ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਚਾਹਲ
ਟਰੈਕਟਰ ਪਰੇਡ ਦੇ ਹਾਂ ਪੱਖੀ ਪੱਖ ਨੂੰ ਕਿਉਂ ਅਣਦੇਖਿਆ ਕੀਤਾ ਜਾ ਰਿਹਾ ?....ਬਲਵਿੰਦਰ ਸਿੰਘ ਚਾਹਲ
ਟਰੈਕਟਰ ਪਰੇਡ ਦੇ ਹਾਂ ਪੱਖੀ ਪੱਖ ਨੂੰ ਕਿਉਂ ਅਣਦੇਖਿਆ ਕੀਤਾ ਜਾ ਰਿਹਾ ?....ਬਲਵਿੰਦਰ ਸਿੰਘ ਚਾਹਲ
Page Visitors: 2455

ਟਰੈਕਟਰ ਪਰੇਡ ਦੇ ਹਾਂ ਪੱਖੀ ਪੱਖ ਨੂੰ ਕਿਉਂ ਅਣਦੇਖਿਆ ਕੀਤਾ ਜਾ ਰਿਹਾ ?....ਬਲਵਿੰਦਰ ਸਿੰਘ ਚਾਹਲ
Jan 29, 2021 12:00 AM

ਜਦੋਂ ਤੋਂ ਖੇਤੀ ਕਾਨੂੰਨਾਂ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਸ਼ੁਰੂ ਹੋਇਆ ਸੀ ਉਦੋਂ ਤੋਂ ਲੈ ਕੇ ਕਿਸਾਨ ਜਥੇਬੰਦੀਆਂ ਨੇ ਬੜੀ ਸੂਝਬੂਝ ਨਾਲ ਇਸ ਸੰਘਰਸ਼ ਨੂੰ ਅੱਗੇ ਵਧਾਇਆ ਅਤੇ ਲੋਕ ਰਾਇ ਹਾਸਲ ਕਰਨ ਵਿੱਚ ਪੂਰੀ ਤਰ੍ਹਾਂ ਸਫਲਤਾ ਪ੍ਰਾਪਤ ਕੀਤੀ। ਪੰਜਾਬ ਵਿੱਚੋਂ ਇਸ ਸੰਘਰਸ਼ ਨੂੰ ਦਿੱਲੀ ਤੱਕ ਲੈ ਕੇ ਜਾਣਾ ਅਤੇ ਫਿਰ ਸਮੁੱਚੇ ਭਾਰਤ ਵਿੱਚ ਇੱਕ ਲਹਿਰ ਬਣਾ ਕੇ ਸਮੂਹਿਕ ਤੌਰ ‘ਤੇ ਕਿਸਾਨ ਜਥੇਬੰਦੀਆਂ ਅੱਗੇ ਵੱਧਦੀਆਂ ਰਹੀਆਂ। ਉਹਨਾਂ ਨੇ ਸਰਕਾਰ ਦੇ ਹਰ ਹੱਥਕੰਡੇ ਨੂੰ ਫੇਲ੍ਹ ਕਰਕੇ ਸਰਕਾਰ ਨੂੰ ਕਈ ਪੱਖਾਂ ਉੱਪਰ ਝੁਕਣ ਲਈ ਮਜਬੂਰ ਕੀਤਾ। ਇਸ ਸੰਘਰਸ਼ ਦੀ ਇਹ ਵੱਡੀ ਪ੍ਰਾਪਤੀ ਅਤੇ ਵਿਲੱਖਣਤਾ ਕਹੀ ਜਾ ਰਹੀ ਸੀ ਕਿ ਇਸ ਵਿੱਚ ਵਿਰਾਸਤ, ਸਬਰ, ਸੰਤੋਖ, ਵਿਚਾਰ, ਚਰਚਾ, ਸ਼ਬਦ, ਸਾਹਿਤ, ਸੰਗਤ, ਪੰਗਤ, ਲੰਗਰ, ਸੁਹਜ, ਸਿਆਣਪ, ਵਿਸ਼ਵਾਸ, ਸਾਂਝ, ਭਾਈਚਾਰਾ ਤੇ ਹੋਰ ਅਨੇਕਾਂ ਗੱਲਾਂ ਦੇਖਣ ਨੂੰ ਮਿਲੀਆਂ। ਜੋ ਅਸਲ ਵਿੱਚ ਮਾਨਵਤਾ ਦਾ ਸੱਚਾ ਸੁੱਚਾ ਸੁਨੇਹਾ ਦੇ ਕੇ ਮਨੁੱਖਤਾ ਦੇ ਭਲੇ ਲਈ ਕਾਰਜਸ਼ੀਲ ਹੋਣ। ਇਸ ਸੰਘਰਸ਼ ਵਿੱਚ ਹਰ ਵਰਗ ਵੱਲੋਂ ਸ਼ਮੂਲੀਅਤ ਹੀ ਇਸ ਨੂੰ ਬਾਕੀ ਸਭ ਸੰਘਰਸ਼ਾਂ ਤੋਂ ਨਾ ਸਿਰਫ਼ ਵੱਖ ਕਰਦੀ ਹੈ। ਸਗੋਂ ਇਸਨੂੰ ਦੁਨੀਆ ਭਰ ਦੇ ਹੋਏ ਸਭ ਲੋਕ ਸੰਘਰਸ਼ਾਂ ਦੇ ਸਿਖਰ ਤੇ ਲਿਜਾ ਕੇ ਵੀ ਛੱਡਦੀ ਹੈ।
