ਸਾਡਾ ਘਰ, ਸਾਡੇ ਹੱਕ, ਸਾਡਾ ਸੰਵਿਧਾਨ ਅਤੇ ਕਿਸਾਨਾਂ ਦਾ ਸੰਘਰਸ਼ !
ਸਾਡਾ ਘਰ:- ਗੁਰਮਤਿ ਅਨੁਸਾਰ ਅਸੀਂ ਜਿੱਥੇ ਜੰਮੇ ਹਾਂ, ਸਾਡੇ ਹੋਰ ਭੇਣ-ਭਰਾ ਵੀ ਜੰਮੇ ਹਨ, ਇਨ੍ਹਾਂ ਸਾਥੀਆਂ ਵਿਚ ਦੁਫੇੜ ਪਾਉਣ ਦਾ (ਕਿਸੇ ਵੀ ਤਰੀਕੇ ਨਾਲ) ਕਿਸੇ ਨੂੰ ਵੀ ਅਧਿਕਾਰ ਨਹੀਂ, ਸਾਡੇ ਨਾਲਦੇ ਜੰਮਿਆਂ ਨੂੰ ਵੀ ਨਹੀਂ ਉਹ ਧਰਤੀ ਹੀ ਸਾਡਾ ਘਰ ਹੈ, ਇਸ ਬਾਰੇ ਕੋਈ ਪੁੱਛ ਗਿੱਛ ਕਰਨ ਵਾਲਾ, ਕੋਈ ਸਬੂਤ ਮੰਗਣ ਵਾਲਾ, ਕੋਈ ਕਾਗਜ਼ ਵਿਖਾਉਣ ਨੂੰ ਕਹਣ ਵਾਲਾ, ਕੋਈ ਜੰਮਿਆ ਹੀ ਨਹੀਂ, ਕਿਉਂਕਿ ਇਹ ਧਰਤੀ ਸਾਨੂੰ ਪਰਮਾਤਮਾ ਨੇ ਦਿੱਤੀ ਹੈ, ਕਿਸੇ ਹੋਰ ਨੇ ਨਹੀਂ। ਜੇ ਕੋਈ ਅਜਿਹਾ ਕਰਦਾ ਹੈ ਤਾਂ ਸਮਝ ਲਵੋ ਕਿ ਉਹ ਬੰਦਾ ਸਾਡੇ ਘਰ ਵਿਚ ਘੁਸ-ਪੈਠ ਕਰ ਕੇ ਸਾਡੇ ਹੱਕਾਂ ਤੇ ਡਾਕਾ ਮਾਰਨ ਵਾਲਾ ਲੁਟੇਰਾ ਹੈ, ਜਿਸ ਤੋਂ ਆਪਣੇ ਘਰ ਨੂੰ ਬਚਾਉਣ ਦੀ ਜ਼ਿੱਮੇਵਾਰੀ, ਸਾਡੇ ਸਾਰਿਆਂ ਦੀ ਸਾਂਝੀ ਹੈ। ਸਾਰਿਆਂ ਨੇ ਰਲ-ਮਿਲ ਕੇ ਫੇਸਲਾ ਕਰਨਾ ਹੈ ਕਿ ਉਸ ਲੁਟੇਰੇ ਨੂੰ ਜਾਂ ਉਨ੍ਹਾਂ ਲੁਟੇਰਿਆਂ ਨੂੰ ਕਿਵੇਂ ਖਦੇੜਨਾ ਹੈ ?
