ਮਾਨਵਤਾ ਅਤੇ ਇਨਸਾਨੀਅਤ ਦਾ ਰਖਵਾਲਾ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ
ਉਜਾਗਰ ਸਿੰਘ
ਸ੍ਰੀ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਵਸ 19 ਦਸੰਬਰ ‘ਤੇ ਵਿਸ਼ੇਸ਼
Dec 18, 2020 12:00 AM
ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮਨੁੱਖੀ ਹੱਕਾਂ ਦੇ ਰਖਵਾਲੇ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ। ਇਨਸਾਨ ਆਪਣੇ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ। ਜਦੋਂ ਉਸ ਦੇ ਮਨੁੱਖੀ ਹੱਕਾਂ ਦਾ ਘਾਣ ਹੁੰਦਾ ਹੈ ਤਾਂ ਉਸਦੇ ਪ੍ਰਤੀਕਰਮ ਵਜੋਂ ਉਹ ਆਪਣੀ ਜਦੋਜਹਿਦ ਸ਼ੁਰੂ ਕਰ ਦਿੰਦਾ ਹੈ। ਕੁਝ ਇਨਸਾਨ ਅਜਿਹੇ ਹੁੰਦੇ ਹਨ, ਜਿਹੜੇ ਆਪਣੇ ਹੱਕਾਂ ਦੀ ਥਾਂ ਦੂਜਿਆਂ ਦੇ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਵੀ ਸਰਗਰਮ ਰਹਿੰਦੇ ਹਨ। ਉਨ੍ਹਾਂ ਵਿਚੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਹਨ, ਜਿਨ੍ਹਾਂ ਦੇ ਯੋਗਦਾਨ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ ਕਿਉਂਕਿ ਉਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣਾ ਬਲੀਦਾਨ ਦਿੱਤਾ ਸੀ। ਪਰਜਾਤੰਤਰ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਰਾਜਿਆਂ ਮਹਾਰਾਜਿਆਂ ਦਾ ਰਾਜ ਹੁੰਦਾ ਸੀ। ਉਸ ਸਮੇਂ ਮਨੁੱਖੀ ਹੱਕਾਂ ਦਾ ਬਹੁਤਾ ਧਿਆਨ ਨਹੀਂ ਰੱਖਿਆ ਜਾਂਦਾ ਸੀ ਕਿਉਂਕਿ ਪਰਜਾ ਇਕ ਕਿਸਮ ਨਾਲ ਗੁਲਾਮ ਹੁੰਦੀ ਸੀ, ਇਸ ਕਰਕੇ ਉਨ੍ਹਾਂ ਦੀ ਸੁਣੀ ਨਹੀਂ ਜਾਂਦੀ ਸੀ। ਇਕਾ ਦੁਕਾ ਰਾਜੇ ਮਹਾਰਾਜਿਆਂ ਦਾ ਰਾਜ ਪ੍ਰਬੰਧ ਬਹੁਤ ਵਧੀਆ ਵੀ ਰਿਹਾ ਹੈ।
ਸਿੱਖ ਧਰਮ ਦੇ ਤਿੰਨ ਗੁਰੂ ਸਾਹਿਬਾਨ ਸ੍ਰੀ ਗੁਰੂ ਅਰਜਨ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਨਸਾਨੀਅਤ ਦੀ ਬਿਹਤਰੀ, ਭਲਾਈ, ਮਨੁੱਖੀ ਹੱਕਾਂ ਅਤੇ ਉਨ੍ਹਾਂ ਦੀ ਰੱਖਿਆ ਲਈ ਕੁਰਬਾਨੀਆਂ ਦੇ ਕੇ ਆਪਣੇ ਪੈਰੋਕਾਰਾਂ ਨੂੰ ਸਰਬਤ ਦੇ ਭਲੇ ਲਈ ਸ਼ਹਾਦਤਾਂ ਦੇਣ ਦੀ ਪ੍ਰੇਰਨਾ ਦਿੱਤੀ ਹੈ। ਜਿਸ ‘ਤੇ ਅੱਜ ਤੱਕ ਸਿੱਖ ਸੰਗਤ ਅਮਲ ਕਰਦੀ ਆ ਰਹੀ ਹੈ। ਇਤਿਹਾਸ ਵਿਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਜੀ ਨੇ ਹੀ ਮਨੁੱਖੀ ਹੱਕਾਂ ਲਈ ਆਵਾਜ ਬੁਲੰਦ ਕੀਤੀ ਸੀ। ਇਹ ਉਨ੍ਹਾਂ ਦਾ ਮਾਨਵਤਾ ਲਈ ਸਰਬ ਸਾਂਝੀਵਾਲਤਾ ਦਾ ਸੰਦੇਸ਼ ਸੀ। ਇਸ ਕਰਕੇ ਹੀ ਸਿੱਖ ਧਰਮ ਦੀ ਵਿਚਾਰਧਾਰਾ ਮਾਨਵਤਾ, ਇਨਸਾਨੀਅਤ, ਸਰਬੱਤ ਦੇ ਭਲੇ, ਸ਼ਹਿਨਸ਼ੀਲਤਾ, ਮਨੁੱਖੀ ਹੱਕਾਂ, ਗਊ ਅਤੇ ਗ਼ਰੀਬ ਦੀ ਰੱਖਿਆ ਦੀ ਪ੍ਰੇਰਨਾ ਦਿੰਦੀ ਹੈ। ਸਿੱਖ ਵਿਚਾਰਧਾਰਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਜੀ ਤੋਂ ਸ਼ੁਰੂ ਹੋ ਕੇ ਦਸਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਪਹੁੰਚਦੀ ਪਰਪੱਕ ਹੋ ਗਈ, ਜਿਸ ਕਰਕੇ ਉਨ੍ਹਾਂ ਦੇ ਪੈਰੋਕਾਰ ਹਮੇਸ਼ਾ ਹੱਕ ਤੇ ਸੱਚ ਤੇ ਪਹਿਰਾ ਦੇਣ ਲਈ ਤਤਪਰ ਰਹਿੰਦੇ ਹਨ। ਸਿੱਖ ਧਰਮ ਸੰਸਾਰ ਦਾ ਸਭ ਤੋਂ ਆਧੁਨਿਕ ਅਤੇ ਨਵਾਂ ਧਰਮ ਹੈ ਕਿਉਂਕਿ ਇਹ ਹਰ ਮਸਲੇ ਉਪਰ ਸੰਬਾਦ ਕਰਨ ਦੀ ਪ੍ਰੇਰਨਾ ਦਿੰਦਾ ਹੈ।
ਸੰਬਾਦ ਤੋਂ ਭਾਵ ਜੇਕਰ ਕੋਈ ਸ਼ਾਸ਼ਕ ਲੋਕਾਈ ਨਾਲ ਚੰਗਾ ਸਲੂਕ ਨਾ ਕਰੇ ਤਾਂ ਲੋਕਾਈ ਉਸ ਨਾਲ ਸੰਬਾਦ ਕਰਕੇ ਆਪਣੇ ਦੁੱਖਾਂ ਤੋਂ ਨਿਜ਼ਾਤ ਪਾ ਸਕਦੀ ਹੈ। ਸੰਬਾਦ ਦੀ ਪਰੰਪਰਾ ਵੀ ਸ੍ਰੀ ਗੁਰੂ ਨਾਨਕ ਜੀ ਨੇ ਹੀ ਸਿੱਧਾਂ ਨਾਲ ਗੋਸ਼ਟ ਕਰਕੇ ਸ਼ੁਰੂ ਕੀਤੀ ਸੀ। ਸਿੱਖ ਧਰਮ ਦਾ ਇਤਿਹਾਸ ਭਾਵੇਂ ਬਹੁਤਾ ਪੁਰਾਣਾ ਨਹੀਂ ਪ੍ਰੰਤੂ ਫਿਰ ਵੀ ਇਸਦਾ ਇਤਿਹਾਸ ਇਨਸਾਨੀਅਤ ਦੀ ਭਲਾਈ ਅਤੇ ਮਨੁੱਖੀ ਹੱਕਾਂ ਦੀ ਰੱਖਿਆ ਲਈ ਕੀਤੀਆਂ ਗਈਆਂ ਕੁਰਬਾਨੀਆਂ ਨਾਲ ਭਰਿਆ ਪਿਆ। ਜੇਕਰ ਸਿੱਖ ਧਰਮ ਦੇ 550 ਸਾਲਾਂ ਤੇ ਇਤਿਹਾਸ ਉਪਰ ਸਰਸਰੀ ਨਜ਼ਰ ਮਾਰੀ ਜਾਵੇ ਤਾਂ ਸਿੱਖਾਂ ਵੱਲੋਂ ਜ਼ਬਰ ਅਤੇ ਜ਼ੁਲਮ ਦੇ ਵਿਰੁਧ ਉਠਾਈਆਂ ਆਵਾਜ਼ਾਂ ਅਤੇ ਕੁਰਬਾਨੀਆਂ ਨੂੰ ਸੁਨਹਿਰੀ ਅੱਖਰਾਂ ਵਿਚ ਲਿਖਿਆ ਮਿਲੇਗਾ। ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਜੀ ਨੇ ਬਾਬਰ ਬਾਣੀ ਲਿਖਕੇ ਬਾਬਰ ਦੀਆਂ ਲੋਕਾਈ ਵਿਰੁਧ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਨੂੰ ਵੰਗਾਰਿਆ ਸੀ। ਇਸੇ ਤਰ੍ਹਾਂ ਇਸਤਰੀਆਂ ਨਾਲ ਸਮਾਜ ਵੱਲੋਂ ਕੀਤੇ ਜਾਂਦੇ ਵਿਤਕਰੇ ਦੇ ਵਿਰੋਧ ਵਿਚ ਸ੍ਰੀ ਗੁਰੂ ਨਾਨਕ ਜੀ ਨੇ ਕਿਹਾ ਸੀ ਇਹ ਸਾਡੀ ਜਨਮ ਦਾਤਾ ਹੈ। ਇਸਤਰੀ ਨੂੰ ਮੰਦਾ ਨਾ ਕਿਹਾ ਜਾਵੇ। ਇਸਦੀ ਨਿੰਦਿਆ ਵੀ ਨਾ ਕੀਤੀ ਜਾਵੇ। ਗੁਰੂ ਸਾਹਿਬ ਨੇ ਕਿਸੇ ਇਕ ਫਿਰਕੇ, ਰਾਜ ਜਾਂ ਦੇਸ਼ ਦੀ ਗੱਲ ਨਹੀਂ ਕੀਤੀ ਸੀ। ਉਨ੍ਹਾਂ ਨੇ ਤਾਂ ਸਮੁਚੀ ਮਾਨਵਤਾ ਦੇ ਹੱਕ ਵਿਚ ਵਕਾਲਤ ਕੀਤੀ ਸੀ। ਬਾਬਰ ਮਾਨਵਤਾ ਦੇ ਹੱਕਾਂ ਦਾ ਘਾਣ ਕਰ ਰਿਹਾ ਸੀ। ਗੁਰੂ ਨਾਨਕ ਜੀ ਪਹਿਲੇ ਮਹਾਂ ਪੁਰਸ਼ ਸਨ, ਜਿਨ੍ਹਾਂ ਨੇ ਬਾਬਰ ਦੇ ਜ਼ੁਲਮ ਦੇ ਵਿਰੁਧ ਆਵਾਜ਼ ਬੁਲੰਦ ਕੀਤੀ ਸੀ। ਉਨ੍ਹਾਂ ਤੋਂ ਬਾਅਦ ਤਾਂ ਲਗਪਗ ਸਾਰੇ ਗੁਰੂ ਸਾਹਿਬਾਨ ਨੇ ਮਨੁੱਖੀ ਹੱਕਾਂ ਦੀ ਰਖਵਾਲੀ ਅਤੇ ਮਾਨਵਤਾ ਦੇ ਹਿਤਾਂ ‘ਤੇ ਪਹਿਰਾ ਦਿੰਦਿਆਂ ਉਨ੍ਹਾਂ ਦੇ ਲਈ ਆਵਾਜ਼ ਬੁਲੰਦ ਕੀਤੀ ਸੀ। ਮੀਰੀ ਤੇ ਪੀਰੀ ਦਾ ਸੰਕਲਪ ਵੀ ਮਨੁੱਖੀ ਹੱਕਾਂ ਉਪਰ ਪਹਿਰਾ ਦੇਣਾ ਹੀ ਹੈ। ਸਿੱਖ ਧਰਮ ਦਾ ਇਤਿਹਾਸ ਵਿਲੱਖਣਤਾਵਾਂ ਦਾ ਮੁਜੱਸਮਾ ਹੈ। ਸਿੱਖ ਧਰਮ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਸੰਸਾਰ ਦੇ ਇਤਿਹਾਸ ਵਿਚ ਪਹਿਲੀ ਅਜਿਹੀ ਸ਼ਹਾਦਤ ਹੈ, ਜਿਹੜੀ ਇਨਸਾਨੀਅਤ ਦੀ ਰੱਖਿਆ ਲਈ ਕਾਤਲ ਕੋਲ ਕਤਲ ਹੋਣ ਵਾਲਾ ਵਿਅਕਤੀ ਆਪ ਜਾ ਕੇ ਕੁਰਬਾਨੀ ਦੇਣ ਲਈ ਕਹੇ। ਇਹ ਕੁਰਬਾਨੀ ਉਨ੍ਹਾਂ ਉਦੋਂ ਦਿੱਤੀ ਜਦੋਂ ਕਸ਼ਮੀਰੀ ਪੰਡਤਾਂ ਨੇ ਆ ਕੇ ਵਿਥਿਆ ਸੁਣਾਈ ਕਿ ਮੌਕੇ ਦਾ ਹਾਕਮ ਉਨ੍ਹਾਂ ਦਾ ਧਰਮ ਬਦਲ ਰਿਹਾ ਹੈ। ਉਹ ਇਹ ਕਹਿ ਰਿਹਾ ਹੈ ਕਿ ਜੇ ਧਰਮ ਨਹੀਂ ਬਦਲਣਾ ਤਾਂ ਕੋਈ ਵੱਡਾ ਵਿਅਕਤੀ ਕੁਰਬਾਨੀ ਦੇਵੇ। ਉਸ ਸਮੇਂ ਬਾਲ ਗੋਬਿੰਦ ਉਨ੍ਹਾਂ ਕੋਲ ਹੀ ਖੇਡ ਰਿਹਾ ਸੀ, ਜਿਨ੍ਹਾਂ ਨੇ ਪੰਡਤਾਂ ਨੂੰ ਉਦਾਸ ਵੇਖ ਕੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਕਿ ਤੁਹਾਡੇ ਨਾਲੋਂ ਵੱਡਾ ਵਿਅਕਤੀ ਕੌਣ ਹੈ ? ਇਤਿਹਾਸ ਵਿਚ ਅਜਿਹੀ ਹੋਰ ਕੋਈ ਹੋਰ ਉਦਾਹਰਣ ਨਹੀਂ ਮਿਲਦੀ, ਜਿਸ ਵਿਚ ਨੌਂ ਸਾਲ ਦਾ ਬਾਲ ਸਪੁੱਤਰ ਆਪਣੇ ਪਿਤਾ ਨੂੰ ਆਪ ਕਹੇ ਕਿ ਤੁਹਾਡੇ ਨਾਲੋਂ ਵੱਡਾ ਵਿਅਕਤੀ ਕੌਣ ਹੈ, ਤੁਸੀਂ ਆਪ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦਿਓ।
ਉਨ੍ਹਾਂ ਹਿੰਦੂ ਧਰਮ ਦੀ ਰੱਖਿਆ ਲਈ ਦਿੱਲੀ ਜਾ ਕੇ ਆਪ ਕੁਰਬਾਨੀ ਦਿੱਤੀ। ਇਸੇ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਤਿਲਕ ਜੰਜੂ ਦਾ ਰਾਖਾ ਕਿਹਾ ਜਾਂਦਾ ਹੈ। ਇਹ ਵੀ ਹੈਰਾਨੀ ਦੀ ਅਦਭੁਤ ਗੱਲ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਕੁਰਬਾਨੀ ਦੇਣ ਲਈ ਉਨ੍ਹਾਂ ਸਮਿਆਂ ਵਿਚ ਜਦੋਂ ਆਵਾਜਾਈ ਦਾ ਹੋਰ ਕੋਈ ਸਾਧਨ ਨਹੀਂ ਹੁੰਦਾ ਸੀ ਤਾਂ ਉਹ ਹਜ਼ਾਰਾਂ ਮੀਲਾਂ ਦਾ ਸਫਰ ਪੈਦਲ ਤਹਿ ਕਰਕੇ ਦਿੱਲੀ ਪਹੁੰਚੇ। ਜਿਸ ਰਸਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਕੁਰਬਾਨੀ ਦੇਣ ਲਈ ਗਏ ਅਤੇ ਜਿਥੇ ਉਨ੍ਹਾਂ ਰਾਤਾਂ ਨੂੰ ਵਿਸਰਾਮ ਕੀਤਾ। ਉਨ੍ਹਾਂ ਸਾਰੀਆਂ ਥਾਵਾਂ ‘ਤੇ ਉਨ੍ਹਾਂ ਦੀ ਯਾਦ ਵਿਚ ਗੁਰੂ ਘਰ ਉਸਾਰੇ ਹੋਏ ਹਨ। ਜਿਹੜੇ ਰਹਿੰਦੀ ਦੁਨੀਆਂ ਤੱਕ ਆਉਣ ਵਾਲੀ ਪੀੜ੍ਹੀ ਨੂੰ ਸ਼ਾਂਤੀ, ਸਦਭਾਵਨਾ, ਭਰਾਤਰੀ ਭਾਵ, ਸ਼ਹਿਨਸ਼ੀਲਤਾ, ਮਿਲਵਰਤਨ ਅਤੇ ਦੂਜਿਆਂ ਦੇ ਦੁੱਖ ਦੂਰ ਕਰਨ ਦੀ ਪ੍ਰੇਰਨਾ ਦਿੰਦੇ ਰਹਿਣਗੇ।
