ਸਿਰਦਾਰ ਕਪੂਰ ਸਿੰਘ-ਸਿਆਣਪ ਅਤੇ ਅਣਖ ਦਾ ਪ੍ਰਤੀਕ
ਸਿਰਦਾਰ ਕਪੂਰ ਸਿੰਘ ਦਾ ਜਨਮ 2 ਮਾਰਚ 1909 ਨੂੰ ਸ੍ਰ ਦੀਦਾਰ ਸਿੰਘ ਦੇ ਘਰ ਲੁਧਿਆਣਾ ਜਿਲ੍ਹੇ ਦੇ ਪਿੰਡ ਚੱਕ ਵਿਖੇ ਹੋਇਆ ਸੀ। ਸ੍ਰ ਦੀਦਾਰ ਸਿੰਘ ਦਾ ਇੱਕ ਸਾਧਾਰਨ ਕਿਸਾਨ ਪਰਿਵਾਰ ਸੀ। ਸਿਰਦਾਰ ਕਪੂਰ ਸਿੰਘ ਨੇ ਮੁੱਢਲੀ ਵਿਦਿਆ ਲਾਇਲਪੁਰ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਆਪ ਨੇ ਐਮ ਏ ਫਿਲਾਸਫੀ ਗੌਰਮਿੰਟ ਕਾਲਜ ਲਾਹੌਰ ਤੋਂ 1931 ਵਿੱਚ ਕੀਤੀ। ਉਚੇਰੀ ਸਿਖਿਆ ਲਈ ਆਪ ਨੇ ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ ਅਤੇ ਮਾਰਲ ਸਾਇੰਸਜ ਦੀ ਡਿਗਰੀ ਪ੍ਰਾਪਤ ਕੀਤੀ। ਯੂਨੀਵਰਸਿਟੀ ਨੇ ਆਪ ਦੀ ਲਿਆਕਤ ਨੂੰ ਵੇਖਦਿਆਂ ਆਪਨੂੰ ਉਥੇ ਲੈਕਚਰਾਰ ਰੱਖ ਲਿਆ। ਇਹ ਆਪਦੀ ਪਹਿਲੀ ਨੌਕਰੀ ਸੀ। ਦਿਹਾਤੀ ਪਿਛੋਕੜ ਵਾਲੇ ਵਿਅਕਤੀ ਦਾ ਏਨਾ ਹੁਸ਼ਿਆਰ ਹੋਣਾ ਇੱਕ ਵਿਲੱਖਣ ਗੱਲ ਸੀ। ਇਸ ਪੜ੍ਹਾਈ ਤੋਂ ਬਾਅਦ ਆਪਨੇ 1933 ਵਿੱਚ ਆਈ ਸੀ ਐਸ ਦੀ ਪ੍ਰੀਖਿਆ ਪਾਸ ਕਰ ਲਈ। ਇਸ ਤੋਂ ਬਾਅਦ ਆਪ ਨੂੰ ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰ ਲਗਾਇਆ ਗਿਆ। ਆਪਣੀ ਪ੍ਰਬੰਧਕੀ ਕਾਰਜ ਕੁਸ਼ਲਤਾ ਕਰਕੇ ਆਪ ਇੱਕ ਸਫਲ ਪ੍ਰਬੰਧਕ ਸਾਬਤ ਹੋਏ। ਪ੍ਰਬੰਧ ਵਿਚ ਹਰ ਮੁਸ਼ਕਲ ਦਾ ਹਲ ਉਹ ਆਪਣੀ ਲਿਆਕਤ ਨਾਲ ਕਰ ਲੈਂਦੇ ਸਨ। ਆਪ ਮਨੁਖੀ ਹੱਕਾਂ ਦੇ ਰਖਵਾਲੇ ਸਨ। ਆਪ ਕਿਸੇ ਵੀ ਵਿਅਕਤੀ ਨਾਲ ਨਾਂ ਤਾਂ ਜਿਆਦਤੀ ਕਰਦੇ ਸਨ ਅਤੇ ਨਾ ਹੀ ਜਿਆਦਤੀ ਹੋਣ ਦਿੰਦੇ ਸਨ। ਉਦੋਂ ਦੇ ਸਿਆਸੀ ਲੋਕਾਂ ਵਲੋਂ ਸਿੱਖਾਂ ਤੇ ਕੀਤੀਆਂ ਜਾਂਦੀਆਂ ਜਿਆਦਤੀਆਂ ਦਾ ਆਪ ਨੇ ਡੱਟਕੇ ਵਿਰੋਧ ਕੀਤਾ।
ਆਪ ਅੰਗਰੇਜੀ, ਪੰਜਾਬੀ,ਉਰਦੂ,ਸੰਸਕ੍ਰਿਤ, ਪਰਸੀਅਨ ਅਤੇ ਅਰਬੀ ਭਾਸ਼ਾਵਾਂ ਦੇ ਮਾਹਿਰ ਸਨ। ਸਿੱਖ ਵਿਚਾਰਧਾਰਾ ਦੇ ਕੱਟੜ ਸਮੱਰਥਕ ਸਨ। ਸਿੱਖਾਂ ਤੇ ਹੋ ਰਹੀ ਹਰ ਜਿਆਦਤੀ ਦਾ ਆਪ ਨੇ ਹਮੇਸ਼ਾ ਵਿਰੋਧ ਕੀਤਾ ਭਾਵੇਂ ਆਪਨੂੰ ਉਸਦਾ ਖਮਿਆਜਾ ਵੀ ਭੁਗਤਣਾ ਪਿਆ। ਜਦੋਂ ਆਪ ਡਿਪਟੀ ਕਮਿਸ਼ਨਰ ਸਨ ਤਾਂ ਪੰਜਾਬ ਦੀ ਬ੍ਰਿਟਿਸ਼ ਸਰਕਾਰ ਵਲੋਂ ਸ੍ਰੀ ਚੰਦੂ ਲਾਲ ਤ੍ਰਿਵੇਦੀ ਰਾਜਪਾਲ ਨੇ ਇੱਕ ਸਰਕੂਲਰ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਭੇਜਿਆ ਗਿਆ, ਜਿਸ ਵਿੱਚ ਸਿੱਖਾਂ ਨੂੰ ਜਰਾਇਮ ਪੇਸ਼ਾ ਕਿਹਾ ਗਿਆ ਸੀ ਤੇ ਉਹਨਾ ਦੀਆਂ ਸਰਗਰਮੀਆਂ ਤੇ ਖਾਸ ਤੌਰ ਤੇ ਨਿਗਾਹ ਰੱਖਣ ਦੀ ਤਾਕੀਦ ਕੀਤੀ ਗਈ ਸੀ। ਇਸ ਹੁਕਮ ਨੂੰ ਵੇਖਕੇ ਸਿਰਦਾਰ ਕਪੂਰ ਸਿੰਘ ਦੇ ਮਨ ਨੂੰ ਵੱਡੀ ਠੇਸ ਲੱਗੀ। ਇਸ ਲਈ ਆਪਨੇ ਇਸਦਾ ਡੱਟਕੇ ਵਿਰੋਧ ਕੀਤਾ ਤੇ ਇਸ ਸੰਬੰਧੀ ਇੱਕ ਸਖਤ ਜਿਹਾ ਪੱਤਰ ਸਰਕਾਰ ਨੂੰ ਭੇਜਿਆ, ਜਿਸ ਵਿੱਚ ਇਸ ਪੱਤਰ ਨੂੰ ਵਾਪਸ ਲੈਣ ਲਈ ਕਿਹਾ ਗਿਆ। ਸਰਕਾਰ ੇਨੇ ਉਹ ਪੱਤਰ ਤਾਂ ਵਾਪਸ ਕੀ ਲੈਣਾ ਸੀ ਸਗੋਂ ਸਿਰਦਾਰ ਕਪੂਰ ਸਿੰਘ ਨੂੰ ਨੌਕਰੀ ਅਤੇ ਆਈ ਸੀ ਐਸ ਵਿੱਚੋਂ ਹੀ ਬਰਖਾਸਤ ਕਰ ਦਿੱਤਾ।ਉਹਨਾ ਇਸ ਹੁਕਮ ਨੂੰ ਪਹਿਲਾਂ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਵਿੱਚ ਚੈ¦ਜ ਕੀਤਾ ਅਤੇ ਆਪਣਾ ਕੇਸ ਹਰ ਥਾਂ ਤੇ ਆਪ ਹੀ ਲੜਿਆ ਪ੍ਰੰਤੂ ਸਰਕਾਰ ਨੇ ਆਪ ਨੂੰ ਦੇਸ਼ ਧਰੋਹੀ ਕਹਿਕੇ ਬਹਾਲ ਨਾ ਕੀਤਾ। ਕਚਹਿਰੀਆਂ ਨੇ ਵੀ ਆਪ ਦੀ ਸੁਣਵਾਈ ਨਾ ਕੀਤੀ। ਆਪ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਵੀ ਥਿੜ੍ਹਕੇ ਨਹੀਂ ਸਗੋਂ ਹੋਰ ਸੰਜੀਦਗੀ ਨਾਲ ਸਿੱਖੀ ਵਿਚਾਰਧਾਰਾ ਦੀ ਪੈਰਵਾਈ ਕਰਦੇ ਰਹੇ।ਰਾਜਪਾਲ ਨੇ ਆਪਨੂੰ ਪੰਜਾਬੀ ਸੂਬੇ ਦਾ ਪੱਕਾ ਸਪੋਰਟਰ ਵੀ ਕਿਹਾ। ਆਪ ਆਸਟਰਾਲੋਜੀ, ਆਰਕੀਟੈਕਚਰ,ਸਪੇਸ ਸਾਇੰਸ ਅਤੇ ਸਿੱਖੀ ਵਿਚਾਰਧਾਰਾ ਦੇ ਮਾਹਿਰ ਗਿਣੇ ਜਾਂਦੇ ਸਨ। ਅੱਜ ਤੱਕ ਉਹਨਾ ਜਿੰਨਾ ਵਿਦਵਾਨ ਤੇ ਸਿੱਖੀ ਵਿਚਾਰਧਾਰਾ ਦਾ ਪਰਪੱਕ ਵਿਆਖਿਆਕਾਰ ਨਹੀਂ ਹੋਇਆ। ਆਪ ਇੱਕ ਬੁਧੀਜੀਵੀ ਸਿਆਸਤਦਾਨ, ਪਾਰਲੀਮੈਂਟੇਰੀਅਨ,ਦਰਸ਼ਨ ਤੇ ਹਿਸਟਰੀ ਤੇ ਲਿਟਰੇਚਰ ਤੇ ਅਥਾਰਿਟੀ ਸਨ। ਉਹਨਾ ਨਾਲ ਕੋਈ ਵੀ ਵਿਅਕਤੀ ਕਿਸੇ ਵੀ ਵਿਸ਼ੇ ਤੇ ਕਦੀ ਵੀ ਗੱਲ ਕਰ ਸਕਦਾ ਸੀ।
ਸਿੱਖੀ ਦੀ ਏਨੀ ਡੂੰਘੀ ਜਾਣਕਾਰੀ ਉਹਨਾ ਨੂੰ ਸੀ ਕਿ ਉਹ ਕਮਾਲ ਹੀ ਕਰ ਦਿੰਦੇ ਸਨ ਤੇ ਸੁਣਨ ਵਾਲਾ ਵਿਅਕਤੀ ਹੈਰਾਨ ਪ੍ਰੇਸ਼ਾਨ ਹੋ ਜਾਂਦਾ ਸੀ। ਉਹਨਾ ਦਾ ਭਾਸਣ ਸੁਣਕੇ ਇੱਕ ਆਮ ਵਿਅਕਤੀ ਤਾਂ ਕੀ ਹਰ ਪੜ੍ਹਿਆ ਲਿਖਿਆ ਵਿਅਕਤੀ ਹੈਰਾਨ ਹੋ ਜਾਂਦਾ ਸੀ। ਇਸੇ ਕਰਕੇ ਆਪਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰੋਫੈਸਰ ਆਫ ਸਿਖਿਜਮ ਦਾ ਖਿਤਾਬ ਦਿੱਤਾ ਗਿਆ ਸੀ। ਉਹ ਦਬੰਗ, ਦ੍ਰਿੜ੍ਹ ਇਰਾਦੇ ਵਾਲੇ ਤੇ ਇਮਾਨਦਾਰ ਇਨਸਾਨ ਸਨ। ਲਾਲਚ, ਫਰੇਬ, ਧੋਖਾ ਤੇ ਹੋਰ ਕੋਈ ਮਾੜੀ ਗੱਲ ਬਾਰੇ ਉਹ ਸੋਚ ਹੀ ਨਹੀਂ ਸਕਦੇ ਸਨ। ਆਪ ੍ਯਇੱਕ ਸੱਚੇ ਸੁੱਚੇ ੳੁੱਚੇ ਕਿਰਦਾਰ ਦੇ ਮਾਲਕ ਸਨ ਪ੍ਰੰਤੂ ਅਥਾਹ ਦੁੱਖ ਦੀ ਗੱਲ ਹੈ ਕਿ ਸਿੱਖਾਂ ਤੇ ਖਾਸ ਤੌਰ ਤੇ ਅਕਾਲੀ ਦਲ ਨੇ ਉਹਨਾ ਦੀ ਲਿਆਕਤ ਦਾ ਮੁੱਲ ਨਹੀਂ ਪਾਇਆ। ਉਹਨਾ ਨੂੰ ਸਿਆਸੀ ਤੌਰ ਤੇ ਉਭਰਨ ਹੀ ਨਹੀਂ ਦਿੱਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਹਰ ਗੁੰਝਲਦਾਰ ਸਮੱਸਿਆ ਤੇ ਵਿਚਾਰ ਤਾਂ ਸਿਰਦਾਰ ਕਪੂਰ ਸਿੰਘ ਤੋਂ ਲੈ ਲਏ ਜਾਂਦੇ ਸਨ ਤੇ ਸੁਲਝਾ ਵੀ ਲਿਆ ਜਾਂਦਾ ਸੀ ਪ੍ਰੰਤੂ ਇਸਦਾ ਕਰੈਡਿਟ ਹਮੇਸ਼ਾ ਆਪ ਲੈ ਲਿਆ ਜਾਂਦਾ ਰਿਹਾ। ਉਦਾਹਰਨ ਦੇ ਤੌਰ ਤੇ ਸ੍ਰੀ ਆਨੰਦਪੁਰ ਸਾਹਿਬ ਦਾ ਮਤਾ ਜਿਹੜਾ ਅੱਜ ਤੱਕ ਵੀ ਚਰਚਾ ਦਾ ਵਿਸ਼ਾ ਹੈ, ਸਿਰਦਾਰ ਕਪੂਰ ਸਿੰਘ ਨੇ ਤਿਆਰ ਕੀਤਾ ਸੀ ਤੇ ਇਸਦਾ ਕਰੈਡਿਟ ਕਈ ਲੋਕ ਲੈਣ ਦੀ ਕੋਸ਼ਿਸ਼ ਕਰਦੇ ਹਨ। ਆਪ ਐਡੇ ਵੱਡੇ ਤੇ ਬੇਪਰਵਾਹ ਵਿਅਕਤੀ ਸਨ, ਇਹਨਾਂ ਗੱਲਾਂ ਨੂੰ ਛੋਟੀਆਂ ਗੱਲਾਂ ਕਹਿਕੇ ਟਾਲ ਜਾਂਦੇ ਸਨ। ਆਪ ਨੂੰ ਅਕਾਲੀ ਦਲ ਨੇ ਮਜਬੂਰੀ ਵਸ 1962 ਵਿੱਚ ਲੁਧਿਆਣਾ ਤੋਂ ਲੋਕ ਸਭਾ ਦਾ ਟਿਕਟ ਦਿੱਤਾ ਤੇ ਆਪ ਉਹ ਚੋਣ ਜਿਤਕੇ ਲੋਕ ਸਭਾ ਦੇ ਮੈਂਬਰ ਬਣ ਗਏ। ਲੋਕ ਸਭਾ ਵਿੱਚ ਆਪਦੇ ਬਿਆਨ ਮੀਲ ਪੱਥਰ ਸਾਬਤ ਹੋਏ ਹਨ।
ਆਪ ਵਲੋਂ 6 ਸਤੰਬਰ 1969 ਨੂੰ ਲੋਕ ਸਭਾ ਵਿੱਚ ਸਿੱਖਾਂ ਨਾਲ ਧੋਖਾ ਬਾਰੇ ਦਿੱਤਾ ਗਿਆ ਬਿਆਨ ਉਹਨਾ ਦੀ ਲਿਆਕਤ,ਸਿਆਣਪ,ਵਿਦਵਤਾ, ਦ੍ਰਿੜ੍ਹਤਾ,ਸਿੱਖੀ ਪ੍ਰਤੀ ਪ੍ਰਤੀਬੱਧਤਾ ਦਾ ਸਬੂਤ ਹੈ ਜੋ ਅੱਜ ਤੱਕ ਵੀ ਸਾਰਥਕ ਹੈ। ਇਸ ਤੋਂ ਬਾਅਦ ਉਹਨਾ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਮੌਕੇ 1969 ਵਿੱਚ ਅਕਾਲੀ ਦਲ ਨੇ ਟਿਕਟ ਦਿੱਤਾ ਅਤੇ ਆਪ ਜਿੱਤਕੇ ਮੈਂਬਰ ਬਣ ਗਏ। ਅਕਾਲੀ ਵੀ ਉਹਨਾ ਦੇ ਵਿਅਕਤੀਤਿਤਵ,ਵਿਦਵਤਾ ਅਤੇ ਅਗਰੈਸਿਵ ਵਿਚਾਰਧਾਰਾ ਤੋਂ ਡਰਦੇ ਸਨ,ਇਸ ਲਈ ਉਹਨਾ ਕਦੀ ਵੀ ਆਪ ਨੂੰ ਮੰਤਰੀ ਨਹੀਂ ਬਣਾਇਆ ਅਤੇ ਅੱਗੇ ਵਾਸਤੇ ਡਰਦਿਆਂ ਟਿਕਟ ਵੀ ਨਹੀਂ ਦਿੱਤਾ। ਉਹਨਾ ਦੀ ਚੋਣਾਂ ਮੌਕੇ ਵੀ ਹਮੇਸ਼ਾ ਵੋਟਰਾਂ ਨੂੰ ਇਹੋ ਅਪੀਲ ਹੁੰਦੀ ਸੀ ਕਿ ਪੂਰਨ ਗੁਰਸਿੱਖ ਹੀ ਉਹਨਾ ਨੂੰ ਵੋਟ ਪਾਉਣ ,ਉਹ ਪਤਿਤਾਂ ਦੀ ਵੋਟ ਨਹੀਂ ਲੈਣੀ ਚਾਹੁੰਦੇ ਸਨ। ਸਿਰਦਾਰ ਕਪੂਰ ਸਿੰਘ ਨੇ ਸਿਧੇ ਤੌਰ ਤੇ ਕਦੀ ਵੀ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਪ੍ਰੰਤੂ ਆਪਣੀ ਵਿਦਵਤਾ ਨਾਲ ਸਿੱਖ ਸਟੇਟ ਦੀ ਮੰਗ ਕੀਤੀ ਸੀ ,ਉਹ ਵੀ ਭਾਰਤੀ ਸੰਵਿਧਾਨ ਦੇ ਅੰਦਰ ਰਹਿੰਦਿਆਂ ਹੀ,ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਉਹਨਾ ਪ੍ਰਤੀ ਪ੍ਰਭਾਵ ਇਹੋ ਪਾਇਆ ਗਿਆ ਹੈ ਕਿ ਉਹ ਖਾਲਿਸਤਾਨ ਦਾ ਹਾਮੀ ਤੇ ਦੇਸ਼ ਧਰੋਹੀ ਸੀ।
ਸਿੱਖਾਂ ਦੇ ਹਿੱਤਾਂ ਦੀ ਰਾਖੀ ਲਈ ਗਲ ਕਰਨਾ ਅਤੇ ਜਿਆਦਤੀਆਂ ਦਾ ਵਿਰੋਧ ਕਰਨ ਨੂੰ ਦੇਸ਼ ਧਰੋਹੀ ਕਹਿਣਾ ਸਰਾਸਰ ਬੇਇਨਸਾਫੀ ਹੈ। ਇਤਿਹਾਸ ਵਿੱਚ ਇੱਕੋ ਇੱਕ ਮਰਦੇ ਮੁਜਾਹਦ ਸਿਰਦਾਰ ਕਪੂਰ ਸਿੰਘ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।ਆਪ ਇੱਕ ਸੁਦ੍ਰਿੜ੍ਹ ਤੇ ਬੁਧੀਜੀਵੀ ਲੇਖਕ ਵੀ ਸਨ। ਆਪ ਦੀਆਂ ਪੁਸਤਕਾਂ ਵਿੱਚ ਵਾਰਤਕ ਰਚਨਾਵਾਂ ਪੁੰਦਰੀਕ,ਬਹੁਵਿਸਤਾਰ,ਸਪਤ ਸ੍ਰਿੰਗ ਅਤੇ ਪ੍ਰਾਸ਼ਰ ਪ੍ਰਸ਼ਨਾਵਲੀ ਹਨ। ਇਹਨਾ ਵਿੱਚੋਂ ਸਪਤ ਸ੍ਰਿੰਗ ਜੀਵਨੀ ਲੇਖਾਂ ਦੇ ਰੂਪ ਵਿੱਚ ਹੈ। ਇਸਦੇ ਨਾਲ ਪੰਜਾਬੀ ਨਿਬੰਧ ਕਲਾ ਵਿੱਚ ਪ੍ਰੌੜ ਰੂਪ ਦੀ ਬੌਧਿਕ ਤੇ ਵਿਗਿਆਨਕ ਸ਼ੈਲੀ ਦਾ ਵਾਧਾ ਹੋਇਆ ਹੈ। ਉਹਨਾ ਆਪਣੀਆਂ ਰਚਨਾਵਾਂ ਨੂੰ ਦਰਸ਼ਨ,ਵਿਗਿਆਨ ਅਤੇ ਸਾਹਿਤ ਦੇ ਵਿਸ਼ੇਸ਼ ਰੂਪ ਵਿੱਚ ਢਾਲਕੇ ਬੌਧਿਕ ਅਤੇ ਵਿਦਵਤਾ ਪੂਰਨ ਸ਼ੈਲੀ ਅਤੇ ਮੌਲਿਕ ਰੰਗ ਦਿੱਤਾ ਹੈ। ਆਪਦਾ ਦ੍ਰਿਸ਼ਟੀਕੋਣ ਸੰਪਰਦਾਈ ਅਤੇ ਸੰਕੀਰਨ ਨਾ ਹੋ ਕੇ ਵਿਸ਼ਾਲ ਤੇ ਪਰਪੱਕ ਸੀ। ਉਹਨਾ ਆਪਣੀ ਪੁਸਤਕ ਪ੍ਰਾਸ਼ਰ ਪ੍ਰਸ਼ਨਾਵਲੀ ਸਿੱਖ ਸਿਧਾਂਤਾਂ ਦੀ ਆਧੁਨਿਕ ਵਿਆਖਿਆ ਕੀਤੀ ਹੈ। ਸਿੱਖ ਮੱਤ ਸੰਬੰਧੀ ਆਪਦੇ ਵਿਚਾਰ ਬੜੇ ਪਰਪੱਕ,ਮੌਲਿਕ ਤੇ ਕਰਾਂਤੀਕਾਰੀ ਸਨ ਜਿਸ ਕਰਕੇ ਇਸਨੂੰ ਸਿੱਖ ਦਰਸ਼ਨ ਦਾ ਉਗਰਵਾਦੀ ਵਿਆਖਿਆਕਾਰ ਕਹਿਕੇ ਭੁਲੇਖੇ ਪਾਏ ਗਏ ਹਨ।ਸਿਰਦਾਰ ਕਪੂਰ ਸਿੰਘ ਪੂਰਨ ਗੁਰਸਿਖ ਅਤੇ ਐਨੀਆਂ ਦੁਸ਼ਾਵਰੀਆਂ ਅਤੇ ਸਿਆਸੀ ਸਿੱਖਾਂ ਵਲੋਂ ਅਣਡਿਠ ਕਰਨ ਦੇ ਬਾਵਜੂਦ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਅਤੇ ਜ਼ਿੰਦਗੀ ਤੋਂ ਪੂਰੇ ਸੰਤੁਸ਼ਟ ਸਨ। ਆਪਣਾ ਆਖਰੀ ਸਮਾਂ ਵੀ ਬੜੀ ਫਰਾਖਦਿਲੀ ਨਾਲ ਸਾਦਗੀ ਨਾਲ ਬਿਤਾਇਆ ।ਕਦੀ ਕੋਈ ਲਿਫਾਫੇਬਾਜੀ ਨਹੀਂ ਕੀਤੀ। ਅਖੀਰ 18 ਅਗਸਤ 1986 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਆਪਣਾ ਸਾਰਾ ਜੀਵਨ ਆਨ ਅਤੇ ਸ਼ਾਨ ਨਾਲ ਗੁਜਾਰਿਆ। ਅਕਾਲੀ ਦਲ ,ਸਿੱਖ ਜਗਤ ਅਤੇ ਬੁਧੀਜੀਵੀ ਜਿਹੜੇ ਉਹਨਾਂ ਦੀ ਵਿਦਵਤਾ ਤੋਂ ਖਾਰ ਖਾਂਦੇ ਸਨ, ਹੁਣ ਇਸੇ ਕਰਕੇ ਕੋਈ ਵੀ ਉਹਨਾਂ ਦੀ ਯਾਦ ਵਿੱਚ ਭਾਰਤ ਵਿੱਚ ਕੋਈ ਸਮਾਗਮ ਕਰਨ ਨੂੰ ਤਿਆਰ ਨਹੀਂ।ਕੈਨੇਡਾ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬੀ ਅਦਬੀ ਸੰਗਤ ਲਿਟਰੇਰੀ ਸੋਸਾਇਟੀ ਆਫ ਕੈਨੇਡਾ ਨਿਊਟਨ ਪਬਲਿਕ ਲਾਇਬਰੇਰੀ ਸਰੀ ਵਿੱਚ ਉਸ ਮਹਾਨ ਸਿੱਖ ਚਿੰਤਕ ਦੀ ਯਾਦ ਵਿੱਚ ਸਮਾਗਮ ਕਰ ਰਹੀ ਹੈ
ਉਜਾਗਰ ਸਿੰਘ(ਸਾਬਕਾ ਲੋਕ ਸੰਪਰਕ ਅਧਿਕਾਰੀ)
94178-13072