ਪ੍ਰਧਾਨ ਕੈਸਾ ਹੋਵੇ !
ਅਵਤਾਰ ਸਿੰਘ ਮਿਸ਼ਨਰੀ (5104325827)
ਪ੍ਰਧਾਨ-ਸਭ ਤੋਂ ਉੱਚੇ, ਸ੍ਰੇਸ਼ਟ, ਉੱਤਮ, ਜਥੇਦਾਰ, ਆਗੂ, ਵਡਿਆਈ ਵਾਲੇ, ਮੁਖੀਏ ਮਾਈ-ਭਾਈ ਜਿੰਨ੍ਹਾਂ ਨੇ ਰੱਬ ਨੂੰ ਅੰਦਰ ਵਸਿਆ ਜਾਣ ਲਿਆ-
ਜਿਨਿ ਮਨਿ ਵਸਿਆ ਪਾਰਬ੍ਰਹਮ ਸੇ ਪੂਰੇ ਪਰਧਾਨ॥(੪੫) ਅਤੇ
ਜਿੰਨ੍ਹਾਂ ਨੇ ਦਿਲ ਸੱਚੇ ਗੁਰੂ ਨਾਲ ਜੋੜ ਲਿਆ ਹੈ-
ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੂਰੇ ਪਰਧਾਨ॥(੪੫)
ਜੋ ਦੁਨਿਆਵੀ ਰੁਤਬਿਆਂ ਵਾਲੇ ਲੀਡਰਾਂ ਅਤੇ ਡੇਰੇਦਾਰ ਸੰਪ੍ਰਦਾਈ ਸਾਧਾਂ ਨੂੰ ਛੱਡ ਕੇ ਕੇਵਲ ਕਰਤਾਰ ਨੂੰ ਹੀ ਸੀਸ ਨਿਵਾਉਂਦੇ ਹਨ-
ਪੂਰੇ ਤੇ ਪਰਧਾਨ ਨਿਵਾਵਹਿ ਪ੍ਰਭ ਮਥਾ॥(੭੦੯) ਅਤੇ-
ਜਿਨਾ ਮੁਹਬਤਿ ਇਕ ਸਿਉ ਤੇ ਪੂਰੇ ਪਰਧਾਨ॥੨॥(੧੧੦੨)
ਗੁਰੂ ਦੀ ਸ਼ਰਨ ਵਿੱਚ ਜਿੰਨ੍ਹਾਂ ਨੂੰ ਹਿਰਦੇ ਤਖਤ ਤੇ ਬੈਠਣ ਭਾਵ ਮਾਇਆ ਪਿੱਛੇ ਭਟਕਣ ਤੋਂ ਬਚੇ ਰਹਿਣ ਦੀ ਇਜ਼ਤ ਮਿਲਦੀ ਹੈ, ਉਨ੍ਹਾਂ ਨੂੰ ਕਰਤਾਰ ਆਗੂ ਪ੍ਰਧਾਨ ਬਣਾ ਦਿੰਦਾ ਹੈ- ਜਿਨ ਕਉ ਤਖਤਿ ਮਿਲੈ ਵਡਿਆਈ ਗੁਰਮੁਖਿ ਸੇ ਪਰਧਾਨ ਕੀਏ॥(੧੧੭੨)
ਜਿਨ੍ਹਾਂ ਦੀ ਮਤ ਬੁੱਧ ਪੂਰੀ ਉੱਚੀ ਅਤੇ ਹਿਰਦੇ ਵਿੱਚ ਗੁਰੂ ਦਾ ਮੰਤ (ਉਪਦੇਸ਼) ਹੈ ਉਹ ਪੁਰਖ ਪ੍ਰਧਾਨ ਹਨ-
ਮਤਿ ਪੂਰੀ ਪਰਧਾਨ ਤੇ ਗੁਰ ਪੂਰੇ ਮਨ ਮੰਤ॥(੨੫੯)
ਅਜੋਕੇ ਗੁਰਦੁਵਾਰਾ ਸਹਿਬਾਨ, ਕਿਸੇ ਧਾਰਮਿਕ, ਸਮਾਜਿਕ ਸਭਾ ਸੁਸਾਇਟੀ ਜਾਂ ਅਦਾਰੇ ਦੇ ਪ੍ਰਧਾਨਾਂ ਨੂੰ ਉਪ੍ਰੋਕਤ ਗੁਰਬਾਣੀ ਅਨੁਸਾਰ ਗੁਣ ਧਾਰਨ ਕਰਨੇ ਚਾਹੀਦੇ ਹਨ। ਪੈਸੇ, ਧੌਂਸ, ਚੌਧਰ, ਬਹੁ ਗਿਣਤੀ ਜਾਂ ਜਾਤ ਬਰਾਦਰੀ ਨੂੰ ਮੁੱਖ ਨਹੀਂ ਰੱਖਣਾ ਚਾਹੀਦਾ। ਨਿਰਪੱਖ ਹੋ ਮਨੁੱਖਤਾ ਦੀ ਸੇਵਾ ਕਰਨ ਵਾਲੇ ਸੱਜਨ ਹੀ ਪ੍ਰਧਾਨਗੀ ਦੇ ਕਾਬਲ ਹੋ ਸਕਦੇ ਹਨ। ਜੇ ਕਿਤੇ ਐਸੇ ਸੱਜਨ ਪ੍ਰਧਾਨ ਬਣਨ ਤਾਂ ਨਿੱਤ ਦੀਆਂ ਲੜਾਈਆਂ ਤੋਂ ਮਨੁਖਤਾ ਖਾਸ ਕਰ ਸਿੱਖ ਕੌਮ, ਰਾਹਤ ਪ੍ਰਾਪਤ ਕਰ ਸਕਦੀ ਏ ਪਰ ਅੱਜ ਅਸੀਂ ਬਹੁਤੇ ਥਾਵਾਂ ਤੇ ਜਿਆਦਾ ਭੇਖ, ਜਾਤ-ਬਰਾਦਰੀ, ਚੌਧਰ, ਮਾਇਆਧਾਰੀ ਅਤੇ ਪਾਰਟੀਬਾਜੀ ਮਗਰ ਲੱਗ ਕੇ ਹੀ ਪ੍ਰਧਾਨਾਂ ਦੀ ਚੋਣ ਕਰਦੇ ਹਾਂ। ਘੱਟ ਤੋਂ ਘੱਟ ਸਿੱਖ ਕੌਮ ਜੋ “ਸ਼ਬਦ ਗੁਰੂ ਗ੍ਰੰਥ ਸਾਹਿਬ” ਨੂੰ ਗੁਰੂ ਮੰਨਦੀ ਹੈ, ਦੇ ਧਰਮ ਅਤੇ ਸਮਾਜਿਕ ਅਦਾਰਿਆਂ ਦੇ ਪ੍ਰਧਾਨ ਤਾਂ ਗੁਰਬਾਣੀ ਦੀ ਦਿੱਤੀ ਸੇਧ ਵਾਲੇ ਹੀ ਹੋਣੇ ਚਾਹੀਦੇ ਹਨ। ਗੁਰੂ ਭਲੀ ਕਰੇ ਕਦੇ ਇਹ ਚੰਗਾ ਸਮਾਂ ਵੀ ਆਵੇ!