ਬਾਲਮੀਕੀ-ਸਿੱਖ ਜਾਂ ਰਵਿਦਾਸੀਏ-ਸਿੱਖ ਫਸਾਦ ਅਫਸੋਸਨਾਕ ਤਾਂ ਹੈ ਹੀ ਹਨ; ਹੈਰਾਨੀਜਨਕ ਵੀ ਹਨ
ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਭਾਰਤੀ ਸਮਾਜ ਵਿੱਚ ਬਾਲਮੀਕੀ, ਰਵਿਦਾਸੀਏ ਆਦਿਕ ਹੋਰ ਸ਼ੂਦਰ (ਅਛੂਤ) ਕਹੇ ਜਾਂਦੇ ਭਾਈਚਾਰੇ ਦੀ ਜੋ ਦੁਰਦਸ਼ਾ ਉਚ ਜਾਤੀਏ ਬ੍ਰਾਹਮਣ ਨੇ ਕੀਤੀ ਸੀ ਉਸ ਦਾ ਵਿਸਥਾਰ ’ਚ ਵੇਰਵਾ ਪ੍ਰੋ: ਗੁਰਨਾਮ ਸਿੰਘ ਮੁਕਤਸਰ ਵੱਲੋਂ ਆਪਣੀ ਵੱਡ ਆਕਾਰੀ ਪੁਸਤਕ ‘ਭਾਰਤੀ ਲੋਕ ਨੀਚ ਕਿਵੇਂ ਬਣੇ?’ ਵਿੱਚ ਬਾਖੂਬੀ ਕੀਤਾ ਗਿਆ ਹੈ। ਵੇਦਾਂ ਦਾ ਪਾਠ ਕਰਨ ਵਾਲੇ ਸ਼ੂਦਰ ਦੀ ਜੀਭ ਕੱਟ ਦਿੱਤੇ ਜਾਣ ਅਤੇ ਸੁਣਨ ਵਾਲੇ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾਉਣ ਦੀਆਂ ਹਿਰਦੇਵੇਦਕ ਹਦਾਇਤਾਂ ਬ੍ਰਾਹਮਣ ਵਲੋਂ ਲਿਖੀਆਂ ਗਈਆਂ ਸਿਮ੍ਰਤੀਆਂ ਵਿੱਚ ਵੇਖਣ ਨੂੰ ਮਿਲ ਰਹੀਆਂ ਹਨ। ਸ਼ੂਦਰ ਨੂੰ ਅਬਾਦੀ ਤੋਂ ਦੂਰ ਗੰਦੀਆਂ ਬਸਤੀਆਂ ਵਿੱਚ ਰਹਿਣ ਲਈ ਮਜ਼ਬੂਰ ਕੀਤਾ ਗਿਆ ਸੀ ਅਤੇ ਉਸ ਲਈ ਇਹ ਖਾਸ ਹਦਾਇਤਾਂ ਸਨ ਕਿ ਜਦੋਂ ਕਦੀ ਉਸ ਨੂੰ ਉਚ ਜਾਤੀਆਂ ਦੀ ਸੇਵਾ ਲਈ ਸ਼ਹਿਰ ਜਾਂ ਪਿੰਡ ਕਸਬੇ ਵਿੱਚ ਆਉਣਾ ਪਏ ਤਾਂ ਉਹ ਇਸ ਗੱਲ ਦਾ ਖਾਸ ਧਿਆਨ ਰੱਖੇ ਕਿ ਉਸ ਦਾ ਪ੍ਰਛਾਵਾਂ ਕਿਸੇ ਉਚ ਜਾਤੀਏ ’ਤੇ ਨਾ ਪਵੇ; ਅਤੇ ਉਹ ਆਪਣੇ ਪਿੱਛੇ ਝਾਫਾ ਆਦਿਕ ਬੰਨ੍ਹ ਕੇ ਤੁਰੇ ਤਾਂ ਕਿ ਉਸ ਦੀਆਂ ਪੈਡ਼ਾਂ ਨਾਲੋ ਨਾਲ ਮਿਟਦੀਆਂ ਰਹਿਣ ਤਾਂ ਕਿ ਐਸਾ ਨਾ ਹੋਵੇ ਕਿ ਉਸ ਦੀਆਂ ਪੈਡ਼ਾਂ ਉਪਰ ਦੀ ਅਣਭੋਲਪੁਣੇ ਵਿੱਚ ਲੰਘਣ ਵਾਲਾ ਕੋਈ ਬ੍ਰਾਹਮਣ ਭਿੱਟਿਆ ਜਾਵੇ। ਅਜਿਹੀਆਂ ਹਾਲਤਾਂ ਵਿੱਚ ਕਿਸੇ ਅਛੂਤ ਦਾ ਮਾਨ ਸਨਮਾਨ ਹੋਣ ਜਾਂ ਉਸ ਦੀ ਜ਼ਮੀਰ ਦੀ ਆਜਾਦੀ ਹੋਣ ਦੀ ਸੰਭਾਵਨਾ ਹੀ ਖਤਮ ਹੋ ਜਾਂਦੀ ਹੈ ਇਸ ਲਈ ਉਹ ਪੂਰੀ ਤਰ੍ਹਾਂ ਸਰੀਰਕ ਅਤੇ ਮਾਨਸਿਕ ਤੌਰ ’ਤੇ ਬ੍ਰਾਹਮਣ ਦੀ ਗੁਲਾਮੀ ਕਬੂਲ ਕਰ ਚੁੱਕੇ ਸਨ ਜੋ ਅੱਜ ਤੱਕ ਵੀ ਕਿਸੇ ਨਾ ਕਿਸੇ ਰੂਪ ਵਿੱਚ ਕਾਇਮ ਹੈ। ਇਹੋ ਕਾਰਣ ਹੈ ਕਿ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ ਆਦਿਕ ਮਹਾਂਪੁਰਖਾਂ ਵੱਲੋਂ ਬ੍ਰਾਹਮਣਵਾਦ ਵਿਰੁੱਧ ਪੂਰੀ ਤਰ੍ਹਾਂ ਬਗਾਵਤ ਦੀ ਆਵਾਜ਼ ਬੁਲੰਦ ਕੀਤੇ ਜਾਣ ਦੇ ਬਾਵਯੂਦ ਵੀ ਸਮਾਜਕ ਤੌਰ ’ਤੇ ਇਨ੍ਹਾਂ ਕਹੇ ਜਾਂਦੇ ਅਛੂਤ ਸ਼ੂਦਰਾਂ ਨੇ ਬ੍ਰਾਹਮਣ ਵਿਰੁੱਧ ਅੱਜ ਤੱਕ ਕਦੀ ਵੀ ਜਮਾਤੀ ਘੋਲ ਨਹੀਂ ਲਡ਼ਿਆ।
ਵੇਦੀ ਖੱਤਰੀ ਦੀ ਉਚੀ ਕੁਲ ਵਿੱਚ ਪੈਦਾ ਹੋਏ ਗੁਰੂ ਨਾਨਕ ਸਾਹਿਬ ਜੀ ਪਹਿਲੇ ਧਾਰਮਿਕ ਰਹਿਬਰ ਹੋਏ ਹਨ ਜਿਨ੍ਹਾਂ ਨੇ ਕਹੀਆਂ ਜਾਂਦੀਆਂ ਨੀਚ ਜਾਤਾਂ ਨੂੰ ਉਨ੍ਹਾਂ ਦਾ ਬਣਦਾ ਮਾਣ ਸਨਮਾਨ ਦਿੱਤਾ ਤੇ ਮਨੁੱਖਤਾ ਦੀ ਅਗਵਾਈ ਲਈ ਇਹ ਬਚਨ ਉਚਾਰਣ ਕੀਤੇ:
‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥4॥3॥’ (ਅੰਗ 15)।
ਗੁਰੂ ਨਾਨਕ ਸਾਹਿਬ ਜੀ ਨੇ ਉਨ੍ਹਾਂ ਸਾਰੇ ਰੱਬੀ ਭਗਤਾਂ; ਜਿਨ੍ਹਾਂ ਨੇ ਬ੍ਰਾਹਮਣ ਵੱਲੋਂ ਊਚ ਨੀਚ ਦੇ ਅਧਾਰ ’ਤੇ ਸਮਾਜ ਵਿੱਚ ਪਾਈਆਂ ਵੰਡੀਆਂ ਅਤੇ ਪੂਜਾਰੀ ਵੱਲੋਂ ਧਾਰਮਕਿ ਕਰਮਕਾਂਡਾਂ ਦੇ ਨਾਮ ’ਤੇ ਕਿਰਤੀਆਂ ਦੀ ਕੀਤੀ ਜਾਂਦੀ ਲੁੱਟ ਵਿਰੁੱਧ ਅਵਾਜ਼ ਉਠਾਈ; ਦੀ ਬਾਣੀ ਨੂੰ ਇੱਕਤਰ ਕੀਤਾ ਤੇ ਜੋਤੀ ਜੋਤ ਸਮਾਉਣ ਸਮੇਂ ਆਪਣੀ ਬਾਣੀ ਦੇ ਨਾਲ ਭਗਤਾਂ ਦੀ ਬਾਣੀ ਵੀ ਆਪਣੇ ਉਤਰਾਧਿਕਾਰੀ ਨੂੰ ਸੌਂਪੀ। ਇਹ ਸਿਲਸਿਲਾ ਗੁਰੂ ਅਰਜੁਨ ਸਾਹਿਬ ਜੀ ਤੱਕ ਚਲਦਾ ਰਿਹਾ; ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ (ਮੁੱਢਲਾ ਨਾਮ ਪੋਥੀ ਸਾਹਿਬ) ਜੀ ਵਿੱਚ ਕਹੇ ਜਾਂਦੇ ਸ਼ੂਦਰ ਅਛੂਤ ਭਗਤਾਂ- ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਭਗਤ ਨਾਮਦੇਵ ਜੀ, ਭਗਤ ਸੈਣ ਜੀ ਸਮੇਤ ਇੱਕ ਅਕਾਲ ਪੁਰਖ ਨੂੰ ਮੰਨਣ ਵਾਲੇ ਸਭਨਾਂ ਜਾਤੀਆਂ ਦੇ ਭਗਤਾਂ ਦੇ ਰੱਬੀ ਕਲਾਮ ਨੂੰ ਦਰਜ ਕਰਕੇ ਉਨ੍ਹਾਂ ਨੂੰ ਬਰਾਬਰ ਦਾ ਸਤਿਕਰ ਦਿੱਤਾ ਅਤੇ ਮਨੁੱਖਤਾ ਦੀ ਅਗਵਾਈ ਲਈ ਇੱਕ ਸਰਬਸਾਂਝਾ ਧਰਮ ਗ੍ਰੰਥ ਤਿਆਰ ਕੀਤਾ। ਗੁਰੂ ਅਮਰ ਦਾਸ ਜੀ ਨੇ ਜਿੱਥੇ ਛੂਤ ਛਾਤ ਅਤੇ ਭਿੱਟ ਦੇ ਵਹਿਮ ਨੂੰ ਦੂਰ ਕਰਨ ਲਈ ਸਭਨਾ ਜਾਤਾਂ ਲਈ ਗੁਰੂ ਦੀ ਸੰਗਤ ਵਿੱਚ ਬੈਠਣ ਤੋਂ ਪਹਿਲਾਂ ਸਾਂਝੀ ਪੰਕਤ ਵਿੱਚ ਬੈਠ ਕੇ ਲੰਗਰ ਛਕਣਾ ਲਾਜ਼ਮੀ ਕੀਤਾ ਉੱਥੇ ਉੱਚ ਜਾਤੀ ਦਾ ਹੰਕਾਰ ਕਰਨ ਵਾਲੇ ਬ੍ਰਾਹਮਣਾਂ ਨੂੰ ਵੰਗਾਰਣ ਲਈ ਬਚਨ ਉਚਾਰਣ ਕੀਤੇ:
ਰਾਗੁ ਭੈਰਉ, ਮਹਲਾ 3 ॥
ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥1॥
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥1॥ ਰਹਾਉ ॥
ਚਾਰੇ ਵਰਨ ਆਖੈ ਸਭੁ ਕੋਈ ॥ ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥2॥
ਮਾਟੀ ਏਕ ਸਗਲ ਸੰਸਾਰਾ ॥ ਬਹੁ ਬਿਧਿ ਭਾਂਡੇ ਘਡ਼ੈ ਕੁਮਾਰਾ ॥3॥
ਪੰਚ ਤਤੁ ਮਿਲਿ ਦੇਹੀ ਕਾ ਆਕਾਰਾ ॥ ਘਟਿ ਵਧਿ ਕੋ ਕਰੈ ਬੀਚਾਰਾ ॥4॥
ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ ॥ ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥5॥1॥’
(ਗੁਰੂ ਗ੍ਰੰਥ ਸਾਹਿਬ - ਪੰਨਾ 1128)
ਵੈਸੇ ਤਾਂ ਗੁਰੂ ਨਾਨਕ ਸਾਹਿਬ ਜੀ ਵੱਲੋਂ ਜਨੇਊ ਪਾਉਣ ਤੋਂ ਨਾਂਹ ਕੀਤੇ ਜਾਣ ਦੇ ਸਮੇਂ ਤੋਂ ਹੀ ਬ੍ਰਾਹਮਣ ਨੇ ਗੁਰੂ ਨਾਨਕ ਦੀ ਸਿੱਖੀ ਨੂੰ ਖਤਮ ਕਰਨ ਲਈ ਸਾਜਸ਼ੀ ਗੋਂਦਾਂ ਗੁੰਦਣੀਆਂ ਸ਼ੁਰੂ ਕਰ ਦਿੱਤੀਆਂ ਸਨ ਪਰ ਜਿਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਖ਼ਾਲਸਾ ਸਾਜਣ ਸਮੇਂ ਵਰਣ ਜਾਤ ਅਤੇ ਲਿੰਗ ਦੇ ਵਿਤਕਰੇ ਤੋਂ ਬਿਨਾਂ ਸਭਨਾਂ ਨੂੰ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਾ ਕੇ ਵਰਣ ਅਤੇ ਜਾਤੀ ਵੰਡ ਦਾ ਪੁਰੀ ਤਰ੍ਹਾਂ ਫਸਤਾ ਵੱਢ ਦਿੱਤਾ; ਉਸ ਸਮੇਂ ਬ੍ਰਾਹਮਣਾਂ ਤੇ ਪਹਾਡ਼ੀ ਰਾਜਿਆਂ ਵੱਲੋਂ ਗੁਰੂ ਸਾਹਿਬ ਜੀ ਨੂੰ ਦਿੱਤੀ ਗਈ ਇਸ ਸਲਾਹ; ਕਿ ਜੇ ਉਨ੍ਹਾਂ ਨੂੰ ਵੱਖਰੇ ਬਾਟੇ ਵਿੱਚੋਂ ਅੰਮ੍ਰਿਤ ਛਕਾਇਆ ਜਾਵੇ ਤਾਂ ਉਹ ਵੀ ਅੰਮ੍ਰਿਤ ਛਕਣ ਨੂੰ ਤਿਆਰ ਹਨ; ਨੂੰ ਗੁਰੂ ਜੀ ਵੱਲੋਂ ਪੂਰੀ ਤਰ੍ਹਾਂ ਨਕਾਰ ਦਿੱਤੇ ਜਾਣ ਪਿੱਛੋਂ ਤਾਂ ਉਨ੍ਹਾਂ ਨੇ ਸਿੱਖੀ ਨੂੰ ਆਪਣੇ ਲਈ ਇੱਕ ਵੰਗਾਰ ਵਜੋਂ ਲਿਆ ਜਿਸ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੋਈ ਪ੍ਰਵਾਹ ਨਾ ਮੰਨੀ। ਈਰਖਾ ਦੀ ਅੱਗ ਵਿੱਚ ਸਡ਼ੇ ਪਹਾਡ਼ੀ ਰਾਜਿਆਂ ਨੇੇ ਗੁਰੂ ਸਾਹਿਬ ਜੀ ਨੂੰ ਸਬਕ ਸਿਖਾਉਣ ਲਈ ਮੁਗਲ ਫੌਜਾਂ ਨੂੰ ਸੱਦਾ ਦੇਣ ਅਤੇ ਉਨ੍ਹਾਂ ਦੀ ਸਿੱਧੀ ਮੱਦਦ ਵਿੱਚ ਆਉਣ ਕਾਰਣ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਖਾਲ੍ਹੀ ਕਰਨਾ ਅਤੇ ਚਾਰੇ ਸਾਹਿਬਜ਼ਾਦੇ ਤੇ ਅਨੇਕਾਂ ਸਿੰਘਾਂ ਦੀਆਂ ਸ਼ਹੀਦੀਆਂ ਵੀ ਗੁਰੂ ਸਾਹਿਬ ਜੀ ਨੂੰ ਸਿਧਾਂਤ ਤੋਂ ਡੁਲਾ ਨਾ ਸਕੀਆਂ। ਜਿੱਥੇ ਗੁਰੂ ਨਾਨਕ ਦੇ ਘਰ ਵਿੱਚ ਇਨ੍ਹਾਂ ਕਹੇ ਜਾਂਦੇ ਨੀਚਾਂ ਨੂੰ ਪੂਰਾ ਆਦਰ ਸਤਿਕਾਰ ਦਿੱਤਾ ਜਾਂਦਾ ਰਿਹਾ ਹੈ ਉਥੇ ਇਨ੍ਹਾਂ ਵਿੱਚੋਂ ਬਣੇ ਸਿੱਖਾਂ ਨੇ ਵੀ ਗੁਰੂ ਲਈ ਆਪਣੀ ਜਾਨ ਨਿਸ਼ਾਵਰ ਕਰਨ ਤੋਂ ਕਦੇ ਗੁਰੇਜ ਨਹੀਂ ਕੀਤਾ। ਇਨ੍ਹਾਂ ਗਰੀਬ ਸਿੱਖਾਂ ਦੇ ਸਿਦਕ ਅਤੇ ਕੁਰਬਾਨੀਆਂ ਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਭਾਈ ਜੈਤਾ ਜੀ (ਜੋ ਬਾਅਦ ਵਿੱਚ ਅੰਮ੍ਰਿਤ ਛਕ ਕੇ ਭਾਈ ਜੀਵਨ ਸਿੰਘ ਬਣ ਗਏ ਸਨ) ਨੂੰ ਰੰਘਰੇਟਾ ਗੁਰੂ ਕਾ ਬੇਟਾ ਕਹਿ ਕੇ ਛਾਤੀ ਨਾਲ ਲਾਉਣਾ ਅਤੇ ਚਮਕੌਰ ਦੀ ਗਡ਼੍ਹੀ ਵਿੱਚ ਭਾਈ ਸੰਗਤ ਸਿੰਘ ਜੀ ਨੂੰ ਆਪਣੇ ਹੱਥੀਂ ਆਪਣੇ ਬਸਤਰ ਤੇ ਕਲਗੀ ਸਜਾ ਕੇ ਉਸ ਦਾ ਮੱਥਾ ਚੁੰਮਣ ਦੀਆਂ ਇਤਿਹਾਸਕ ਘਟਨਾਵਾਂ ਸਿੱਧ ਕਰਦੀਆਂ ਹਨ ਕਿ ਜੋ ਮਾਣ ਸਨਮਾਨ ਨੀਚ ਜਾਤਾਂ ਵਿੱਚੋਂ ਬਣੇ ਆਪਣੇ ਸਿੱਖਾਂ ਨੂੰ ਗੁਰੂ ਸਾਹਿਬ ਜੀ ਨੇ ਦਿੱਤਾ ਉਹ ਹੋਰ ਕਿਸੇ ਰਹਿਬਰ ਵੱਲੋਂ ਨਹੀਂ ਦਿੱਤਾ ਗਿਆ। ਸ਼੍ਰੀ ਰਾਮ ਚੰਦਰ ਜੀ ਨਾਲ ਤਾਂ ਇੱਕ ਸਾਖੀ ਜੁਡ਼ੀ ਹੋਈ ਹੈ ਕਿ ਉਸ ਨੇ ਬ੍ਰਾਹਮਣਾਂ ਦੇ ਕਹਿਣ ’ਤੇ ਉਸ ਦੇ ਰਾਜ ਵਿੱਚ ਅਛੂਤ ਜਾਤ ਦੇ ਸ਼ੰਭੂਕ ਰਿਸ਼ੀ ਨੂੰ ਸਿਰਫ ਇਸ ਲਈ ਕਤਲ ਕਰ ਦਿੱਤਾ ਸੀ ਕਿਉਂਕਿ ਸਿਮ੍ਰਤੀ ਵਿਧਾਨ ਨੂੰ ਤੋਡ਼ ਕੇ ਉਹ ਪ੍ਰਭੂ ਦੀ ਭਗਤੀ ਕਰ ਰਿਹਾ ਸੀ। ਕਿਉਂਕਿ ਸਿਮ੍ਰਤੀ ਵਿਧਾਨ ਅਨੁਸਾਰ ਇਹ ਹੱਕ ਸਿਰਫ ਬ੍ਰਾਹਮਣ ਨੂੰ ਹੀ ਹਾਸਲ ਹੈ।
