ਸਿੰਮਲ ਦਾ ਰੁੱਖ
ਗੁਰਦੇਵ ਸਿੰਘ ਸੱਧੇਵਾਲੀਆ
#KhalsaNews #GurdevSingh #Sadhewalia #SimmalRukh #Dhadrianwala
ਉਚਾ ਲੰਮਾ, ਦੇਖਣ ਨੂੰ ਭਰ ਜਵਾਨ , ਅਸਮਾਨੀ ਛੂੰਹਦਾ, ਹਵਾ ਨਾਲ ਗਲਾਂ, ਪਰ ਵਿੱਚ ਕੱਖ ਵੀ ਨਾ। ਬਾਬਾ ਜੀ ਅਪਣੇ ਕਹਿੰਦੇ ਫਲ ਫਿਕੇ, ਫੁਲ ਬਕਬਕੇ ਪਤੇ ਵੀ ਕਿਸੇ ਕੰਮ ਦੇ ਨਾ।
ਸਲੋਕੁ ਮਃ 1॥ ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ॥
ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ ॥
ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ ॥
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥ ਪੰਨਾਂ 470
ਪੰਛੀ ਅਪਣੇ ਗੀਤ ਲੈ ਕੇ ਚਾਅ ਨਾਲ ਉਡਦੇ ਗਏ ਸਿੰਮਲ ਕੋਲੇ ਕਿ ਕਿਆ ਸੋਹਣਾ ਰੁਖ ਪਰ ਨਿਰਾਸ਼ ਹੋ ਕੇ ਪਰਤ ਆਏ। ਸਿੰਮਲ ਅਪਣੇ ਉਚੇ ਹੋਣ ਵੰਨੀ ਹੀ ਜੋਰ ਲਾਈ ਗਿਆ ਪਰ ਅੰਦਰੋਂ ਖੋਖਲਾ ਹੁੰਦਾ ਗਿਆ। ਛਾਂ ਅਤੇ ਮਿਠਾਸ ਦੋਨੋਂ ਗੁਆ ਬੈਠਾ ਕਿਓਂਕਿ ਸਾਰਾ ਜੋਰ, ਸਾਰੀ ਅਨਰਜੀ ਉਚਾ ਯਾਣੀ ਖਾਸ ਹੋਣ ਵਾਲੇ ਪਾਸੇ ਲਾ ਬੈਠਾ।
ਮਨੁੱਖਾਂ ਮਨੁੱਖੀਆਂ ਨਾਲ ਵੀ ਸਿੰਮਲ ਵਾਲੀ ਹੋਈ ਕਿ ਉਸ ਸਾਰਾ ਜੋਰ ਦਿਖਾਓਂਣ ਉਪਰ ਯਾਣੀ ਉਚਾ ਹੋਣ ਉਪਰ ਲਾ ਛਡਿਆ ਪਰ ਅੰਦਰੋਂ ਓਂ ਈ ਖੜਕ ਕੇ ਰਹਿ ਗਿਆ। ਖਾਲੀ, ਖੋਖਲਾ, ਐਵੇਂ ਈ ਉਛਲ ਉਛਲ ਜਾਂਦਾ, ਓ ਈ ਡੋਲਦਾ ਫਿਰਦਾ ਕਦੇ ਇਧਰ ਕਦੇ ਉਧਰ। ਬਾਹਰੋਂ ਚੰਗੀ ਟਾਈ ਸ਼ਾਈ ਲਾਈ ਫਿਰਦਾ ਸੀ, ਮਹਿੰਗਾ ਪਰਫਿਊਮ, ਬਰੈਂਡਡ ਕਪੜੇ ਪਰ ਇਨਾ ਡੋਲਿਆ ਹੋਇਆ ਕਿ ਤਪੜ ਝਾੜ ਨੰਗ ਜਿਹੇ ਸਾਧ ਦੀ ਖੁਰਲੀ ਤੇ ਪਠੇ ਪਾਈ ਜਾਂਦਾ ਮਿਲ ਪਿਆ ਜਿਹੜਾ ਚਰਦਾ ਘਟ ਉਜਾੜਦਾ ਜਿਆਦਾ।
ਮਾਈ ਨੇ ਸੋਹਣੀ ਵੜੀ ਗੁੱਤ ਜਾਂ ਜੂੜਾ ਲੁਹਾ ਕੇ ਔਹ ਮਾਰਿਆ ਅਤੇ ਲੂੰਡਾ ਕਰਕੇ ਹਾਈ ਫਾਈ ਹੋ ਗਈ, ਕਪੜੇ ਵੀ ਵਿੰਗੇ ਟੇਹਡੇ ਪਾ ਲਏ, ਮੂੰਹ ਮਥਾ ਛਿਲ ਕੇ ਮਾਡਰਨ ਹੋ ਗਈ ਪਰ ਅੰਦਰ? ਇਨੀ ਹੌਲੀ ਕਿ ਨਿਆਣੇ ਦੇ ਨਿਛ ਵਜੀ ਤੇ ਪੰਡਤ ਕੋਲੇ ਗੀਟੇ ਲੈਣ ਦੌੜ ਪਈ ਯਾਣੀ ਇਸ ਜੁਗ ਦੀ ਹਾਨਣ ਯਾਣੀ ਸਿੰਮਲ ਤਰਾਂ ਉਚੀ ਤਾਂ ਹੋ ਗਈ ਪਰ ਵਿੱਚ ਕਖ ਵੀ ਨਾ ਰਿਹਾ। ਨਾ ਬਰਦਾਸ਼ਤ ਮਾਦਾ ਨਾ ਸਹਿਣ ਸ਼ਕਤੀ। ਨਾ ਭਾਣਾ ਨਾ ਸ਼ੁਕਰ, ਨਾ ਫੁਲ ਨਾ ਫਲ, ਨਾਂ ਛਾਂ ਨਾ ਪਤੇ। ਉਚਾ ਹੋਣ ਦੀ ਦੌੜ ਵਿੱਚ ਜਿੰਦਗੀ ਦਾ ਬਾਗ ਹੀ ਵੈਰਾਨ ਕਰ ਮਾਰਿਆ।
ਇਹ ਛਡੋ ਧਾਰਮਿਕ ਦੁਨੀਆਂ ਵੀ ਹੈਰਾਨ ਕਰ ਦੇਣ ਵਾਲੀ। ਓਹ ਸਿੰਮਲ ਨੂੰ ਵੀ ਛੱਡ ਗਏ। ਸਿਧਾ ਹੰਕਾਰ ਦੀ ਟੀਸੀ 'ਤੇ ਜਾ ਟਪੂਸੀ ਮਾਰੀ।
ਢੱਡਰੀਆਂਵਾਲਾ ਯਾਣੀ ਬਾਬਾ ਤੋਤਾ ਯਾਣੀ ਬਾਬਾ ਕੁੱਤਿਆਂ ਵਾਲਾ ਹੈਰਾਨ ਕਰ ਦੇਣ ਵਾਲਾ ਸਿੰਮਲ ਰੁੱਖ। ਜਿਹੜਾ ਟੀਸੀ 'ਤੇ ਖੜੋ ਕੇ ਅਪਣੀਆਂ ਯਾਣੀਂ ਲੋਕਾਂ ਦੀਆਂ ਦਿੱਤੀਆਂ ਕਰੋੜਾਂ ਦੀਆਂ ਗੱਡੀਆਂ ਦੀ ਨੁਮਾਇਸ਼ ਲਾ ਕੇ ਦਸ ਰਿਹਾ ਸੀ ਕਿ ਹੁਣ ਉਹ ਨਜ਼ਾਰੇ ਵਿੱਚ ਹੈ। ਸਭ ਕੁਝ ਕਹਿਣ ਤੋਂ ਬਾਅਦ, ਕੱਢ ਦੇਣ ਤੋਂ ਬਾਅਦ ਅੰਦਰੋਂ ਹੌਲਾ ਫੁੱਲ। ਜਿਵੇਂ ਬੜਾ ਵੱਡਾ ਸੁਕਰਾਤ ਵਾਲਾ ਸੱਚ ਬੋਲ ਬੈਠਾ ਹੋਵੇ।
ਕਮਲਿਆ ਸਭ ਕੁੱਝ ਕਿਥੇ ਕਹਿ ਹੁੰਦਾ, ਕਾਹਨੂੰ ਕਹਿ ਹੁੰਦਾ। ਸਭ ਕੁਝ ਕਹਿ ਦਿਤਾ ਹੁੰਦਾ ਤਾਂ ਅਗਲਿਆਂ ਪੂਛ ਨਾਲ ਅਗ ਬੰਨ ਕੇ ਲੰਕਾ ਹੁਣ ਨੂੰ ਕਦ ਦੀ ਸਵਾਹ ਕੀਤੀ ਹੋਣੀ ਸੀ। ਗੋਲਗੱਪੇ ਕਾਹਨੂੰ ਵੇਚਣ ਦੇਣੇ ਸਨ ਨਾ ਬੁਲਾਂ ਤੇ ਸੁਰਖੀਆਂ ਲਗੀਆਂ ਰਹਿਣ ਦੇਣੀਆਂ ਸਨ।
ਸਭ ਕੁਝ ਕਹਿ ਦੇਣ ਵਾਲਿਆਂ ਨੂੰ ਹਕੂਮਤਾਂ ਤੋਪਾਂ ਡਾਹ ਕੇ ਉਡਾ ਦਿੰਦੀਆਂ, ਆਰਿਆਂ ਹੇਠ ਰਖ ਕੇ ਚੀਰ ਸੁਟਦੀਆਂ। ਧੁੰਮੇ ਵਰਗੇ ਨੂੰ ਵਿਹੜੇ ਵਾਲੀਆਂ ਮਾਈਆਂ ਤਰਾਂ ਮਿਹਣੋ ਮਿਹਣੀ ਹੋਣਾ ਜਾਂ ਪੁਜਾਰੀ ਪੁਜਾਰੀ ਦਾ ਜਾਪ ਕਰਨਾ ਸਭ ਕੁਝ ਕਹਿਣਾ ਕਾਹਨੂੰ ਹੁੰਦਾ। ਸਭ ਕੁਝ ਕਹਿਣ ਲਈ ਤਾਂ ਅਨੰਦਪੁਰ ਉਜਾੜਨੇ ਪੈਂਦੇ, ਪੁਤਾਂ ਦੀਆਂ ਲਾਸ਼ਾਂ 'ਤੇ ਤੁਰਨਾ ਪੈਂਦਾ, ਚਰਖੜੀਆਂ ਤੇ ਝੂਟੇ ਲੈਣੇ ਪੈਂਦੇ। ਬਾਕੀ ਤਾਂ ਫੀਲਿੰਗਾਂ ਨੇ ਸਿੰਮਲ ਰੁਖ ਵਾਲੀਆਂ ਕਿ ਮੈਂ ਦੇਖੋ ਕਿੰਨਾ ਉਚਾ, ਮਹਾਨ, ਨਜਾਰੇ ਵਿੱਚ। ਭਾੜੇ ਦੇ ਟੁਕੜਬੋਚ ਕਵੀ ਫੀਲਿੰਗ ਤਾਂ ਗੁਰੂ ਨਾਨਕ ਹੋਣ ਤਕ ਦੀਆਂ ਦੇ ਜਾਂਦੇ, ਪਰ ਪੈਂਦੀਆਂ ਵਿੱਚ ਵਾਜੇ ਛਡਕੇ ਦੌੜ ਲੈਂਦੇ ਬਾਅਦ 'ਚ ਲਭਦੇ ਬੜੀਆਂ ਅਜੀਬੋ ਗਰੀਬ ਥਾਵਾਂ ਤੋਂ ਹੁੰਦੇ।
