ਬੀਬੀਆਂ ਦੇ ਦਿਹਾੜੇ ਤੇ ਕੁਝ ਵਿਚਾਰ
ਸਾਰੇ ਜ਼ਿੰਦਾ ਜ਼ਮੀਰ ਵਾਲਿਆਂ ਨੂੰ ਬੀਬੀਆਂ ਦੇ ਇਸ ਦਿਹਾੜੇ ਤੇ ਬਹੁਤ ਬਹੁਤ ਵਧਾਈਆਂ।
ਜੇ ਅਸੀਂ ਪੰਜਾਬ, ਭਾਰਤ ਏਥੋਂ ਤਕ ਕਿ ਦੁਨੀਆ ਨੂੰ ਹੁਣ ਵਾਲੀ ਹਾਲਤ ਵਿਚੋਂ ਕੱਢਣਾ ਚਾਹੁੰਦੇ ਹਾਂ ਤਾਂ ਤਾਨੂੰ ਮਾਨਵਤਾ ਦੇ ਇਸ ਅੱਧ ਨੂੰ , ਇਸ ਦਾ ਹਿੱਸਾ (50%) ਹੀ ਨਹੀਂ, ਇਸ ਤੋਂ ਕਿਤੇ ਵੱਧ ਹਿੱਸਾ ਦੇਣਾ ਚਾਹੀਦਾ ਹੈ। ਬੀਬੀਆਂ ਸਿਰਜਕ ਹੁੰਦੀਆਂ ਹਨ, ਬੰਦੇ ਨਹੀਂ। ਇਹ ਬੰਦੇ ਹੀ ਹਨ, ਜੋ ਆਪਣੇ ਸਵਾਰਥ ਲਈ ਆਪਣਾ ਆਲਾ-ਦੁਆਲਾ ਹੀ ਨਹੀਂ, ਆਪਣੀ ਸਿਰਜਕ ਸ਼ਕਤੀ ਨੂੰ ਉਸ ਦੇ ਹਿੱਸੇ ਤੋਂ ਹੀ ਵਾਞਿਆਂ ਨਹੀਂ ਰਖਦਾ, ਉਸ ਦਾ ਹਰ ਢੰਗ ਨਾਲ ਨੁਕਸਾਨ ਵੀ ਕਰਦਾ ਹੈ। ਦੁਨੀਆ ਵਿਚ ਬੰਦਾ ਹੀ ਇਕ ਅਜਿਹਾ ਜਾਨਵਰ ਹੈ ਜਿਸ ਨੇ ਆਪਣੀ ਨਸਲ ਨੂੰ ਚਲਦਾ ਰੱਖਣ ਵਾਲੀ ਸਾਥਣ ਨੂੰ ਬੁਰੀ ਤਰ੍ਹਾਂ ਜ਼ਲੀਲ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਜਦ ਕਿ ਦੁਨੀਆ ਦਾ ਹਰ ਜਾਨਵਰ ਆਪਣੀ ਨਸਲ ਦੀ ਸਿਰਜਕ ਨੂੰ ਅਲੱਗ-ਅਲੱਗ ਢੰਗਾਂ ਨਾਲ ਰਿਝਾਉਂਦਾ ਹੀ ਨਹੀਂ, ਆਪਣੇ ਪੂਰੇ ਤਾਣ ਨਾਲ ਉਸ ਦੀ ਰਖਵਾਲੀ ਵੀ ਕਰਦਾ ਹੈ।
ਗੁਰੂ ਨਾਨਕ ਜੀ ਦੇ ਸਪੱਸ਼ਟ ਸੰਦੇਸ਼ ਦੇ ਹੁੰਦਿਆਂ ਕਿ,
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵਿਆਹੁ ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥
ਨਾਨਕ ਤੇ ਮੁਖ ਊਜਲੈ ਤਿਤੁ ਸਚੈ ਦਰਬਾਰਿ ॥2॥ (473)
ਅਰਥ:- ਇਸਤ੍ਰੀ ਤੋਂ ਹੀ ਜਨਮ ਲਈਦਾ ਹੈ, ਮਾਂ-ਬਾਪ ਦੇ ਮਿਲਾਪ ਨਾਲ ਇਸਤਰੀ ਦੇ ਪੇਟ ਵਿਚ ਹੀ ਨਿੰਮੀਦਾ ਹੈ, ਪ੍ਰਾਣੀ ਦਾ ਸਰੀਰ ਬਣਦਾ ਹੈ। ਵਿਆਹ ਲਈ ਵੀ ਇਸਤ੍ਰੀ ਦੀ ਹੀ ਮੰਗ ਕੀਤੀ ਜਾਂਦੀ ਹੈ। ਇਸਤ੍ਰੀ ਨਾਲ ਹੀ ਸਾਰੀ ਜ਼ਿੰਦਗੀ ਦੀ ਦੋਸਤੀ, ਭਾਈਵਾਲੀ ਹੁੰਦੀ ਹੈ। ਇਸਤ੍ਰੀ ਦੀ ਮਾਰਫਤ ਹੀ ਮਨੁੱਖਾ ਨਸਲ ਦਾ ਰਾਹ ਅਗਾਂਹ ਚਲਦਾ ਹੈ।
