ਬਿਰਹਾ ਤੂ ਸੁਲਤਾਨੁ
ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ॥
ਫਰੀਦਾ ਜਿਤੁ ਤਨਿ ਬਿਰਹੁ ਨ ਊਪਜੇ ਸੋ ਤਨੁ ਜਾਣੁ ਮਸਾਨੁ॥36॥
ਸਲੋਕ ਸ਼ੇਖ ਫਰੀਦ ਜੀ-ਪੰਨਾ 1379॥
ਭਾਵ ਅਰਥ:- ਹਰ ਕੋਈ ਆਖਦਾ ਹੈ ਕਿ ਵਿਛੋੜਾ ਬੁਹਤ ਦੁੱਖੀ ਕਰਦਾ ਹੈ। ਪਰ ਹੇ ਬਿਰਹਾ! ਤੂੰ ਪਾਤਸ਼ਾਹ ਹੈਂ (ਮੇਰੀ ਸਲਾਮ ਹੈ ਤੈਨੂੰ)। ਜਿਸ ਮਨੁੱਖ ਦੇ ਸਰੀਰ ਅੰਦਰ ਪ੍ਰਭੂ ਦੇ ਵਿਛੋੜੇ (ਪਿਆਰ) ਦੀ ਚੀਸ ਨਹੀਂ ਉਠਦੀ, ਉਹ ਸਰੀਰ ਮਸਾਨ ਹੈ, ਉਸ ਸਰੀਰ ਅੰਦਰ ਰੂਹ ਵਿਕਾਰਾਂ ਵਿੱਚ ਸੜ੍ਹ ਰਹੀ ਹੈ।
ਵਿਆਖਿਆ:- ਪ੍ਰੇਮੀ ਅਤੇ ਪ੍ਰੇਮਿਕਾ ਦਾ ਵਿਛੋੜਾ, ਮਨੁੱਖ ਅਤੇ ਪ੍ਰਭੂ ਦਾ ਵਿਛੋੜਾ - ਇਸ ਦਾ ਇੱਕ ਸਿਰਾ ਵਿਛੋੜਾ ਅਤੇ ਦੂਸਰਾ ਸਿਰਾ ਵਸਲ (ਮਿਲਾਪ) ਹੈ। ਪ੍ਰੇਮੀ ਅਤੇ ਪ੍ਰੇਮਿਕਾ ਦਾ ਪ੍ਰੇਮ ‘ਇਸ਼ਕ ਮਿਜਾਜ਼ੀ’ ਹੈ। ਮਨੁੱਖ ਅਤੇ ਪ੍ਰਭੂ ਦਾ ਪ੍ਰੇਮ ‘ਇਸ਼ਕ ਹਕ਼ੀਕ਼ੀ’ ਹੈ। ਇਸ਼ਕ ਮਿਜਾਜ਼ੀ ਸੰਸਾਰਿਕ ਹੈ। ਇਸ਼ਕ ਹਕ਼ੀਕ਼ੀ ਰੂਹਾਨੀ ਹੈ,
“ਹੋਰੁ ਬਿਰਹਾ ਸਭ ਧਾਤੁ ਹੈ ਜਬ ਲਗੁ ਸਾਹਿਬ ਪ੍ਰੀਤਿ ਨ ਹੋਇ ॥-ਪੰਨਾ 83॥
ਜਦੋਂ ਤਕ ਪ੍ਰਭੂ ਨਾਲ ਪ੍ਰੀਤ ਪੈਦਾ ਨਹੀਂ ਹੁੰਦੀ, ਸਭ ਪਿਆਰ ਮਾਇਆ ਦੇ ਪਿਆਰ ਹਨ। ਸਾਨੂੰ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ, ਪਰਮਾਤਮਾ ਨੂੰ ਮਿਲਣ ਦਾ ਇਹੋ ਮੌਕਾ ਹੈ।
“ਭਈ ਪਰਾਪਤਿ ਮਾਨੁਖ ਦੇਹੁਰੀਆ ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥”-ਪੰਨਾ 12॥
ਸਾਨੂੰ ਕੀ ਕਰਨਾ ਚਾਹੀਦਾ ਹੈ ਤਾਕਿ ਇਹ ਮੌਕਾ ਹੱਥੋਂ ਨਾਂ ਨਿਕਲ ਜਾਏ ? ਮੌਕਾ ਸੰਭਾਲਣ ਲਈ ਦਿਲ ਦੀ ਰਾਖੀ ਕਰਨਾ ਜ਼ਰ ੂਰੀ ਹੈ, ਦਿਲ ਨੂੰ ਸਿੱਧੇ ਰਾਹ ਤੇ ਰੱਖ ਕੇ ਫ਼ਕੀਰੀ ਕਮਾਉਂਣਾ ਜ਼ਰੂਰੀ ਹੈ। ਜਿਹੜਾ ਵੀ ਇਹ ਉਪਰਾਲਾ ਕਰਦਾ ਹੈ, ਉਸ ਦੇ ਪਿਆਰ ਦਾ ਹਿਸਾਬ ਪ੍ਰਭੂ ਰੱਖਦਾ ਹੈ, ਭਾਵ, ਪ੍ਰਭੂ ਉਸ ਦੇ ਪਿਆਰ ਨੂੰ ਜਾਣਦਾ ਹੈ ।
“ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ॥
ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ ॥”-- ਪੰਨਾ 1090॥
ਇਹ ਹੈ ਪ੍ਰਭੂ ਨੂੰ ਪਿਆਰ ਕਰਨ ਵਾਲਾ ਰਸਤਾ। ਇਸ ਰਸਤੇ ਦਾ ਗਿਆਨ ਕੌਣ ਦੇਂਦਾ ਹੈ ।
ਇਸ ਰਸਤੇ ਦਾ ਗਿਆਨ ਗੁਰੂ ਸਾਹਿਬਾਨ ਨੇ ਗੁਰਬਾਣੀ ਦੁਆਰਾ ਬਖ਼ਸ਼ਿਆ ਹੈ । ਅਕਸਰ ਹੁੰਦਾ ਇਹ ਹੈ ਕਿ ਗੁਰੂ ਦੀ ਸਮੁੱਚੀ ਸਿਖਿਆ ਸਮਝਣ ਤੋਂ ਬਿਨਾ , ਗੁਰਬਾਣੀ ਦਾ ਸਮੁੱਚਾ ਭਾਵ ਸਮਝਣ ਤੋਂ ਬਿਨਾ, ਅਸੀਂ ਗੁਰੂ ਤੇ, ਗੁਰਬਾਣੀ ਤੇ ਕਿੰਤੂ ਪ੍ਰੰਤੂ ਕਰਨ ਲਗ ਜਾਂਦੇ ਹਾਂ। ਸਾਡੇ ਅੰਦਰੋੰ ਆਪਣੇ ਆਪ ਨੂੰ ਗੁਰੂ ਤੋਂ ਵੱਡਾ, ਗੁਰਬਾਣੀ ਤੋਂ ਵੱਡਾ ਸਮਝਣ ਦੀ ਬੂ ਆਣ ਲਗ ਜਾਂਦੀ ਹੈ । ਇਹ ਬੂ ਦੂਰ ਕਿਸਤਰਹਾਂ ਹੋਵੇ? ਇਹ ਬੂ ਦੂਰ ਕਰਨ ਲਈ ਗੁਰ ੂ ਨਾਲ ਜੁੜਿਆਂ ਦੀ ਸੰਗਤਿ ਕਰਨੀ ਜ਼ਰੂਰੀ ਹੈ । ਗੁਰੂ ਨਾਲ ਜੁੜਿਆਂ ਦੀ ਸੰਗਤਿ ਕਰਨ ਨਾਲ ਹੌਸਲਾ ਬੱਝਦਾ ਹੈ, ਸੋਝੀ ਪੈਂਦੀ ਹੈ ।
“ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ ॥”-ਪੰਨਾ 488॥
ਬਾਂਕੇ ਜਵਾਨਾਂ ਨੂੰ ਦਰਿਆ ਪਾਰ ਕਰਦਿਆਂ ਵੇਖ ਕੇ ਕਮਜ਼ੋਰ ਦਿਲ ਇਸਤ੍ਰੀ ਨੂੰ ਵੀ ਹੌਸਲਾ ਪੈ ਜਾਂਦਾ ਹੈ ਪਾਰ ਲੰਘੰਣ ਦਾ। ਇਸੇ ਤਰਹਾਂ ਗੁਰੂ ਦੇ ਦਾਸਾਂ ਨੂੰ ਪਾਰਗਰਾਮੀਂ ਹੁੰਦਿਆਂ ਵੇਖ ਕੇ ਕਮਜੋਰ ਦਿਲ ਮਨੁੱਖ ਨੂੰ ਵੀ ਹੌਸਲਾ ਪੈ ਜਾਂਦਾ ਪਾਰਗਰਾਮੀ ਹੋਣ ਦਾ। ਅੱਜਕਲ ਸਾਡੇ ਕਈ ਵੀਰ ਇਹੋ ਜਿਹੇ ਸ਼ ਕੇ ਵੀ ਉਤਪੰਨ ਕਰਦੇ ਰਹਿੰਦੇ ਹਨ ਕਿ ਸਿੰਘਾਂ ਨੇ ਖੋਪਰੀਆਂ ਕਿਸ ਤਰ੍ਹਾਂ ਲਵਾ ਲਈਆਂ, ਚਰਖੜੀਆਂ ਤੇ ਕਿਸ ਤਰਹਾਂ ਚੜ੍ਹ ਗਏ, ਬੰਦ-ਬੰਦ ਕਿਸ ਤਰਹਾਂ ਕਟਵਾ ਲਏ ? ਜੇ ਇਸ਼ਕ ਮਜਾਜ਼ੀ ਵਾਲੀ ਸੋਹਨੀ ਇਹ ਜਾਣਦੀ ਹੋਈ ਕਿ ਘੜਾ ਕੱਚਾ ਹੈ, ਘੜਾ ਲੈ ਕੇ ਪਾਰਲੇ ਬੰਨੇ ਮੇਹੀਵਾਲ ਨੂੰ ਮਿਲਣ ਵਾਸਤੇ ਠਾਠਾਂ ਮਾਰਦੇ ਦਰਿਆ ਚਨਾਬ ਵਿੱਚ ਠਿਲ ਪੈਂਦੀ ਹੈ ਤਾਂ ਗੁਰੂ ਨਾਲ ਜੁੜੇ ਇਸ਼ਕ ਹਕ਼ੀਕ਼ੀ ਵਾਲੇ ਸਿੰਘ/ ਸਿੰਘਣੀਆਂ ਕਿਉਂ ਨਹੀਂ ਹਸ-ਹਸ ਕੇ ਸ਼ਹੀਦੀਆਂ ਪਾ ਸਕਦੇ ? ਸ਼ਹੀਦੀਆਂ ਨੇ ਰੰਗ ਲਿਆਂਦਾ। ਖ਼ਾਲਸਾ ਰਾਜ ਕਾਇਮ ਹੋਇਆ। ਗੈਰਾਂ ਤੇ ਇਤਬਾਰ ਕਰਕੇ ਰਾਜ ਗਵਾ ਵੀ ਲਿਆ ।
ਦਸਮੇਸ਼ ਦੇ ਸਿੰਘੋ ਸਿੰਘਣੀਓ! ਫਿਰ ਹੰਭਲਾ ਮਾਰੋ ਅਤੇ ਗੁਲਾਮੀ ਵਿੱਚੋਂ ਬਾਹਰ ਨਿਕਲੋ । 1947 ਤਕ ਅਸੀਂ ਹਿੰਦੁਸਤਾਨ ਨੂੰ ਅੰਗ੍ਰੇਜ਼ਾਂ ਤੋਂ ਆਜ਼ਾਦ ਕਰਾਉਣ ਲਈ ਡਾਂਗਾਂ ਗੋਲੀਆਂ ਖਾਂਦੇ ਰਹੇ। ਕਾਂਗਰਸ ਲੀਡਰ ਸਾਨੂੰ ਸਬਜ਼ ਬਾਗ਼ ਦਿਖਾ ਕੇ ਬੇਵਕੂਫ਼ ਬਣਾਉਂਦੇ ਰਹੇ। ਜਿਸ ਵਕ਼ਤ ਰਾਜ ਭਾਗ ਇਸ ਹਿੰਦੁਸਤਾਨ ਦੀ ਬਹੁਗਿਣਤੀ ਦੇ ਹੱਥ ਆ ਗਿਆ ਤਾਂ ਇਨ੍ਹਾਂ ਸਾਨੂੰ ਜੁਰਾਇਮ ਪੈਸ਼ਾ ਕਹਿਕੇ ਸਾਡੀਆਂ ਆਜ਼ਾਦੀ ਲਈ ਸਭ ਤੋਂ ਜ਼ਿਆਦਾ ਕੀਤੀਆਂ ਕੁਰਬਾਣੀਆਂ ਦਾ ਸਿਲਹਾ ਸਾਨੂੰ ਦਿੱਤਾ। ਹੁਣ ਬਿਹੁਗਿਣਤੀ ਦੇ ਗੁਲਾਮ ਬਣੇ ਰਹਿਣ ਲਈ ਅਸੀਂ ਇਨ੍ਹਾਂ ਕੋਲੌਂ ਡਾਂਗਾਂ ਗੋਲੀਆਂ ਖਾ ਰਹੇ ਹਾਂ । ਚਲੋ ਇਹ ਤਾਂ ਬੇਗਾਨੇ ਹਨ।
ਅੱਜ ਸਾਡੇ ਆਪਣੇ ਹੀ ਲੀਡਰ ਆਪਣੀ ਕੁਰਸੀ ਕਾਇਮ ਰੱਖਣ ਲਈ ਸਾਡੇ ਵਿਰੋਧੀਆਂ ਨਾਲ ਸਾਂਠ ਗਾਂਠ ਕਰਕੇ ਸਾਡਾ ਖੁਰਾ ਖੋਜ ਮਟਾਉਣ ਦੇ ਚੱਕਰ ’ਚ ਹਨ। ਜੇ ਹੁਣ ਵੀ ਅਸੀਂ ਨਹੀਂ ਸ਼ੰਭਲੇ ਤਾਂ ਨਤੀਜਾ ਕੀ ਹੋਵੇਗਾ , ਇਸ ਦਾ ਅੰਦਾਜ਼ਾ ਪਾਠਕ ਖ਼ੁਦ ਲਗਾ ਸਕਦੇ ਹਨ।
ਸੁਰਜਨ ਸਿੰਘ--+919041409041