ਜ਼ੁਮਲਿਆਂ ਦੀ ਰਾਜਨੀਤੀ
ਗੁਰਦੇਵ ਸਿੰਘ ਸੱਧੇਵਾਲੀਆ
2020 ਲੰਘ ਗਿਆ, ਪਰ ਰਿਫਰੰਡਮ ਵਾਲਾ ਮਿਸਟਰ ਪੰਨੂੰ ਹਾਲੇ ਤਕ ਝੰਡੇ 'ਚ ਹੀ ਡੰਡਾ ਫਸਾਈ ਫਿਰਦਾ ਤੇ ਦੋ ਕਰੋੜ ਦੇ ਲੋਭਾਂ ਨਾਲ ਕੌਮ ਦੇ ਨਿਸ਼ਾਨ ਉਚੇ ਕਰਨ ਦੇ ਜੁਮਲੇ ਛਡਣ ਦੀ ਰਾਜਨੀਤੀ ਕਾਰਨ ਮੋਦੀਆਂ ਮੁਕਾਬਲੇ ਆ ਖੜਾ ਹੋਇਆ।
ਦੋ ਕਰੋੜ ਲੈ ਕੇ ਗੱਡੇ ਨਿਸ਼ਾਨ ਹਵਾਵਾਂ ਦੇ ਬੁਲਿਆਂ ਨਾਲ ਉੱਡ ਜਾਂਦੇ ਨੇ। ਇਹ ਲੋਭਾਂ ਦੇ ਨਹੀਂ ਮੁਹੱਬਤਾਂ ਦੇ ਸੌਦੇ ਨੇ ਜਿਥੇ ਸਰਦਾਰੀ ਦੀ ਗੱਲ ਸਿਰ ਤੋਂ ਸ਼ੁਰੂ ਹੁੰਦੀ ਹੈ।
ਨਿਸ਼ਾਨ ਚੁੱਕੀ ਸਿੰਘ ਨੂੰ ਮਿਹਣਾ ਮਾਰਿਆ ਦੁਸ਼ਮਣ ਨੇ ਕਿ ਜੇ ਜੰਗ ਵਿਚ ਤੇਰੇ ਹੱਥ ਵੱਢ ਦਿਤੇ ਗਏ ਨਿਸ਼ਾਨ ਤੇਰੇ ਦਾ ਕੀ ਬਣੂੰ ਤਾਂ ਸਿੰਘ ਕਹਿੰਦਾ ਪੈਰਾਂ ਵਿਚ ਲੈਕੇ ਇਸ ਨੂੰ ਝੂਲਦਾ ਰਖਾਂਗਾ। ਗਲ ਪੈਰ ਵੀ ਵੱਢਣ ਤੋਂ ਜਦ ਸਿਰ ਵੀ ਵੱਢੇ ਜਾਣ ਤੇ ਗਈ ਤਾਂ ਸਿੰਘ ਕਹਿੰਦਾ ਫਿਰ ਗੁਰੂ ਬਾਜਾਂ ਵਾਲਾ ਜਾਣੇ ਪਰ ਮੇਰਾ ਵਿਸਵਾਸ਼ ਹੈ ਜਦ ਤਕ ਸਾਡੇ ਚੋਂ ਇਕ ਵੀ ਜਿਓਂਦਾ ਰਿਹਾ ਨਿਸ਼ਾਨ ਨਹੀਂ ਡਿਗਣ ਦਿੰਦਾ। ਦੋ ਕਰੋੜ ਨਾਲ ਨਿਸ਼ਾਨ ਗੱਡਣ ਵਾਲਿਆਂ ਦੀ ਸੋਚ ਤੋਂ ਇਹ ਰੱਬੀ ਰਮਜਾਂ ਕੋਹਾਂ ਦੂਰ।
ਕੌਮਾਂ ਦੇ ਨਿਸ਼ਾਨ ਕਰੋੜ ਦੋ ਕਰੋੜ ਲੈ ਕੇ ਇਓਂ ਗੱਡੇ ਜਾਂਦੇ ਹੁੰਦੇ ਤਾਂ ਨਾਦਰਾਂ ਅਬਦਾਲੀਆਂ ਨੂੰ ਤਰੇਲੀਆਂ ਨਾ ਆਓਦੀਆਂ ਸਿੰਘਾਂ ਦਾ ਨਾਮ ਸੁਣਕੇ ਅਤੇ ਦਿੱਲੀ ਨੂੰ ਅਪਣੇ ਘੋੜਿਆਂ ਦੇ ਸੁੰਬਾਂ ਹੇਠ ਨਾ ਰੋਲੀ ਫਿਰਦੇ ਸਿੰਘ ।
ਮਿਸਟਰ ਪੰਨੂੰ ਬਾਦਲਾਂ-ਸੋਨੀਆਂ ਉਪਰ ਕੇਸਾਂ ਵੇਲੇ ਵੀ ਇਓਂ ਹੀ ਖਾਲਸਾ ਜੀ ਦੀ ਚੜਦੀ ਕਲਾ ਹੋਣ ਦੇ ਜੁਮਲੇ ਛਡ ਰਿਹਾ ਸੀ ਪਰ ਜਦ ਅਸੀਂ ਗਲ ਲੋਕਾਂ ਸਾਹਵੇਂ ਆਂਦੀ ਤਾਂ ਇਹ ਕਹਿਕੇ ਪਲਾ ਝਾੜ ਦਿਤਾ ਗਿਆ ਕਿ ਤਾਂ ਇਹ ਪ੍ਰਾਪੇਗੰਡਾ ਸਟੰਟ ਸੀ! ਗਾਹਲਾਂ ਅਤੇ ਏਜੰਸੀਆਂ ਦੇ ਸਿਰੋਪੇ ਡੁਬਈ ਦੀਆਂ ਲੁਟਾਂ ਤਰਾਂ ਮੇਰੇ ਵਰਗਿਆਂ ਨੂੰ ਮੁਫਤੀਆਂ ।
ਪਾਠਕਾਂ ਨੂੰ ਯਾਦ ਹੋਵੇ ਕਿ ਕਰਤਾਰਪੁਰ ਸਾਹਬ ਦੇ ਲਾਂਘੇ ਵੇਲੇ ਵੀ ਮਿਸਟਰ ਪੰਨੂੰ ਨੇ ਅਜਿਹਾ ਹੀ ਜੁਮਲਾ ਛਡਿਆ ਸੀ ਕਿ ਅਸੀਂ ਕਰਤਾਰਪੁਰ ਸਾਹਬ ਜਾ ਕੇ ਖਾਲਿਸਤਾਨ ਦਾ ਐਲਾਨ ਕਰਾਂਗੇ। ਤੁਸੀਂ ਉਸ ਸਮੇ ਸਿਖ ਕੌਮ ਦੇ ਜਜਬਾਤ ਅਤੇ ਗੁਰਧਾਮਾਂ ਦੇ ਦਰਸ਼ਨਾਂ ਦੀ ਤਾਂਘ ਬਾਰੇ ਸੋਚ ਕੇ ਦਸ ਸਕਦੇਂ ਕਿ ਇਹ ਬਿਆਨ ਕਿਵੇਂ ਸਹੀ ਸੀ?
ਥੋੜੇ ਦਿਨ ਪਹਿਲਾਂ ਲਦਾਖ ਦੇ ਸਿਖ ਫੌਜੀਆਂ ਨੂੰ ਬੈਰਕਾਂ ਛਡ ਕੇ ਸਿੰਘੂ ਬਾਰਡਰ 'ਤੇ ਦੌੜ ਆਓਂਣ ਦੀ ਸਲਾਹ ਅਜ ਦੇ ਹਲਾਤਾਂ ਨਾਲ ਕਿਵੇਂ ਵੀ ਮੇਲ ਖਾਂਦੀ ਹੋਵੇ ਜਾਂ ਬਾਰਡਰ ਤੇ ਜਾਨਾ ਹੂਲਣ ਵਾਲਿਆਂ ਦੇ ਹੱਕ ਵਿੱਚ ਭੁਗਤਦੀ ਹੋਵੇ ਤਾਂ ਦਸਣਾ। ਇਕ ਪਾਸੇ ਪੂਰੀ ਕੌਮ ਤੇ ਪੰਜਾਬ ਦੀ ਮੁਛ ਦਾ ਸਵਾਲ ਤੇ ਦੂਜੇ ਆਹਾ ਜੁਮਲੇ?
ਪੰਜਾਬ ਅੱਜ ਪੂਰਾ ਮੁਲਖ ਕੀ ਪੂਰੀ ਦੁਨੀਆਂ ਦੀ ਅੱਖ 'ਤੇ। ਪੰਜਾਬ ਅੱਜ ਦੇ ਸਿਰਜੇ ਜਾ ਰਹੇ ਇਤਿਹਾਸ ਦਾ ਮੋਹਰੀ ਹੈ, ਇਸ ਲਹਿਰ ਰਾਹੀਂ ਕੁਲ ਮੁਲਖ ਕੀ ਦੁਨੀਆਂ ਮੰਨੀ ਬੈਠੀ ਗੁਰੂਆਂ ਦੇ ਨਾਂ ਤੇ ਵਸਦੇ ਪੰਜਾਬ ਦਾ ਲੋਹਾ ਪਰ ਇਹ ਮਿਸਟਰ ਪੰਨੂੰ ਹੋਰੀਂ ਦੁੱਧ ਵਿਚ ਕਾਂਜੀ ਚੁੱਕੀ ਫਿਰ ਰਹੇ ਨੇ?
ਬਾਰਡਰ 'ਤੇ ਬਜੁਰਗ ਮਰ ਰਹੇ, ਨੌਜਵਾਨ ਮਰ ਰਹੇ, ਲਾਸ਼ਾਂ ਘਰਾਂ ਨੂੰ ਜਾ ਰਹੀਆਂ, ਠੰਡ ਅਤੇ ਮੀਂਹ ਨਾਲ ਲੋਕਾਂ ਦੇ ਬੁਰੇ ਹਾਲ ਪਰ ਫਿਰ ਵੀ ਲੋਕਾਂ ਦੇ ਹੌਸਲੇ ਬੁਲੰਦ ਨੇ ਪਰ ਇਸ ਸਭ ਕੁਝ ਦਾ ਮਿਸਟਰ ਪੰਨੂੰ ਵਰਗਿਆਂ ਨੂੰ ਤੁਹਾਨੂੰ ਕੀ ਜਾਪਦਾ ਪਤਾ ਨਹੀਂ ਜਾਂ ਸਮਝ ਨਹੀਂ?
