ਖਾਲਿਸਤਾਨੀ ਬਨਾਮ ਕਾਮਰੇਡ
ਗੁਰਦੇਵ ਸਿੰਘ ਸੱਧੇਵਾਲੀਆ
84 ਵੇਲੇ ਅਨੰਦਪੁਰ ਦੇ ਮਤੇ ਵਿਚ ਸਿੱਖ ਕੌਮ ਨੇ ਅਪਣੇ ਈ ਨਹੀਂ ਪੂਰੇ ਪੰਜਾਬ ਲਈ ਯਾਣੀ ਸਾਰੇ ਲੋਕਾਂ ਲਈ ਹਕ ਮੰਗੇ ਸਨ, ਪਰ ਦਿੱਲੀ ਦਿਆਂ ਹਾਕਮਾਂ ਤਾਂ ਜੋ ਕੀਤਾ ਸੋ ਕੀਤਾ ਓਸ ਸਮੇ ਦੇ ਕਾਮਰੇਡਾਂ ਨੂੰ ਵੀ ਅਜਿਹੇ ਵਟਣੇ ਚੜੇ ਰਹੇ ਕਿ ਇਨੀ ਸਰਕਾਰੀ ਫੀਲੇ ਬਣਕੇ ਓਸ ਲਹਿਰ ਦਾ ਲੱਕ ਟੁੱਟੇ 'ਤੇ ਈ ਦਮ ਲਿਆ। ਨਹਿਰਾਂ-ਰੋਹੀਆਂ ਦੇ ਝੂਠੇ ਪੁਲਿਸ ਮੁਕਾਬਲਿਆਂ ਵੇਲੇ ਅਸੀਂ ਅਪਣੇ ਮੋਇਆਂ ਦੇ ਇਨਸਾਫ ਖਾਤਰ ਜੇ ਪੀਪਲ ਕਮਿਸ਼ਨ ਬਣਾਓਂਣਾ ਚਾਹਿਆ ਤਾਂ ਹੁਣ ਸਿਸਟਮ ਵਿਰੁਧ ਵੈਣ ਪਾਉਣ ਵਾਲੇ ਪੰਨੂੰ ਅਤੇ ਮਰ ਚੁਕੇ ਜੋਗਿੰਦਰ ਦਿਆਲ ਵਰਗਿਆਂ ਅਸਮਾਨ ਸਿਰ ਤੇੰ ਚੁਕੀ ਛਡਿਆ ਅਤੇ ਪੀਪਲ ਕਮਿਸ਼ਨ ਦੀ ਜਾਨ ਕੱਢ ਕੇ ਛਡੀ।
ਅਸੀਂ ਜਦ ਅਪਣੇ ਜੁਲਮਾਂ ਦੀ ਦਾਸਤਾਨ ਕਹਿਣ ਲਗਦੇ ਹਾਂ ਤਾਂ ਸਾਡੀ ਗਲ ਨੂੰ ਖੁੰਡਿਆਂ ਕਰਨ ਲਈ ਕਾਮਰੇਡ ਬਸਾਂ ਵਿਚੋਂ ਕੱਢ ਕੇ ਮਾਰੇ ਗਏ ਹਿੰਦੂ ਕੱਢ ਲਿਆਂਓਂਦੇ ਹਨ ਜਦ ਕਿ ਅਸੀਂ ਕਦੇ ਵੀ ਨਹੀਂ ਕਿਹਾ ਕਿ ਮਾਰੇ ਗਏ ਬੇਦੋਸ਼ੇ ਹਿੰਦੂਆਂ ਖਾਤਰ ਇਨਕੁਆਰੀ ਨਹੀਂ ਬੈਠਣੀ ਚਾਹੀਦੀ ਅਤੇ ਕਾਤਲਾਂ ਨੂੰ ਬਕਾਇਦਾ ਫਾਹੇ ਲਾਓਂਣਾ ਚਾਹੀਦਾ। ਜਦ ਕਿ ਕਾਮਰੇਡ ਜਰਵਾਣੇ ਪੁਲਿਸ ਅਫਸਰਾਂ ਨੂੰ ਫਾਹੇ ਟੰਗਣ ਦੀ ਬਜਾਇ ਓਨਾ ਦੀ ਢਾਲ ਬਣਦੇ ਰਹੇ ਨੇ ਅਤੇ ਓਨਾ ਦੇ ਬਚਾਓ ਖਾਤਰ ਦੇਸ਼ ਦੀ ਅਖੰਡਤਾ ਦੇ ਨਾਂ ਸੈਣੀ ਅਤੇ ਗਿਲ ਵਰਗੇ ਜਰਵਾਣਿਆਂ ਨੂੰ ਬਚਾਓਂਣ ਖਾਤਰ ਧੁਰ ਉਪਰ ਤੱਕ ਮੀਟਿੰਗਾਂ ਕਰਦੇ ਰਹੇ ਨੇ ਕਿ ਪੁਲਿਸ ਦਾ ਮਨੋਬਲ ਡਿਗਦਾ। ਬੁੱਚੜ ਕੇ ਪੀ ਗਿਲ ਕਾਮਰੇਡਾਂ ਦਾ ਯਾਰ ਰਿਹਾ ਅਤੇ ਬੇਅੰਤ ਸਿਓਂ ਜਰਵਾਣਾ ਇਨਾ ਦਾ ਹੀਰੋ। ਜਿਥੇ ਸਿੱਖਾਂ ਦੇ ਗਲ ਗੂਠ ਦੇਣ ਦੇ ਬਾਨਣੂੰ ਬੰਨੇ ਜਾਂਦੇ ਸਨ, ਗਵਰਨਰ ਰੇਅ ਦੇ ਕਾਮਰੇਡਾਂ ਦੀਆਂ ਮਹਿਫਲਾਂ ਲਗਦੀਆਂ ਰਹੀਆਂ ਅਤੇ ਮੁਫਤੀ ਲਾਹਣ ਪੀ ਕੇ ਇਹ ਗਵਰਨਰ ਹਾਊਸ ਦੇ ਗਲੀਚੇ ਲਬੇੜਦੇ ਫਿਰਦੇ ਰਹੇ ਨੇ।
ਹਾਕਮ ਧਿਰ ਨਾਲ ਕਾਮਰੇਡਾਂ ਦਾ ਸਿੱਖਾਂ ਵਿਰੁਧ ਪ੍ਰੋਪੇਗੰਡਾ ਇਨਾ ਮੇਲ ਖਾਂਦਾ ਰਿਹਾ ਕਿ ਓਸ ਸਮੇ ਦੀਆਂ ਸਟੇਟਮਿੰਟਾਂ ਤੋਂ ਜਾਪਦਾ ਸੀ ਜਿਵੇਂ ਇਕੋ ਈ ਸਿਆਪੇ ਵਾਲੀ ਨੈਣ ਦੇ ਵੈਣ ਹੋਣ। ਇਨ ਬਿਨ ਇਕ ਬੋਲੀ, ਇਕ ਅਵਾਜ, ਇਕੇ ਤਰਾਂ ਦੀ ਟੋਨ ਤੇ ਇਹ ਗਲ ਹਾਲੇ ਤੱਕ ਜਾਰੀ ਹੈ। 26 ਜਨਵਰੀ ਵੇਲੇ ਤੋਂ ਲੈ ਕੇ ਅਜ ਤੱਕ ਜੇ ਮੋਦੀ ਕਿਆਂ ਖਾਲਿਸਤਾਨੀ ਘੁਸਪੈਠ ਆਖੀ ਤਾਂ ਇਨੀ ਓਥੇ ਲੰਗਰ ਵਰਤਾਓਂਣ ਵਾਲੇ ਵੀ ਖਾਲਿਸਤਾਨੀ ਬਣਾ ਧਰੇ। ਜੇ ਮੀਡੀਏ ਕਿਹਾ ਆਟੇ ਵਿਚ ਬੰਬ ਗੁੰਨੇ ਜਾ ਰਹੇ ਤਾਂ ਕਾਮਰੇਡਾਂ ਕਿਹਾ ਨਹੀਂ ਦਾਲ ਵਿਚ ਗੋਲੀਆਂ ਵੀ ਤੁੜਕੀਆਂ ਜਾ ਰਹੀਆਂ। ਜਦ ਕਿ ਕਿਸਾਨ ਮੋਰਚੇ ਵਿਚ ਕਿਸੇ ਖਾਲਿਸਤਾਨ ਦਾ ਨਾਹਰਾ ਤੱਕ ਨਾ ਸੀ ਲਾਇਆ ਉਲਟਾ ਕਾਮਰੇਡਾਂ ਨੂੰ ਹੀ ਬੋਲੇ ਸੋ ਨਿਹਾਲ ਤੋਂ ਉਲਟੀਆਂ ਆ ਰਹੀਆਂ ਸਨ। ਮੋਦੀ ਕਾ ਮੀਡੀਆ ਜੋ ਉਲਟੀਆਂ ਕਰਦਾ ਸੀ ਇਹ ਓਹੀ ਚਟੀ ਜਾਂਦੇ ਸਨ ਤੇ ਮੁੜ ਉਗਲਛੀ ਜਾਂਦੇ ਸਨ। ਇਸ ਹੱਕੀ ਲੜਾਈ ਨੂੰ ਇਨੀ ਧਕੇ ਨਾਲ ਈ ਖਾਲਿਸਤਾਨੀ ਬਨਾਮ ਕਾਮਰੇਡ ਬਣਾ ਕੇ ਰਖ ਦਿਤਾ ਜਦ ਕਿ ਇਸ ਵਾਰੀ ਅਮਰੀਕਾ ਵਾਲੇ ਪੰਨੂੰ ਨੂੰ ਛਡ ਬਾਹਰ ਬੈਠੀ ਕੋਈ ਖਾਲਿਸਤਾਨੀ ਧਿਰ ਬੋਲੀ ਤੱਕ ਨਾ ਸੀ ਕਿ ਇਹ ਪੰਜਾਬ ਦੀ ਹੋਂਦ ਅਤੇ ਹਸਤੀ ਦਾ ਮਸਲਾ ਹੈ। ਪਰ ਕਾਮਰੇਡਾਂ ਮੋਦੀ ਮੀਡੀਏ ਦੀ ਟੋਨ ਤੇ ਆਮ ਸਿੱਖ ਨੂੰ ਵੀ ਖਾਲਿਸਤਾਨੀ ਕਹਿ ਕਹਿ ਭੰਡਿਆ। ਯਾਣੀ ਜਿਹੜਾ ਮੇਰੀ ਕਿਸੇ ਨਲਾਇਕੀ ਤੇ ਸਵਾਲ ਕਰੇ ਉਸ ਨੂੰ ਖਾਲਿਸਤਾਨੀ ਕਹਿ ਕੇ ਦਫਾ ਕਰ ਦਿਓ। ਮੋਦੀ ਮੀਡੀਆ ਵੀ ਤਾਂ ਇਹੀ ਕਰਦਾ ਰਿਹਾ ਹੁਣ ਤੱਕ। ਕੰਗਨਾ ਵਰਗੀ ਨੂੰ ਗਾਓਂਣ ਵਾਲੇ ਵੀ ਖਾਲਿਸਤਾਨੀ ਜਾਪੀ ਜਾਂਦੇ ਸਨ ਤਾਂ ਕਾਮਰੇਡ ਰਵੀ ਸਿੰਘ ਵਰਗਿਆਂ ਮਗਰ ਮੁੜਕੋ ਮੁੜਕੀ ਹੋਈ ਫਿਰਦੇ ਰਹੇ।