ਇਹ ਉਹ ਵਸਨੀਕ ਹਨ, ਜਿਨ੍ਹਾਂ ਨੇ ਰਲ ਕੇ ਇਸ ਘਰ ਨੂੰ ਵਸਾਇਆ ਹੈ, ਇਸ ਵਿਚਲੀਆਂ ਲੋੜੀਂਦੀਆਂ ਚੀਜ਼ਾਂ ਇਕੱਠੀਆਂ ਕੀਤੀਆਂ ਹਨ, ਉਨ੍ਹਾਂ ਦੀ ਰਖਵਾਲੀ ਕੀਤੀ ਹੈ, ਉਨ੍ਹਾਂ ਲਈ ਜਾਨਾਂ ਵਾਰੀਆਂ ਹਨ, ਪਰ ਵਿਡੰਬਨਾ ਇਹ ਹੈ ਕਿ ਇਨ੍ਹਾਂ ਵਸਨੀਕਾਂ ਦੀ ਥਾਂ ਇਹ ਸਾਰੀਆਂ ਚੀਜ਼ਾਂ, ਸਰਕਾਰੀ ਕਿਵੇਂ ਹੋ ਗਈਆਂ ? ਕਿਹਾ ਅੱਜ ਵੀ ਇਹ ਜਾਂਦਾ ਹੈ ਕਿ ਭਾਰਤ ਵਿਚਲੀ ਹਰ ਚੀਜ਼ ਜੰਤਕ ਜਾਇਦਾਦ (Public Property) ਹੈ, ਇਸ ਵਿਚ ਪਗਾਰ ਤੇ ਕੰਮ ਕਰਨ ਵਾਲੇ ਸਾਰੇ ਲੋਕ ਵੀ ਪਬਲਿਕ ਸਰਵੈਂਟ (Public Servant) ਹਨ, ਪਰ ਜਿਨ੍ਹਾਂ ਬਦਲਦੀਆਂ ਹਾਲਤਾਂ ਵਿਚ ਸਰਕਾਰ ਨੇ ਇਨ੍ਹਾਂ ਚੀਜ਼ਾਂ, ਇਨ੍ਹਾਂ ਕਾਮਿਆਂ ਦਾ ਖਿਆਲ ਰੱਖਣਾ ਸੀ, ਉਹ ਆਪਣੇ ਫਰਜ਼ਾਂ ਤੋਂ ਅਵੇਸਲੇ ਹੋ ਕੇ ਇਨ੍ਹਾਂ ਦਾ ਖਿਆਲ ਨਹੀਂ ਰੱਖ ਸਕੀ, ਜਾਂ ਜਾਣ ਬੁੱਝ ਕੇ ਨਹੀਂ ਰੱਖਿਆ ਅਤੇ ਇਸ ਪਬਲਿਕ ਪਰਾਪਰਟੀ ਨੂੰ ਸਰਕਾਰੀ ਜਾਇਦਾਦ ਬਣਾ ਕੇ ਰੱਖ ਦਿੱਤਾ, ਪਬਲਿਕ ਸਰਵੈਂਟ ਤੋਂ ਸਰਕਾਰੀ ਸਰਵੈਂਟ ਬਣਾ ਦਿੱਤਾ, ਨਤੀਜੇ ਵਜੋਂ ਆਉਣ ਵਾਲੀਆਂ ਸਰਕਾਰਾਂ ਨੇ ਆਮ ਲੋਕਾਂ ਵਲੋਂ ਬਣਾਈਆਂ ਚੀਜ਼ਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਕ ਚਪੜਾਸੀ ਤੋਂ ਲੈ ਕੇ ਫੋਜ ਦੇ ਜਰਨੈਲ, ਕੋਰਟ ਦੇ ਜਸਟਿਸ ਵੀ ਸਰਕਾਰੀ ਨੌਕਰ ਬਣ ਗਏ, ਪਬਲਿਕ ਨੂੰ ਏਨੇ ਨੀਵੇਂ ਪੱਧਰ ਤੇ ਡੇਗ ਦਿੱਤਾ ਕਿ, ਉਸ ਦੇ ਨੌਕਰ ਅਖਵਾਉਂਦਿਆਂ ਸ਼ਰਮ ਆਉਣ ਲੱਗ ਪਈ, ਸੰਵਿਧਾਨ ਦੀ ਤਾਬੇਦਾਰੀ ਮੁਸ਼ਕਿਲ ਜਾਪਣ ਲਗ ਪਈ। ਸਰਕਾਰੀ ਨੌਕਰ ਅਖਵਾਉਣ ਵਿਚ ਵਡਿਆਈ ਮਹਿਸੂਸ ਹੋਣ ਲਗ ਪਈ, ਅਤੇ ਸੰਵਿਧਾਨ ਦੀ ਥਾਂ ਸਰਕਾਰ ਦੀ ਤਾਬੇਦਾਰੀ ਬੜੀ ਸੌਖੀ ਹੁੰਦੀ ਗਈ, ਇਹ ਰੁਝਾਨ ਵਧਦਾ ਵਧਦਾ ਏਥੋਂ ਤੱਕ ਪਹੁੰਚ ਗਿਆ ਕਿ ਜਿਸ ਮੀਡੀਏ ਨੇ ਸਰਕਾਰ ਤੇ ਨਕੇਲ ਰੱਖਣੀ ਸੀ, ਉਹੀ ਮੀਡੀਆ, ਕੁਰੱਪਟ ਹੋ ਕੇ ਸਰਕਾਰ ਦੀ ਰਖੈਲ ਬਣ ਗਿਆ, ਜਿਸ ਫੌਜ ਨੇ ਸਰਕਾਰ ਨੂੰ ਥਿੜਕਣੋਂ ਰੋਕਣਾ ਸੀ, ਉਹੀ ਫੋਜ ਸਰਕਾਰ ਦੀਆਂ ਉਂਗਲਾਂ ਤੇ ਚੱਲ ਕੇ ਛੜਯੰਤਰਾਂ ਦੀ ਜੜ੍ਹ ਬਣਦੀ ਗਈ। ਜਿਸ ਨਿਆਂ ਪਾਲਕਾ ਨੇ ਸਾਰਿਆਂ ਤੇ ਸ਼ਿਕੰਜਾ ਰਖਣਾ ਸੀ, ਉਹ ਕੁਰਪਟ ਹੋ ਕੇ ਸਰਕਾਰ ਦੇ ਹੱਥਾਂ ਵਿਚ ਖੇਡਣ ਲੱਗ ਪਈ। ਜਿਸ ਅਫਸਰ-ਸ਼ਾਹੀ (ਆਈ. ਸੀ.ਐਸ./ ਆਈ.ਏ.ਐਸ,/ ਆਈ.ਪੀ.ਐਸ. ਅਤੇ ਆਈ.ਐਫ.ਐਸ.) ਆਦਿ ਦਾ ਜ਼ਿਲ੍ਹਾ ਪੱਧਰ ਦੀ ਸੰਭਾਲ ਵਿਚ ਇਕ ਖਾਸ ਰੋਲ ਹੁੰਦਾ ਸੀ, ਅੱਜ ਉਹ ਸਰਕਾਰ ਦੇ ਵਿਚ ਹੀ ਵਿਲੀਨ ਨਜ਼ਰ ਆਉਂਦੀ ਹੈ।
ਇਵੇਂ ਹੀ ਚੋਣ ਕਮਿਸ਼ਨ, ਜਿਸ ਦੀ ਭਾਰਤ ਦੇ ਲੋਕ ਤੰਤਰ ਵਿਚ ਇਕ ਖਾਸ ਥਾਂ ਸੀ, ਉਹ ਵੀ ਸਰਕਾਰ ਦੀ ਕਠ-ਪੁਤਲੀ ਬਣ ਕੇ ਰਹਿ ਗਿਆ ਹੈ। ਪੈਸਾ ਰਾਜਸੀ ਪਾਰਟੀਆਂ ਦੇ ਹੱਥਾਂ ਵਿਚ ਸਿਮਟਦਾ ਗਿਆ। ਰਾਸ਼ਟਰ-ਪਤੀ ਅਤੇ ਰਾਜਪਾਲ, ਪ੍ਰਧਾਨ ਮੰਤ੍ਰੀ ਸਾਮ੍ਹਣੇ, ਚਪੜਾਸੀਆਂ ਵਾਙ ਝੁਕਦੇ ਨਜ਼ਰ ਆਉਂਦੇ ਹਨ, ਰਾਸ਼ਟਰ-ਪਤੀ ਦੀ ਏਨੀ ਔਕਾਤ ਵੀ ਨਹੀਂ ਕਿ ਉਹ ਮੰਦਰ ਵਿਚ ਵੜ ਵੀ ਸਕੇ। ਬਾਕੀ ਕੀ ਬਚਿਆ ? ਕੁਝ ਵੀ ਨਹੀਂ।