ਸਿੰਮਲ ਰੁੱਖ ਕਹਿੰਦਾ ਮੈਂ ਉਚਾ, ਪਰ ਛੋਟਾ ਜਿਹਾ ਪਰਿੰਦਾ ਕਹਿੰਦਾ ਪੱਲੇ ਕੀ ਤੇਰੇ ਤੇ ਓਹ ਅਪਣੇ ਗੀਤ ਲੈ ਕੇ ਓਥੋਂ ਉਡ ਗਿਆ।
ਸਿੰਮਲ ਕਹਿੰਦਾ ਮੈਂ ਅਲਹਿਦਾ ਦਿਸਦਾਂ। ਮੈਂ ਦੇਖੋ ਕਿਸੇ ਦੇ ਹਥ ਦਾ ਖਾਂਦਾ ਨਹੀਂ, ਸਕੀ ਮਾਂ ਦਾ ਵੀ ਨਹੀਂ, ਮੇਰੇ ਬਾਟੇ ਅਡ, ਮੇਰਾ ਲੰਗਰ ਅਡ, ਮੇਰਾ ਚੁਲਾ ਅਡ, ਮੇਰਾ ਪ੍ਰਸ਼ਾਦ ਵੀ ਅਡ, ਇਥੇ ਤਕ ਕਿ ਮੇਰਾ ਗੁਰੂ ਗਰੰਥ ਸਾਹਿਬ ਵੀ ਅਡ। ਮੇਰੇ ਲੋਹੇ ਦੇ ਬਾਟੇ, ਲੋਹੇ ਦੀਆਂ ਕੜਛੀਆਂ, ਲੋਹੇ ਦੇ ਪਤੀਲੇ, ਲੋਹੇ ਦੀਆਂ ਬਾਲਟੀਆਂ, ਲੋਹੇ ਦਾ ਦੁਧ, ਲੋਹੇ ਦਾ ਢਿਡ, ਮੇਰੇ ਜਿੰਨਾ ਉਚਾ ਰੁਖ ਕਿਹੜਾ।
ਇਨ ਬਿਨ ਇਹੀ ਗਲ ਪੰਡੀਆ ਕਹਿੰਦਾ ਸੀ। ਮੇਰਾ ਗੋਹੇ ਦਾ ਚੌਂਕਾ, ਮੇਰਾ ਗੋਹੇ ਦਾ ਪੋਚਾ, ਗੋਹੇ ਨਾਲ ਹੀ ਲਿੰਬਿਆ, ਗੋਹੇ ਨਾਲ ਹੀ ਕਢੀ ਕਾਰ, ਗੰਗਾ ਦੇ ਪਾਣੀ ਮੈਂ ਖੁਦ ਧੋਤਾ ਹੋਇਆ, ਪਵਿਤਰ ਹੋਇਆ, ਸਵੱਛ ਹੋਇਆ। ਕੋਈ ਪਰਛਾਵਾਂ ਨਾ ਪੈਣ ਦਿਆਂ ਮੈਂ ਕਿਸੇ ਐਸੇ ਗੈਰੇ ਦਾ। ਮੈਂ ਸਿੰਮਲ ਸਭ ਤੋਂ ਉਚਾ। ਪਰ ਬਾਬਾ ਜੀ ਅਪਣੇ ਕਹਿੰਦੇ ਸਿੰਮਲਾ ਸਾਰਾ ਜੋਰ ਉਚਾ ਈ ਹੋਣ ਤੇ ਲਾ ਛਡਿਆ ਵਿੱਚ ਕੀ ਬਚਿਆ। ਜਿਹੜਾ ਆਓਂਦਾ ਨਿਰਾਸ ਜਾਂਦਾ ਤੇਰੇ ਤੋਂ। ਉਚੇ ਹੋਣ ਦਾ ਲਾਭ, ਫਾਇਦਾ। ਫੁਲ, ਫਲ, ਪਤ ਕਿਸੇ ਕੰਮ ਦੇ ਨਾਂ 'ਤੇ ਤੂੰ ਕਹਿੰਨਾ ਮੈਂ ਉਚਾਂ?