕਾਈ ਹੀ ਨਹੀਂ ਕਿਉਂਕਿ ਓਹ ਇਸ ਨੂੰ ਮੰਨਦੇ ਹੀ ਨਾ ਸੀ ਤੇ ਨਾ ਉਨ੍ਹਾਂ ਵਿੱਚ ਜਾਤ ਨੂੰ ਲੈ ਕੇ ਕੋਈ ਹੀਣਭਾਵਨਾ ਸੀ।
ਗੁਰਾਂ ਦੀ ਪੰਡੀਏ ਖਿਲਾਫ ਇਹ ਵੱਡੀ ਬਗਾਵਤ ਸੀ, ਸਭ ਚਮਾਰ ਨਾਈ ਸ਼ੀਂਬੇ ਆਖੇ ਜਾਣ ਵਾਲੇ ਬਾਬਾ ਜੀ ਅਪਣਿਆਂ ਅਪਣੇ ਨਾਲ ਸਿੰਘਾਸਨ 'ਤੇ ਬੈਠਾ ਲਏ ਅਤੇ ਪੰਡੀਏ ਖਿਲਾਫ ਇਸ ਬਗਾਵਤ ਦਾ ਇਵਜਾਨਾ ਗੁਰੂ ਕਿਆਂ ਨੂੰ ਅਗੇ ਜਾ ਕੇ ਭੁਗਤਣਾ ਪਿਆ।
ਯਾਦ ਰਹੇ ਚਾਹੇ ਜੱਟ ਜਾਂ ਚਮਾਰ ਜਾਂ ਸ਼ੂਦਰ, ਪੰਡੀਏ ਦੇ ਤੰਦੂਏ ਜਾਲ ਵਿਚ ਹਰੇਕ ਫਸ ਚੁਕਾ ਹੋਇਆ। ਜੇ ਜੱਟ ਛਨੀ ਦੀਆਂ ਪਿੰਝਣੀਆਂ ਮਲਣ ਲਈ ਤੇਲ ਚੁਕੀ ਫਿਰਦਾ ਤਾਂ ਲੁਹਾਰ ਤਖਾਣ ਵੀ ਵਿਸ਼ਕਰਮਾ ਦੇ ਖਰਾਦ ਤੋਂ ਨਹੀਂ ਉਤਰਿਆ। ਧੱਕੇ ਖਾ ਕੇ ਵੀ ਸ਼ੂਦਰ ਪੰਡੀਏ ਦੇ ਮੰਦਰ ਵੜਨ ਲਈ ਤਰਲੋਮੱਛੀ ਹੋਇਆ ਫਿਰਦਾ ਅਤੇ ਪੰਡੀਏ ਦੇ ਵੱਡੇ ਏਜੰਟਾਂ ਯਾਣੀ ਰਾਧਾ ਸੁਆਮੀਏ ਜਾਂ ਸੌਦੀਏ ਦੇ ਸਭ ਤੋਂ ਜਿਆਦਾ ਭੀੜ ਇਨਾ ਦੀ। ਰਾਮ ਮੰਦਰ ਦੀਆਂ ਇਟਾਂ ਰੋੜਿਆਂ ਦਾ ਸਭ ਤੋਂ ਜਿਆਦਾ ਫਿਕਰ ਸ਼ੂਦਰ ਨੂੰ?
ਮੂਰਖ ਤੇ ਗਵਾਰ ਲੋਕ ਹੰਕਾਰ ਕਰਦੇ ਅਪਣੀ ਕਿਸੇ ਉਚੀ ਜਾਤ ਦਾ ਨਹੀਂ ਤਾਂ ਕਬੀਰ ਸਾਹਿਬ ਤਾਂ ਡਾਂਡੇ ਮੀਂਡੇ ਈ ਹੋ ਪਏ ਪੰਡੀਏ ਨੂੰ ਕਿ ਕਿਸੇ ਹੋਰ ਰਾਹੇ ਆ ਜਾਂਦਾ ਜੇ ਤੂੰ ਐਡਾ ਈ ਬਾਹਮਣ ਸੀ।
ਗੁਰਦੇਵ ਸਿੰਘ ਸੱਧੇਵਾਲੀਆ
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥
Page Visitors: 2579