ਸਾਡੇ ਹੱਕ :- ਉਸ ਘਰ ਵਿਚ ਰਹਿੰਦਿਆਂ ਹਰ ਬੰਦੇ ਨੂੰ ਪੂਰਾ ਹੱਕ ਹੈ ਕਿ ਉਹ ਆਪਣੀ ਹਰ ਚੀਜ਼ ਵਰਤਦਿਆਂ, ਆਪਣੀ ਮਰਜ਼ੀ ਮੁਤਾਬਕ ਕੰਮ ਕਰ ਸਕਦਾ ਹੈ, ਬਸ ਸ਼ਰਤ ਏਨੀ ਹੈ ਕਿ ਉਸ ਦੇ ਅਜਿਹਾ ਕਰਦਿਆਂ, ਕਿਸੇ ਦੂਸਰੇ ਦੇ ਹੱਕਾਂ ਵਿਚ ਵਿਘਨ ਨਾ ਪੈਂਦਾ ਹੋਵੇ।
ਸਾਡਾ ਸੰਵਿਧਾਨ:- ਉਪਰਲੇ ਹੱਕਾਂ ਦੀਆਂ ਹੱਦਾਂ ਨਿਸਚਿਤ ਕਰਨ ਲਈ, ਪੂਰਾ ਘੋਖ-ਪਰਖ ਕੇ ਅਸੀਂ ਸੰਵਿਧਾਨ ਬਣਾਇਆ ਹੈ, ਜਿਸ ਨੂੰ ਅਸੀਂ ਮੂਲ ਸੰਵਿਧਾਨ ਕਹਿੰਦੇ ਹਾਂ। ਇਸ ਸੰਵਿਧਾਨ ਵਿਚ, ਕੋਈ ਵੀ ਛੇੜ-ਛਾੜ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ, ਫਿਰ ਸੰਵਿਧਾਨ ਵਿਚ ਇਹ ਸੋਧਾਂ ਕਿਵੇਂ ਹੋ ਰਹੀਆਂ ਹਨ ? ਸੰਵਿਧਾਨ ਅਨੁਸਾਰ ਅਸੀਂ ਸਰਕਾਰ ਚੁਣਦੇ ਹਾਂ, ਉਸ ਸਰਕਾਰ ਨੂੰ ਹੱਕ ਹੁੰਦਾ ਹੈ ਕਿ ਉਹ ਆਪਣੀ ਲੋੜ ਅਨੁਸਾਰ ਕੁਝ ਕਾਨੂਨ ਬਣਾ ਲਵੇ, ਪਰ ਇਨ੍ਹਾਂ ਕਾਨੂਨਾਂ ਨੂੰ ਇਸ ਸੰਵਿਧਾਨ ਵਿਚ ਰਲ-ਗੱਡ ਨਹੀਂ ਕਰਨਾ ਚਾਹੀਦਾ, ਗਲਤੀ ਏਥੋਂ ਹੀ ਸ਼ੁਰੂ ਹੁੰਦੀ ਹੈ ਕਿ ਸਰਕਾਰ ਨੇ ਆਪਣੀ ਸੁਵਿਧਾ ਅਨੁਸਾਰ ਕੁਝ ਕਾਨੂਨ ਬਣਾਏ, ਉਸ ਸਰਕਾਰ ਦੀ ਅਵਧੀ ਖਤਮ ਹੋਣ ਤੇ, ਯਾਨੀ ਪੰਜ ਸਾਲ ਮਗਰੋਂ ਸਰਕਾਰ ਗਈ, ਉਸ ਦੀਆਂ ਸੁਵਧਾਵਾਂ ਵੀ ਗਈਆਂ, ਫਿਰ ਵੀ ਉਹ ਕਾਨੂਨ ਰੱਦ ਨਹੀਂ ਹੁੰਦੇ ਬਲਕਿ ਸੰਵਿਧਾਨ ਨਾਲ ਰਲ-ਗੱਡ ਕਰ ਕੇ, ਸੰਵਿਧਾਨ ਵਿਚ ਗੰਦ ਵਧਾਇਆ ਜਾਂਦਾ ਹੈ। ਏਸੇ ਦਾ ਨਤੀਜਾ ਹੈ ਕਿ ਕਈ ਮਰੇ ਹੋਏ ਕਾਨੂਨ ਅਚੇਤਨ ਅਵਸਥਾ ਵਿਚ ਪਏ ਰਹਿੰਦੇ ਹਨ ਅਤੇ ਸਮਾ ਆਉਣ ਤੇ ਉਨ੍ਹਾਂ ਕਾਨੂਨਾਂ ਨੂੰ ਝਾੜ-ਪੂੰਝ ਕੇ ਵਰਤ ਲਿਆ ਜਾਂਦਾ ਹੈ, ਜਦ ਉਸ ਕਾਨੂਨ ਦੀ ਦੁਰ-ਵਰਤੋਂ ਦੀ ਗੱਲ ਉੱਠਦੀ ਹੈ, ਤਾਂ ਸਰਕਾਰਾਂ ਇਹ ਕਹਿ ਕੇ ਕਿ ਇਹ ਕਾਨੂਨ ਅਸੀਂ ਨਹੀਂ ਬਣਾਏ, ਇਹ ਤਾਂ 10 ਜਾਂ 20 ਸਾਲ ਪਹਿਲਾਂ ਦੇ ਬਣੇ ਹੋਏ ਹਨ, ਪੱਲਾ ਝਾੜ ਲੈਂਦੀਆਂ ਹਨ, ਇਵੇਂ ਇਨ੍ਹਾਂ ਕਾਨੂਨਾਂ ਦੇ ਕਚਰੇ ਨਾਲ ਸਾਡਾ ਸੰਵਿਧਾਨ ਭਰਦਾ ਜਾ ਰਿਹਾ ਹੈ, ਜੋ ਸਾਡੇ ਲਈ ਦੁਖਦਾਈ ਹੁੰਦਾ ਜਾ ਰਿਹਾ ਹੈ। ਪਰ ਜ਼ਿਆਦਤੀ ਤਾਂ ਜਨਤਾ ਨੂੰ ਸਹਾਰਨੀ ਪੈਂਦੀ ਹੈ, ਕਿਉਂ ? ਜੇ ਮੌਕੇ ਦੀ ਸਰਕਾਰ ਨਵੇਂ ਕਾਨੂਨ ਬਣਾਉਂਦੀ ਹੈ ਤਾਂ ਉਨ੍ਹਾਂ ਦੀ ਜ਼ਿੱਮੇਵਾਰੀ ਹੁੰਦੀ ਹੈ, ਨਹੀਂ ਤਾਂ ਕਿਸੇ ਦੀ ਨਹੀਂ। ਇਹੀ ਹਾਲ, ਕਿਸਾਨ ਬਿੱਲਾਂ ਦਾ ਹੈ, ਇਵੇਂ ਸੰਵਿਧਾਨ ਭਾਨ ਮਤੀ ਦਾ ਕੁਨਬਾ ਬਣਦਾ ਰਹਿੰਦਾ ਹੈ, ਜਿਸ ਦੇ ਮੂਲ ਰੂਪ ਨੂੰ ਬਚਾਉਣ ਦੀ ਸਖਤ ਲੋੜ ਹੈ।
ਸਾਡਾ ਸੰਘਰਸ਼:-
ਇਸ ਦੇਸ਼ ਵਿਚ ਸ਼ਾਇਦ ਕਿਸਾਨ ਹੀ ਅਜਿਹਾ ਬਚਿਆ ਹੈ, ਜੋ ਆਪਣੀ ਹੋਂਦ ਲਈ ਸੰਘਰਸ਼ ਕਰ ਰਿਹਾ ਹੈ,(ਬਾਕੀ ਤਾਂ ਸਾਰਾ ਕੁਝ ਲੁਟਿਆ ਪੁਟਿਆ ਜਾ ਚੁਕਿਆ ਹੈ। ਐਫ.ਸੀ.ਆਈ. ਦਾ ਠੇਕਾ ਅਦਾਨੀ ਨੂੰ ਦੇ ਕੇ ਉਸ ਦਾ ਭੋਗ ਪਵਾ ਦਿੱਤਾ ਗਿਆ ਹੈ। ਗੁਜਰਾਤ ਵਿਚਲੀ ਕੁਦਰਤੀ ਬੰਦਰਗਾਹ ਦੇ ਕੋਲ ਅਦਾਨੀ ਦੀ ਬੰਦਰਗਾਹ ਬਣਵਾ ਕੇ ਭਾਰਤੀ ਲੋਕਾਂ ਦੀ ਬੰਦਰਗਾਹ ਦਾ ਸਾਰਾ ਕਾਰੋਬਾਰ ਠੱਪ ਕਰ ਦਿੱਤਾ ਗਿਆ ਹੈ। ਇਹੀ ਹਾਲ ਬੈਂਕਾਂ ਦਾ ਕਰ ਦਿੱਤਾ ਗਿਆ ਹੈ। ਐਲ.