ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ
ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ॥1॥ਰਹਾਉ॥ (858)
ਸ਼ੇਰ ਦੀ ਰਖਵਾਲੀ ਵਿਚ ਜਾਣ ਦਾ ਕੋਈ ਲਾਭ ਨਹੀਂ, ਜੇ ਤੇਹਾਡੇ ਮਨ ਵਿਚ ਇਹੀ ਹੋਵੇ ਕਿ ਮੈਨੂੰ ਗਿਦੜਾਂ ਨੇ ਖਾ ਜਾਣਾ ਹੈ ।
ਇਵੇਂ ਹੀ ਰੱਬ ਨਾਲ ਜੁੜਨ ਦਾ ਕੋਈ ਫਾਇਦਾ ਨਹੀਂ, ਜੇ ਤੁਹਾਡੇ ਮਨ ਵਿਚ ਹੋਵੇ ਕਿ ਮੇਰਾ, ਪਰਮਾਤਮਾ ਦੀਆਂ ਬਣਾਈਆਂ, ਨਾਸ਼ਵਾਨ ਚੀਜ਼ਾਂ ਨੇ ਹੀ ਨੁਕਸਾਨ ਕਰ ਦੇਣਾ ਹੈ।
ਇਹ ਵਿਸ਼ਵਾਸ ਤਾਂ ਹੋਣਾ ਹੀ ਚਾਹੀਦਾ ਹੈ ਕਿ, ਮੇਰੇ ਅੰਦਰ ਵਸਦਾ ਕਰਤਾ-ਪੁਰਖ ਹੀ ਸਭ ਚੀਜ਼ਾਂ ਦਾ ਕਰਤਾ ਹੈ, ਅਤੇ ਓਹੀ ਸਤ, ਸਦਾ ਕਾਇਮ ਰਹਣ ਵਾਲਾ ਹੈ, ਸੰਸਾਰ ਦੀਆਂ ਬਾਕੀ ਸਾਰੀਆਂ ਚੀਜ਼ਾਂ, ਦਿਸਣ ਵਾਲੀਆਂ ਅਤੇ ਨਾ ਦਿਸਣ ਵਾਲੀਆਂ, ਨਾਸ਼ਵਾਨ ਹਨ।
ਤੁਹਾਡੇ ਮਨ ਵਿਚ ਇਕ ਭਰਮ ਹੈ ਕਿ ਕੋਈ ਚੀਜ਼ ਮੇਰਾ ਨੁਕਸਾਨ ਕਰ ਸਕਦੀ ਹੈ, ਮਤਲਬ ਸਾਫ ਹੈ ਕਿ ਤੁਸੀਂ ਉਸ ਚੀਜ਼ ਨੂੰ ਆਪਣੇ ਤੋ ਸ਼ਕਤੀ-ਸ਼ਾਲੀ ਸਮਝਦੇ ਹੋ, ਜਿਸ ਚੀਜ਼ ਨੂੰ ਤੁਸੀਂ ਆਪਣੇ ਆਪ ਤੋਂ ਸ਼ਕਤੀ-ਸ਼ਾਲੀ ਸਮਝਦੇ ਹੋ ਉਸ ਨੂੰ ਤੁਸੀਂ ਚੈਲਿੰਜ ਕਿਵੇਂ ਕਰ ਸਕਦੇ ਹੋ? ਚੈਲਿੰਜ ਤੁਸੀਂ ਤਦ ਹੀ ਕਰ ਸਕਦੇ ਹੋ, ਜੇ ਤੁਹਾਨੂੰ ਯਕੀਨ ਹੋਵੇ ਕਿ ਮੇਰੇ ਪੱਖ ਵਿਚ ਉਹ ਸ਼ਕਤੀ ਹੈ, ਜਿਸ ਦੇ ਹੁੰਦਿਆਂ ਉਹ ਚੀਜ਼ ਮੇਰੀ ਵਾ ਵੱਲ ਵੀ ਨਹੀਂ ਵੇਖ ਸਕਦੀ। ਏਸੇ ਲਈ ਗੁਰੂ ਸਾਹਿਬ ਨੇ ਗੁਰਬਾਣੀ ਦੇ ਰੱਟੇ ਲਾਉਣ ਦੀ ਗੱਲ ਨਹੀਂ ਕੀਤੀ, ਗੁਰਬਾਣੀ ਸਭ ਤੋਂ ਪਹਿਲਾਂ ਉਸ ਦੀ ਪਛਾਣ ਦੱਸਦੀ ਹੈ, ਉਸ ਦੀ ਟੱਕਰ ਦਾ ਓਹੀ ਹੋ ਸਕਦਾ ਹੈ, ਜਿਸ ਵਿਚ ਇਹ ਦੱਸੇ ਗੁਣ ਹੋਣ, ਅਤੇ ਇਹ ਸਾਰੇ ਗੁਣ ਉਸ ਤੋਂ ਇਲਾਵਾ ਕਿਸੇ ਵਿਚ ਨਹੀਂ ਹਨ। ਫਿਰ ਗੁਰਬਾਣੀ, ਉਸ ਪ੍ਰਭੂ ਦੇ, ਕਣ-ਕਣ ਵਿਚ ਹੋਣ ਦੀ ਗੱਲ ਵੀ ਕਰਦੀ ਹੈ, ਤੁਹਾਡੇ ਅੰਦਰ ਹੀ ਨਹੀਂ, ਤੁਹਾਡੇ ਅੰਦਰ ਦੇ ਹਰ ਕੀਟਾਣੂ ਅਤੇ ਜੀਵਾਣੂ ਵਿਚ ਵੀ ਉਹ ਪੂਰਨ ਰੂਪ ਵਿਚ ਮੌਜੂਦ ਹੈ।
ਗੁਰਬਾਣੀ, ਉਸ ਨੂੰ ਬਹੁਤ ਦਿਆਲੂ ਅਤੇ ਕਿਰਪਾਲੂ ਵੀ ਦਸਦੀ ਹੈ। ਕਿਤੇ ਵੀ ਉਸ ਨੂੰ ਕਰੂਰ ਨਹੀਂ ਦੱਸਿਆ, ਦੂਸਰੇ ਦਾ ਨੁਕਸਾਨ ਓਹੀ ਕਰਦਾ ਹੈ, ਜੋ ਕਰੂਰ ਹੋਵੇ, ਜ਼ਾਲਮ ਹੋਵੇ,ਨਿਤਾਣਾ ਹੋਵੇ, ਪ੍ਰਭੂ ਸਾਰੇ ਨਿਤਾਣਿਆ ਦਾ ਤਾਣ ਹੈ, ਜਿਸ ਨੂੰ ਕਿਸੇ ਦੀ ਵੀ ਓਟ ਨਾ ਹੋਵੇ ਉਸ ਦੀ ਓਟ ਕਰਤਾਰ ਆਪ ਬਣਦਾ ਹੈ।
ਫਿਰ ਗੁਰਬਾਣੀ ਅਜਿਹੇ ਸ਼ਕਤੀ ਸ਼ਾਲੀ, ਦਿਆਲੂ ਪ੍ਰਭੂ ਤੇ ਵਿਸ਼ਵਾਸ ਕਰਨ ਦੀ ਗੱਲ ਕਰਦੀ ਹੈ, ਇਹ ਸਾਰਾ ਕੁਝ, ਰੌਲਾ ਪਾ ਕੇ ਨਹੀਂ ਹੁੰਦਾ ਬਲਕਿ , ਦਿਲੋਂ ਹੁੰਦਾ ਹੈ। ਜਦ ਇਹ ਵਿਸ਼ਵਾਸ ਦਿਲ ਵਿਚ ਹੋਵੇ ਤਾਂ ਬੰਦਾ ਹਰ ਕਿਸੇ ਜ਼ਾਲਮ ਅਤੇ ਕਰੂਰ ਨੂੰ ਸਹਿਜੇ ਹੀ ਚੈਲਿੰਜ ਕਰ ਸਕਦਾ ਹੈ, ਬੰਦੇ ਨੂੰ ਆਪਣੇ ਅਤੇ ਰੱਬ ਦੇ ਪਿਆਰ ਤੇ ਭਰੋਸਾ ਹੁੰਦਾ ਹੈ, ਇਹ ਵਿਸ਼ਵਾਸ ਹਰ ਬੰਦੇ ਨੇ ਆਪ ਆਪਣੇ ਮਨ ਵਿਚ ਪੈਦਾ ਕਰਨਾ ਹੁੰਦਾ ਹੈ, ਕੋਈ ਦੂਸਰਾ ਤੁਹਾਡੇ ਲਈ ਇਹ ਕੰਮ ਨਹੀਂ ਕਰ ਸਕਦਾ, ਏਸੇ ਨੂੰ ਕਹਿੰਦੇ ਹਨ ਕਿ ,
ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ॥
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥20॥ (474)
ਅਮਰ ਜੀਤ ਸਿੰਘ ਚੰਦੀ