  ਭਾਰਤ ਸਰਕਾਰ ਕੂਟਨੀਤੀਵਾਨਾਂ ਦੀ ਇੱਕ ਕੱਟੜ ਸਰਕਾਰ ਹੈ ਜੋ ਕਿਸੇ ਵੀ ਹਾਲਤ ਵਿੱਚ ਝੁਕਣ ਤੋਂ ਮੁਨਕਰ ਹੈ। ਕਿਉਂਕਿ ਇਸ ਕੋਲ ਹਰ ਤਰ੍ਹਾਂ ਦੇ ਸਾਧਨ ਹਨ ਜਿਹਨਾਂ ਵਿੱਚ ਸਰਕਾਰੀ ਤੰਤਰ, ਸਰਕਾਰੀ ਏਜੰਸੀਆਂ, ਸਰਕਾਰ ਪੱਖੀ ਮੀਡੀਆ, ਇੱਥੋਂ ਤੱਕ ਕਿ ਸਰਕਾਰ ਨੇ ਨਿਆਂ ਪਾਲਿਕਾ ਨੂੰ ਬਹੁਤ ਹੱਦ ਤੱਕ ਆਪਣੇ ਪੱਖ ਵਿੱਚ ਹੀ ਭੁਗਤਾਇਆ ਹੈ। ਭਾਂਵੇ ਕਿ ਸਰਕਾਰ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਸਾਖ ਬਚਾਉਣ ਲਈ ਕੋਈ ਸਖਤ ਕਦਮ ਨਹੀਂ ਉਠਾ ਸਕੀ। ਪਰ ਸਰਕਾਰ ਵੱਲੋਂ ਇਸ ਲੋਕ ਸੰਘਰਸ਼ ਨੂੰ ਕਮਜੋਰ ਕਰਨ ਲਈ ਇਸ ‘ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾ ਕੇ ਬਦਨਾਮ ਕਰਨ ਦੀ ਪੂਰੀ ਕੋਸਿ਼ਸ਼ ਕੀਤੀ ਗਈ। ਕਦੇ ਇਸ ਨੂੰ ਖਾਲਿਸਤਾਨੀ ਕਿਹਾ ਗਿਆ। ਕਦੇ ਮਾਉਵਾਦੀ ਤੇ ਨਕਸਲਬਾੜੀ ਦਾ ਨਾਂ ਦੇ ਬਦਨਾਮ ਕਰਨ ਦੀਆਂ ਚਾਲਾਂ ਚੱਲੀਆਂ ਗਈਆਂ। ਪਰ ਕਿਸਾਨ ਜਥੇਬੰਦੀਆਂ ਦੀ ਯੋਗ ਅਗਵਾਈ ਤੇ ਲੋਕਾਂ ਵੱਲੋਂ ਭਰਵੇਂ ਸਹਿਯੋਗ ਨੇ ਇਸ ਸਰਕਾਰ ਦੇ ਹਰ ਯਤਨ ਨੂੰ ਨਾਕਾਮਯਾਬ ਕਰਕੇ ਨਵੀਂਆਂ ਪੈੜਾਂ ਪਾਈਆਂ। ਜਿਸ ਅੱਗੇ ਸਰਕਾਰ ਝੁਕਣ ਲੱਗੀ ਅਤੇ ਕਿਸਾਨਾਂ ਦੀਆਂ ਕੁਝ ਮੰਗਾਂ ਨੂੰ ਮੰਨ ਵੀ ਗਈ। ਪਰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਜਿੱਥੇ ਸਰਕਾਰ ਅੜੀ ਰਹੀ ਉੱਥੇ ਕਿਸਾਨ ਆਗੂ ਵੀ ਆਪਣੀ ਮੰਗ ਨੂੰ ਲੈ ਕੇ ਸਥਿਰ ਰਹੇ।
