ਦਰਬਾਰ ਸਾਹਿਬ ਤੇ ਹਮਲੇ ਦੇ ਤਥ
ਸ. ਕੁਲਵੰਤ ਸਿੰਘ ਢੇਸੀ ਜੀ, ਮੈਂ ਆਪਣੀ ਜੋ ਲਿਖਤ ਆਪ ਜੀ ਦੇ ‘ਉਪਰੇਸ਼ਨ ਬਲੂਸਟਾਰ’ ਵਾਲੇ ਲੇਖ ਦੇ ਪ੍ਰਤੀਕਰਮ ਵਜੋਂ ਆਪ ਜੀ ਨੂੰ ਭੇਜੀ ਸੀ ਉਸ ਦੇ ਸਬੰਧ ਵਿਚ ਜੋ ਆਪ ਜੀ ਨੇ ਮੈਨੂੰ ਈ-ਮੇਲ ਕੀਤੀ ਹੈ ਉਸ ਵਿਚ ਆਪ ਜੀ ਦੀਆਂ ਕੁਝ ਟਿੱਪਣੀਆਂ ਸ਼ਾਮਲ ਹਨ ਜੋ ਕਿ ਹੇਠਾਂ ਦਿੱਤੇ ਅਨੁਸਾਰ ਹਨ:
1. ਮੈਂ, ਭਾਵ ਇਕਬਾਲ ਸਿੰਘ ਢਿੱਲੋਂ ਨੇ , ਆਪਣੀ ਲਿਖਤ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਉਭਾਰ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
2. ਆਪ ਜੀ ਆਪਣੀ ਇਸ ਦਲੀਲ ਤੇ ਬਜ਼ਿਦ ਹੋ ਕਿ ਸੰਤ ਭਿੰਡਰਾਂਵਾਲੇ ਨੂੰ ਕਾਂਗਰਸ ਨੇ ਨਹੀਂ ਉਭਾਰਿਆ ਸੀ।
3. ਆਪ ਜੀ ਅਨੁਸਾਰ ਸੰਤ ਭਿੰਡਰਾਂਵਾਲੇ ਦਾ ਉਭਾਰ ਸ੍ਰੀਮਤੀ ਇੰਦਰਾ ਗਾਂਧੀ ਦੀ ਸਿਖ-ਦਮਨ ਦੀ ਨੀਤੀ ਦੇ ਪ੍ਰਤੀਕਰਮ ਵਜੋਂ ਹੋਇਆ ਸੀ।
ਉੱਪਰ ਆਏ ਨੁਕਤਿਆਂ ਪ੍ਰਤੀ ਮੇਰਾ ਸਪਸ਼ਟੀਕਰਨ ਕ੍ਰਮਵਾਰ ਹੇਠਾਂ ਦਿੱਤੇ ਅਨੁਸਾਰ ਹੈ:
1. ਭਿੰਡਰਾਂਵਾਲੇ ਦੇ ਉਭਾਰ ਸਬੰਧੀ ਜੋ ਭੂਮਿਕਾ ਕਾਂਗਰਸ ਦੀ ਰਹੀ ਹੈ ਉਸ ਦੇ ਮੈਂ ਆਪਣੀ ਲਿਖਤ ਵਿਚ ਅਨੇਕਾਂ ਸਬੂਤ ਦਿੱਤੇ ਹਨ; ਚੰਗਾ ਹੋਵੇ ਕਿ ਆਪ ਜੀ ਇਕ-ਇਕ ਕਰਕੇ ਉਹਨਾਂ ਸਬੂਤਾਂ ਦੇ ਸੰਦਰਭ ਵਿਚ ਆਪਣਾ ਪੱਖ ਰੱਖੋ। ਬਾਕੀ, ਗਿਆਨੀ ਜ਼ੈਲ ਸਿੰਘ ਨੇ ਪੰਜਾਬ ਦੇ ਮੁੱਖ-ਮੰਤਰੀ, ਕੇਂਦਰ ਵਿਚ ਗ੍ਰਹਿ-ਮੰਤਰੀ ਅਤੇ ਆਖਰ ਵਿਚ ਭਾਰਤ ਦੇ ਰਾਸ਼ਟਰਪਤੀ ਹੁੰਦਿਆਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਉਸ ਦੀ ਮੌਤ ਦੇ ਸਮੇਂ ਤਕ ਲਗਾਤਾਰ ਪੁਸ਼ਤ-ਪਨਾਹੀ ਕੀਤੀ । ਗਿਆਨੀ ਜੀ ਦੀ ਇਹ ਵਿਸ਼ੇਸ਼ ਭੂਮਿਕਾ ਜਾਤੀ ਪੱਧਰ ਤੇ ਵੀ ਹੋ ਸਕਦੀ ਹੈ, ਕਾਂਗਰਸੀ ਹੋਣ ਦੇ ਨਾਤੇ ਵੀ ਹੋ ਸਕਦੀ ਹੈ , ਥਰਡ ਏਜੰਸੀ ਜਾਂ ਰਾਅ ਵਰਗੀ ਕਿਸੇ ਗੁਪਤ ਸੰਸਥਾਨ ਦੇ ਇਸ਼ਾਰੇ ਤੇ ਵੀ ਹੋ ਸਕਦੀ ਹੈ ਅਤੇ ਸੋਵੀਅਤ ਰੂਸ ਦੇ ਏਜੰਟ ਵਜੋਂ ਵੀ ਹੋ ਸਕਦੀ ਹੈ। ਪਰੰਤੂ ਇਹ ਨਿਸਚਤ ਹੈ ਕਿ ਜਿਸ-ਜਿਸ ਧਿਰ ਨੇ ਵੀ ਸੰਤ ਭਿੰਡਰਾਂਵਾਲੇ ਨੂੰ ਉਭਾਰਿਆ ਉਸ ਨੇ ਆਪਣੇ ਕਿਸੇ ਵਿਸ਼ੇਸ਼ ਮਕਸਦ ਦੀ ਪੂਰਤੀ ਲਈ ਉਸ ਨੂੰ ਮੋਹਰਾ ਬਣਾ ਕੇ ਵਰਤਣ ਦੇ ਮਕਸਦ ਨਾਲ ਹੀ ਉਸ ਨੂੰ ਉਭਾਰਿਆ ਸੀ।
2. ਆਪ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਕਾਂਗਰਸ ਜਾਂ ਕਿਸੇ ਹੋਰ ਧਿਰ ਵੱਲੋਂ ਉਭਾਰੇ ਜਾਣ ਦੇ ਸੰਕਲਪ ਨੂੰ ਰਦ ਕਰਦੇ ਹੋ ਪਰੰਤੂ ਆਪ ਜੀ ਨੂੰ ਇਹ ਜ਼ਰੂਰ ਸੋਚਣਾ ਪਵੇਗਾ ਕਿ ਸੰਤ ਭਿੰਡਰਾਂਵਾਲਾ ਦਮਦਮੀ ਟਕਸਾਲ ਦਾ ਮੁੱਖੀ ਸੀ ਅਤੇ ਦਮਦਮੀ ਟਕਸਾਲ ਦੇ ਕੰਮ-ਕਾਜ ਨੂੰ ਸੰਭਾਲਣਾ ਅਤੇ ਇੱਥੌਨ ਦੇ ਧਾਰਮਿਕ ਪ੍ਰੋਗਰਾਮਾਂ ਨੂੰ ਨਿਭਾਉਣਾ ਉਸ ਦੀ ਮੁੱਖ ਜ਼ਿੰਮੇਵਾਰੀ ਸੀ। ਫਿਰ ਕੀ ਕਾਰਨ ਸੀ ਉਹ ਆਪਣੇ ਮੁੱਢਲੇ ਕੰਮਾਂ ਨੂੰ ਛੱਡ ਕੇ ਅਕਾਲੀ ਪਾਰਟੀ ਦੇ ਅਹੁਦੇਦਾਰਾ ਨਾਲ ਖਹਿਬਾਜ਼ੀ ਵੱਲ ਰੁਚਿਤ ਹੋ ਗਿਆ ਅਤੇ ਉਸ ਨੇ ਚੌਕ ਮਹਿਤਾ ਛੱਡ ਕੇ ਦਰਬਾਰ ਸਾਹਿਬ ਕੰਪਲੈਕਸ, ਅੰਮ੍ਰਿਤਸਰ ਵਿਚ ਜਾ ਡੇਰਾ ਜਮਾਇਆ ? ਨਿਸਚੇ ਹੀ ਅਜਿਹਾ ਉਸਦੀਆਂ ਸਿਖ-ਭਾਈਚਾਰੇ ਦੇ ਦਾਇਰੇ ਵਿਚ ਅਕਾਲੀਆਂ ਨੂੰ ਪਛਾੜਨ ਦੀਆਂ ਰਾਜਨੀਤਕ ਅਕਾਂਖਿਆਵਾਂ ਕਰਕੇ ਹੋਇਆ ਜਿਹਨਾਂ ਨੂੰ ਪੂਰਾ ਕਰਨ ਹਿਤ ਉਸ ਨੂੰ ਅਕਾਲੀਆਂ ਦੀ ਵਿਰੋਧੀ ਧਿਰ ਕਾਂਗਰਸ ਦਾ ਸਹਾਰਾ ਵੀ ਲੈਣਾ ਪਿਆ ਅਤੇ ਗਿਆਨੀ ਜ਼ੈਲ ਸਿੰਘ ਵੱਲੋਂ ਆਪਣੇ ਤੌਰ ਤੇ ਕੀਤੀ ਗਈ ਉਸ
ਦੀ ਪੁਸ਼ਤ-ਪਨਾਹੀ ਨੂੰ ਵੀ ਸਵੀਕਾਰਨਾ ਪਿਆ । ਜੇਕਰ ਆਪ ਜੀ ਇਸ ਸਾਰੀ ਸਥਿਤੀ ਬਾਰੇ ਆਪਣਾ ਸਪਸ਼ਟੀਕਰਨ ਦਿੱਤੇ ਬਗੈਰ ਹੀ ਇਹ ਕਹਿਣ ਲਈ ਬਜ਼ਿਦ ਹੋ ਕਿ ਸੰਤ ਭਿੰਡਰਾਂਵਾਲੇ ਨੂੰ ਕਿਸੇ ਦੂਸਰੀ ਧਿਰ ਨੇ ਨਹੀਂ ਉਭਾਰਿਆ ਤਾਂ ਪਰਤੱਖ ਹੈ ਕਿ ਆਪ ਜੀ ਸਚਾਈ ਨੂੰ ਦਰਕਿਨਾਰ ਕਰਦੇ ਹੋਏ ਸੰਤ ਭਿੰਡਰਾਂਵਾਲੇ ਦੀ ਭੂਮਿਕਾ ਉੱਤੇ ਝੂਠ ਦਾ ਪਰਦਾ ਪਾਉਣ ਦਾ ਯਤਨ ਕਰ ਰਹੇ ਹੋ।
3. ਇਹ ਠੀਕ ਹੈ ਕਿ ਸ੍ਰੀਮਤੀ ਇੰਦਰਾ ਗਾਂਧੀ ਸਿੱਖਾਂ ਪ੍ਰਤੀ ਦੁਸ਼ਮਣੀ ਦੀ ਭਾਵਨਾ ਰੱਖਦੀ ਸੀ। ਅਜਿਹਾ ਇਕ ਤਾਂ ਇਸ ਕਰਕੇ ਸੀ ਕਿ ਸੂਬਾ ਪੱਧਰ ਦੀ ਅਕਾਲੀ ਪਾਰਟੀ ਉਸ ਦੀ ਵਿਰੋਧੀ ਰਾਜਨੀਤਕ ਪਾਰਟੀ ਸੀ ਅਤੇ ਇਹ ਪਾਰਟੀ ਸਿੱਖਾਂ ਦੀ ਖੁਲ੍ਹ ਕੇ ਨੁਮਾਇੰਦਗੀ
ਕਰਦੀ ਸੀ।
ਦੂਸਰਾ ਅਕਾਲੀ ਪਾਰਟੀ ਦੀ ਐਮਰਜੈਂਸੀ ਵੇਲੇ ਦੀ ਭੂਮਿਕਾ ਰਾਹੀਂ ਸ੍ਰੀਮਤੀ ਇੰਦਰਾ ਗਾਂਧੀ ਨੂੰ ਜਾਤੀ ਤੌਰ ਤੇ ਭਾਰੀ ਪਰੇਸ਼ਾਨੀ ਝੱਲਣੀ ਪਈ ਸੀ ਜਿਸ ਕਰਕੇ ਉਹ ਅਕਾਲੀ ਪਾਰਟੀ ਪ੍ਰਤੀ ਬੇਹੱਦ ਕ੍ਰੋਧਿਤ ਸੀ ਅਤੇ ਇਸ ਕਰਕੇ ਸਿੱਖ ਭਾਈਚਾਰੇ ਪ੍ਰਤੀ ਵੀ। ਤੀਸਰਾ ਕਾਰਨ ਫਿਰਕਾ-ਪ੍ਰਸਤੀ ਦਾ ਹੋ ਸਕਦਾ ਹੈ ਜਿਸ ਕਰਕੇ ਸ੍ਰੀਮਤੀ ਇੰਦਰਾ ਗਾਂਧੀ ਨੇ ਸਿੱਖ ਭਾਈਚਾਰੇ ਲਈ ਵਿਰੋਧ ਦੀ ਭਾਵਨਾ ਪਾਲ ਰੱਖੀ ਸੀ। ਸ੍ਰੀਮਤੀ ਇੰਦਰਾ ਗਾਂਧੀ ਆਪਣੀਆਂ ਸਿਖਵਿਰੋਧੀ ਭਾਵਨਾਵਾਂ ਦੇ ਕਰ ਕੇ ਸਿੱਖਾਂ ਦੀ ਬਹੁ-ਗਿਣਤੀ ਵਾਲੇ ਪਰਾਂਤ ਪੰਜਾਬ ਨਾਲ ਲਗਾਤਾਰ ਵਿਤਕਰਾ ਕਰਦੀ ਆ ਰਹੀ ਸੀ ਅਤੇ ਇੱਸੇ ਕਰਕੇ ਅਕਾਲੀ ਪਾਰਟੀ ਦੀਆਂ ਜਾਇਜ਼ ਮੰਗਾਂ ਵੀ ਨਹੀਂ ਮੰਨੀਆਂ ਜਾ ਰਹੀਆਂ ਸਨ।
ਸ੍ਰੀਮਤੀ ਇੰਦਰਾ ਗਾਂਧੀ ਅਕਾਲੀ ਪਾਰਟੀ ਦੀਆਂ ਮੰਗਾਂ ਮੰਨ ਕੇ ਇਸ ਵਿਰੋਧੀ ਪਾਰਟੀ ਨੂੰ ਪੰਜਾਬ ਵਿਚ ਕਾਂਗਰਸ ਤੇ ਹਾਵੀ ਨਹੀਂ ਕਰਨਾ ਚਾਹੁੰਦੀ ਸੀ , ਇਹ ਉਸਦਾ ਘਟੀਆ ਰਾਜਨੀਤਕ ਅਵਸਰਵਾਦ ਸੀ। ਭਾਵੇਂ ਕਿ ਇਸ ਗੱਲ ਦੇ ਪੂਰੇ ਸੰਕੇਤ ਮਿਲਦੇ ਹਨ ਕਿ ਸ੍ਰੀਮਤੀ ਇੰਦਰਾ ਗਾਂਧੀ ਸੋਵੀਅਤ ਰੂਸ ਦਾ ਹੱਥ-ਠੋਕਾ ਬਣ ਕੇ ਸੋਵੀਅਤ ਰੂਸ ਦੀ ਭਾਰਤ ਵਿਚ ਵੱਸਦੇ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ ਸਾਜ਼ਿਸ਼ ਵਿਚ ਸ਼ਾਮਿਲ ਸੀ ਪਰੰਤੂ ਇਸ ਸਥਿਤੀ ਬਾਰੇ ਹੁਣ ਤਕ ਕੋਈ ਵੀ ਧਿਰ ਸੁਚੇਤ ਨਹੀਂ ਰਹੀ ਅਤੇ ਸੰਤ ਭਿੰਡਰਾਂਵਾਲੇ ਨੂੰ ਇਸ ਸਥਿਤੀ ਬਾਰੇ ਉੱਕਾ ਹੀ ਕੋਈ ਭਿਣਕ ਨਹੀਂ ਸੀ।
1977 ਈਸਵੀ ਤਕ ਸ੍ਰੀਮਤੀ ਇੰਦਰਾ ਗਾਂਧੀ ਦੀ ਸਿਖ-ਵਿਰੋਧ ਵਾਲੀ ਕਾਰਵਾਈ ਉੱਪਰ ਦਰਸਾਈ ਉਸ ਦੀ ਸਿੱਖਾਂ ਪ੍ਰਤੀ ਵਿਤਕਰੇ ਵਾਲੀ ਭੂਮਿਕਾ ਤਕ ਹੀ ਸੀਮਿਤ ਰਹੀ ਸੀ। ਇਸ ਭੂਮਿਕਾ ਨੂੰ ਸਿੱਖਾਂ ਵਾਸਤੇ ਦਮਨਕਾਰੀ ਵਾਲੀ ਭੂਮਿਕਾ ਨਹੀਂ ਕਿਹਾ ਜਾ ਸਕਦਾ। ਹੁਣ, ਇਹਨਾਂ ਸਾਰੀਆਂ ਪ੍ਰਸਥਿਤੀਆਂ ਵਿਚ ਕੋਈ ਸਥਿਤੀ ਅਜਿਹੀ ਨਹੀਂ ਮਿਲਦੀ ਜਿਸ ਵਿਚ ਸਿਖ-ਭਾਈਚਾਰੇ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਕਿਸੇ ਵਿਸ਼ੇਸ਼ ਯੋਗਦਾਨ ਦੀ ਲੋੜ ਪੈ ਗਈ ਹੋਵੇ(ਨਿਰੰਕਾਰੀਆਂ ਨਾਲ ਦਮਦਮੀ ਟਕਸਾਲ ਦੀ ਆਪਣੀ ਕਸ਼ਮਕਸ਼ 1977 ਈਸਵੀ ਤੋਂ ਪਹਿਲਾਂ ਦੀ ਚਲੀ ਆ ਰਹੀ ਸੀ)। ਨਾ ਹੀ ਕਦੇ ਕਿਸੇ ਧਿਰ ਨੇ ਸੰਤ ਭਿੰਡਰਾਂਵਾਲੇ ਕੋਲ ਸਿਖ ਭਾਈਚਾਰੇ ਦੇ ਮਸਲਿਆਂ ਨੂੰ ਉਭਾਰਨ ਜਾਂ ਹਲ ਕਰਵਾਉਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣ ਲਈ ਪਹੁੰਚ ਕੀਤੀ ਸੀ। ਸਿਖ ਭਾਈਚਾਰੇ ਦੇ ਮਸਲਿਆਂ ਨਾਲ ਨਿਪਟੇ ਜਾਣ ਦੀ ਸਥਿਤੀ ਵਿਚ ਸੰਤ ਭਿੰਡਰਾਂਵਾਲੇ ਦੀ ਹਾਲਤ ਤਾਂ “ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ” ਵਾਲੀ ਸੀ।
ਸੋ ਆਪ ਜੀ ਦੀ ਇਸ ਦਲੀਲ ਵਿਚ ਕੋਈ ਦੰਮ ਨਹੀਂ ਰਹਿੰਦਾ ਕਿ ਸੰਤ ਭਿੰਡਰਾਂਵਾਲੇ ਦਾ ਉਭਾਰ ਸ੍ਰੀ ਮਤੀ ਇੰਦਰਾ ਗਾਂਧੀ ਦੀ ਸਿਖ-ਦਮਨ ਦੀ ਨੀਤੀ ਦੇ ਪ੍ਰਤੀਕਰਮ ਵਜੋਂ ਹੋਇਆ ਸੀ। ਜਦੋਂ 1978 ਈਸਵੀ ਤੋਂ ਲੈਕੇ ਸੰਤ ਭਿੰਡਰਾਂਵਾਲੇ ਨੇ ਕਾਨੂੰਨ ਆਪਣੇ ਹੱਥ ਵਿਚ ਲੈਣਾ ਅਰੰਭ ਕਰ ਦਿੱਤਾ ਤਾਂ ਜਦੋਂ-ਜਦੋਂ ਵੀ ਉਸ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਹੋਈ ਉਸ ਦੇ ਲਈ ਉਹ ਵਿਅਕਤੀਗਤ ਤੌਰ ਤੇ ਖੁਦ ਜ਼ਿੰਮੇਵਾਰ ਸੀ ਅਤੇ ਉਸ ਸਥਿਤੀ ਨਾਲ ਸਮੁੱਚੇ ਸਿਖ ਭਾਈਚਾਰੇ ਦਾ ਕੋਈ ਸਰੋਕਾਰ ਨਹੀਂ ਸੀ ( ਉਂਜ ਗਿਆਨੀ ਜ਼ੈਲ ਸਿੰਘ ਦੀ ਮਿਹਰਬਾਨੀ ਸਦਕਾ ਸੰਤ ਭਿੰਡਰਾਂਵਾਲੇ ਦੇ ਖਿਲਾਫ ਕਾਨੂਨੀ ਕਾਰਵਾਈ ਬੜੀ ਹੀ ਧੀਮੀ ਰਫਤਾਰ ਨਾਲ ਹੂਦੀ ਰਹੀ ਸੀ)।
