ਟਿੱਕਰੀ ਬਾਰਡਰ ‘ਤੇ ਵਗੇਗਾ ਖੁਦਕੁਸ਼ੀ ਪੀੜਤ ਪਰਿਵਾਰਾਂ ਦੇ ਦਰਦਾਂ ਦਾ ਦਰਿਆ
By : ਅਸ਼ੋਕ ਵਰਮਾ
Tuesday, Dec 15, 2020 08:34 PM
-
ਅਸ਼ੋਕ ਵਰਮਾ
ਨਵੀਂ ਦਿੱਲੀ,15ਦਸੰਬਰ2020:
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 16 ਦਸੰਬਰ ਨੂੰ ਦਿੱਲੀ ਦੇ ਟਿੱਕਰੀ ਬਾਰਡਰ ਤੇ ਲੱਗੇ ਮੋਰਚੇ ਵਿੱਚ ਖੁਦਕੁਸ਼ੀ ਪੀੜਤ ਪਰਿਵਾਰਾਂ ਦੀਆਂ ਔਰਤਾਂ ਦੀ ਵੱਡੀ ਸਮੂਲੀਅਤ ਨੂੰ ਮੁੱਖ ਰੱਖਦਿਆਂ ਅੱਜ ਉਹਨਾਂ ਦੀ ਰਿਹਾਇਸ਼ ਲਈ ਖਾਸ ਇੰਤਜਾਮ ਕੀਤੇ ਗਏ ਜਿਹਨਾਂ ਲਈ ਹਰਿਆਣਾ ਦੇ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ। ਇੱਥੋਂ ਦੇ ਆਰੀਆ ਸਮਾਜ ਨਾਲ ਜੁੜੀ ਸੰਸਥਾ ਦੇ ਆਗੂ ਸੁਖਵੀਰ ਮੁਥਰਾ ਤੇ ਇੱਕ ਹੋਰ ਸੰਸਥਾ ਦੇ ਆਗੂ ਰਾਜੇਸ਼ ਕੁਮਾਰ ਰੋਹਤਕ ਨੇ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੂੰ ਮਿਲਕੇ ਔਰਤਾਂ ਦੀ ਰਿਹਾਇਸ਼ ਲਈ ਵੱਡੇ ਦੇਣ ਦੀ ਉਹਨਾਂ ਲਈ ਖਾਣਾ,ਗਰਮ ਪਾਣੀ ਤੇ ਸੁਰੱਖਿਆ ਦਾ ਵੀ ਭਰੋਸਾ ਦਿੱਤਾ। ਸ੍ਰੀ ਉਗਰਾਹਾਂ ਨੇ ਅੱਜ ਇਕੱਠ ਨੂੰ ਸੰਬੋਧਨ ਕਰਦਿਆਂ ਜਦੋਂ ਹਰਿਆਣਵੀ ਲੋਕਾਂ ਵੱਲੋਂ ਪ੍ਰਬੰਧਾਂ ਦੀ ਪੇਸ਼ਕਸ਼ਸਾਂਝੀ ਕੀਤੀ ਤਾਂ ਪੰਡਾਲ ਜੋਰਦਾਰ ਤਾੜੀਆਂ ਦੇ ਨਾਲ ਗੂੰਜ ਉੱਠਿਆ।
ਉਗਰਾਹਾਂ ਨੇ ਆਖਿਆ ਕਿ ਮੌਜੂਦਾ ਘੋਲ ਦਾ ਇਹ ਸਭ ਤੋਂ ਵੱਡਾ ਹਾਸਲ ਹੈ ਕਿ ਇਸਨੇ ਇਲਾਕਿਆਂ, ਸੂਬਿਆਂ, ਬੋਲੀਆਂ, ਜਾਤਾਂ ਤੇ ਧਰਮਾਂ ਦੀਆਂ ਵਲਗਣਾਂ ਨੂੰ ਭੰਨ ਕੇ ਸਮੁੱਚੇ ਕਿਰਤੀਆਂ ਦੀ ਮਿਸਾਲੀ ਸਾਂਝ ਨੂੰ ਅਮਲੀ ਰੂਪ ਚ ਸਾਕਾਰ ਕਰ ਦਿੱਤਾ ਹੈ। ਉਹਨਾਂ ਆਖਿਆ ਕਿ ਮੁਲਕ ਚ ਫਿਰਕੂ ਤੇ ਜਾਤਪਾਤੀ ਵੰਡੀਆਂ ਪਾਉਣ ਦੀ ਚੈਂਪੀਅਨ ਭਾਜਪਾ ਹਕੂਮਤ ਦੀਆਂ ਸਭ ਚਾਲਾਂ ਪਛਾੜ ਦਿੱਤੀਆਂ ਹਨ ਅਤੇ ਅੱਗੇ ਤੋਂ ਵੀ ਉਸਦੀ ਵੰਡ ਪਾਊ ਸਿਆਸਤ ਨੂੰ ਹੋਰ ਵਧੇਰੇ ਧੜੱਲੇ ਤੇ ਸੂਝ ਨਾਲ ਮਾਤ ਦੇਣ ਦੀ ਲੋੜ ਹੈ। ਉਹਨਾਂ ਆਸ ਪ੍ਰਗਟਾਈ ਕਿ ਦੇਸ ਦੇ ਕਿਸਾਨ ਮਜਦੂਰ, ਨੌਜਵਾਨ, ਔਰਤਾਂ , ਸਹਿਰੀ ਤੇ ਹੋਰ ਕਾਰੋਬਾਰੀ ਲੋਕ ਹਕੂਮਤ ਦੇ ਖੋਟੇ ਤੇ ਖੋਰੀ ਮਨਸੂਬਿਆਂ ਨੂੰ ਮਾਤ ਦੇਕੇ ਲੋਕ ਵਿਰੋਧੀ ਪੰਜੇ ਕਾਨੂੰਨਾਂ ਨੂੰ ਰੱਦ ਕਰਵਾਕੇ ਹੀ ਦਮ ਲੈਣਗੇ।ਯੂਨੀਅਨ ਦੀ ਔਰਤ ਵਿੰਗ ਦੀ ਆਗੂ ਹਰਿੰਦਰ ਕੌਰ ਬਿੰਦੂ ਤੇ ਪਰਮਜੀਤ ਕੌਰ ਪਿੱਥੋ ਨੇ ਆਖਿਆ ਕਿ ਮੁਲਕ ਦੀਆਂ ਹਕੂਮਤਾਂ ਵੱਲੋਂ ਲਾਗੂ ਕੀਤੀਆਂ ਖੇਤੀ ਤੇ ਲੋਕ ਵਿਰੋਧੀ ਨੀਤੀਆਂ ਦੀ ਬਦੌਲਤ ਗਹਿਰੇ ਹੋਏ ਖੇਤੀ ਸੰਕਟ ਕਾਰਨ ਖੁਦਕੁਸ਼ੀ ਕਰ ਗਏ ਕਿਸਾਨਾਂ ਮਜਦੂਰਾਂ ਦੇ ਪਰਿਵਾਰ ਵੱਡੀ ਗਿਣਤੀ ਚ ਪਹੁੰਚ ਕੇ ਆਪਣਾ ਦਰਦ ਬਿਆਨ ਕਰਨਗੇ। ਉਹਨਾਂ ਆਖਿਆ ਕਿ ਹਕੂਮਤੀ ਨੀਤੀਆਂ ਦੀ ਭੇਂਟ ਚੜ ਕੇ ਜਿੰਦਗੀ ਦੀ ਬਾਜੀ ਹਾਰਨ ਵਾਲੇ ਇਹਨਾਂ ਕਿਰਤੀਆਂ ਦੀਆਂ ਔਰਤਾਂ ਮੌਜੂਦਾ ਖੇਤੀ ਮਾਡਲ ਦੇ ਕਾਰਨ ਆਪਣੀ ਵੈਰਾਨ ਹੋਈ ਜਿੰਦਗੀ ਦੀ ਤਵਾਰੀਖ ਮੁਲਕ ਦੇ ਹਾਕਮਾਂ ਤੇ ਲੋਕਾਂ ਦੇ ਸਾਹਮਣੇ ਬਿਆਨ ਕਰਦੀਆਂ।
ਇਸ ਮੌਕੇ ਅਮਰੀਕ ਸਿੰਘ ਗੰਢੂਆਂ, ਜਸਵੰਤ ਸਿੰਘ ਤੋਲੇਵਾਲ ਆਦਿ ਆਗੂਆਂ ਨੇ ਸੰਬੋਧਨ ਕੀਤਾ। ਉਹਨਾਂ ਆਖਿਆ ਕਿ ਮੋਦੀ ਹਕੂਮਤ ਜਿਉਂ ਜਿਉਂ ਇਸ ਮਸਲੇ ਨੂੰ ਲਟਕਾ ਰਹੀ ਹੈ ਲੋਕਾਂ ਦਾ ਰੋਹ ਤੇ ਲਾਮਬੰਦੀ ਤਿਉਂ ਤਿਉਂ ਵਧ ਰਹੀ ਹੈ। ਉਹਨਾਂ ਆਖਿਆ ਕਿ ਬੀਤੇ ਕੱਲ ਮੁਲਕ ਭਰ ਚ ਹੋਏ ਵਿਸਾਲ ਪ੍ਰਦਰਸਨਾਂ ਨੇ ਆਉਂਦੇ ਦਿਨਾਂ ਚ ਇਸ ਘੋਲ ਦੇ ਹੋਰ ਵਿਸਾਲ ਹੋਣ ਦੀ ਗਵਾਹੀ ਦੇ ਦਿੱਤੀ ਹੈ।ਅੱਜ ਦੀ ਸਟੇਜ ਤੋਂ ਉੱਘੇ ਰੰਗਕਰਮੀ ਕਿਰਤੀ ਕਿਰਪਾਲ ਦੀ ਟੀਮ ਵੱਲੋਂ ਮੋਦੀ ਹਕੂਮਤ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦੀ ਕਿਸਾਨ ਤੇ ਲੋਕ ਦੋਖੀ ਖਸਲਤ ਨੂੰ ਕਲਾਮਈ ਢੰਗ ਨਾਲ ਪੇਸ ਕਰਦਿਆਂ ਲੋਕਾਂ ਨੂੰ ਵਿਸ਼ਾਲ ਏਕਤਾ ਦਾ ਸੁਨੇਹਾ ਦਿੱਤਾ। ਇਸ ਮੌਕੇ ਪੰਜਾਬੀ ਗਾਇਕ ਬਲਕਾਰ ਅਣਖੀਲਾ ਨੇ ਵੀ ਆਪਣੀ ਹਾਜਰੀ ਲਵਾਈ।