ਸਿੱਖਾਂ ਨੂੰ ਬਹੁਤ ਕੁਝ ਸਮਝਣ ਦੀ ਲੋੜ ਹੈ! (ਭਾਗ 2/1)
ਆਪਾਂ ਵੇਖਿਆ ਹੈ ਕਿ ‘ਗੁਰੂ’ ਲਫਜ਼ ਨੂੰ ਏਥੇ ‘ਸ਼ਬਦ ਗੁਰੂ’ ਲਈ ਵਰਤਿਆ ਗਿਆ ਹੈ।
ਵੈਸੇ ਇਸ ਰੂਪ ਵਿਚ ਗੁਰੂ ਨੂੰ ਸਰੀਰਕ ਰੂਪ ਵਿਚਲੇ ਗੁਰੂ ਲਈ ਵੀ ਵਰਤਿਆ ਗਿਆ ਹੈ, ਜਿਵੇਂ,
ਧਨੁ ਧਨੁ ਪਿਤਾ ਧਨੁ ਧਨੁ ਕੁਲੁ ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ ॥
ਧਨੁ ਧਨੁ ਗੁਰੂ ਜਿਨਿ ਨਾਮੁ ਅਰਾਧਿਆ ਆਪਿ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਇ ॥
ਹਰਿ ਸਤਿਗੁਰੁ ਮੇਲਹੁ ਦਇਆ ਕਰਿ ਜਨੁ ਨਾਨਕੁ ਧੋਵੈ ਪਾਇ ॥2॥ (310)
ਅਰਥ:- ਹੇ ਭਾਈ, ਉਹ ਪਿਤਾ ਭਾਗਾਂ ਵਾਲਾ ਹੈ, ਉਹ ਕੁਲ ਭਾਗਾਂ ਵਾਲੀ ਹੈ, ਉਹ ਮਾਂ ਭਾਗਾਂ ਵਾਲੀ ਹੈ ਜਿਸ ਨੇ ਗੁਰੂ ਨੂੰ ਜਨਮ ਦਿੱਤਾ ਹੈ। ਉਹ ਗੁਰੂ ਧੰਨ ਹੈ, ਜਿਸ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ, ਨਾਮ ਸਿਮਰ ਕੇ ਆਪ ਤਰਿਆ ਹੈ ਤੇ ਜਿਨ੍ਹਾਂ ਨੇ ਉਸ ਦਾ ਦਰਸ਼ਨ ਕੀਤਾ, ਉਨ੍ਹਾਂ ਨੂੰ ਵੀ ਤਾਰ ਲੈਂਦਾ ਹੈ। ਹੇ ਸਤਿਗੁਰੁ, ਹੇ ਪ੍ਰਭੂ, ਮਿਹਰ ਕਰ ਕੇ ਮੈਨੂੰ ਨਾਨਕ ਨੂੰ ਵੀ ਅਜਿਹਾ ਗੁਰੂ ਮਿਲਾਵੇਂ ਤਾਂ, ਦਾਸ ਨਾਨਕ ਉਸ ਦੇ ਪੈਰ ਧੋਵੇ।
(ਆਪਾਂ ਏਥੋਂ ਤਕ ਸਮਝਿਆ ਹੈ, ਪਰ ਇਸ ਵਿਚ ਤਿੰਨ ਚੀਜ਼ਾਂ ਅਜਿਹੀਆਂ ਹਨ, ਜੋ ਗੁਰਮਤਿ ਫਲਸਫੇ ਦਾ ਬਹੁਤ ਵੱਡਾ ਭਾਗ ਹਨ, ਪਰ ਇਨ੍ਹਾਂ ਦੀ ਵਿਆਖਿਆ ਕਦੇ ਵੀ ਨਹੀਂ ਕੀਤੀ ਜਾਂਦੀ, ਅਤੇ ਉਨ੍ਹਾਂ ਨੂੰ ਸਮਝੇ ਬਗੈਰ, ਸਦੀਆਂ ਤੋਂ ਸਿੱਖ ਭੰਬਲ-ਭੂਸੇ ਵਿਚ ਪਏ ਫਿਰਦੇ ਹਨ। ਆਉ ਉਨ੍ਹਾਂ ਬਾਰੇ ਵੀ ਵਿਚਾਰ ਕਰਦੇ ਹਾਂ)
ਇਹ ਕਿਹੜੀਆਂ ਚੀਜ਼ਾਂ ਹਨ ?