ਇਸ ਦੇ ਬਾਵਯੂਦ ਅੱਜ ਤੱਕ ਕਦੇ ਨਹੀਂ ਸੁਣਿਆਂ ਕਿ ਕਹੀਆਂ ਜਾਂਦੀਆਂ ਨੀਚ ਜਾਤਾਂ ਨੇ ਕਦੇ ਸ਼੍ਰੀ ਰਾਮਚੰਦਰ ਜੀ ਦਾ ਵਿਰੋਧ ਕੀਤਾ ਹੋਵੇ ਜਾਂ ਕਦੀ ਬ੍ਰਾਹਮਣਾਂ ਵਿਰੁੱਧ ਇਸ ਤਰ੍ਹਾਂ ਦਾ ਜਮਾਤੀ ਤੌਰ ’ਤੇ ਹਿੰਸਕ ਸੰਘਰਸ਼ ਵਿੱਢਿਆ ਹੋਵੇ, ਜਿਸ ਤਰ੍ਹਾਂ ਕਿ ਸਿੱਖਾਂ ਨਾਲ ਕਈ ਵਾਰ ਇਸ ਤਰ੍ਹਾਂ ਦੇ ਝਗਡ਼ੇ ਸੁਣਨ ਨੂੰ ਮਿਲਦੇ ਰਹਿੰਦੇ ਹਨ। ਬਾਲਮੀਕੀ-ਸਿੱਖ ਜਾਂ ਰਵਿਦਾਸੀਏ-ਸਿੱਖ ਫਸਾਦ ਅਫਸੋਸਨਾਕ ਤਾਂ ਹੈ ਹੀ ਹਨ; ਹੈਰਾਨੀਜਨਕ ਵੀ ਹਨ ਕਿ ਇਹ ਗੁਰੂ ਸਾਹਿਬ ਜੀ ਦੀਆਂ ਸਿਖਿਆਵਾਂ ਅਤੇ ਕੁਰਬਾਨੀਆਂ ਨੂੰ ਮਨੋਂ ਇੰਨਾਂ ਕਿਉਂ ਵਿਸਾਰ ਚੁੱਕੇ ਹਨ, ਜਿਹਡ਼ੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਇਨ੍ਹਾਂ ਬਚਨਾਂ:
‘ਏਕੁ ਪਿਤਾ, ਏਕਸ ਕੇ ਹਮ ਬਾਰਿਕ; ਤੂ ਮੇਰਾ ਗੁਰ ਹਾਈ ॥’
(ਸੋਰਠਿ ਮ: 5, ਗੁਰੂ ਗ੍ਰੰਥ ਸਾਹਿਬ ਪੰਨਾ 611) ਅਤੇ ‘ਪ੍ਰਭਾਤੀ ॥
ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ, ਕੋ ਮੰਦੇ ॥1॥
ਲੋਗਾ! ਭਰਮਿ ਨ ਭੂਲਹੁ ਭਾਈ ॥
ਖਾਲਿਕੁ ਖਲਕ, ਖਲਕ ਮਹਿ ਖਾਲਿਕੁ; ਪੂਰਿ ਰਹਿਓ ਸ੍ਰਬ ਠਾਂਈ ॥1॥ ਰਹਾਉ ॥
ਮਾਟੀ ਏਕ, ਅਨੇਕ ਭਾਂਤਿ ਕਰਿ ਸਾਜੀ, ਸਾਜਨਹਾਰੈ ॥
ਨਾ ਕਛੁ ਪੋਚ ਮਾਟੀ ਕੇ ਭਾਂਡੇ; ਨਾ ਕਛੁ ਪੋਚ ਕੁੰਭਾਰੈ ॥2॥
ਸਭ ਮਹਿ ਸਚਾ ਏਕੋ ਸੋਈ; ਤਿਸ ਕਾ ਕੀਆ ਸਭੁ ਕਛੁ ਹੋਈ ॥
ਹੁਕਮੁ ਪਛਾਨੈ, ਸੁ ਏਕੋ ਜਾਨੈ; ਬੰਦਾ ਕਹੀਐ ਸੋਈ ॥3॥
ਅਲਹੁ ਅਲਖੁ ਨ ਜਾਈ ਲਖਿਆ; ਗੁਰਿ, ਗੁਡ਼ੁ ਦੀਨਾ ਮੀਠਾ ॥
ਕਹਿ ਕਬੀਰ! ਮੇਰੀ ਸੰਕਾ ਨਾਸੀ, ਸਰਬ ਨਿਰੰਜਨੁ ਡੀਠਾ ॥4॥3॥
’ (ਪ੍ਰਭਾਤੀ, ਭਗਤ ਕਬੀਰ ਜੀ, ਗੁਰੂ ਗ੍ਰੰਥ ਸਾਹਿਬ - ਪੰਨਾ 1350) ਦੀ ਵੀਚਾਰਧਾਰਾ ਨੂੰ ਪੂਰੀ ਤਰ੍ਹਾਂ ਭੁੱਲ ਕੇ ਇੱਕ ਦੂਜੇ ਦੀ ਜਾਨ ਦੇ ਵੈਰੀ ਬਣ ਜਾਂਦੇ ਹਨ।
ਮੈਂ ਸਮਝਦਾ ਹਾਂ ਕਿ ਇਸ ਤ੍ਰਾਸਦੀ ਦੇ ਮੁੱਖ ਤੌਰ ’ਤੇ ਹੇਠ ਲਿਖੇ ਤਿੰਨ ਸਾਜਸ਼ੀ ਕਾਰਣ ਹਨ: ਜਿਸ ਤਰ੍ਹਾਂ ਕਿ ਉਪਰ ਦੱਸਿਆ ਗਿਆ ਹੈ ਕਿ ਸਿੱਖ ਧਰਮ ਨੂੰ ਬ੍ਰਾਹਮਵਾਦੀ ਸੋਚ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਆਪਣੇ ਲਈ ਇੱਕ ਵੰਗਾਰ ਦੇ ਤੌਰ ’ਤੇ ਲਿਆ ਹੈ ਜਿਸ ਕਾਰਣ ਇਹ ਸੋਚ ਹਰ ਹੀਲੇ ਸਿੱਖੀ ਨੂੰ ਖਤਮ ਕਰਨ ’ਤੇ ਤੁਲੀ ਰਹਿੰਦੀ ਹੈ। ਸਿੱਖੀ ਨੂੰ ਢਾਹ ਲਾਉਣ ਲਈ ਉਨ੍ਹਾਂ ਇਹ ਰਾਹ ਲੱਭਿਆ ਹੈ ਕਿ ਉਹ ਇਸ ਗੱਲ ਨੂੰ ਭਲੀ ਭਾਂਤ ਸਮਝਦੇ ਹਨ ਕਿ ਸਿੱਖ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਤ ਹਨ ਤੇ ਇਸ ਦੀ ਸਿੱਖਿਆ ਅਨੁਸਾਰ ਸਿੱਖੀ ਵਿੱਚ ਦੇਹਧਾਰੀ ਗੁਰੂ ਡੰਮ, ਜਾਤਪਾਤ, ਮੂਰਤੀ ਪੂਜਾ ਤੇ ਕਰਮਕਾਂਡਾਂ ਨੂੰ ਕੋਈ ਥਾਂ ਨਹੀਂ। ਬਿਪਰਵਾਦੀ ਸੋਚ ਬਡ਼ੇ ਸਾਜਿਸ਼ੀ ਢੰਗ ਨਾਲ ਦੇਹਧਾਰੀ ਗੁਰੂਡੰਮ ਨੂੰ ਵਡਾਵਾ ਦੇ ਰਹੀ ਹੈ। ਜਾਤੀ ਆਧਾਰ ’ਤੇ ਪਿਆਰੇ ਭਨਿਆਰੇ, ਡੇਰਾ ਸੱਚ ਖੰਡ ਬੱਲਾਂ ਆਦਿਕ ਡੇਰਿਆਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਰਵਿਦਾਸ ਮੰਦਰਾਂ, ਬਾਲਮੀਕ ਮੰਦਰਾਂ ਆਦਿਕ ਦੀ ਉਸਾਰੀ ਕਰਵਾ ਕੇ ਉਥੇ ਮੂਰਤੀ ਪੂਜਾ ਤੇ ਗੁਰਮਤਿ ਵਿਰੋਧੀ ਹੋਰ ਕਰਮਕਾਂਡਾਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ।
ਬ੍ਰਾਹਮਣੀ ਸੋਚ ਦੇ ਧਾਰਨੀ ਸਿੱਖ ਡੇਰੇਦਾਰਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕਰਨ ਦੀ ਥਾਂ ਕਈ ਤਰ੍ਹਾਂ ਦੇ ਜਪ ਤਪ ਸਮਾਗਮ, ਇਕੋਤਰੀਆਂ, ਸੰਪਟ ਪਾਠਾਂ ਦੇ ਕਰਮਕਾਂਡ ਪ੍ਰਚਲਤ ਕਰਕੇ ਸਿੱਖਾਂ ਨੂੰ ਗੁਰਬਾਣੀ ਦੀ ਵੀਚਾਰਧਾਰਾ ਤੋਂ ਦੂਰ ਰੱਖਣ ਲਈ ਪੂਰੀ ਤਰ੍ਹਾਂ ਆਪਣਾ ਜਾਲ ਬੁਣ ਰੱਖਿਆ ਹੈ। ਬਹੁਤੇ ਡੇਰਿਆਂ ਖਾਸ ਕਰਕੇ ਨਾਨਕਸਰ ਦੀਆਂ ਬ੍ਰਾਂਚਾਂ ਵਿੱਚ ਜਾਤੀ ਵਿਤਕਰਾ ਉਸੇ ਤਰ੍ਹਾਂ ਕੀਤਾ ਜਾਂਦਾ ਹੈ ਜਿਵੇਂ ਬ੍ਰਾਹਮਣ ਮੰਦਰਾਂ ਵਿੱਚ ਕਰਦੇ ਹਨ। ਗੁਰੂ ਕੀਆਂ ਲਾਡਲੀਆਂ ਫੌਜਾਂ ਅਖਵਾਉਣ ਵਾਲੇ ਨਿਹੰਗ ਸਿੰਘ ਵੀ ਗੁਰੂ ਗੋਬਿੰਦ ਸਾਹਿਬ ਜੀ ਦੇ ਸਿਧਾਂਤ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਕੇ ਇਨ੍ਹਾਂ ਗਰੀਬ ਸਿੱਖਾਂ ਨੂੰ ਚੌਥੇ ਪੌਡ਼ੇ ਦੇ ਕਹਿ ਕੇ ਵਖਰਾ ਅੰਮ੍ਰਿਤ ਛਕਾਉਂਦੇ ਹਨ। ਇਨ੍ਹਾਂ ਦੀ ਸੌਡ਼ੀ ਸੋਚ ਕਾਰਣ ਗੁਰਦੁਆਰਾ ਬਾਬਾ ਜੀਵਨ ਸਿੰਘ, ਗੁਰਦੁਆਰਾ ਭਗਤ ਰਵਿਦਾਸ ਜੀ, ਗੁਰਦੁਆਰਾ ਬਾਬਾ ਨਾਮਦੇਵ ਜੀ ਆਦਿਕ ਜਾਤੀ ਆਧਾਰਤ ਗੁਰਦੁਆਰੇ ਉਸਰ ਰਹੇ ਹਨ।
ਜਿਸ ਤਰ੍ਹਾਂ ਬ੍ਰਾਹਮਣ ਦੀ ਤਾਕਤ ਇਸੇ ਵਿੱਚ ਹੈ ਕਿ ਸਮਾਜ ਵਿੱਚ ਜਾਤ ਵਰਣ ਆਧਾਰ ’ਤੇ ਵੰਡੀਆਂ ਪਾ ਕੇ ਬਾਹੂਬਲੀਆਂ ਨੂੰ ਕਮਜੋਰ ਕਰਕੇ ਆਪਣੀ ਸਿਰਮੌਰਤਾ ਕਾਇਮ ਰੱਖਣੀ ਹੈ ਉਸੇ ਤਰ੍ਹਾਂ ਸਿਆਸੀ ਲੋਕਾਂ ਦੀ ਵੀ ਇਹੋ ਨੀਤੀ ਹੈ ਕਿ ਸਮਾਜ ਵਿੱਚ ਵੰਡੀਆਂ ਪਾ ਕੇ ਉਨ੍ਹਾਂ ਨੂੰ ਵੋਟ ਬੈਂਕ ਦੇ ਤੌਰ ’ਤੇ ਵਰਤਣਾਂ। ਆਪਣਾ ਇਹ ਮਕਸਦ ਪੂਰਾ ਕਰਨ ਲਈ ਉਹ ਉਕਤ ਵਰਣਿਤ ਕੀਤੇ ਗਏ ਸਾਰੇ ਡੇਰਿਆਂ ਤੇ ਗੁਰੂਡੰੰਮਾਂ ਨੂੰ ਸਾਰਕਾਰੀ ਸਹੂਲਤਾਂ ਦੇ ਕੇ ਉਨ੍ਹਾਂ ਨੂੰ ਵਿਕਸਿਤ ਕਰ ਰਹੇ ਹਨ ਤੇ ਇਸ ਦੇ ਇਵਜ਼ ਵਜੋਂ ਉਨ੍ਹਾਂ ਦੇ ਸ਼੍ਰਧਾਲੂਆਂ ਨੂੰ ਵੋਟ ਬੈਂਕ ਦੇ ਤੌਰ ’ਤੇ ਵਰਤਦੇ ਹਨ। ਗੁਰਮਤਿ ਨੂੰ ਸਮਝਣ ਵਾਲੇ ਕੁਝ ਸਿੱਖਾਂ ਵੱਲੋਂ ਅਜਿਹੇ ਡੇਰਿਆਂ ਵਿੱਚ ਕੀਤੀ ਜਾ ਰਹੀ ਦੇਹੀ ਪੂਜਾ ਅਤੇ ਹੋਰ ਮਨਮਤੀ ਕਰਮਕਾਂਡਾਂ ਵਿਰੁੱਧ ਆਮ ਲੋਕਾਂ ਨੂੰ ਜਾਗਰੂਕ ਕੀਤੇ ਜਾਣ ’ਤੇ ਡੇਰੇਦਾਰ ਅਤੇ ਉਸ ਦੇ ਚੇਲੇ ਚਾਪਟੇ ਇਸ ਨੂੰ ਸਿੱਧੇ ਤੌਰ’ਤੇ ਆਪਣਾ ਵਿਰੋਧ ਸਮਝਦੇ ਹਨ ਜਿਸ ਕਾਰਣ ਦੋਵਾਂ ਧਿਰਾਂ ਵਿੱਚ ਤਣਾਅ ਬਣਿਆ ਰਹਿੰਦਾ ਹੈ ਤੇ ਕਈ ਵਾਰ ਇਹ ਖੂਨੀ ਝਪਟਾਂ ਵਿੱਚ ਵੀ ਤਬਦੀਲ ਹੋ ਜਾਂਦਾ ਹੈ। ਸਿਆਸੀ ਪਾਰਟੀਆਂ ਆਪਣਾ ਨਫਾ ਨੁਕਸਾਨ ਸੋਚ ਕੇ ਇੱਕ ਜਾਂ ਦੂਜੀ ਧਿਰ ਦੇ ਹੱਕ ਵਿੱਚ ਵਿਰੋਧ ਵਿੱਚ ਬਿਆਨਬਾਜ਼ੀ ਕਰਨੀ ਸ਼ੁਰੂ ਕਰ ਦਿੰਦੇ ਹਨ; ਜਿਸ ਕਾਰਣ ਪਾਡ਼ਾ ਹੋਰ ਡੂੰਘਾ ਹੋ ਜਾਂਦਾ ਹੈ। ਸਿਆਸੀ ਪਾਰਟੀਆਂ ਇੱਕ ਧਿਰ ਨਾਲ ਹਮਦਰਦੀ ਦਾ ਪਖੰਡ ਰਚ ਕੇ ਉਨ੍ਹਾਂ ਦੀਆਂ ਵੋਟਾਂ ਵਟੋਰਨ ਵਿੱਚ ਸਫਲ ਹੋ ਜਾਂਦੀਆਂ ਹਨ। ਇਸ ਤਰ੍ਹਾਂ ਸਮਾਜਕ ਪਾਡ਼ਾ ਵਧਦਾ ਹੈ ਤੇ ਇਸ ਦਾ ਸਾਰਾ ਦੋਸ਼ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਦੇਹਪੂਜਾ, ਮਨਮਤੀ ਕਰਮਕਾਂਡ ਤੇ ਮੂਰਤੀ ਪੂਜਾ ਦਾ ਵਿਰੋਧ ਕਰਨ ਵਾਲੇ ਸਿੱਖਾਂ ਸਿਰ ਮਡ਼ ਕੇ ਉਨ੍ਹਾਂ ਨੂੰ ਬਦਨਾਮ ਕੀਤਾ ਜਾਂਦਾ ਹੈ ਕਿ ਇਹ ਗਰਮ ਦਲੀਏ ਤੇ ਵੱਖਵਾਦੀ ਹਨ। ਸਿੱਖ ਵਿਰੋਧੀਆਂ ਪਾਰਟੀਆਂ ਨੇ ਤਾਂ ਇਸ ਤਰ੍ਹਾਂ ਕਰਨਾ ਹੀ ਹੋਇਆ ਸਿੱਖਾਂ ਦੀ ਨੁੰਮਾਇੰਦਾ ਪਾਰਟੀ ਅਖਵਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਵੀ ਪਿੱਛੇ ਨਹੀਂ ਰਹਿੰਦਾ। ਆਸ਼ੂਤੋਸ਼ ਨੂਰ ਮਹਿਲੀਏ ਦੇ ਡੇਰੇ ਸਥਾਪਤ ਕਰਨੇ ਅਤੇ ਆਸਟਰੀਆ ਦੇ ਇੱਕ ਗੁਰਦੁਆਰੇ ਵਿੱਚ ਰਾਮਾ ਨੰਦ ਦੇ ਹੋਏ ਕਤਲ ਉਪ੍ਰੰਤ ਜਲੰਧਰ ਵਿੱਚ ਉਸ ਦੇ ਅਨੁਆਈ ਰਵਿਦਾਸੀਏ ਭਾਈਚਾਰੇ ਵੱਲੋਂ ਕੀਤੀ ਸਾਡ਼ਫੂਕ ਸਮੇਂ ਅਕਾਲੀ ਸਰਕਾਰ ਵੱਲੋਂ ਨਿਭਾਇਆ ਰੋਲ ਇਸ ਦੀਆਂ ਉਘਡ਼ਵੀਆਂ ਉਦਾਹਰਣਾਂ ਹਨ। ਨਿਰੰਕਾਰੀ ਕਾਂਡ ਅਤੇ ਸੌਦਾ ਸਾਧ ਕਾਂਡ ਦੌਰਾਨ ਵਾਪਰੀਆਂ ਖੂਨੀ ਝਡ਼ਪਾਂ ਅਤੇ ਉਸ ਤੋਂ ਪਿੱਛੋਂ ਵੀ ਸਿੱਖੀ ਸਿਧਾਂਤਾਂ ’ਤੇ ਪਹਿਰਾ ਦੇਣ ਦੀ ਥਾਂ ਅਕਾਲੀ ਦਲ ਨੇ ਇਨ੍ਹਾਂ ਘਟਨਾਵਾਂ ਨੂੰ ਆਪਣੀ ਵੋਟ ਰਾਜਨੀਤੀ ਦੇ ਹੱਕ ਵਿੱਚ ਭੁਗਤਾਉਣ ਲਈ ਹੀ ਵੱਧ ਤਰਜੀਹ ਦਿੱਤੀ ਹੈ। ਜੇ ਆਸਟਰੀਆ ਕਾਂਡ ਨੂੰ ਅਕਾਲੀ ਦਲ ਬਾਦਲ ਨੇ ਆਪਣੇ ਹੱਕ ਵਿੱਚ ਵਰਤਣ ਤੋਂ ਗੁਰੇਜ ਨਹੀਂ ਕੀਤਾ ਤਾਂ ਹੁਣ ਦਿੱਲੀ ਦੇ ਤਿਲਕ ਵਿਹਾਰ ਵਿੱਚ ਵਾਪਰੀਆਂ ਮੰਦਭਾਗੀ ਘਟਨਾਵਾਂ ਨੂੰ ਜੇ ਹੋਰ ਕੋਈ ਪਾਰਟੀ ਆਪਣੇ ਰਾਜਨੀਤਕ ਹਿੱਤਾਂ ਲਈ ਵਰਤਦੀ ਹੈ ਤਾਂ ਇਹ ਦੋਸ਼ ਕਿਸੇ ਇੱਕ ਪਾਰਟੀ ਦਾ ਨਹੀਂ ਬਲਕਿ ਸਾਰੀਆਂ ਹੀ ਇਸ ਹਮਾਮ ਵਿੱਚ ਅਲਫ ਨੰਗੀਆਂ ਹੋ ਕੇ ਬੇਸ਼ਰਮੀ ਭਰਿਆ ਰੋਲ ਨਿਭਾ ਰਹੀਆਂ ਹਨ।