ਕਿਸਾਨ ਆਗੂਆਂ ਵੱਲੋਂ ਕੀਤੇ ਐਲਾਨ ਅਨੁਸਾਰ ਉਹ 26 ਜਨਵਰੀ ਵਾਲੇ ਦਿਨ ਸ਼ਾਤੀਪੂਰਵਕ ਟਰੈਕਟਰ ਪਰੇਡ ਤੇ ਦਿ੍ਰੜ ਸਨ। ਜੋ ਉਹਨਾਂ ਨੇ ਆਪਣੇ ਪ੍ਰੋਗਰਾਮ ਅਨੁਸਾਰ ਪੂਰੀ ਵੀ ਕੀਤੀ। ਪਰ ਇਸ ਦੌਰਾਨ ਕੁਝ ਲੋਕਾਂ ਨੇ ਕਿਸਾਨ ਜਥੇਬੰਦੀਆਂ ਦੇ ਉਲਟ ਜਾ ਕੇ ਪ੍ਰੋਗਰਾਮ ਤੋਂ ਬਾਹਰ ਨਿੱਕਲ ਕੇ ਲਾਲ ਕਿਲੇ ਉੱਪਰ ਜਾ ਕੇ ਖਾਲਸਈ ਅਤੇ ਕਿਸਾਨੀ ਝੰਡਾ ਝੁਲਾ ਕੇ ਜਿੱਥੇ ਇੱਕ ਨਵੇਂ ਵਿਵਾਦ ਨੂੰ ਜਨਮ ਦਿੱਤਾ ਹੈ। ਉੱਥੇ ਉਹਨਾਂ ਨੇ ਕਿਸਾਨਾਂ ਦੇ ਸੰਘਰਸ਼ ਨੂੰ ਵੀ ਵੱਡਾ ਨੁਕਸਾਨ ਪੁਚਾਇਆ ਹੈ। ਇਹ ਗੱਲਾਂ ਆਪਣੇ ਆਪ ਵਿੱਚ ਕਈ ਸਵਾਲ ਪੈਦਾ ਕਰਦੀਆਂ ਹਨ ਕਿ 26 ਜਨਵਰੀ ਵਾਲੇ ਦਿਨ ਜਿੱਥੇ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਸੀ। ਉੱਥੇ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕਰਕੇ ਦੁਨੀਆ ਭਰ ਦੇ ਲੋਕਾਂ ਨੂੰ ਇਹ ਦਰਸਾਉਣਾ ਸੀ ਕਿ ਅਸੀਂ ਸ਼ਾਤੀ ਪੂਰਨ ਰਹਿ ਕੇ ਕਿਸਾਨ ਹਿੱਤਾਂ ਦੀ ਰਾਖੀ ਲਈ ਵੱਚਨਬੱਧ ਹਾਂ। ਸਾਡਾ ਸੰਘਰਸ਼ ਸਿਰਫ਼ ਤੇ ਸਿਰਫ਼ ਲੋਕ ਹਿੱਤਾ ਖਾਤਿਰ ਹੈ। ਕਿਸੇ ਤਰ੍ਹਾਂ ਦੀ ਰਾਜਨੀਤਕ ਭੁੱਖ ਨੂੰ ਪੂਰਾ ਕਰਨਾ ਇਸ ਸੰਘਰਸ਼ ਦਾ ਮੰਤਵ ਨਹੀਂ ਹੈ। ਕਿਸਾਨ ਆਗੂ ਵਾਰ ਵਾਰ ਲੋਕਾਂ ਨੂੰ ਅਪੀਲ ਕਰਦੇ ਰਹੇ ਕਿ ਸ਼ਾਂਤੀਪੂਰਨ ਰਹਿ ਕੇ ਅਸੀਂ ਅੱਗੇ ਵੀ ਇਸ ਸੰਘਰਸ਼ ਨੂੰ ਪੂਰਾ ਕਰਨਾ ਹੈ। ਲੋਕਾਂ ਵੱਲੋਂ ਕਿਸਾਨ ਆਗੂਆਂ ਦੇ ਵਿਸ਼ਵਾਸ਼ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਣ ਲਈ ਬਹੁਤ ਕੰਮ ਕੀਤਾ ਗਿਆ। ਲੋਕਾਂ ਨੇ ਕਿਸਾਨ ਆਗੂਆਂ ਦੇ ਇੱਕ ਇੱਕ ਸ਼ਬਦ ਉੱਪਰ ਫੁੱਲ ਚੜ੍ਹਾ ਕੇ ਉਹਨਾਂ ਪ੍ਰਤੀ ਹਾਂ ਪੱਖੀ ਹੁੰਗਾਰਾ ਦਿੱਤਾ।
  ਪਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜਿਹਨਾਂ ਲੋਕਾਂ ਨੇ ਸਰਕਾਰ ਪੱਖੀ ਭੁਗਤ ਕੇ ਮੋਰਚੇ ਦੀ ਸਾਖ ਨੂੰ ਧੁੰਦਲਾ ਕਰਨ ਦੀ ਕੋਸਿ਼ਸ਼ ਕੀਤੀ ਹੈ। ਉਹਨਾਂ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਜਿੱਥੇ ਸਰਕਾਰ ਪਹਿਲਾਂ ਹੀ ਮੋਰਚੇ ਨੂੰ ਅੱਤਵਾਦੀ, ਵੱਖਵਾਦੀ, ਖਾਲਸਤਾਨੀ, ਨਕਸਲਬਾੜੀ, ਮਾਉਵਾਦੀ ਤੇ ਹੋਰ ਕਈ ਨਾਂਵਾਂ ਨਾਲ ਬਦਨਾਮ ਕਰ ਰਹੀ ਸੀ। ਤੁਸੀਂ ਇੱਥੇ ਇਹ ਝੰਡੇ ਝੁਲਾ ਕੇ ਸਰਕਾਰ ਨੂੰ ਸਹੀ ਠਹਿਰਾ ਰਹੇ ਹੋ ਅਤੇ ਮੋਰਚੇ ਨੂੰ ਪਿੱਛੇ ਧੱਕ ਰਹੇ ਹੋ। ਜਿੱਥੇ ਕਿਸਾਨ ਆਗੂ ਇਹ ਕਹਿ ਰਹੇ ਹਨ ਕਿ ਅਸੀਂ ਨੌਜਵਾਨਾਂ ਨੂੰ ਮਰਵਾਉਣ ਨਹੀਂ ਸਗੋਂ ਉਹਨਾਂ ਦਾ ਭਵਿੱਖ ਬਚਾਉਣ ਲਈ ਆਏ ਹਾਂ। ਉੱਥੇ ਤੁਸੀਂ ਲੋਕ ਨੌਜਵਾਨਾਂ ਨੂੰ ਬਲਦੀ ਦੇ ਬੂਥੇ ਵਿੱਚ ਡਾਹ ਕੇ ਆਪ ਸਿਆਸੀ ਰੋਟੀਆਂ ਸੇਕਣ ਦੀ ਤਿਆਰੀ ਕਰ ਰਹੇ ਹੋ। ਤੁਹਾਨੂੰ ਕਿਸ ਮੂੰਹ ਨਾਲ ਸੱਚੇ ਸੁੱਚੇ ਪੰਜਾਬੀ ਕਿਹਾ ਜਾਵੇ। ਕੀ ਤੁਹਾਡੇ ਵਿੱਚੋਂ ਡੋਗਰਿਆਂ ਵਾਲਾ ਅਕਸ ਨਜ਼ਰ ਨਹੀਂ ਆ ਰਿਹਾ? ਕੀ ਤੁਸੀਂ ਆਪਣੇ ਉਹਨਾਂ ਭੋਲੇ ਭਾਲੇ ਲੋਕਾਂ ਨਾਲ ਗਦਾਰੀ ਨਹੀਂ ਕਰ ਰਹੇ ਹੋ ਜੋ ਲੋਕ ਆਪਣਾ ਸਭ ਕੁਝ ਛੱਡ ਛੁਡਾ ਕੇ ਸੜਕਾਂ ਉੱਪਰ ਰੁਲ ਰਹੇ ਹਨ? ਆਉਣ ਵਾਲਾ ਕੱਲ ਤੁਹਾਨੂੰ ਕਦੇ ਵੀ ਮਾਫ਼ ਨਹੀਂ ਕਰੇਗਾ। ਸਗੋਂ ਲੋਕ ਇਤਿਹਾਸ ਦੇ ਗੁਨਾਹਗਾਰਾਂ ਦੇ ਤੌਰ ‘ਤੇ ਸਦਾ ਲਾਹਨਤਾਂ ਭਰਿਆ ਸੁਨੇਹਾ ਦਿੰਦੇ ਰਹਿਣਗੇ। ਕੀ ਤੁਹਾਡੇ ਵੱਲੋਂ ਝੁਲਾਏ ਗਏ ਖਾਲਸਾਈ ਝੰਡੇ ਨਾਲ ਨਾਲ ਕੋਈ ਮਸਲਾ ਹੱਲ ਹੋਇਆ? ਕੀ ਤੁਹਾਡੀ ਇਸ ਕਾਰਗੁਜ਼ਾਰੀ ਨਾਲ ਸਿੱਖੀ ਜਾਂ ਸਿੱਖਾਂ ਨੂੰ ਕੋਈ ਫਾਇਦਾ ਹੋਇਆ? ਇਸ ਤੋਂ ਇਲਾਵਾ ਹੋਰ ਵੀ ਅਨੇਕਾਂ ਸਵਾਲ ਹਨ, ਪਰ ਸਮਾਂ ਇੱਥੇ ਇਜ਼ਾਜ਼ਤ ਨਹੀਂ ਦਿੰਦਾ ਕਿ ਤੁਹਾਡੇ ਜਿਹੇ ਲੋਕਾਂ ਨਾਲ ਉਲਝਿਆ ਜਾਵੇ।
