ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਦਿੱਲੀ ਵਿਚਲਾ ਕਾਰਾ ਅਤੇ ਉਸ ਤੋਂ ਨਿਕਲਦੇ ਸਿੱਟੇ !
ਦਿੱਲੀ ਵਿਚਲਾ ਕਾਰਾ ਅਤੇ ਉਸ ਤੋਂ ਨਿਕਲਦੇ ਸਿੱਟੇ !
Page Visitors: 2625

ਦਿੱਲੀ ਵਿਚਲਾ ਕਾਰਾ ਅਤੇ ਉਸ ਤੋਂ ਨਿਕਲਦੇ ਸਿੱਟੇ !
   15 ਅਗੱਸਤ 2013 ਨੂੰ ਤਿਲਕ ਵਿਹਾਰ (ਦਿੱਲੀ) ਵਿਖੇ ਹੋਈ ਘਟਨਾ ਦਾ ਕੋਈ ਸਰਕਾਰੀ ਖੁਲਾਸਾ ਸਾਮ੍ਹਣੇ ਨਹੀਂ ਹੈ , ਭਾਰਤੀ ਮੀਡੀਏ ਨੇ ਤਾਂ , ਇਸ ਬਾਰੇ ਬਿਲਕੁਲ ਹਵਾ ਵੀ ਨਹੀਂ ਲੱਗਣ ਦਿੱਤੀ । ਵਿਦੇਸ਼ੀ ਅਖਬਾਰਾਂ , ਵੈਬਸਾਇਟਾਂ , ਫੇਸਬੁਕ ਰਾਹੀਂ ਜੋ ਜਾਣਕਾਰੀ ਉਪਲਭਦ ਹੋ ਸਕੀ ਹੈ , ਉਹ ਇਵੇਂ ਹੈ । 
   ਦੋ ਮੁੰਡਿਆਂ ਦਾ ਆਪਸ ਵਿਚ ਝਗੜਾ ਹੋ ਗਿਆ , ਜਿਸ ਨੇ ਏਨਾ ਤੂਲ ਫੜ ਲਿਆ ਕਿ ਉਹ , ਦੋ ਸਮੁਦਾਇਆਂ ਦੇ ਆਪਸੀ ਝਗੜੇ ਦਾ ਰੂਪ ਧਾਰ ਗਿਆ । ਇਕ ਪਰਤੱਖ ਦਰਸ਼ੀ ਦਾ ਇਹ ਵੀ ਕਹਿਣਾ ਹੈ ਕਿ ਸਰਦਾਰਾਂ ਦੇ ਤਿੰਨ-ਚਾਰ ਮੁੰਡੇ , ਇਕ ਬਾਲਮੀਕ ਕਲੋਨੀ ਕੋਲ ਦੀ ਜਾ ਰਹੇ ਸਨ ਕਿ , ਬਿਨਾ ਕਿਸੇ ਭੜਕਾਹਟ ਦੇ , ਬਾਲਮੀਕ ਬਰਾਦਰੀ ਦੇ ਲੋਕ ਉਨ੍ਹਾਂ ਨੂੰ ਪੈ ਗਏ , ਮੁੰਡੇ ਤਾਂ ਉਨ੍ਹਾਂ ਕੋਲੋਂ ਬਚ ਕੇ ਨਿਕਲ ਗਏ , ਪਰ ਇਸ ਖਬਰ ਦੇ ਫੈਲਦਿਆਂ , ਕੁਝ ਸਿੱਖ ਵੀ ਇਕੱਠੇ ਹੋ ਗੲੈ , ਅਤੇ ਗੱਲ ਵਧ ਗਈ । ਪੁਲਸ ਦੇ ਦੋ ਤਿੰਨ ਬੰਦੇ ਵੀ ਉਸ ਥਾਂ ਤੇ ਸਨ , ਪਹਿਲਾਂ ਤਾਂ ਉਨ੍ਹਾਂ ਨੇ ਕੋਈ ਦਖਲ ਨਾ ਦਿੱਤਾ ਪਰ ਗੱਲ ਵਧਦੀ ਵੇਖ ਕੇ ਉਨ੍ਹਾਂ ਨੈ ਹੋਰ ਪੁਲਸ ਸੱਦ ਲਈ ।     