ਅਕਾਲ-ਤਖਤ ਇਮਾਰਤ ਵਿਚ ਸੰਤ ਭਿੰਡਰਾਂਵਾਲੇ ਨੂੰ ਕੋਈ ਚੁੱਕ ਕੇ ਨਹੀਂ ਲੈ ਗਿਆ ਸੀ, ਉੱਥੇ ਉਹ ਆਪਣੇ-ਆਪ ਨੂੰ ਅਟਵਾਲ ਕਤਲ ਕੇਸ ਦੇ ਸਬੰਧ ਵਿਚ ਸੰਭਾਵਿਤ ਗ੍ਰਿਫਤਾਰੀ ਤੋਂ ਬਚਾਉਣ ਦੇ ਮਕਸਦ ਨਾਲ ਲੁੱਕਣ ਲਈ ਗਿਆ ਸੀ ਅਤੇ ਨਾ ਹੀ ਉਸ ਨੂੰ ਕੋਈ ਭਵਿਖਬਾਣੀ ਹੋਈ ਸੀ ਕਿ ਦਰਬਾਰ ਸਾਹਿਬ ਕੰਪਲੈਕਸ , ਅੰਮ੍ਰਿਤਸਰ ਉੱਤੇ ਫੌਜੀ ਹਮਲਾ ਹੋਣ ਵਾਲਾ ਹੈ । ਜੇਕਰ ਸੰਤ ਭਿੰਡਰਾਂਵਾਲਾ ਦਸੰਬਰ 15, 1983 ਈਸਵੀ ਨੂੰ ਅਕਾਲ-ਤਖਤ ਇਮਾਰਤ ਵਿਚ ਆਪਣੀ ਰਿਹਾਇਸ਼ ਲੈ ਜਾਣ ਦੀ ਬਜਾਇ ਆਪਣੀ ਰਿਹਾਇਸ਼ ਚੌਕ ਮਹਿਤਾ ਵਿਖੇ ਕਰ ਲੈਂਦਾ ਤਾਂ ਉਸ ਦੇ ਖਿਲਾਫ ਸੁਰੱਖਿਆਂ ਬਲਾਂ ਦੀ ਕਾਰਵਾਈ ਚੌਕ ਮਹਿਤਾ ਵਿਚ ਹੋਣੀ ਸੀ ਨਾ ਕਿ ਦਰਬਾਰ ਸਾਹਿਬ ਕੰਪਲੈਕਸ, ਅੰਮ੍ਰਿਤਸਰ ਵਿਚ।
ਜੂਨ 1984 ਈਸਵੀ ਵਿਚ ਦਰਬਾਰ ਸਾਹਿਬ ਕੰਪਲੈਕਸ , ਅੰਮ੍ਰਿਤਸਰ ਵਿਚ ਹੋਈ ‘ਉਪਰੇਸ਼ਨ ਬਲੂਸਟਾਰ’ ਕਾਰਵਾਈ ਦੌਰਾਨ ਸੰਤ ਭਿੰਡਰਾਂਵਾਲਾ ਫੌਜੀ ਬਲਾਂ ਨਾਲ ਆਪਣੇ-ਆਪ ਨੂੰ ਬਚਾਉਣ ਲਈ ਲੜਿਆ ਸੀ ਨਾ ਕਿ ਅਕਾਲ-ਤਖਤ ਦੀ ਇਮਾਰਤ ਦੀ ਹਿਫਾਜ਼ਤ ਲਈ।
ਸ. ਕੁਲਵੰਤ ਸਿੰਘ ਢੇਸੀ ਜੀ, ਸਚਾਈ ਨੂੰ ਸਵੀਕਾਰ ਕਰ ਕੇ ਤਾਂ ਆਪ ਜੀ ਵਰਗੇ ਸੱਜਣ ਸਿਖ ਭਾਈਚਾਰੇ ਦਾ ਕੋਈ ਭਲਾ ਕਰਨ ਦੇ ਸਮਰੱਥ ਹੋ ਸਕਣਗੇ, ਨਹੀਂ ਤਾਂ ਸਿਖ ਭਾਈਚਾਰੇ ਦਾ ਹੋਰ ਅਤੇ ਵਡੇਰਾ ਨੁਕਸਾਨ ਹੋਣਾ ਨਿਸਚਤ ਹੀ ਹੈ।
ਇਕਬਾਲ ਸਿੰਘ ਢਿੱਲੋਂ,
ਚੰਡੀਗੜ੍ਹ।