 ਤੁਹਾਡੀਆਂ ਕੀਤੀਆਂ ਹੋਈਆਂ ਇਹਨਾਂ ਗਲਤੀਆਂ ਦਾ ਖਮਿਆਜ਼ਾ ਨਾ ਸਿਰਫ਼ ਕਿਸਾਨ ਹੀ ਭੁਗਤਣਗੇ ਸਗੋਂ ਸਮੁਚੇ ਦੇਸ਼ ਦੇ ਦੁਕਾਨਦਾਰ, ਦਿਹਾੜੀਦਾਰ, ਗੱਲ ਕੀ ਹਰ ਵਰਗ ਦੇ ਲੋਕ ਵੀ ਇਸਦੀ ਸਜਾ ਭੁਗਤਿਆ ਕਰਨਗੇ। ਅੱਜ ਤੋਂ ਕੁਝ ਦਿਨ ਪਹਿਲਾਂ ਜੋ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਲਈ ਸਮਾਂ ਭਾਲਦੀ ਸੀ। ਹੁਣ ਉਹੀ ਸਰਕਾਰ ਕਿਸਾਨ ਆਗੂਆਂ ਨੂੰ ਅੱਖਾਂ ਦਿਖਾ ਰਹੀ ਹੈ। ਕਿਸਾਨ ਆਗੂਆਂ ਮੂਹਰੇ ਨਿਰਉੱਤਰ ਹੋਣ ਵਾਲੀ ਸਰਕਾਰ ਉਹਨਾਂ ਉੱਪਰ ਮੁਕੱਦਮੇ ਦਰਜ ਕਰ ਰਹੀ ਹੈ। ਲੋਕਾਂ ਨੂੰ ਖਿੰਡਾਉਣ ਲਈ ਫੌਜ ਤੱਕ ਬੁਲਾ ਲਈ ਗਈ ਹੈ। ਸਾਰੇ ਦੇਸ਼ ਵਿੱਚ ਇੱਕ ਨਾਇਕ ਵਜੋਂ ਉੱਭਰੇ ਕਿਸਾਨ ਨੂੰ ਤੁਸੀਂ ਲੋਕਾਂ ਨੇ ਖਲਨਾਇਕ ਬਣਾ ਦਿੱਤਾ ਹੈ। ਜਿਸ ਮੀਡੀਆ ਕੋਲ ਕਿਸਾਨਾਂ ਉੱਪਰ ਦੋਸ਼ ਲਾਉਣ, ਉਹਨਾਂ ਨੂੰ ਬਦਨਾਮ ਕਰਨ ਜਾਂ ਇਸ ਲੋਕ ਸੰਘਰਸ਼ ਨੂੰ ਠਿੱਬੀ ਲਾਉਣ ਲਈ ਕਿਸੇ ਤਰ੍ਹਾਂ ਦਾ ਮਸਾਲਾ ਨਹੀਂ ਮਿਲ ਰਿਹਾ ਸੀ। ਤੁਸੀਂ ਲੋਕਾਂ ਨੇ ਉਸ ਮੀਡੀਆ ਵਿੱਚ ਜਾਨ ਪਾ ਦਿੱਤੀ ਹੈ। ਉਹ ਮੀਡੀਆ ਆਪਣੀ ਚੁੱਪ ਤੋੜਦੇ ਹੋਏ ਬੜੀ ਤੇਜੀ ਨਾਲ ਕਿਸਾਨਾਂ ਉੱਪਰ ਸ਼ਬਦੀ ਗੋਲਾਬਾਰੀ ਕਰ ਰਿਹਾ ਹੈ। ਹਰ ਚੈਨਲ ਕਿਸਾਨਾਂ ਨੂੰ ਅੱਤਵਾਦੀ ਵੱਖਵਾਦੀ ਦੱਸ ਰਿਹਾ ਹੈ। ਇੱਕ ਪਾਸੇ ਆਮ ਲੋਕ ਤੇ ਉਹਨਾਂ ਦੇ ਆਗੂ ਹਨ ਅਤੇ ਦੂਸਰੇ ਪਾਸੇ ਸਰਕਾਰੀ ਤਾਕਤ, ਪੂੰਜੀਪਤੀ ਸੰਸਾਰ, ਤਾਨਾਸ਼ਾਹੀ ਹੁਕਮਰਾਨ ਤੇ ਹੋਰ ਬਹੁਤ ਕੁਝ ਹੈ। ਪਰ ਧਰਤੀ ਦੇ ਪੁੱਤਰ ਅਜੇ ਵੀ ਡਟੇ ਹੋਏ ਹਨ।