ਆਈ.ਸੀ. ਜੋ ਸੋਨੇ ਦਾ ਅੰਡਾ ਦੇਣ ਵਾਲੀ ਕੁਕੜੀ ਸੀ, ਉਸ ਦੇ ਵੀ ਖੰਭ ਵੱਢ ਦਿੱਤੇ ਗਏ ਹਨ) ਸਰਕਾਰ ਨੂੰ ਪੂਰਨ ਭਰੋਸਾ ਸੀ ਅਨਪੜ੍ਹ ਕਿਸਾਨ, ਅੰਗਰੇਜ਼ੀ ਦੇ ਇਸ ਖਰੜੇ ਨੂੰ ਸਮਝ ਹੀ ਨਹੀਂ ਸਕੇਗਾ ਅਤੇ ਇਸ ਦੀ ਇਬਾਰਤ ਵਿਚ ਹੀ ਉਲਝ ਕੇ ਰਹਿ ਜਾਵੇਗਾ। ਸਮੁੱਚੇ ਰੂਪ ਵਿਚ ਕਿਸਾਨ ਕਦੀ ਇਕੱਠੇ ਹੀ ਨਹੀਂ ਹੋ ਸਕਣਗੇ, ਛੋਟੀਆਂ ਛੋਟੀਆਂ ਟੀਮਾਂ ਵਿਚ ਵੰਡੇ ਕਿਸਾਨਾਂ ਨੂੰ ਕਿਸੇ ਵੇਲੇ ਵੀ ਦਬਿਆ ਕੁਚਲਿਆ, ਚੁੱਪ ਕਰਾਇਆ ਜਾ ਸਕਦਾ ਹੈ, ਇਨ੍ਹਾਂ ਦੇ ਲੀਡਰਾਂ ਨੂੰ ਖਰੀਦ ਕੇ, ਇਨ੍ਹਾਂ ਵਿਚ ਮਤ-ਭੇਦ ਪੈਦਾ ਕਰ ਕੇ, ਡਰਾ ਕੇ ਜਾਂ ਕੁਝ ਲਾਲਚ ਦੇ ਕੇ ਜਾਂ ਮੀਡੀਏ ਰਾਹੀਂ ਬਦਨਾਮ ਕਰ ਕੇ ਇਨ੍ਹਾਂ ਦੇ ਅੰਦੋਲਨ ਨੂੰ ਠੱਪ ਕੀਤਾ ਜਾ ਸਕਦਾ ਹੈ। ਪਰ ਕੁਦਰਤ ਦਾ ਵੀ ਆਪਣਾ ਕੁਝ ਨਿਯਮ ਹੈ, ਜਿਸ ਬਾਰੇ ਗੁਰੂ ਨਾਨਕ ਜੀ ਨੇ ਸੋਝੀ ਦਿੱਤੀ ਹੋਈ ਹੈ। ਸੋ ਪਰਮਾਤਮਾ ਦੀ ਮਿਹਰ ਸਦਕਾ, ਸਾਰੇ ਕਿਸਾਨ ਇਕੱਠੇ ਹੋ ਗਏ ਹਨ, ਬਾਕੀ ਵੀ ਇਕੱਠੇ ਹੁੰਦੇ ਜਾ ਰਹੇ ਹਨ। ਇਸ ਪੱਖੋਂ ਤਾਂ ਕਿਸਾਨਾਂ ਦੀ ਗੱਡੀ ਲੀਹ ਤੇ ਹੈ, ਪਰ ਏਨੀ ਸਰਦੀ ਵਿਚ, ਬਾਰਸ਼ਾਂ ਨਾਲ ਰਲ ਕੇ ਮੌਸਮ ਨੇ ਵੀ ਕਿਸਾਨਾਂ ਦੀ ਪਰਖ ਲੈਣੀ ਸ਼ੁਰੂ ਕੀਤੀ ਹੋਈ ਹੈ। ਲੇਕਨ ਕਿਸਾਨਾਂ ਅਤੇ ਮੌਸਮ ਦਾ ਮੁੱਢ-ਕਦੀਮ ਤੋਂ ਸਾਥ ਹੋਣ ਕਾਰਨ ਮੌਸਮ ਕਿਸਾਨਾਂ ਦਾ ਜ਼ਿਆਦਾ ਨੁਕਸਾਨ ਨਹੀਂ ਕਰਨ ਵਾਲਾ, ਫੇਰ ਵੀ ਜਿੰਨਾ ਵੱਡਾ ਕੰਮ ਹੈ ਓਨੀ ਵੱਡੀ ਫੀਸ ਤਾਂ ਦੇਣੀ ਹੀ ਪੈਂਦੀ ਹੈ। ਅੱਜ ਤੱਕ ਤਾਂ ਕਿਸਾਨ ਸੰਘਰਸ਼ ਨੇ ਬਹੁਤ ਸ਼ਾਨਦਾਰ ਰਿਕਾਰਡ ਸਥਾਪਤ ਕੀਤੇ ਹਨ, ਪਰ ਇਸ ਸੰਘਰਸ਼ ਨੂੰ ਬਦਨਾਮ ਕਰਨ ਲਈ ਸਰਕਾਰ ਦੀ ਸਾਰੀ ਮਸ਼ੀਨਰੀ ਲੱਗੀ ਹੋਈ ਹੈ।
ਕਿਸਾਨਾਂ ਦੀ ਤਾਕਤ ਉਨ੍ਹਾਂ ਦੇ ਇਕੱਠ ਵਿਚ ਹੈ. ਉਸ ਆਸਰੇ ਹੀ ਉਹ ਏਨੀ ਝੂਠੀ/ਸ਼ਾਤਰ, ਬੇਈਮਾਨ, ਨਿਰਦਈ ਹਮੂਮਤ ਨਾਲ ਟੱਕਰ ਲੈ ਰਹੇ ਹਨ, ਉਹ ਇਸ ਗੱਲ ਤੇ ਅਡਿੱਗ ਹਨ ਕਿ “ਜਿੱਤਾਂਗੇ ਜਾਂ ਮਰਾਂਗੇ” ਅਤੇ ਜਿਵੇਂ ਉਹ ਸੱਚ ਤੇ, ਇਮਾਨਦਾਰੀ ਨਾਲ ਸੰਘਰਸ਼ ਕਰ ਰਹੇ ਹਨ, ਗੁਰਮਤਿ ਇਸ ਗੱਲ ਨੂੰ ਡੰਕੇ ਦੀ ਚੋਟ ਨਾਲ ਕਹਿੰਦੀ ਹੈ ਕਿ ਹਰ ਹਾਲਤ ਵਿਚ ਕਿਸਾਨਾਂ ਦੀ ਜਿੱਤ ਹੋਵੇਗੀ, ਅਤੇ ਗੁਰਮਤਿ ਦੇ ਫਲਸਫੇ ਨੂੰ ਕੋਈ ਗਲਤ ਸਾਬਤ ਨਹੀਂ ਕਰ ਸਕਦਾ। ਇਸ ਜਿੱਤ ਦੀ ਉਗਾਹੀ ਭਰਦਾ ਹੈ ਸਾਰੇ ਧਰਮਾਂ ਦਾ ਠਾਠਾਂ ਮਾਰਦਾ ਇਕੱਠ, ਕਿਸਾਨ ਨੇਤਾ ਇਸ ਗੱਲ ਦਾ ਯਕੀਨ ਰੱਖਣ ਕਿ ਜੇ ਲੋੜ ਪਈ ਤਾਂ ਤੁਹਾਡੇ ਅੰਦਾਜ਼ੇ ਤੋਂ ਕਿਤੇ ਜ਼ਿਆਦਾ ਸ਼ਹਾਦਤਾਂ, ਤੁਹਾਡੇ ਇਕ ਇਸ਼ਾਰੇ ਤੇ ਦਿੱਤੀਆਂ ਜਾਣਗੀਆਂ। ਸਾਡੇ ਸਾਮ੍ਹਣੇ ਹੋਰ ਕੋਈ ਰਾਹ ਹੀ ਨਹੀਂ ਹੈ, ਅਸੀਂ ਗੁਲਾਮੀ ਦੇ ਸੌ ਸਾਲਾਂ ਨਾਲੋਂ, ਕੁਝ ਦਿਨਾਂ ਦੀ ਆਜ਼ਾਦੀ ਨੂੰ ਬਹੁਤ ਚੰਗਾ ਸਮਝਦੇ ਹਾਂ। ਬੱਸ ਤੁਸੀਂ ਏਸੇ ਸੰਜਮ ਅਤੇ ਦ੍ਰਿੜਤਾ ਨਾਲ ਚਲਦੇ ਰਹੋ।
ਮੁਢਲੇ ਤੌਰ ਤੇ ਅਸੀਂ ਕਿਸ ਲਈ ਜਵਾਬਦੇਹ ਹਾਂ?
ਅਸੀਂ ਪਰਮਾਤਮਾ ਨੂੰ ਛੱਡ ਕੇ, ਸਿਰਫ ਦੋ ਚੀਜ਼ਾਂ ਲਈ ਹੀ ਜਵਾਬਦੇਹ ਹਾਂ।
1, ਸਾਡੇ ਘਰ ਦੇ ਵਸਨੀਕ, (ਭਾਰਤ ਦੀ ਜੰਤਾ। ਅਤੇ
2, ਭਾਰਤ ਦਾ ਅਸਲੀ, ਮੁੱਢਲਾ ਸੰਵਿਧਾਨ।
ਇਨ੍ਹਾਂ ਦੋਵਾਂ ਪਾਵਿਆਂ ਤੋਂ ਇਲਾਵਾ ਬਾਕੀ ਸਾਰੇ ਪਾਵਿਆਂ ਨੂੰ ਘੁਣ ਲਗ ਚੁੱਕਾ ਹੈ, ਉਨ੍ਹਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਉਨ੍ਹਾਂ ਨੂੰ ਆਪਣੇ ਹਿਸਾਬ ਨਾਲ ਨਵਾਂ ਬਣਾਇਆ ਜਾਵੇਗਾ। ਜੋ ਕੁਝ ਵੀ ਚੋਰਾਂ ਲੁਟੇਰਿਆਂ ਨੇ ਸਾਡੇ ਵੇਹੜੇ ਵਿਚ ਗੰਦ ਪਾਇਆ ਹੈ, ਉਹ ਤਾਂ ਅਸੀਂ ਸਾਫ ਕਰਨਾ ਹੀ ਹੈ, ਕਿਸਾਨ ਲੀਡਰਾਂ ਕੋਲੋਂ ਏਨੀ ਮਦਦ ਹੋਰ ਚਾਹਾਂਗੇ ਕਿ ਇਸ ਸਰਕਾਰ ਨੇ ਜੋ ਕੁਝ ਵੀ ਵੇਚਿਆ ਹੈ ਜਾਂ ਸ਼ਾਹੂਕਾਰਾਂ ਨੂੰ ਵੰਡਿਆ ਹੈ, ਉਸ ਨੂੰ ਵਾਪਸ ਲੈਣ ਵਿਚ ਦੇਸ਼ ਵਾਸੀਆਂ ਦੀ ਮਦਦ ਕਰਨ। ਅਸੀਂ ਤੁਹਾਡਾ ਇਹ ਅਹਿਸਾਨ ਕਦੇ ਨਹੀਂ ਭੁੱਲਾਂਗੇ।
ਤੁਹਾਡੇ ਆਪਣਿਆਂ ਵਿਚੋਂ ਇਕ
ਅਮਰ ਜੀਤ ਸਿੰਘ ਚੰਦੀ
16-01-2021
ਅਮਰਜੀਤ ਸਿੰਘ ਚੰਦੀ
ਸਾਡਾ ਘਰ, ਸਾਡੇ ਹੱਕ, ਸਾਡਾ ਸੰਵਿਧਾਨ ਅਤੇ ਕਿਸਾਨਾਂ ਦਾ ਸੰਘਰਸ਼ !
Page Visitors: 2505