ਦਿੱਲੀ ਦੀ ਹਿੱਕ ਤੇ ਗੋਡਾ ਧਰੀ ਬੈਠੇ ਦਲਾਂ ਦੇ ਮੋਹਰੀ ਪੰਜਾਬ ਨੂੰ ਆਹਾ ਬਚਕਾਨਾ ਗਲਾਂ ਕਰਕੇ ਅਸੀਂ ਹਰਾਓਂਣਾ ਚਾਹੁੰਦੇ?
ਉੱਚ ਘਰਾਣਿਆਂ ਦੇ ਨਾਸੀਂ ਧੂੰਆਂ ਦੇਣ ਅਤੇ ਮੋਦੀਆਂ ਸ਼ਾਹਾਂ ਅਗੇ ਹਿਕ ਤਾਣੀਂ ਖੜੇ ਪੰਜਾਬ ਨੂੰ ਜੁਮਲਿਆਂ ਰਾਹੀਂ ਹਰਾਉਣ ਦੀ ਜਿੰਮੇਵਾਰੀ ਸਿਖਾਂ ਦੇ ਈ ਸਿਰ ਥੋਪਣ ਦਾ ਮਨ ਬਣਾਈ ਫਿਰਦੀ ਪੰਨੂੰ ਐਂਡ ਪਾਰਟੀ ?
ਜੰਗ ਦੇ ਮੈਦਾਨ ਵਿਚ ਡਟੀਆਂ ਖੜੀਆਂ ਫੌਜਾਂ ਦੀਆਂ ਬਰੂਦਾਂ ਦੀਆਂ ਬੋਰੀਆਂ ਵਿਚ ਸਰੋਂ ਭਰੀ ਜਾਣ ਵਾਲੀ ਬਚਕਾਨਾ ਹਰਕਤ ਨਹੀਂ ਮਿਸਟਰ ਪੰਨੂੰ ਦੀ?
ਯਾਦ ਰਹੇ ਦਿੱਲੀ ਪੰਨੂੰ ਤੋਂ ਨਹੀਂ ਸਰਦਾਰ ਰਵੀ ਸਿੰਘ ਵਰਗਿਆਂ ਤੋਂ ਡਰਦੀ ਹੈ ਕਿਓਂਕਿ ਰਵੀ ਸਿੰਘ ਇਕ ਹਕੀਕਤ ਦਾ ਨਾਂ ਹੈ ਜੁਮਲਿਆਂ ਦਾ ਨਹੀਂ।
ਕੌਮੀ ਅਜਾਦੀ ਕੋਈ ਹਾਸੋਹੀਣੀ ਖੇਡ ਨਹੀਂ ਕਿ ਇਸ ਮਹਾਨ ਅਤੇ ਉਚੇ ਆਦਰਸ਼ ਲਈ ਜੁਮਲੇਬਾਜੀ ਕਰਕੇ ਕੌਮ ਨੂੰ ਨਮੋਸ਼ੀ ਦਾ ਸ਼ਿਕਾਰ ਬਣਾਇਆ ਜਾਵੇ।
ਮੈਂ ਦਾਅਵੇ ਨਾਲ ਕਹਿੰਨਾ ਕਿ ਖਾਲਸਾ ਰਾਜ ਦੇ ਨਾਂ ਹੇਠ ਇਹ ਬੰਦੇ ਖਾਲਸਾ ਜੀ ਦੀ ਸ਼ਵੀ ਓ ਈ ਨੇਸਤੋ-ਨਬੂਦ ਕਰਨ ਵਾਲੇ ਰਾਹੇ ਪੈ ਚੁੱਕੇ ਹੋਏ ਨੇ।
ਮਿਸਟਰ ਪੰਨੂੰ ਦੀ ਬੋਲਚਾਲ ਅਤੇ ਜੁਮਲੇ ਖਾਲਸਾ ਜੀ ਦੇ ਰਾਜ ਦੀ ਮੰਜਲ ਦੂਰ ਤਾਂ ਲਿਜਾ ਸਕਦੇ ਪਰ ਨੇੜੇ ਨਹੀਂ ਕਿਓਂਕਿ ਜੁਮਲਿਆਂ ਦੀ ਰਾਜਨੀਤੀ ਨਾਲ ਕੌਮਾਂ ਦੀ ਅਜਾਦੀ ਦਾ ਦੂਰ ਵੀ ਵਾਸਤਾ ਨਾ। ਕਿ ਹੈ?
ਗੁਰਦੇਵ ਸਿੰਘ ਸੱਧੇਵਾਲੀਆ
ਜ਼ੁਮਲਿਆਂ ਦੀ ਰਾਜਨੀਤੀ
Page Visitors: 2453