ਲਾਲ ਕਿਤਾਬ ਤਾਂ ਕਹਿੰਦੀ ਕਿ ਇਨਕਲਾਬ ਬਦੂੰਕ ਦੀ ਨਾਲੀ ਵਿਚੋਂ ਨਿਕਲਦਾ ਪਰ ਪੰਜਾਬ ਵਾਲੇ ਕਾਮਰੇਡ ਯਾਣੀ ਲਾਲ ਕਿਤਾਬ ਦੇ ਚੇਲੇ ਇਸੇ ਗਲੇ ਲਾਲੋ ਲਾਲ ਹੋਏ ਰਹੇ ਕਿ ਸਿੱਖਾਂ ਗੁਰਦੁਆਰਿਆਂ ਵਿਚ ਹਥਿਆਰ ਕਿਓਂ ਰਖੇ। ਭਗਤ ਸਿੰਘ ਪਸਤੌਲ ਦੇ ਨਾਲ ਬੰਬ ਵੀ ਚੁਕੀ ਫਿਰਦਾ ਸੀ ਪਰ ਇਹਨਾ ਦੇ ਸਿੱਖ ਦੇ ਕਿਰਪਾਨ ਪਾਈ ਵੀ ਉਲਟੀਆਂ ਕਰਨ ਲਾ ਦਿੰਦੀ ਰਹੀ।
ਸਾਨੂੰ ਭੁਲੇਖਾ ਕਿ ਅਨਪੜ੍ਹ ਬੰਦਾ ਲਾਈਲਗ ਹੁੰਦਾ ਜਾਂ ਖੋਪੇ ਦਿਤਾ ਬਲਦ ਬਣ ਜਾਂਦਾ ਬਲਕਿ ਕਿਤਾਬਾਂ ਦੀਆਂ ਪੰਡਾਂ ਹੇਠ ਧੌਣ ਤੋੜੀ ਫਿਰਦਾ ਪੰਜਾਬ ਦਾ ਕਾਮਰੇਡ ਅਨਪੜ੍ਹਾਂ ਨਾਲੋਂ ਵੀ ਬੂਝੜ ਸਾਬਤ ਹੋਇਆ ਜਿਹੜਾ ਮਰੇ ਹੋਏ ਇਨਕਲਾਬ ਨੂੰ ਗਲ ਲਾਈ ਅਪਣੇ ਈ ਲੋਕਾਂ ਯਾਣੀ ਸਿੱਖਾਂ ਨਾਲ ਖਹਿੰਦਾ ਆ ਰਿਹਾ ਅਤੇ ਇਸ ਖਹਿਬਾਜ਼ੀ ਵਿਚ ਪਤਾ ਵੀ ਨਹੀਂ ਲਗਾ ਓਹ ਕਦ ਦਾ ਸਰਕਾਰੀ ਫੀਲਾ ਬਣ ਕੇ ਰਹਿ ਗਿਆ ਹੈ ਯਾਣੀ ਦੇਸ਼ ਭਗਤ ਯਾਣੀ ਰਾਸ਼ਟਰਵਾਦੀ।
ਸੰਸਾਰ ਪਧਰ 'ਤੇ Communism ਦਮ ਤੋੜ ਚੁਕਾ ਹੈ। ਰੂਸ ਦੀ ਮਿਸਾਲ ਸਾਹਮਣੇ ਹੈ ਜਿਥੋਂ ਦੀਆਂ ਮਾਈਆਂ ਨੂੰ ਹਿੰਦੋਸਤਾਨ ਵਰਗੇ ਭੁਖ ਨੰਗ ਮੁਲਖ ਵਿਚ ਆ ਕੇ ਪੁਠੇ ਸਿਧੇ ਕੰਮ ਕਰਨੇ ਪੈ ਰਹੇ ਹਨ ਅਤੇ ਚੀਨ ਦੀਆਂ ਚਿੜੀਆਂ ਕਦ ਦੀਆਂ ਉਡ ਚੁਕੀਆਂ ਹੋਈਆਂ। ਚੀਨ ਨੇ ਮਾਓਜੇ ਤੁੰਗ ਦੀ ਲਾਲ ਕਿਤਾਬ ਲੈਨਿਨ ਦੇ ਬੁਤ ਤਰਾਂ ਮਲਮ ਪਟੀ ਕਰਕੇ ਕਦ ਦੀ ਮਿਊਜ਼ੀਅਮ ਵਿਚ ਦਫਨਾ ਛਡੀ ਹੋਈ। ਚੀਨ ਅਜ ਦੇ ਸਮੇ ਦਾ ਵਡਾ ਸਰਮਾਏਦਾਰ ਹੈ ਅਤੇ ਅਮਰੀਕਾ ਦੇ ਸਰਮਾਏਦਾਰਾਂ ਲਈ ਖੁਲੇ ਦਿਲ ਉਸ ਨੇ ਦਰਵਾਜੇ ਖੋਹਲੇ ਹੋਏ ਨੇ ਜਿਹੜੇ ਅੰਨੇਵਾਹ ਸਰਮਾਇਆ ਅਪਣਾ ਚੀਨ ਵਿਚ ਲਾ ਰਹੇ ਨੇ ਤਾਂ ਕਿ ਚੀਨ ਦੇ ਲੋਕਾਂ ਨੂੰ ਸਸਤੇ ਵਿਚ ਓਨਾ ਦੀ ਭਠੀ ਦਾ ਬਾਲਣ ਬਣਾਇਆ ਜਾ ਸਕੇ। ਸਾਡੇ ਆਲੇ ਕਾਮਰੇਡ ਅਮਰੀਕਾ ਦੁਆਲੇ ਐਵੇਂ ਥੁਕ ਜਿਹਾ ਸੁਟਦੇ ਰਹਿੰਦੇ, ਪਰ ਚੀਨ ਨੇ ਆਵਦੇ ਗਰੀਬ ਲੋਕ ਕਦੋਂ ਦੇ ਸਰਮਾਏਦਾਰਾਂ ਦੀ ਭਠੀ ਵਿਚ ਝੋਕ ਦਿਤੇ ਹੋਏ ਨੇ। ਓਥੇ ਆਮ ਬੰਦੇ ਨੂੰ ਰੋਟੀ ਖਾਣ ਤੋਂ ਵਧ ਦੀ ਅਜਾਦੀ ਚੀਨ ਨਹੀਂ ਦਿੰਦਾ ਇਹ ਗਲ ਤੁਸੀਂ ਚੀਨ ਦੇ ਧੁਰ ਅੰਦਰ ਗੇੜਾ ਮਾਰ ਕੇ ਦੇਖ ਸਕਦੇ ਓਂ ਜਿਥੇ ਓਥੋਂ ਦੀਆਂ ਗਰੀਬ ਕੁੜੀਆਂ ਹਾਂਗਕਾਂਗ ਦੇ ਅਮੀਰਾਂ ਦੀਆਂ ਮਿਸਾਜਰਾਂ ਬਣ ਕੇ ਰਹਿ ਗਈਆਂ ਨੇ।
ਕਾਮਰੇਡਾਂ ਅਤੇ ਓਨਾ ਦੇ ਲਾਈਲਗਾਂ ਦਾ ਮੰਨਣਾ ਕਿ ਬੰਦੇ ਦੀ ਤਰੱਕੀ ਵਿਚ ਧਰਮ ਵਡਾ ਰੋੜਾ ਹੈ। ਪਰ ਰੂਸ ਨੂੰ ਤਾਂ ਹੁਣ ਤੱਕ ਧਰਤੀ ਛਡ ਕੇ ਚੰਨ 'ਤੇ ਜਾ ਵਸਣਾ ਚਾਹੀਦਾ ਸੀ। ਕਿਊਬਾ ਨੇ ਵੀ ਹੁਣ ਤੱਕ ਕਿਸੇ ਅਸਮਾਨ ਵਿਚਲੇ ਤਾਰੇ ਨਾਲ ਕੁੰਡੀ ਫਸਾ ਚੁਕੇ ਹੋਣਾ ਸੀ। ਚੀਨ ਦੀ ਤਰਕੀ ਦਾ ਰਾਜ ਧਰਮ ਤੋਂ ਕਿਨਾਰਾ ਕਰਨਾ ਨਹੀਂ ਬਲਕਿ ਉਡਦੀਆਂ ਚਿੜੀਆਂ ਮਾਰ ਕੇ ਬੰਦਿਆਂ ਬੰਦੀਆਂ ਨੂੰ ਚਿੜੀਆਂ ਬਟੇਰੇ ਬਣਾ ਕੱਢਣਾ ਹੈ ਜਿੰਨਾ ਨੂੰ ਕੇਵਲ ਚੁਗਣ ਲਈ ਚਾਰ ਦਾਣਿਆਂ ਤੋਂ ਸਿਵਾਏ ਬੋਲਣ ਤੱਕ ਦੀ ਅਜਾਦੀ ਨਹੀਂ। 89-90 ਦੇ ਕਰੀਬ ਵਿਦਿਆਰਥੀ ਬੋਲਣ ਲਗੇ ਸਨ ਸਿਧੇ ਈ ਟੈਂਕ ਚਾਹੜ ਛਡੇ ਉਪਰ।
ਯਾਦ ਰਹੇ ਨਾ ਸਾਰੇ ਕਾਮਰੇਡ ਮਾੜੇ, ਨਾ ਸਾਰੇ ਖਾਲਿਸਤਾਨੀ ਚੰਗੇ, ਪਰ ਸਿੱਖ ਤਾਂ ਮਾੜੇ ਅਨਸਰਾਂ ਬਾਰੇ ਬੋਲਦੇ ਵੀ ਨੇ ਅਤੇ ਵਿਰੋਧਤਾ ਵੀ ਕਰਦੇ ਨੇ ਪਰ ਕਾਮਰੇਡਾਂ ਕਦੇ ਗੱਗ ਵਰਗੇ ਕਲਮੀ ਗੁੰਡਿਆਂ ਨੂੰ ਮਾੜਾ ਕਿਹਾ? ਕਦੇ ਸੜਕਨਾਮੇ ਬਾਰੇ ਮੂੰਹ ਖੋਲਿਆ ਕਿ ਓਹ ਕਿਓਂ ਸਾਡੇ ਇਤਹਾਸ ਨੂੰ ਮਜਾਕ ਬਣਾ ਰਿਹਾ ਹੈ?
ਕਾਮਰੇਡਾਂ ਦੀ ਸਿੱਖਾਂ ਪ੍ਰਤੀ ਨਫਰਤ ਤਾਂ ਸਮਝ ਆਓਂਦੀ ਸੀ ਪਰ ਇਸ ਨੂੰ ਇਹ ਲੜਾਈ ਬਣਾ ਕੇ ਇਨੇ ਨੀਵੇਂ ਪਧਰ 'ਤੇ ਲੈ ਕੇ ਜਾਣਾ ਗਲਤ ਹੈ ਅਤੇ ਜਿੰਨਾ ਨੂੰ ਤੁਸੀਂ ਈਮਾਨਦਾਰ ਕਾਮਰੇਡ ਮੰਨਦੇ ਜਾਂ ਸਮਝਦੇਂ ਓਨਾ ਨੂੰ ਬੋਲਣਾ ਚਾਹੀਦਾ ਸੀ ਕਿ ਲੜਾਈ ਦਾ ਰੁਖ ਗਲਤ ਪਾਸੇ ਮੋੜ ਦਿਤਾ ਗਿਆ ਹੈ। ਇਹ ਲੜਾਈ ਪੰਜਾਬ ਵਸ ਦਿੱਲੀ ਹੋਣੀ ਚਾਹੀਦੀ ਸੀ, ਪਰ ਇਹ ਬਣ ਕੇ ਰਹਿ ਗਈ ਕਾਮਰੇਡ ਵਸ ਖਾਲਿਸਤਾਨੀ। ਨਹੀਂ?
ਗੁਰਦੇਵ ਸਿੰਘ ਸੱਧੇਵਾਲੀਆ
ਖਾਲਿਸਤਾਨੀ ਬਨਾਮ ਕਾਮਰੇਡ
Page Visitors: 2461