ਪਟਿਆਲਾ ਜਿਲ੍ਹੇ ਵਿਚ ਬਹਾਦਰਗੜ੍ਹ ਅਤੇ ਸਥਾਨਕ ਪਟਿਆਲਾ ਸ਼ਹਿਰ ਵਿਖੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਉਨ੍ਹਾਂ ਦੀ ਯਾਦ ਵਿਚ ਉਸਾਰੇ ਹੋਏ ਹਨ। ਭਾਰਤ ਵਿਚ ਜੇਕਰ ਅੱਜ ਹਿੰਦੂ ਧਰਮ ਦੀ ਹੋਂਦ ਬਰਕਰਾਰ ਹੈ ਤਾਂ ਸਿਰਫ ਸ੍ਰੀ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਕਰਕੇ ਹੈ। ਪ੍ਰੰਤੂ ਦੁੱਖ ਇਸ ਗੱਲ ਦਾ ਹੈ ਕਿ ਕੁਝ ਅਖੌਤੀ ਵਿਦਵਾਨ ਅਤੇ ਸਿਆਸੀ ਨੇਤਾ ਧਰਮ ਦੇ ਵਲੱਗਣ ਵਿਚੋਂ ਨਿਕਲਕੇ ਇਨਸਾਨੀਅਤ ਦੀ ਗੱਲ ਕਰਨ ਦੀ ਥਾਂ ਘਿਰਣਾ ਪੈਦਾ ਕਰ ਰਹੇ ਹਨ। ਉਹ ਆਪਣੇ ਇਤਿਹਾਸ ਨੂੰ ਹੀ ਅਣਡਿਠ ਕਰ ਰਹੇ ਹਨ। ਸ੍ਰੀ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਕਰਕੇ ਹੀ ਉਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ। ਧਰਮ ਭਾਵੇਂ ਕੋਈ ਵੀ ਹੋਵੇ ਉਹ ਘਿਰਣਾ ਅਤੇ ਝਗੜੇ ਝੇੜਿਆਂ ਤੋਂ ਦੂਰ ਹੁੰਦਾ ਹੈ। ਉਹ ਹਮੇਸ਼ਾ ਸ਼ਾਂਤੀ, ਸਦਭਾਵਨਾ, ਸਹਿਹੋਂਦ ਅਤੇ ਭਾਈਚਾਰਕ ਸਹਿਹੋਂਦ ਦਾ ਸੰਦੇਸ਼ ਦਿੰਦਾ ਹੈ। ਅੱਜ ਜਦੋਂ ਸਮਾਜ ਦੇ ਵੱਖ-ਵੱਖ ਫਿਰਕਿਆਂ ਅਤੇ ਧਰਮਾ ਦੇ ਪੈਰੋਕਾਰਾਂ ਵਿਚ ਆਪਸੀ ਕੁੜੱਤਣ ਵਧ ਰਹੀ ਹੈ ਤਾਂ ਇਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਉਪਰ ਉਨ੍ਹਾਂ ਦੀ ਕੁਰਬਾਨੀ ਬਾਰੇ ਆਮ ਲੋਕਾਂ ਨੂੰ ਸਿਖਿਅਤ ਕਰਨ ਦੀ ਲੋੜ ਹੈ ਤਾਂ ਜੋ ਆਪਸੀ ਸਦਭਾਵਨਾ ਅਤੇ ਪਿਆਰ ਦਾ ਵਾਤਵਰਨ ਬਰਕਰਾਰ ਰਹਿ ਸਕੇ। ਭਾਰਤ ਸਰਕਾਰ ਨੂੰ ਉਨ੍ਹਾਂ ਦੇ ਜੀਵਨ ਅਤੇ ਕੁਰਬਾਨੀ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਸਕੂਲਾਂ ਦੀਆਂ ਪਾਠ ਪੁਸਤਕਾਂ ਵਿਚ ਉਨ੍ਹਾਂ ਬਾਰੇ ਲੇਖ ਸ਼ਾਮਲ ਕਰਨੇ ਚਾਹੀਦੇ ਹਨ।
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh480yahoo.com
94178 13072