  ਉਪਰੋਕਤ ਦਿ੍ਰਸ਼ ਨੂੰ ਦੇਖਦਿਆਂ ਇੱਥੇ ਕੁਝ ਹੋਰ ਗੱਲਾਂ ਵੀ ਕਰਨੀਆਂ ਬਣਦੀਆਂ ਹਨ ਕਿ 26 ਜਨਵਰੀ ਨੂੰ ਕੀਤੀ ਗਈ ਟਰੈਕਟਰ ਪਰੇਡ ਵਿੱਚ ਅੰਕੜੇ ਦੱਸਦੇ ਹਨ ਕਿ ਤਿੰਨ ਲੱਖ ਟਰੈਕਟਰ ਸ਼ਾਮਿਲ ਹੋਇਆ ਅਤੇ ਹਰ ਟਰੈਕਟਰ ਉੱਪਰ ਪੰਜ ਤੋਂ ਵੱਧ ਜਣੇ ਬੈਠੇ ਸਨ। ਇਸਦੇ ਇਲਾਵਾ ਪੈਦਲ ਜਾਣ ਤੁਰਨ ਵਾਲੇ ਵੀ ਲੱਖਾਂ ਦੀ ਗਿਣਤੀ ਵਿੱਚ ਹੋਣਗੇ। ਇਹਨਾਂ ਲੋਕਾਂ ਨੇ ਪਰੇਡ ਦੌਰਾਨ ਪੂਰਨ ਸ਼ਾਂਤੀ ਬਣਾਈ ਰੱਖੀ। ਦਿੱਲੀ ਦੇ ਲੋਕਾਂ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਉਹਨਾਂ ਲਈ ਲੰਗਰ ਲਾਏ ਗਏ, ਫੁੱਲਾਂ ਦੀ ਵਰਖਾ ਕੀਤੀ ਗਈ। ਕਿਸਾਨਾਂ ਦੇ ਟਰੈਕਟਰ ਬੜੇ ਸਲੀਕੇ ਤੇ ਅਨੁਸ਼ਾਸ਼ਨਬੱਧ ਤਰੀਕੇ ਨਾਲ ਸਾਰੀ ਪਰੇਡ ਨੂੰ ਮੁਕੰਮਲ ਕਰਦੇ ਹਨ। ਬੇਸ਼ੱਕ ਪੁਲਿਸ ਵੱਲੋਂ ਉਹਨਾਂ ਨੂੰ ਭੜਕਾਉਣ ਤੇ ਗਲਤ ਰਸਤੇ ਦੇ ਕੇ ਚੱਕਰ ਵਿੱਚ ਵੀ ਪਾਇਆ ਗਿਆ। ਪਰ ਕਿਸਾਨ ਆਗੂ ਆਪਣੀ ਪਰੇਡ ਨੂੰ ਸੰਪੂਰਨ ਕਰਦੇ ਹਨ। ਜੋ ਗੱਲ ਇੱਥੇ ਧਿਆਨ ਮੰਗਦੀ ਹੈ, ਉਹ ਇਹ ਹੈ ਕਿ ਇਸ ਟਰੈਕਟਰ ਪਰੇਡ ਦੌਰਾਨ ਤਿੰਨ ਲੱਖ ਤੋਂ ਵੱਧ ਟਰੈਕਟਰ ਤੇ ਪੰਦਰਾਂ ਤੋਂ ਵੀਹ ਲੱਖ ਲੋਕਾਂ ਦੇ ਇਕੱਠ ਸਦਭਾਵਨਾ ਭਰਪੂਰ ਪਰੇਡ ਕੀਤੀ।
  ਉਸਨੂੰ ਕਿਸੇ ਵੀ ਰਾਸ਼ਟਰੀ ਪੱਧਰ ਦੇ ਟੀਵੀ ਚੈਨਲ ਨੇ ਦਿਖਾਇਆ ਤੱਕ ਨਹੀਂ। ਲੱਖਾਂ ਟਰੈਕਟਰਾਂ ਉੱਪਰ ਲਗਾਏ ਗਏ ਲੱਖਾਂ ਤਿਰੰਗੇ ਕਿਸੇ ਮੀਡੀਆ ਕਰਮੀ ਜਾਂ ਚੈਨਲ ਦੀ ਕਵਰੇਜ ਵਿੱਚ ਨਹੀਂ ਆਏ। ਪਰ ਇੱਕ ਕੇਸਰੀ ਝੰਡੇ ਨੂੰ ਮੁੱਦਾ ਬਣਾ ਲਿਆ। ਇਹ ਕੇਸਰੀ ਝੰਡਾ ਭਾਰਤੀ ਫੌਜਾਂ ਵਿੱਚ ਵੀ ਸ਼ਾਨ ਨਾਲ ਦੇਸ਼ ਦੀਆਂ ਸਰਹੱਦਾਂ ਉੱਪਰ ਝੂਲਦਾ ਹੈ। ਦੂਸਰੀ ਗੱਲ ਲਾਲ ਕਿਲੇ ਤੇ ਝੂਲਦੇ ਤਿਰੰਗੇ ਨੂੰ ਕਿਸੇ ਨੇ ਛੇੜਿਆ ਤੱਕ ਨਹੀਂ। ਫਿਰ ਉਸਦੇ  ਅਪਮਾਨ ਵਾਲੀ ਮਨਘੜਤ ਗੱਲ ਨੂੰ ਕਿਉਂ ਪ੍ਰਚਾਰਿਆ ਜਾ ਰਿਹਾ ਹੈ। ਸਿਰਫ ਕੁਝ ਲੋਕਾਂ ਵੱਲੋਂ ਲਾਲ ਕਿਲੇ ਵਾਲੀ ਘਟਨਾ ਨੂੰ ਵੱਡੇ ਪੱਧਰ ਉੱਪਰ ਦਿਖਾ ਕੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਝੀ ਸਾਜਿਸ਼ ਰਚੀ ਹੈ। ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਜੋ ਤੁਸੀਂ ਕਹਿ ਰਹੇ ਹੋ ਕਿ ਖਾਲਸੇ ਦੀ ਆਨ ਵਧੀ ਹੈ। ਅਜਿਹੀ ਆਨ ਸ਼ਾਨ ਦਾ ਖਾਲਸਾ ਕਦੇ ਵੀ ਮੁਥਾਜ ਨਹੀਂ ਰਿਹਾ ਹੈ। ਇਸ ਕਰਕੇ ਲੋਕਾਂ ਵਿੱਚ ਅਜਿਹਾ ਮਾਹੌਲ ਪੈਦਾ ਕਰਨ ਤੋੰ ਗੁਰੇਜ਼ ਕਰੋ ਜੋ ਕੱਟੜਤਾ ਵਾਲੇ ਪਾਸੇ ਨੂੰ ਉਤੇਜਿਤ ਕਰਦਾ ਹੋਵੇ। ਤੁਹਾਡੇ ਧਿਆਨ ਹਿੱਤ ਦੱਸ ਦੇਵਾਂ ਕਿ ਇਹ ਲੜਾਈ ਖਾਲਸੇ ਦੀ ਹੋਂਦ ਨੂੰ ਲੈ ਕੇ ਨਹੀਂ ਹੈ। ਕਿਸਾਨ ਜਥੇਬੰਦੀਆਂ ਨੇ ਸਰਬ ਲੋਕਾਂ ਦੇ ਹਿੱਤ ਹੋ ਕੇ ਸੰਘਰਸ਼ ਆਰੰਭਿਆ ਸੀ ਇਸ ਕਰਕੇ ਇਸਨੂੰ ਲੋਕ ਸੰਘਰਸ਼ ਹੀ ਰਹਿਣ ਦਿੱਤਾ ਜਾਵੇ ਤਾਂ ਜਿਆਦਾ ਉਚਿਤ ਹੋਵੇਗਾ। ਕਿਉਂਕਿ ਇਹ ਧਰਮ, ਰਾਜਨੀਤੀ ਤੋਂ ਉੱਪਰ ਉੱਠ ਕੇ ਲੜਿਆ ਗਿਆ ਲੋਕ ਇਤਿਹਾਸਕ ਲੋਕ ਸੰਘਰਸ਼ ਹੈ।
  ਜੇਕਰ ਅਸੀਂ ਭਾਰਤੀ ਮੀਡੀਆ ਬਾਰੇ ਗੱਲ ਕਰਦੇ ਹਾਂ ਤਾਂ ਪਤਾ ਨਹੀਂ ਕਿਉਂ ਇਹ ਇੰਨੀ ਨੀਵੀਂ ਪੱਧਰ ਤੱਕ ਡਿੱਗ ਪਿਆ ਹੈ ਕਿ ਸਿਵਾਏ ਚਾਪਲੂਸੀ, ਸਿਵਾਏ ਫਿਰਕਾਪ੍ਰਸਤੀ ਦੇ ਕੁਝ ਹੋਰ ਦਿਖਾਈ ਹੀ ਨਹੀਂ ਦੇ ਰਿਹਾ। ਕਿਉਂ ਇਸਦੇ ਪੱਤਰਕਾਰ ਭੜਕਾਊ ਬਿਆਨ ਦਾਗ ਦਾਗ ਕੇ ਲੋਕਾਂ ਵਿੱਚ ਗਲਤ ਪ੍ਰਚਾਰ ਕਰ ਰਹੇ ਹਨ। ਕਿਉਂ ਇਹਨਾਂ ਨੂੰ ਇਹ ਗੱਲਾਂ ਦਿਖਾਈ ਨਹੀਂ ਦੇ ਰਹੀਆਂ ਕਿ ਪੱਤਰਕਾਰੀ ਦਾ ਪੇਸ਼ਾ ਸੱਚ ਨੂੰ ਬਿਆਨ ਕਰਨਾ, ਲੋਕਾਂ ਸਾਹਮਣੇ ਲਿਆਉਣਾ ਹੁੰਦਾ ਹੈ ਨਾ ਕਿ ਸੱਚ ਉੱਪਰ ਪਰਦਾ ਪਾ ਕੇ ਝੂਠ ਦੀ ਤਰਫ਼ਦਾਰੀ ਕੀਤੀ ਜਾਵੇ। ਮੈਂ ਨਿਧੜਕ ਤੇ ਜਿ਼ੰਮੇਵਾਰ ਪੱਤਰਕਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਹਮਣੇ ਆਉ ਅਤੇ ਸੱਚ ਦੀ ਗੱਲ ਨੂੰ ਲੋਕਾਂ ਤੱਕ ਪਹੁੰਚਾ ਕੇ ਆਪਣਾ ਫਰਜ਼ ਨਿਭਾਉ। ਜੋ ਪੱਤਰਕਾਰ ਆਪਣੀ ਜਿ਼ੰਮੇਵਾਰੀ ਬਾਖੂਬੀ ਨਿਭਾ ਰਹੇ ਹਨ ਉਹਨਾਂ ਨੂੰ ਮੈਂ ਸਲਾਮ ਵੀ ਕਰਦਾ ਹਾਂ ਅਤੇ ਭਵਿੱਖ ਉਹਨਾਂ ਕੋਲੋਂ ਇਸ ਤਰ੍ਹਾਂ ਦੀ ਭੂਮਿਕਾ ਦੀ ਆਸ ਹੋਰ ਵੀ ਪਕੇਰੀ ਹੋਣ ਦੀ ਉਮੀਦ ਕਰਦਾ ਹਾਂ।
 ਅੰਤ ਵਿੱਚ ਦੇਸ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੀ ਚੁੱਪ ਨੂੰ ਤੋੜੋ ਅਤੇ ਲੋਕਾਂ ਸਾਹਮਣੇ ਆ ਕੇ ਸੱਚਾਈ ਦਾ ਸਾਹਮਣਾ ਕਰੋ। ਅੱਜ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੜਕਾਂ ਤੇ ਉੱਤਰੇ ਹੋਏ ਹਨ। ਤੁਸੀਂ ਖੇਤੀ ਕਾਨੂੰਨ ਵਾਪਸ ਲੈ ਕੇ ਦੇਸ਼ ਦੇ ਲੋਕਾਂ ਦੇ ਹੱਕ ਵਿੱਚ ਖੜੋ ਨਾ ਕਿ ਉਹਨਾਂ ਦੇ ਵਿਰੋਧ ਵਿੱਚ ਖੜ ਕੇ ਦੇਸ਼ ਦੀ ਰੀੜ ਦੀ ਹੱਡੀ ਕਹੇ ਜਾਣ ਵਾਲੇ ਕਿਸਾਨ ਨਾਲ ਧੱਕਾ ਕਰੋ। ਆਪ ਜੀ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਲੋਕ ਸੰਘਰਸ਼ ਦੇ ਮੂਹਰੇ ਦੁਨੀਆ ਭਰ ਦੀ ਕੋਈ ਤਾਕਤ ਨਹੀਂ ਟਿਕ ਸਕੀ। ਆਪ ਜੀ ਦੀ ਸਰਕਾਰ ਵੀ ਇੱਕ ਦਿਨ ਗੋਡੇ ਟੇਕ ਦੇਵੇਗੀ ਅਤੇ ਤੁਸੀਂ ਲੋਕ ਆਉਣ ਵਾਲੇ ਕੱਲ ਦੇ ਜਵਾਬਦੇਹ ਹੋਵੋਗੇ। ਅਜੇ ਸਮਾਂ ਹੈ ਕਿ ਤੁਸੀਂ ਮੌਕਾ ਸੰਭਾਲ ਸਕਦੇ ਹੋ। ਲੋਕਾਂ ਦੀ ਪ੍ਰਸੰਸਾ ਦੇ ਪਾਤਰ ਬਣ ਸਕਦੇ ਹੋ। ਆਖਿਰ ਤੁਸੀਂ ਲੋਕਾਂ ਦੇ ਹੋ ਅਤੇ ਲੋਕ ਤੁਹਾਡੇ ਹਨ।


  • ਬਲਵਿੰਦਰ ਸਿੰਘ ਚਾਹਲ, ਲੇਖਕ
    bindachahal@gmail.com
  •  

  •  
  •  
  •  
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.