ਜੇ ਇਸਤ੍ਰੀ ਮਰ ਜਾਵੇ ਤਾਂ ਹੋਰ ਇਸਤ੍ਰੀ ਦੀ ਭਾਲ ਕਰੀਦੀ ਹੈ, ਕਿਉਂਕਿ ਇਸਤ੍ਰੀ ਨਾਲ ਹੀ, ਕਾਮ ਤੇ ਬੰਨ੍ਹ ਲਗਦਾ ਹੈ, ਇਸਤ੍ਰੀ ਹੀ ਕਾਮ ਤੇ ਰੋਕ ਲਾਉਣ ਦਾ ਸਾਧਨ ਹੈ। ਜੋ ਇਸਤ੍ਰੀ ਰਾਜੇ ਆਦਿਕ ਸ੍ਰੇਸ਼ਟ ਬੰਦਿਆਂ ਨੂੰ ਵੀ ਜਨਮ ਦਿੰਦੀ ਹੈ, ਉਸ ਨੂੰ ਬੁਰਾ ਨਹੀਂ ਕਿਹਾ ਜਾ ਸਕਦਾ।
ਇਸਤ੍ਰੀ ਤੋਂ ਹੀ ਇਸਤ੍ਰੀ ਦਾ ਜਨਮ ਹੁੰਦਾ ਹੈ, ਇਸਤ੍ਰੀ ਤੋਂ ਬਗੈਰ ਕਿਸੇ ਦਾ ਵੀ ਜਨਮ ਸੰਭਵ ਨਹੀਂ ਹੈ । ਹੇ ਨਾਨਕ ਇਕ ਪਰਮਾਤਮਾ ਹੀ ਅਜਿਹੀ ਕਾਇਮ-ਦਾਇਮ ਹਸਤੀ ਹੈ, ਜੋ ਇਸਤ੍ਰੀ ਵਾਲੇ ਜਨਮ ਦੇ ਗੇੜ ਤੋਂ ਬਾਹਰ ਹੈ।
ਹੇ ਨਾਨਕ ਉਸ ਪ੍ਰਭੂ ਦੀ ਸਿਫਤ-ਸਾਲਾਹ ਕਰਨਾ ਹੀ ਭਾਗਾਂ ਵਾਲਾ ਕੰਮ ਹੈ, ਜਿਸ ਨਾਲ ਮਨੁੱਖ ਉਸ ਸੱਚੇ ਕਰਤਾਰ ਦੇ ਦਰਬਾਰ ਵਿਚ ਸੋਹਣੇ ਲਗਦੇ ਹਨ।
ਦੂਸਰੇ ਧਰਮਾਂ ਨੇ ਤਾਂ ਆਪਣੇ ਆਪਣੇ ਰੀਤੀ ਰਵਾਜ, ਆਪ ਮਿਥੇ ਹੋਏ ਹਨ, ਉਨ੍ਹਾਂ ਬਾਰੇ ਤਾਂ ਕੀ ਕਹਿਣਾ ? ਸਿੱਖਾਂ ਦਾ ਧਰਮ ਤਾਂ ਰੱਬ ਦੇ ਅਸੂਲਾਂ ਦਾ ਧਰਮ ਹੈ, ਗੁਰੂ ਜੀ ਫਰਮਾਉਂਦੇ ਹਨ,
ਸਰਬ ਧਰਮ ਮਹਿ ਸ੍ਰੇਸਟ ਧਰਮੁ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥
ਸਗਲ ਕ੍ਰਿਆ ਮਹਿ ਊਤਮ ਕਿਰਿਆ॥
ਸਾਧਸੰਗਿ ਦੁਰਮਤਿ ਮਲੁ ਹਿਰਿਆ ॥ (266)
ਅਰਥ:-ਹੇ ਮਨ ਪ੍ਰਭੂ ਦਾ ਨਾਮ ਜਪ ਅਤੇ ਨਿਰਮਲ ਆਚਰਨ ਬਣਾ, ਇਹ ਧਰਮ ਸਾਰੇ ਧਰਮਾਂ ਨਾਲੋਂ ਉੱਤਮ ਹੈ।ਸਤਸੰਗ ਵਿਚ ਜੁੜ ਕੇ, ਭੈੜੀ ਮੱਤ ਦੀ ਮੈਲ ਦੂਰ ਕੀਤੀ ਜਾਇ ਤਾਂ ਇਹ ਕੰਮ ਹੋਰ ਸਾਰੀਆਂ ਧਾਰਮਿਕ ਰਸਮਾਂ ਨਾਲੋਂ ਉੱਤਮ ਹੈ।
ਜਿਸ ਧਰਮ ਦੇ ਅਜਿਹੇ ਅਸੂਲ ਹੋਣ, ਉਸ ਦੇ ਪੈਰੋਕਾਰ (ਸਿੱਖ) ਜੇ ਦੂਸਰੇ ਧਰਮਾਂ ਦੀ ਰੀਸੇ ਆਪਣੀ ਸਾਥਣ ਨਾਲ ਹੀ ਦਗਾ ਕਰਨ ਤਾਂ ਇਸ ਤੋਂ ਵੱਡੀ ਉਨ੍ਹਾਂ ਦੀ ਬਦਕਿਸਮਤੀ ਹੋਰ ਕੀ ਹੋ ਸਕਦੀ ਹੈ। ਸੰਭਲਣਾ ਚਾਹੀਦਾ ਹੈ।
ਸਿੱਟੇ ਦੀ ਗੱਲ ਇਹ ਹੈ ਕਿ ਦੁਨੀਆਂ ਨੂੰ ਬਚਾਉਣ ਲਈ ਇਸਤ੍ਰੀਆਂ ਨੂੰ ਘਟੋ-ਘਟ ਜ਼ਿੱਮੇਵਾਰੀ ਦੇ ਤਿੰਨ-ਚੌਥਾਈ ਕੰਮ ਸੌਂਪਣੇ ਚਾਹੀਦੇ ਹਨ। ਸਿਰਜਣਾ ਦਾ ਕੰਮ ਸਿਰਜਕ ਹੀ ਕਰ ਸਕਦਾ ਹੈ, ਸਵਾਰਥੀ ਬੰਦਾ ਨਹੀਂ।
ਅਮਰ ਜੀਤ ਸਿੰਘ ਚੰਦੀ