ਕੋਈ ਸਿੱਖ ਵਿਰੋਧੀ ਸੋਚ ਵਾਲਾ ਬੰਦਾ ਇਹ ਕਹਿ ਸਕਦਾ ਹੈ ਕਿ ਤਿਲਕ ਵਿਹਾਰ ਵਿੱਚ ਝਗਡ਼ੇ ਲਈ ਉਤੇਜਨਾ ਪੈਦਾ ਕਰਨ ਲਈ ਸਿੱਖ ਵੱਧ ਕਸੂਰਵਾਰ ਹਨ। ਇਹ ਮੰਨ ਕੇ ਸਿੱਖਾਂ ਉਤੇ ਹਮਲਾ ਕਰਨ ਨੂੰ ਜਾਇਜ਼ ਠਹਿਰਾਇਆ ਜਾ ਸਕਦਾ ਹੈ ਪਰ ਭੀਡ਼ ਵੱਲੋਂ ਗੁਰਦੁਆਰੇ ’ਤੇ ਹਮਲਾ ਕਰਨ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਲੋਕ, ਉਨ੍ਹਾਂ ਦੀ ਸਰੀਰਕ ਤੇ ਮਾਨਸਿਕ ਗੁਲਾਮੀ ਦੇ ਮੁਢਲੇ ਕਾਰਣ ਬਿਪਰਵਾਦੀ ਸੋਚ ਤੋਂ ਹਾਲੀ ਵੀ ਪੂਰੀ ਤਰ੍ਹਾਂ ਅਜਾਦ ਨਹੀਂ ਹੋਏ। ਉਨ੍ਹਾਂ ਦੇ ਮਨਾਂ ਵਿੱਚ ਸਿੱਖਾਂ ਪ੍ਰਤੀ ਇਹ ਨਫਰਤ ਭਰੀ ਹੋ ਸਕਦੀ ਹੈ ਕਿ ਸਿੱਖ ਬਾਲਮੀਕ ਜੀ ਦੀ ਮੂਰਤੀ ਪੂਜਾ ਦਾ ਵਿਰੋਧ ਕਰਦੇ ਹਨ ਜਦੋਂ ਕਿ ਹਿੰਦੂ ਉਨ੍ਹਾਂ ਦੀ ਮੂਰਤੀ ਪੂਜਾ ਵਿੱਚ ਸ਼ਾਮਲ ਵੀ ਹੋ ਜਾਂਦੇ ਹਨ। ਇਸ ਲਈ ਸਿੱਖ ਬਾਲਮੀਕੀਆਂ ਦੇ ਵਿਰੋਧੀ ਹਨ ਜਦੋਂ ਕਿ ਹਿੰਦੂ ਉਨ੍ਹਾਂ ਦੇ ਆਪਣੇ ਹਨ ਤੇ ਰਾਖੇ ਹਨ। ਇਸੇ ਕਾਰਣ ਉਨ੍ਹਾਂ ਨੇ ਸਿੱਖਾਂ ’ਤੇ ਹਮਲੇ ਕਰਨ ਦੇ ਨਾਲ ਨਾਲ ਸਿੱਖੀ ਦੇ ਘਰ ਗੁਰਦੁਆਰੇ ’ਤੇ ਵੀ ਹਮਲਾ ਕੀਤਾ। ਇਹ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ 1984 ਵਿੱਚ ਵੀ ਹੋ ਚੁੱਕਾ ਹੈ ਅਤੇ ਜਦ ਤੱਕ ਦੋਵੇਂ ਧਿਰਾਂ ਬਿਪਰਵਾਦੀ ਸੋਚ ਤੋਂ ਅਜਾਦ ਨਹੀਂ ਹੁੰਦੀਆਂ ਉਸ ਸਮੇਂ ਤੱਕ ਅੱਗੇ ਵੀ ਹੁੰਦੇ ਰਹਿਣ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ। ਸਾਰਾ ਮੀਡੀਆ, ਰਾਜਸੀਆਂ ਪਾਰਟੀਆਂ ਤੇ ਉਨ੍ਹਾਂ ਅਧੀਨ ਕੰਮ ਕਰਦਾ ਪ੍ਰਸ਼ਾਸ਼ਨ ਅਤੇ ਇੱਥੋਂ ਤੱਕ ਕਿ ਇਨਸਾਫ ਕਰਨ ਵਾਲੀਆਂ ਅਦਾਲਤਾਂ ਤੇ ਵੀ ਹਿੰਦੂਵਾਦ ਭਾਰੂ ਹੋਣ ਕਾਰਣ ਉਨ੍ਹਾਂ ਦਾ ਰੁਝਾਨ ਹਮੇਸ਼ਾਂ ਸਿੱਖ ਵਿਰੋਧੀ ਰਿਹਾ ਹੈ ਤੇ ਰਹੇਗਾ। ਇਨ੍ਹਾਂ ਹਾਲਤਾਂ ਵਿੱਚ ਜਿੱਥੇ ਸਿੱਖਾਂ ਲਈ ਇਹ ਸੋਚਣ ਦਾ ਸਮਾਂ ਹੈ ਕਿ ਜੇ ਉਨ੍ਹਾਂ ਨੇ ਸਿੱਖ ਤੇ ਸਿੱਖੀ ਬਚਾਉਣੀ ਹੈ ਤਾਂ ਬ੍ਰਾਹਮਣ ਵੱਲੋਂ ਪਾਈ ਜਾਤੀ ਵਰਣ ਵੰਡ ਨੂੰ ਗੁਰਮਤਿ ਤੋਂ ਸੇਧ ਲੈ ਕੇ ਪੂਰੀ ਤਰ੍ਹਾਂ ਲਾਹ ਕੇ ਪਰ੍ਹਾਂ ਸੁੱਟ ਦੇਣ ਤੇ ਕਹੀਆਂ ਜਾਂਦੀਆਂ ਨੀਚ ਜਾਤਾਂ ਨੂੰ ਆਪਣੇ ਕਲਾਵੇ ਵਿੱਚ ਲੈਣ। ਕਹੀਆਂ ਜਾਂਦੀਆਂ ਨੀਚ ਜਾਤਾਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੇ ਉਹ ਆਪਣੇ ਲਈ ਮਨੁੱਖੀ ਅਧਿਕਾਰਾਂ, ਮਾਨਸਿਕ, ਆਰਥਿਕ ਅਤੇ ਸਮਾਜਕ ਅਜਾਦੀ ਦਾ ਨਿੱਘ ਮਾਨਣਾ ਚਾਹੁੰਦੇ ਹਨ ਤਾਂ ਉਨ੍ਹਾਂ ਲਈ ਸਿੱਖ ਧਰਮ ਤੋਂ ਵੱਧ ਹੋਰ ਕੋਈ ਵਧੀਆ ਧਰਮ ਨਹੀਂ ਹੈ।