ਦੋਵਾਂ ਪਾਸਿਆਂ ਵਿਚ ਤਕਰਾਰ ਹੋਣ ਲੱਗੀ , (ਇਹ ਉਹ ਵੇਲਾ ਸੀ , ਜਦ ਪੁਲਸ ਨੂੰ ਵਿਚ ਪੈ ਕੇ ਗੱਲ ਨਿਪਟਾ ਦੇਣੀ ਚਾਹੀਦੀ ਸੀ , ਪਰ ਉਨ੍ਹਾਂ ਇਹ ਨਹੀਂ ਕੀਤਾ) ਤਕਰਾਰ ਤੋਂ ਗੱਲ ਇੱਟਾਂ ਰੋੜਿਆਂ ਤਕ ਪਹੁੰਚ ਗਈ , ਇਸ ਵੇਲੇ ਪੁਲਸ ਨੇ ਦਖਲ ਦਿੱਤਾ ਵੀ ਤਾਂ , ਬਿਨਾ ਕਿਸੇ ਚਿਤਾਵਨੀ ਦੇ , ਬਿਨਾ ਕਿਸੇ ਅਧਿਕਾਰ ਦੇ , ਸਬ-ਇੰਸਪੈਕਟਰ ਦੇ ਹੁਕਮ ਨਾਲ , ਸਿੱਖਾਂ ਤੇ ਗੋਲੀ ਚਲਾ ਦਿੱਤੀ । 8 ਬੰਦੇ ਗੋਲੀਆਂ ਨਾਲ ਅਤੇ  14 ਬੰਦੇ ਇੱਟਾਂ-ਰੋੜਿਆਂ ਨਾਲ ਜ਼ਖਮੀ ਹੋਏ ਦੱਸੇ ਜਾਂਦੇ ਹਨ ।
 ਹੈਰਾਨੀ ਦੀ ਗੱਲ ਹੈ ਕਿ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਅਜਿਹੀ ਘਟਨਾ ਵਾਪਰੀ , ਜਿਸ ਵਿਚ ਪੁਲਸ ਨੂੰ ਗੋਲੀ ਚਲਾਉਣੀ ਪਈ , ਅਤੇ ਗੋਲੀਆਂ ਨਾਲ ਅੱਠ ਬੰਦੇ ਫੱਟੜ ਹੋਏ , ਪਰ ਸਰਕਾਰ ਵੱਲੋਂ ਇਸ ਬਾਰੇ ਕੋਈ ਬਿਆਨ ਨਹੀਂ , ਮੀਡੀਏ ਵਿਚ ਕੋਈ ਖਬਰ ਨਹੀਂ । ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੁਝ ਨੇਤਿਆਂ ਵਲੋਂ (ਜੋ ਉਸ ਵੇਲੇ ਵਿਦੇਸ਼ੀ ਦੌਰੇ ਤੇ ਗਏ ਹੋਏ ਸਨ) ਸ਼ਾਂਤੀ ਬਣਾਈ ਰੱਖਣ ਦੀ ਅਪੀਲ ਜ਼ਰੂਰ ਆਈ ।
  ਇਹ ਤਾਂ ਸੀ ਘਟਨਾ ਦਾ ਸੰਖੇਪ , ਜਿਸ ਬਾਰੇ ਜਾਣਕਾਰੀ ਦੇ ਅਭਾਵ ਵਿਚ , ਕੁਝ ਵੀ ਕਹਿਣਾ ਠੀਕ ਨਹੀਂ ਹੈ । ਹਾਂ ਇਸ ਘਟਨਾ ਵਿਚੋਂ ਜੋ ਸਿੱਟੇ ਨਿਕਲ ਕੇ ਸਾਮ੍ਹਣੇ ਆਏ ਹਨ , ਉਹ ਕੁਝ ਏਵੇਂ ਹਨ :-