1. ਨਾਮੁ ਕੀ ਹੈ ?
2, ਨਾਮੁ ਸਿਮਰਨਾ ਕਿਵੇਂ ਹੈ ?
3. ਦਰਸ਼ਨ ਕੀ ਹੈ ਅਤੇ ਇਹ ਕਰਨਾ ਕਿਵੇਂ ਹੈ ?
1. ਨਾਮ ਕੀ ਹੈ ? ਵੈਸੇ ਤਾਂ ਗੁਰੂ ਸਾਹਿਬ ਨੇ ਸਪੱਸ਼ਟ ਕੀਤਾ ਹੋਇਆਂ ਹੈ,
ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ ॥
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥5 ॥ (72)
ਅਰਥ:- ਕਿਹੋ ਜਿਹੀ ਸਂਗਤ ਨੂੰ, ਸਤ ਸੰਗਤਿ ਸਮਝਣਾ ਚਾਹੀਦਾ ਹੈ ? ਗੁਰੂ ਸਾਹਿਬ ਜਵਾਬ ਦਿੰਦੇ ਹਨ ਕਿ ਉਸ ਸੰਗਤ ਨੂੰ ਹੀ ਸਤ-ਸੰਗਤਿ ਸਮਝਣਾ ਚਾਹੀਦਾ ਹੈ, ਜਿੱਥੇ ਪਰਮਾਤਮਾ ਦੇ ਨਾਮ ਦੀ ਸਿਫਤ-ਸਾਲਾਹ ਕੀਤੀ ਜਾਂਦੀ ਹੋਵੇ। ਹੇ ਨਾਨਕ ਆਖ, ਮੈਨੂੰ ਸਤਿਗੁਰ ਨੇ ਚੰਗੀ ਤਰ੍ਹਾਂ ਸਮਝਾਅ ਦਿੱਤਾ ਹੈ ਕਿ ਉਸ ਦਾ ਇਕੋ-ਇਕ ਨਾਮ, ਉਸਦਾ ਹੁਕਮ ਹੈ।
(ਪਰ ਸਾਡਾ ਸਿਧਾਂਤ ਏਨਾ ਵਿਗਾੜ ਦਿੱਤਾ ਗਿਆ ਹੈ ਕਿ ਏਨੇ ਨਾਲ ਗੱਲ ਨਹੀਂ ਬਣਨੀ, ਆਉ ਗੁਰਬਾਣੀ ਵਿਚੋਂ ਇਸ ਦੀ ਪੜਚੋਲ ਕਰਦੇ ਹਾਂ।)
ਨਾਮੁ ਕੀ ਹੈ ? ?
ਬਚਪਨ ਤੋਂ ਹੀ ਸੁਣਦਾ ਆ ਰਿਹਾ ਸਾਂ “ਫਲਾਨਾ ਬੰਦਾ , ਫਲਾਨੇ ਡੇਰੇ ਤੋਂ ਨਾਮ ਲੈਣ ਗਿਆ ਹੈ” “ਅਮਕਾ ਬੰਦਾ , ਅਮਕੇ ਡੇਰੇ ਤੋਂ ਨਾਮ ਲੈ ਕੇ ਆਇਆ ਹੈ “ ਜਾਂ “ ਉਸ ਬੰਦੇ ਨੇ , ਨਰੰਕਾਰੀਆਂ ਕੋਲੋਂ,ਜਾਂ ਰਾਧਾ ਸਵਾਮੀਆਂ ਕੋਲੋਂ, ਜਾਂ ਨਾਮਧਾਰੀਆਂ ਕੋਲੋਂ ਜਾਂ ਹੋਰ ਬਹੁਤ ਸਾਰੇ ਡੇਰਿਆਂ ,ਟਕਸਾਲਾਂ ਜਿਨ੍ਹਾਂ ਦੇ ਨਾਮ ਯਾਦ ਰੱਖਣੇ ਵੀ ਮੁਸ਼ਕਿਲ ਹਨ, ਕੋਲੋਂ ਨਾਮ ਲਿਆ ਹੈ। ਪਰ ਇਹ ਕਦੀ ਸਮਝ ਨਾ ਆਈ ਕਿ ਇਹ ਨਾਮ ਹੈ ਕੀ ਚੀਜ਼ ? ਇਵੇਂ ਹੀ ਸਿੱਖੀ ਵਿਚ ਕੀਰਤਨ , ਸਿਮਰਨ ਅਤੇ ਜਪ ਦੀ ਵੀ ਬਹੁਤ ਮਾਨਤਾ ਹੈ , ਪਰ ਅੱਜ ਤਕ ਕਿਸੇ ਕੀਰਤਨੀਏ , ਕਿਸੇ ਸੰਤ , ਕਿਸੇ ਮਹਾਂਪੁਰਸ਼ , ਕਿਸੇ ਬ੍ਰਹਮਗਿਆਨੀ ਨੇ ਇਨ੍ਹਾਂ ਸ਼ਬਦਾਂ ਦੀ ਵਿਆਖਿਆ ਨਹੀਂ ਕੀਤੀ , ਬਲਕਿ ਮੇਰੇ ਵੇਖਦੇ ਵੇਖਦੇ ਇਨ੍ਹਾਂ ਲਫਜ਼ਾਂ ਦੇ ਕਈ ਰੂਪ ਸਾਮ੍ਹਣੇ ਆਏ । ਹਰ ਰੂਪ ਇਨ੍ਹਾਂ ਦੀਆਂ ਗੁੰਝਲਾਂ ਨੂੰ ਸੁਲਝਾਉਣ ਦੀ ਥਾਂ ਇਨ੍ਹਾਂ ਗੁੰਝਲਾਂ ਵਿਚ ਹੋਰ ਵਾਧੇ ਦਾ ਕਾਰਨ ਬਣਦਾ ਰਿਹਾ ।
ਨੌਜਵਾਨ ਪੀੜ੍ਹੀ ਤੇ ਇਲਜ਼ਾਮ ਲਾਇਆ ਜਾਂਦਾ ਹੈ ਕਿ ਉਹ , ਸਿੱਖੀ ਨਾਲੋਂ ਟੁੱਟ ਰਹੇ ਹਨ । ਜਦ ਇਨ੍ਹਾਂ ਆਮ ਪਰਚਲਤ ਲਫਜ਼ਾਂ ਦੇ ਅਰਥ ਸਮਝਾਉਣ ਵਾਲਾ ਹੀ ਕੋਈ ਨਹੀਂ , ਤਾਂ ਗੁਰਬਾਣੀ ਸਿਧਾਂਤ ਦੀਆਂ ਗੱਲਾਂ ਕੌਣ ਸਮਝਾਏ ? ਜਦ ਮੋੜ-ਘੇੜ ਕੇ ਗੱਲ , ਕਰਮ ਕਾਂਡਾਂ , ਚਮਤਕਾਰਾਂ ਦੀ ਹੀ ਹੁੰਦੀ ਹੋਵੇ , ਜੋ ਗੁਰਬਾਣੀ ਨੂੰ ਰੱਦ ਕਰਦੇ ਹੋਣ , ਜਿਨ੍ਹਾਂ ਬਾਰੇ , ਸੁਚੇਤ ਨਵੀਂ ਪੀੜ੍ਹੀ ਨੂੰ ਸਮਝ ਹੀ ਨਾ ਆਉੰਦੀ ਹੋਵੇ । ਉਨ੍ਹਾਂ ਨੂੰ ਸਿੱਖੀ ਅਤੇ ਬ੍ਰਾਹਮਣਵਾਦ ਵਿਚ ਫਰਕ ਕਰਨਾ ਵੀ ਮੁਸ਼ਕਲ ਹੋਵੇ , ਫਿਰ ਉਹ ਕਿਸ ਸਿੱਖੀ ਨਾਲੋਂ ਟੁੱਟ ਰਹੇ ਹਨ ? ਕੀ ਵਿਖਾਵੇ ਦੀ ਸਿੱਖੀ ਨਾਲੋ ?
ਕੋਈ ਬੰਦਾ ਵੀ ਅਜਿਹਾ ਨਾ ਮਿਲਿਆ ਜੋ ਸਮਝਾ ਸਕਦਾ ਕਿ ਨਾਮ ਕੀ ਚੀਜ਼ ਹੈ? ਇਹ ਵੀ ਸੁਣਿਆ ਕਿ ਨਾਮ ਦੇਣ ਵਾਲਿਆਂ ਨੇ, ਨਾਮ ਲੈਣ ਵਾਲਿਆਂ ਨੂੰ ਤਾਕੀਦ ਕੀਤੀ ਹੈ ਕਿ ਕਿਸੇ ਨੂੰ ਨਾਮ ਬਾਰੇ ਨਹੀਂ ਦੱਸਣਾ, ਨਹੀਂ ਤਾਂ ਨਾਮ ਫਲੀ ਭੂਤ ਨਹੀਂ ਹੋਵੇਗਾ। ਇਸ ਤੋਂ ਇਹ ਧਾਰਨਾ ਬਣੀ ਕਿ ਨਾਮ ਕੋਈ ਬਹੁਤ ਗੁਪਤ ਚੀਜ਼ ਹੈ।
ਕੁਝ ਥਾਂਵਾਂ ਤੇ ਕੁਝ ਬੰਦਿਆਂ ਨੂੰ ਚਿਮਟੇ ਢੋਲਕੀਆਂ ਨਾਲ“ਵਾਹਿਗੁਰੂ ਵਾਹਿਗੁਰੂ “ ਕਰਦੇ ਵੇਖਆ, ਪੁਛਣ ਤੇ ਪਤਾ ਲੱਗਾ ਕਿ ਨਾਮ ਜਪ ਰਹੇ ਹਨ।
ਬੜੀ ਹੈਰਾਨੀ ਹੋਈ ਕਿ ਇਕ ਪਾਸੇ ਤਾਂ ਨਾਮ ਬਾਰੇ, ਦੂਸਰੇ ਨੂੰ ਦੱਸਣ ਤੇ ਵੀ ਪਾਬੰਦੀ ਹੈ, ਦੂਸਰੇ ਪਾਸੇ ਨਾਮ ਨੂੰ ਸਪੀਕਰਾਂ ਤੇ ਜਪਿਆ ਜਾ ਰਿਹਾ ਹੈ। ਇਸੇ ਦੌਰਾਨ ਕੀਰਤਨ , ਸਿਮਰਨ , ਜਪ , ਬਾਰੇ ਵੀ , ਗੁੰਝਲਾਂ ਵਿਚ ਕਾਫੀ ਵਾਧਾ ਹੋ ਚੁੱਕਾ ਸੀ ।ਮਨ ਵਿਚ ਆਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਸੇਧ ਲਈ ਜਾਵੇ । ਸੋ ਗੁਰੂ ਸਾਹਿਬ ਨਾਲ ਗੱਲਾਂ ਕੀਤੀਆਂ , ਸਵਾਲ ਪੁੱਛੇ ਉਨ੍ਹਾਂ ਦੇ ਦਿੱਤੇ ਜਵਾਬ ਨੂੰ ਸਮਝਣ ਲਈ ਡਾ: ਸਾਹਿਬ ਸਿੰਘ ਜੀ ਦੇ ਦਰਪਣ ਦਾ ਆਸਰਾ ਲਿਆ । ਇਸ ਨੂੰ ਜਾਨਣ ਦੀ ਜਗਿਆਸਾ ਵਿਚ ਗੁਰੂ ਗ੍ਰੰਥ ਸਾਹਿਬ ਵਿਚੋਂ ਇਕ ਤੁਕ ਸਾਮ੍ਹਣੇ ਆਈ ,
ਕਿਰਤਮ ਨਾਮ ਕਥੇ ਤੇਰੇ ਜਿਹਬਾ ॥ ਸਤਿ ਨਾਮੁ ਤੇਰਾ ਪਰਾ ਪੂਰਬਲਾ ॥ (1083 )