ਬ੍ਰਾਹਮਣੀ ਸੋਚ ਅਤੇ ਰਾਜਨੀਤਕ ਪਾਰਟੀਆਂ ਦੇ ਬਹਿਕਾਵੇ ਵਿੱਚ ਆ ਕੇ ਉਨ੍ਹਾਂ ਨੂੰ ਤਾਂ ਸਿੱਖਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਤੇ ਨਾ ਹੀ ਰਵਿਦਾਸੀਆਂ ਵਾਂਗ ਆਪਣੀ ਜਾਤ ਨਾਲ ਸਬੰਧਤ ਭਗਤਾਂ ਦੀ ਬਾਣੀ ਦਾ ਵੱਖਰਾ ਗ੍ਰੰਥ ਤਿਆਰ ਕਰਕੇ ਸਰਬ ਸਾਂਝੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧ ਵਿੱਚ ਖਡ਼੍ਹਨ ਦੀ ਗਲਤੀ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਰਵਿਦਾਸੀਆਂ ਅਤੇ ਬਾਲਮੀਕੀਆਂ ਦਾ ਸਿੱਖਾਂ ਨਾਲ ਟਕਰਾ ਤਾਂ ਹੋ ਚੁੱਕਾ ਹੈ ਇਸੇ ਤਰ੍ਹਾਂ ਆਉਣ ਵਾਲੇ ਭਵਿੱਖ ਵਿੱਚ ਰਾਮਗਡ਼੍ਹੀਆਂ, ਕਬੀਰ ਪੰਥੀਆਂ, ਤੇ ਹੋਰ ਜਾਤਾਂ ਨਾਲ ਟਕਰਾ ਦੀ ਵੀ ਹਮੇਸ਼ਾਂ ਸੰਭਾਵਨਾ ਬਣੀ ਰਹੇਗੀ। ਇਨ੍ਹਾਂ ਨੂੰ ਸਿੱਖੀ ਤੋਂ ਦੂਰ ਕਰਨ ਲਈ ਸਰਕਾਰਾਂ ਵੱਲੋਂ ਹਰੀਜਨ ਧਰਮਸ਼ਾਲਾ, ਬਾਬਾ ਜੀਵਨ ਸਿੰਘ ਗੁਰਦੁਆਰਿਆਂ, ਰਾਮਗਡ਼੍ਹੀਆ ਸੰਸਥਾਵਾਂ ਆਦਿਕ ਨੂੰ ਗਰਾਂਟਾਂ ਦੇਣਾ ਸਿੱਧੇ ਤੌਰ’ਤੇ ਸਿਆਸੀ ਰਿਸ਼ਵਤ ਦੇਣ ਦੇ ਤੁਲ ਹੈ ਕਿਉਂਕਿ ਗਰਾਂਟਾਂ ਦੇ ਬਦਲੇ ਉਸ ਸੰਸਥਾ ਦੇ ਮੈਂਬਰਾਂ ਦੀਆਂ ਉਹ ਵੋਟਾਂ ਖ੍ਰੀਦਦੇ ਹਨ। ਇਹ ਗਰਾਂਟਾਂ ਕਬੂਲ ਕਰਨ ਦੀ ਬਜਾਏ ਇਨ੍ਹਾਂ ਗਰੁੱਪਾਂ ਨਾਲ ਜੁਡ਼ੇ ਵੀਰਾਂ ਨੂੰ ਮੰਗ ਇਹ ਕਰਨੀ ਚਾਹੀਦੀ ਹੈ ਕਿ ਵੱਖਰੀ ਹਰੀਜਨ ਧਰਮਸ਼ਾਲਾ ਜਾਂ ਵੱਖਰਾ ਗੁਰਦੁਆਰਾ ਕਿਉਂ? ਸਾਨੂੰ ਸਾਂਝੀ ਧਰਮਸ਼ਾਲਾ ਅਤੇ ਸਾਂਝੇ ਗੁਰਦੁਆਰੇ ਵਿੱਚ ਦਾਖਲ ਹੋਣ ਦਾ ਅਧਿਕਾਰ ਕਿਉਂ ਨਹੀਂ? ਬ੍ਰਾਹਮਣ ਵੱਲੋਂ ਸਦੀਆਂ ਤੋਂ ਉਨ੍ਹਾਂ ਨੂੰ ਵੱਖਰੀਆਂ ਬਸਤੀਆਂ ਵਿੱਚ ਰੱਖਿਆ ਗਿਆ ਹੈ ਤੇ ਜੇ ਹੁਣ ਆਜਾਦ ਦੇਸ਼ ਵਿੱਚ ਵੀ ਆਪਣੀਆਂ ਵੱਖਰੀਆਂ ਧਰਮਸ਼ਾਲਾ, ਵੱਖਰੇ ਗੁਰਦੁਆਰੇ ਮੰਦਰ ਬਣਾਉਣ ਵਿੱਚ ਹੀ ਰੁਝੇ ਰਹੇ ਤਾਂ ਯਕੀਨ ਜਾਣੋਂ ਉਹ ਮਾਨਸਕ ਤੌਰ ’ਤੇ ਹਾਲੀ ਵੀ ਬ੍ਰਾਹਮਣੀ ਵੀਚਾਰਧਾਰਾ ਦੇ ਗੁਲਾਮ ਹਨ। ਇਸ ਲਈ ਵੱਡੀਆਂ ਆਲੀਸ਼ਾਨ ਧਰਮਸ਼ਾਲਾਵਾਂ ਤੇ ਗੁਰਦੁਆਰਾ ਸਾਹਿਬਾਨਾਂ ਤੋਂ ਆਪਣਾ ਹੱਕ ਛੱਡ ਕੇ ਸਾਰਕਾਰੀ ਗਰਾਂਟਾਂ ਦੇ ਸਿਰ ’ਤੇ ਛੋਟੀਆਂ ਛੋਟੀਆਂ ਧਰਮਸਾਲਾਵਾਂ ਤੇ ਛੋਟੇ ਛੋਟੇ ਗੁਰਦੁਆਰੇ ਮੰਦਰ ਬਣਾ ਕੇ ਉਨ੍ਹਾਂ ਦਾ ਕੱਦ ਬੁੱਤ ਵਧਦਾ ਨਹੀਂ ਸਗੋਂ ਘਟਦਾ ਹੈ ਅਤੇ ਆਪਣੀ ਜ਼ਮੀਰ ਮੁਫਤ ਵਿੱਚ ਸਿਆਸੀ ਪਾਰਟੀਆਂ ਕੋਲ ਵੇਚ ਬੈਠਦੇ ਹਨ। ਗੁਰੂਆਂ ਦੇ ਨਾਮ ’ਤੇ ਬਣੇ ਗੁਰਦੁਆਰਿਆਂ ਤੇ ਸਰਾਵਾਂ, ਧਰਮਸ਼ਾਲਾਵਾਂ ਤੇ ਦਲਿਤ ਵੀਰਾ ਦਾ ਉਨ੍ਹਾਂ ਹੀ ਹੱਕ ਹੈ
ਕਿਰਪਾਲ ਸਿੰਘ ਬਠਿੰਡਾ
ਬਾਲਮੀਕੀ-ਸਿੱਖ ਜਾਂ ਰਵਿਦਾਸੀਏ-ਸਿੱਖ ਫਸਾਦ ਅਫਸੋਸਨਾਕ ਤਾਂ ਹੈ ਹੀ ਹਨ; ਹੈਰਾਨੀਜਨਕ ਵੀ ਹਨ
Page Visitors: 2748