ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥
ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥1॥
ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥
ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥1॥ਰਹਾਉ॥
ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨ੍ ਕਾ ਜਨਮ ਮਰਣ ਦੁਖੁ ਨਾਸਾ ॥
ਤੇਰੀ ਬਖਸ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ ॥2॥
ਨਾਮੁ ਧਿਆਇਨਿ ਸੁਖ ਫਲ ਪਾਇਨਿ ਆਠ ਪਹਰ ਆਰਾਧਹਿ ॥
ਤੇਰੀ ਸਰਣਿ ਤੇਰੈ ਭਰਵਾਸੈ ਪੰਚ ਦੁਸਟ ਲੈ ਸਾਧਹਿ ॥3॥
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥
ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥4॥10॥ (749-50)
ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥
ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥1॥ਰਹਾਉ॥
ਹੇ ਮੇਰੇ, ਸਭ ਥਾਂ ਰਮੇ ਹੋਏ ਰਾਜਾ ਰਾਮ ਜੀ, ਸੰਤ, ਸਾਧ-ਸੰਗਤ ਨੂੰ ਤੇਰਾ ਹੀ ਭਰੋਸਾ ਹੈ ਅਤੇ ਤੂੰ ਹੀ ਸਾਧ-ਸੰਗਤ ਦਾ ਰਖਵਾਲਾ ਹੈਂ। ਤੇਰੇ ਰਖਵਾਲਾ ਹੋਣ ਸਦਕਾ, ਤੇਰੇ ਸੇਵਕ ਨੂੰ ਕੋਈ ਡਰ ਪੋਹ ਨਹੀਂ ਸਕਦਾ, ਮੌਤ ਦਾ ਡਰ ਉਸ ਦੇ ਨੇੜੇ ਨਹੀਂ ਢੁਕਦਾ। ॥ਰਹਾਉ॥
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥
ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥1॥
ਹੇ ਮੇਰੇ ਮਾਲਕ ਪ੍ਰਭੂ, ਜਿਸ ਦੇ ਸਿਰ ਤੇ ਤੇਰਾ ਮਿਹਰ ਭਰਿਆ ਹੱਥ ਹੋਵੇ, ਉਸ ਨੂੰ ਕੋਈ ਦੁੱਖ ਕਿਵੇਂ ਵਿਆਪ ਸਕਦਾ ਹੈ। ਉਹ ਜੀਵ ਮਾਇਆ ਦੇ ਨਸ਼ੇ ਵਿਚ ਫਜ਼ੂਲ ਗਲਾਂ ਕਰਨੀਆਂ ਤਾਂ ਜਾਣਦਾ ਹੀ ਨਹੀਂ, ਨਾ ਹੀ ਉਸ ਨੂੰ ਮੌਤ ਦਾ ਸਹਮ ਹੀ ਸਤਾਉਂਦਾ ਹੈ ॥1॥
ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨ੍ ਕਾ ਜਨਮ ਮਰਣ ਦੁਖੁ ਨਾਸਾ ॥
ਤੇਰੀ ਬਖਸ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ ॥2॥
ਹੇ ਮੇਰੇ ਮਾਲਕ ਪ੍ਰਭੂ, ਜੇਹੜੇ ਮਨੁੱਖ ਤੇਰੇ ਪ੍ਰੇਮ ਰੰਗ ਵਿਚ ਰੰਗੇ ਰਹਿੰਦੇ ਹਨ, ਉਨ੍ਹਾਂ ਨੂੰ ਸ਼ਬਦ ਗੁਰੂ ਵਲੋਂ ਦਿੱਤਾ ਭਰੋਸਾ, ਕਿ ਤੇਰੀ ਬਖਸ਼ਿਸ਼ ਨੂੰ ਕੋਈ ਮਿਟਾ ਨਹੀਂ ਸਕਦਾ, ਹਮੇਸ਼ਾ ਚੇਤੇ ਰਹਿੰਦਾ ਹੈ ਅਤੇ ਉਨ੍ਹਾਂ ਦਾ ਜਨਮ-ਮਰਨ ਦੇ ਗੇੜ ਦਾ ਦੁੱਖ ਦੂਰ ਹੋ ਜਾਂਦਾ ਹੈ।
ਨਾਮੁ ਧਿਆਇਨਿ ਸੁਖ ਫਲ ਪਾਇਨਿ ਆਠ ਪਹਰ ਆਰਾਧਹਿ ॥
ਤੇਰੀ ਸਰਣਿ ਤੇਰੈ ਭਰਵਾਸੈ ਪੰਚ ਦੁਸਟ ਲੈ ਸਾਧਹਿ ॥3॥
ਹੇ ਪ੍ਰਭੂ, ਤੇਰੇ ਸਤ-ਸੰਗੀ ਅੱਠੇ ਪਹਰ ਤੇਰਾ ਨਾਮ ਧਿਆਉਂਦੇ ਹੋਏ, ਤੇਰੀ ਆਰਾਧਨਾ ਕਰਦੇ ਹੋਏ ਆਤਮਕ ਆਨੰਦ ਮਾਣਦੇ ਰਹਿੰਦੇ ਹਨ। ਤੇਰੀ ਸਰਨ ਵਿਚ ਰਹਿ ਕੇ, ਤੇਰੇ ਆਸਰੇ ਰਹਿ ਕੇ ਉਹ (ਕਾਮਾਦਿਕ ਵਗੈਰਾ)ਪੰਜਾਂ ਦੁਸ਼ਟਾਂ ਨੂੰ ਆਪਣੇ ਵੱਸ ਵਿਚ ਕਰ ਲੈਂਦੇ ਹਨ।
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥
ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥4॥
ਹੇ ਨਾਨਕ ਆਖ, ਹੇ ਪ੍ਰਭੂ ਮੈਂ ਤੇਰੀ ਬਖਸ਼ਿਸ਼ ਦੀ ਕਦਰ ਨਹੀਂ ਜਾਣਦਾ ਸੀ, ਮੈਨੂੰ ਆਤਮਕ ਜੀਵਨ ਦੀ ਸੂਝ ਵੀ ਨਹੀਂ ਸੀ। ਸਭ ਤੋਂ ਵੱਡੇ ਸਤਿਗੁਰੁ, ਪਰਮਾਤਮਾ ਨੇ ਮੈਨੂੰ ਆਪਣੇ ਨਾਲ ਜੋੜ ਕੇ ਆਪ ਹੀ ਮੇਰੀ ਇਜ਼ਤ ਰੱਖ ਲਈ।
ਪੂਰੇ ਸ਼ਬਦ ਵਿਚ ਕਰਤਾਰ ਦੀ ਵਡਿਆਈ ਹੈ, ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ।
ਅਮਰ ਜੀਤ ਸਿੰਘ ਚੰਦੀ