ਅਰਥਾਤ ਹੇ ਪ੍ਰਭੂ ਸਾਡੀ ਜੀਭ ਤਾਂ ਤੇਰੇ ਉਹੀ ਨਾਮ ਉਚਾਰਦੀ ਹੈ , ਜੋ ਨਾਮ ਤੇਰੇ ਗੁਣਾਂ ਤੇ ਆਧਾਰਤ , ਲੋਕਾਂ ਨੇ ਰੱਖ ਲਏ ਹਨ। ਪਰ ਸਤਿਨਾਮ ( ਹਰ ਵੇਲੇ ਹੋਂਦ ਵਾਲਾ )ਮੁੱਢ ਕਦੀਮਾਂ ਤੋਂ ਤੇਰਾ ਨਾਮ ਹੈ।
ਇਸ ਤੇ ਵਿਚਾਰ ਕਰਦਿਆਂ, ਦੋ ਗੱਲਾਂ ਸਾਮ੍ਹਣੇ ਆਈਆਂ,
ੳ. ਉਸ ਦੇ ਜੋ ਨਾਮ ਲਏ ਜਾਂਦੇ ਹਨ , ਉਹ ਲੋਕਾਂ ਨੇ ਅਪਣੀ ਸਮਝ ਮੁਤਾਬਕ ਰੱਖੇ ਹਨ। ਬੰਦਾ ਭੁਲਣ ਹਾਰ ਹੈ, ਇਸ ਲਈ ਉਸ ਦੇ ਰੱਖੇ ਨਾਵਾਂ ਵਿਚ ਗਲਤੀਆਂ ਹੋਣੀਆਂ ਸੁਭਾਵਕ ਹਨ। ਜਿਵੇਂ ਉਸਦਾ ਨਾਮ ਹੈ ਬੀਠਲ, ਜੋ ਗਿਆਨ ਹੀਣਾਂ ਨੂੰ ਅੰਗਕਿਾਰ ਕਰੇ। ਇਸ ਹਿਸਾਬ ਗਿਆਨ ਵਾਨਾਂ ਨੂੰ ਅੰਗੀਕਾਰ ਕਰਨ ਵਾਲਾ ਰੱਬ ਤਾਂ ਹੋਰ ਹੋਇਆ। ( ਪਰ ਰੱਬ ਤਾਂ ਇਕ ਹੀ ਹੈ ) ਉਸ ਦਾ ਨਾਮ ਹੈ ਸ਼ਿਆਮ, (ਕਾਲਾ) ਜੇਕਰ ਉਹ ਕਾਲਾ ਹੈ ਤਾਂ ਗੋਰਾ ਕੌਣ ਹੈ ? ਉਸਦਾ ਨਾਮ ਹੈ ਗੁਪਾਲ (ਗਵਾਲਾ), ਜੇਕਰ ਉਹ ਗਊਆਂ ਦਾ ਹੀ ਰਖਵਾਲਾ ਹੈ ਤਾਂ ਬਾਕੀ ਜੀਵਾਂ ਦਾ ਰਖਵਾਲਾ ਕੌਣ ਹੈ ? ਉਸਦਾ ਨਾਮ ਹੈ ਗੋਬਿੰਦ (ਗੋ, ਧਰਤੀ ਦਾ ਪਾਲਕ) ਜੇਕਰ ਉਹ ਧਰਤੀ ਦਾ ਹੀ ਪਾਲਕ ਹੈ ਤਾਂ ਸ੍ਰਿਸ਼ਟੀ ਦੇ ਬਾਕੀ ਖੰਡਾਂ ਦਾ ਪਾਲਕ ਕੌਣ ਹੈ ? ਇਸ ਤਰ੍ਹਾਂ ਰੱਖੇ ਸਾਰੇ ਨਾਮ ਅਧੂਰੇ ਹਨ। ਪੂਰਨ ਨਹੀਂ ਹਨ।
ਅ. ਉਸ ਦਾ ਮੁੱਢ ਕਦੀਮਾਂ ਦਾ ਨਾਮ ਹੈ “ਸਤਿ ਨਾਮ”
ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
ਇਹ ਵੀ ਤਾਂ ਉਸ ਦਾ ਗੁਣ ਵਾਚਕ ਨਾਮ ਹੀ ਹੈ। ਇਹ ਵੀ ਸ੍ਰਿਸ਼ਟੀ ਰਚਨਾ ਤੋਂ ਮਗਰੋਂ ਦਾ ਰੱਖਿਆ ਨਾਮ ਹੀ ਹੈ।