   1.  ਭਾਰਤ ਵਿਚ ਸਿੱਖਾਂ ਦੀ ਸਾਰ ਲੈਣ ਵਾਲਾ ਕੋਈ ਲੀਡਰ ਨਹੀਂ ਹੈ , ਜੋ ਆਪਣੇ ਵਲੋਂ ਅਜਿਹੀ ਘਟਨਾ ਦੇ ਸਾਰ-ਸੰਖੇਪ ਬਾਰੇ ਕੋਈ ਬਿਆਨ ਦੇ ਸਕਦਾ । ਪਹਿਲਾਂ ਵੀ ਬਹੁਤ ਵਾਰੀ ਅਜਿਹਾ ਹੀ ਮਹਿਸੂਸ ਕੀਤਾ ਗਿਆ ਹੈ , ਅਜਿਹੇ ਹਾਲਾਤ ਦੇਸ਼ ਦੀ ਸ਼ਾਂਤੀ ਲਈ ਲਾਹੇਵੰਦ ਨਹੀਂ ਹਨ । ਹਾਲਾਤ ਅਜਿਹੇ ਰਹੇ ਹਨ , ਅਤੇ ਅੱਜ ਵੀ ਹਨ ਕਿ , ਜਿਸ ਸਿੱਖ ਨੂੰ ਮਰਜ਼ੀ , ਆਤੰਕ-ਵਾਦੀ ਦਾ ਲਕਬ ਦੇ ਕੇ ਪੁਲਸ ਫੜ ਲਿਜਾਂਦੀ ਹੈ , ਇਹ ਵੇਖਣ ਵਾਲਾ ਕੋਈ ਨਹੀਂ ਹੁੰਦਾ ਕਿ , ਇਹ ਵਾਕਿਆ ਹੀ ਆਤੰਕ-ਵਾਦੀ ਹੈ ਵੀ , ਜਾਂ ਨਿਰਦੋਸ਼ ਹੀ ਹੈ ? ਜੇ ਕੋਈ ਹਮਾਤੜ ਵਰਗਾ ਪੁਛਣ ਦੀ ਹਿੱਮਤ ਕਰਦਾ ਹੈ , ਤਾਂ ਉਸ ਨੂੰ ਵੀ ਆਤੰਕ-ਵਾਦੀ ਦਾ ਸਾਥੀ ਕਹਿ ਕੇ ਧਰ ਲਿਆ ਜਾਂਦਾ ਹੈ । ਜਿਸ ਕਿਸੇ ਨੂੰ ਪੁਲਸ ਫੜ ਕੇ ਲੈ ਗਈ , ਉਸ ਦਾ ਕੀ ਹੁੰਦਾ ਹੈ ? ਇਹ ਤਾਂ ਉਹ ਗਰੀਬ ਹੀ ਜਾਣਦਾ ਹੈ ? ਕੁਝ ਨੂੰ ਮਾਰ ਕੇ ਮੁਕਾਬਲਾ ਬਣਾ ਦਿੱਤਾ ਜਾਂਦਾ ਹੈ , ਕੁਝ ਨੂੰ ਨਰਕ ਭੋਗਣ ਲਈ ਜੇਲ੍ਹਾਂ ਵਿਚ ਸੁੱਟ ਦਿੱਤਾ ਜਾਂਦਾ ਹੈ, ਹੁਣ ਤੱਕ ਬਹੁਤ ਸਾਰੇ ਮਾਰ ਦਿੱਤੇ ਗਏ ਹਨ , ਅਤੇ ਬਹੁਤ ਸਾਰੇ ਜੇਲ੍ਹਾਂ ਵਿਚ ਨਰਕ ਭੋਗ ਰਹੇ ਹਨ , ਘਰ ਵਾਲਿਆਂ ਨੂੰ ਉਨ੍ਹਾਂ ਬਾਰੇ ਕੋਈ ਜਾਣਕਾਰੀ ਵੀ ਨਹੀਂ ਦਿੱਤੀ ਜਾਂਦੀ । ਐਡਵੋਕੇਟ ਸ. ਜਸਵੰਤ ਸਿੰਘ ਖਾਲੜਾ ਕਾ ਕੇਸ ਸਾਮ੍ਹਣੇ ਹੈ , ਜਿਸ ਨੂੰ ਪੁਲਸ ਘਰੋਂ ਚੁੱਕ ਕੇ ਲੈ ਗਈ ਸੀ , ਪਰ ਅੱਜ-ਤਕ ਉਸ ਬਾਰੇ ਕੋਈ ਪਤਾ ਨਹੀਂ ਹੈ । ਪੁਲਸ ਕੁਝ ਦੱਸਣ ਨੂੰ ਤਿਆਰ ਨਹੀਂ , ਪ੍ਰਸ਼ਾਸਨ , ਸਰਕਾਰ , ਨਿਆਂ-ਪਾਕਿਾ , ਮੀਡੀਆ , ਲੋਕ-ਤੰਤ੍ਰ ਦੇ ਚਾਰੇ ਪਾਵੇ , ਇਸ ਮਾਮਲੇ ਵਿਚ ਬਿਲਕੁਲ ਨਕਾਰਾ ਹੋ ਚੁੱਕੇ ਹਨ । ਜੇ ਸਿੱਖਾਂ ਨੇ ਇਕੱਠੇ ਹੋ ਕੇ ਕੋਈ ਉਪਰਾਲਾ ਨਾ ਕੀਤਾ ਤਾਂ , ਅਜਿਹੇ ਕਾਰੇ (ਲੋੜ ਅਨੁਸਾਰ) ਵਰਤਦੇ ਹੀ ਰਹਿਣਗੇ ।
    2.   ਅੱਜ ਵੀ ਸਿੱਖਾਂ ਪ੍ਰਤੀ ਮੰਦ-ਭਾਵਨਾ ਵਿਚ ਕੋਈ ਘਾਟਾ ਨਹੀਂ ਹੋਇਆ , ਸਗੋਂ ਹਰ ਘਟਨਾ ਦੇ ਨਾਲ ਮੰਦ-ਭਾਵਨਾ ਵੱਧਣ ਦੇ ਹੀ ਸੰਕੇਤ ਮਿਲਦੇ ਹਨ । ਜਿਵੇਂ ਇਸ ਛੋਟੀ ਜਿਹੀ ਘਟਨਾ ਵੇਲੇ ਬਾਲਮੀਕਾਂ ਅਤੇ ਪੁਲਸ ਦੀ ਕਾਰ-ਗੁਜ਼ਾਰੀ ਤੋਂ ਸਪੱਸ਼ਟ ਜ਼ਾਹਰ ਹੁੰਦਾ ਹੈ । ਵੋਟਾਂ ਦੇ ਭੁੱਖੇ ਨੇਤੇ ਵੀ ਇਸ ਅੱਗ ਵਿਚ ਵੇਲੇ-ਕੁਵੇਲੇ , ਤੇਲ ਪਾਉੰਦੇ ਰਹਿੰਦੇ ਹਨ । ਅਜਿਹੇ ਹਾਲਾਤ ਤੋਂ ਸਿੱਖਾਂ ਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ ।
   3.   ਸਿੱਖਾਂ ਦੇ ਇਕੱਠੇ ਹੋਣ ਨਾਲ ਇਹ ਲੜਾਈ ਸੀਮਤ ਹੋ ਗਈ , ਨਹੀਂ ਤਾਂ ਸ਼ਾਇਦ ਇਹ ਘਟਨਾ ਹੀ , ਚੋਣਾਂ ਦੇ ਸੰਗਰਾਮ ਦਾ ਮੁੱਢ ਬੰਨ੍ਹ ਦੇਂਦੀ ।  1984 ਮਗਰੋਂ ਦੇ ਹਾਲਾਤ ਮੁਤਾਬਕ , ਹਿੰਦੂਆਂ ਨੂੰ ਇਕੱਠੇ ਕਰ ਕੇ ਉਨ੍ਹਾਂ ਦੀਆਂ ਵੋਟਾਂ ਲੈਣ ਦਾ ਸਾਧਨ ਬਣ ਜਾਣਾ ਸੀ ।
   4.     ਪੁਲਸ ਦਾ ਰੁੱਖ ਵੀ ਬਦਲਿਆ ਨਹੀਂ ਹੈ , ਬਲਕਿ ਸਿੱਖਾਂ ਤੇ ਗੋਲੀ ਚਲਾ ਕੇ , ਉਸ ਨੇ ਆਪਣੀਆਂ  ਦਿਲੀ ਭਾਵਨਾਵਾਂ ਦਾ ਪ੍ਰਗਟਾਵਾ ਹੀ ਕੀਤਾ ਹੈ । ਭਵਿੱਖ ਵਿਚ ਵੀ ਹਾਲਾਤ ਦੇ ਸੁਧਾਰ ਦੀ ਕੋਈ ਆਸ ਘੱਟ ਹੀ ਜਾਪਦੀ ਹੈ ।  
      ਮੁੱਕਦੀ ਗੱਲ ਇਹ ਹੈ ਕਿ , ਜੇ ਕਿਸੇ ਵੀ ਸਿੱਖ ਨਾਲ ਕੋਈ ਜ਼ਿਆਦਤੀ ਹੁੰਦੀ ਹੈ , ਤਾਂ ਬਾਕੀ ਸਿੱਖਾਂ ਨੂੰ ਚਾਹੀਦਾ ਹੈ ਕਿ , ਸਾਰੇ ਸਿੱਖ ਮਿਲ ਕੇ ਉਸ ਦੀ ਮਦਦ ਕਰਨ , ਭੜਕਾਹਟ ਤੋਂ ਬਚਣ ਦੀ ਲੋੜ ਹੈ । ਅਜਿਹੀ ਕਿਸੇ ਵੀ ਘਟਨਾ ਬਾਰੇ , ਛੇਤੀ ਤੋਂ ਛੇਤੀ ਆਪਣੇ ਕਿਸੇ ਦੋਸਤ-ਮਿਤ੍ਰ , ਰਿਸ਼ਤੇਦਾਰ , ਨੂੰ ਫੋਨ ਰਾਹੀਂ ਸੂਚਿਤ ਕਰੋ , ਭਾਵੇਂ ਉਹ ਦੇਸ਼ ਵਿਚ ਜਾਂ ਵਿਦੇਸ਼ ਵਿਚ ਕਿਤੇ ਵੀ ਹੋਵੇ । ਇਹ ਵੈਬਸਾਇਟ info@thekhalsa.org  ਆਪ ਦੀ ਆਪਣੀ ਹੀ ਹੈ , ਇਸ ਨੂੰ ਭੇਜੀ ਕੋਈ ਵੀ ਖਬਰ , ਮਿੰਟਾਂ ਵਿਚ ਪੂਰੀ ਦੁਨੀਆ ਵਿਚ ਪਹੁੰਚ ਜਾਵੇਗੀ ।

  ਲੀਡਰ ਵਿਹੂਣੇ ਪੰਥ ਦੇ ਬਚਣ ਦਾ , ਇਹੀ ਇਕ ਕਾਰਗਰ ਰਾਸਤਾ ਹੈ , ਜਿਸ ਦਾ ਉਪਯੋਗ ਕਰਨਾ ਅਤੀ ਲਾਭ-ਕਾਰੀ ਹੋਵੇਗਾ । ਫਿਲਹਾਲ ਸਰਕਾਰ ਦੇ , ਪੁਲਸ-ਪ੍ਰਸ਼ਾਸਨ ਦੇ ਜਾਂ ਨਿਆਂ-ਪਾਲਿਕਾ ਦੇ ਵਤੀਰੇ ਵਿਚ ਕੋਈ ਬਦਲਾਉ ਹੋਣ ਦੀ ਸੰਭਾਵਨਾ ਨਹੀਂ ਹੈ , ਅਜਿਹੇ ਹਾਲਾਤ ਨੂੰ ਠੱਰਮੇ ਨਾਲ ਬਰਦਾਸ਼ਤ ਕਰਨ ਲਈ . ਹਰ ਸਿੱਖ ਨੂੰ ਹਰ ਵੇਲੇ ਤਿਆਰ ਰਹਿਣ ਦੀ ਲੋੜ ਹੈ । 
                           ਤੁਹਾਡਾ ਆਪਣਾ 
                        ਅਮਰ ਜੀਤ ਸਿੰਘ ਚੰਦੀ    

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.