ਕੈਟੇਗਰੀ

ਤੁਹਾਡੀ ਰਾਇ

New Directory Entries


ਕਿਰਪਾਲ ਸਿੰਘ ਬਠਿੰਡਾ
ਕਰਨਲ ਸ: ਸੁਰਜੀਤ ਸਿੰਘ ਨਿਸ਼ਾਨ ਦੀ ਤਾਰੀਖ਼ਾਂ ਤਬਦੀਲ ਕਰਨ ਦੀ ਸਮੱਸਿਆ।
ਕਰਨਲ ਸ: ਸੁਰਜੀਤ ਸਿੰਘ ਨਿਸ਼ਾਨ ਦੀ ਤਾਰੀਖ਼ਾਂ ਤਬਦੀਲ ਕਰਨ ਦੀ ਸਮੱਸਿਆ।
Page Visitors: 2475

ਕਰਨਲ ਸ: ਸੁਰਜੀਤ ਸਿੰਘ ਨਿਸ਼ਾਨ ਦੀ ਤਾਰੀਖ਼ਾਂ ਤਬਦੀਲ ਕਰਨ ਦੀ ਸਮੱਸਿਆ।

(ਸੇਵਾ ਮੁਕਤ) ਲੈਫ: ਕਰਨਲ ਸ: ਸੁਰਜੀਤ ਸਿੰਘ ਨਿਸ਼ਾਨ ਜੀ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਵਿਸ਼ਾ:  ਤੁਹਾਡੀ ਤਾਰੀਖ਼ਾਂ ਤਬਦੀਲ ਕਰਨ ਦੀ ਸਮੱਸਿਆ।
ਆਪ ਜੀ 1998 ਈ: ਤੋਂ ਭਾਵ ਪਿਛਲੇ ਤਕਰੀਬਨ 23 ਸਾਲਾਂ ਤਾਂ ਇੱਕੋ ਰੱਟ ਲਾ ਰਹੇ ਹੋ ਕਿ ਨਾਨਕਸ਼ਾਹੀ ਕੈਲੰਡਰ ’ਚ ਗੁਰਪੁਰਬਾਂ ਦੀਆਂ ਤਾਰੀਖ਼ਾਂ ਨਿਸਚਿਤ ਕਰਨ ਸਮੇਂ 4 ਤੋਂ 7 ਦਿਨਾਂ ਦੀ ਗਲਤੀ ਹੈ। ਆਪ ਜੀ ਦੀ ਗਣਿਤ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ੨੩ ਪੋਹ ਬਿਕਰਮੀ ਸੰਮਤ ੧੭੨੩ ਮੁਤਾਬਿਕ 22 ਦਸੰਬਰ 1666 ਈ: (ਜੂਲੀਅਨ) ਨੂੰ ਹੋਇਆ ਸੀ। ਜੂਲੀਅਨ ਕੈਲੰਡਰ ’ਚ 1582 ਈ: ’ਚ 10 ਦਿਨਾਂ ਦੀ ਸੋਧ ਲਾ ਕੇ ਇਸ ਨੂੰ ਗ੍ਰੈਗੋਰੀਅਨ ਕੈਲੰਡਰ ਵਿੱਚ ਤਬਦੀਲ ਕਰਨ ’ਤੇ ਬਣਦੀ ਹੈ 1 ਜਨਵਰੀ 1667 ਈ: (ਗ੍ਰੈਗੋਰੀਅਨ)। ਹੁਣ ਜੇ ਨਾਨਕਸ਼ਾਹੀ ਕੈਲੰਡਰ ਦੀ ੨੩ ਪੋਹ ਨੂੰ ਪਿੱਛੇ ਨੂੰ ਗਿਣਦੇ ਜਾਈਏ ਤਾਂ 1 ਜਨਵਰੀ 1667 ਈ: ਨੂੰ ਨਾਨਕਸ਼ਾਹੀ ਕੈਲੰਡਰ ਦੀ ੧੯ ਪੋਹ ਬਣਦੀ ਹੈ ਇਸ ਲਈ ਗੁਰਪੁਰਬ ’ਚ 4 ਦਿਨਾਂ ਦੀ ਗਲਤੀ ਹੈ। ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ੨ ਹਾੜ ਬਿਕਰਮੀ ਸੰਮਤ ੧੬੬੩ ਮੁਤਾਬਿਕ 30 ਮਈ 1606 ਈ: (ਜੂਲੀਅਨ) ਨੂੰ ਹੋਈ; ਜਿਸ ਨੂੰ 10 ਦਿਨਾਂ ਦੀ ਸੋਧ ਨਾਲ ਗ੍ਰੈਗੋਰੀਅਨ ’ਚ ਤਬਦੀਲ ਕਰਨ ’ਤੇ ਬਣਦੀ ਹੈ 9 ਜੂਨ ਪਰ ਨਾਨਕਸ਼ਾਹੀ ਕੈਲੰਡਰ ’ਚ ਸ਼ਹੀਦੀ ਗੁਰਪੁਰਬ ਨਿਸਚਿਤ ਕਰ ਦਿੱਤਾ 16 ਜੂਨ; ਇਸ ਕਾਰਨ ਇਸ ਵਿੱਚ 7 ਦਿਨਾਂ ਦੀ ਗਲਤੀ ਹੈ
1.  ਸ: ਸੁਰਜੀਤ ਸਿੰਘ ਜੀ ! ਆਪ ਜੀ ਤਾਂ M.Sc (Math, Astronomy) ਅਤੇ ਆਪਣੇ ਆਪ ਨੂੰ ਕੈਲੰਡਰ ਦੇ ਮਾਹਰ ਵੀ ਕਹਾਉਂਦੇ ਹੋ ਪਰ ਕੈਲੰਡਰਾਂ ਦੀ ਥੋਹੜੀ ਬਹੁਤ ਸੂਝ ਰੱਖਣ ਵਾਲਾ ਮੇਰੇ ਵਰਗਾ ਦਸਵੀਂ ਪਾਸ ਵਿਅਕਤੀ ਵੀ ਤੁਹਾਡੇ ਇਸ ਫ਼ਾਰਮੂਲੇ ਨੂੰ ਸਿਰੇ ਤੋਂ ਨਕਾਰ ਦੇਵੇਗਾ। ਕਾਰਣ ਇਹ ਹੈ ਕਿ ਹਰ ਵਿਅਕਤੀ ਜਾਣਦਾ ਹੈ ਕਿ ਜੂਲੀਅਨ ਕੈਲੰਡਰ ਅਤੇ ਗ੍ਰੈਗੋਰੀਅਨ ਕੈਲੰਡਰ ’ਚ 10 ਦਿਨਾਂ ਦਾ ਫ਼ਰਕ ਕੇਵਲ 16ਵੀਂ ਸਦੀ ਵਿੱਚ ਸੀ ਨਾ ਕਿ ਹਮੇਸ਼ਾਂ ਲਈ ਪੱਕਾ। ਇਸ ਗੱਲ ਦਾ ਵੀ ਹਰ ਵਿਅਕਤੀ ਨੂੰ ਗਿਆਨ ਹੈ ਕਿ ਦੋਵੇਂ ਕੈਲੰਡਰਾਂ ਦੇ ਲੀਪ ਸਾਲ ਨਿਯਮਾਂ ਵਿੱਚ ਫ਼ਰਕ ਹੋਣ ਕਰਕੇ ਹਰ 4 ਸਦੀਆਂ ਵਿੱਚ 3 ਦਿਨਾਂ ਦਾ ਫ਼ਰਕ ਹੋਰ ਪੈ ਜਾਂਦਾ ਹੈ। ਤੁਹਾਨੂੰ ਇਸ ਗੱਲ ਦੀ ਜਰੂਰ ਸੋਝੀ ਹੋਵੇਗੀ ਕਿ ਰੂਸ ਨੇ 1582 ਈ: ’ਚ ਇਹ ਸੋਧ ਲਾਗੂ ਨਹੀਂ ਕੀਤੀ ਬਲਕਿ 31 ਜਨਵਰੀ 1918 ਈ: ਭਾਵ 4 ਸਦੀਆਂ ਪਿੱਛੋਂ 20 ਵੀਂ ਸਦੀ ’ਚ ਲਾਗੂ ਕੀਤੀ; ਇਸ ਕਾਰਨ ਉਨ੍ਹਾਂ ਨੂੰ 10 ਦੀ ਬਜਾਏ 13 ਦਿਨਾਂ ਦੀ ਸੋਧ ਲਾਉਣੀ ਪਈ। ਨਾਨਕਸ਼ਾਹੀ ਕੈਲੰਡਰ ਵੀ 20ਵੀਂ ਸਦੀ ਦੇ ਅਖੀਰ ’ਤੇ 1999 ’ਚ ਲਾਗੂ ਕੀਤੇ ਜਾਣ ਸਦਕਾ ਪਹਿਲੇ ਹੀ ਪੱਖ ਤੋਂ ਤੁਹਾਡਾ 10 ਦਿਨ ਦਾ ਫ਼ਾਰਮੂਲਾ ਗਲਤ ਸਾਬਤ ਹੁੰਦਾ ਹੈ।  4 ਸਦੀਆਂ ’ਚ 3 ਦਿਨ ਦਾ ਫ਼ਰਕ ਵਧਣ ਦਾ ਕਾਰਣ ਇਹ ਹੈ ਕਿ ਗ੍ਰੈਗੋਰੀਅਨ ਕੈਲੰਡਰ ਦੇ ਸਾਲ ਦੀ ਲੰਬਾਈ 365.250000 ਦਿਨ ਅਤੇ ਗ੍ਰੈਗੋਰੀਅਨ ਕੈਲੰਡਰ ਦੇ ਸਾਲ ਦੀ ਲੰਬਾਈ 365.242196 ਦਿਨ ਹੋਣ ਕਰਕੇ ਦੋਵਾਂ ਕੈਲੰਡਰਾਂ ਦੇ ਸਾਲ ਦੀ ਲੰਬਾਈ ਵਿੱਚ ਅੰਤਰ 0.007804 ਦਿਨ ਹੈ; 4 ਸਦੀਆਂ ਵਿੱਚ ਫ਼ਰਕ = 0.007804 400 = 3.1216 ਦਿਨ ਸੋਧ ਦਾ ਇਹ ਨਿਯਮ ਕੇਵਲ ਜੂਲੀਅਨ ਤੋਂ ਗ੍ਰੈਗੋਰੀਅਨ ਤਾਰੀਖ਼ਾਂ ’ਚ ਤਬਦੀਲ ਕਰਨ ਲਈ ਹੈ ਜੋ ਬਿਕਰਮੀ ਤੋਂ ਨਾਨਕਾਸ਼ਾਹੀ ਤਾਰੀਖ਼ਾਂ ਤਬਦੀਲ ਕਰਨ ਲਈ ਕਦਾਚਿਤ ਨਹੀਂ ਵਰਤਿਆ ਜਾ ਸਕਦਾ ਕਿਉਂਕਿ ਇਨ੍ਹਾਂ ਕੈਲੰਡਰਾਂ ਦੇ ਸਾਲਾਂ ਦੀ ਲੰਬਾਈ ਦਾ ਅੰਤਰ ਜੂਲੀਅਨ ਤੇ ਗ੍ਰੈਗੋਰੀਅਨ ਕੈਲੰਡਰਾਂ ਦੇ ਫ਼ਰਕ ਨਾਲੋਂ ਭਿੰਨ ਹੈ। ਸੂਰਜੀ ਸਿਧਾਂਤ ਬਿਕ੍ਰਮੀ ਕੈਲੰਡਰ (ਜੋ 1964 ਈ: ਤੱਕ ਲਾਗੂ ਰਿਹਾ) ਦੇ ਸਾਲ ਦੀ ਲੰਬਾਈ 365. 258756 ਦਿਨ ਹੈ ਜਦੋਂ ਕਿ 1999 ਈ: ’ਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਹੈ 365.242196 ਦਿਨ। ਇਸ ਹਿਸਾਬ ਨਾਲ ਦੋਵਾਂ ਕੈਲੰਡਰਾਂ ਦੇ ਸਾਲ ਦੀ ਲੰਬਾਈ ’ਚ ਫ਼ਰਕ ਹੈ 0.01656 ਦਿਨ ਭਾਵ ਜੂਲੀਅਨ ਅਤੇ ਗ੍ਰੈਗੋਰੀਅਨ ਕੈਲੰਡਰ ਦੇ ਸਾਲਾਂ ਦੀ ਲੰਬਾਈ ’ਚ ਅੰਤਰ ਨਾਲੋਂ ਦੁੱਗਣੇ ਤੋਂ ਵੀ ਵੱਧ। ਕੀ ਤੁਹਾਨੂੰ ਇਸ ਗੱਲ ਦਾ ਵੀ ਗਿਆਨ ਨਹੀਂ ਹੈ ਕਿ ਇਸ ਅੰਤਰ ਕਾਰਨ ਵੀ ਦੋਵੇਂ ਕੈਲੰਡਰਾਂ ਦੇ ਸਾਲਾਂ ਦੀਆਂ ਤਾਰੀਖ਼ਾਂ ’ਚ ਫ਼ਰਕ ਸਮੇਂ ਦੇ ਨਾਲ ਨਾਲ ਵੱਧਦਾ ਜਾਵੇਗਾ।  M.Sc (Math, Astronomy) ਹੋਣ ਦੇ ਨਾਤੇ ਤੁਸੀਂ ਬਹੁਤ ਹੀ ਆਸਾਨੀ ਨਾਲ ਇਸ ਦੀ ਗਣਿਤ (Calculation) ਕਰ ਸਕਦੇ ਹੋ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਨੂੰ 1999 ਈ: ’ਚ ਹੋ ਗਏ ਸਨ 1999-1606 = 393 ਸਾਲ। 393 ਸਾਲਾਂ ’ਚ ਅੰਤਰ ਪਏਗਾ = 393 X 0.01656 =  6.508008  ਦਿਨ ਜਾਂ ਕਹਿ ਲਓ 6 ਜਾਂ 7 ਨਾਗਰਿਕ ਦਿਨ। ਤੁਹਾਡੀ ਸਮੱਸਿਆ ਇਹ ਹੈ ਕਿ ਤੁਸੀਂ ਇਸ ਫ਼ਰਕ ਨੂੰ ਜਾਂ ਤਾਂ ਸਮਝਦੇ ਨਹੀਂ ਜਾਂ ਫਿਰ ਕਿਸੇ ਕਾਰਨ ਸਮਝਣਾ ਨਹੀਂ ਚਾਹੁੰਦੇ। ਚੰਗੀ ਗੱਲ ਹੈ ਕਿ ਤੁਸੀਂ ਮੰਨ ਜਾਉ ਕਿ ਹੁਣ ਤੁਹਾਨੂੰ ਸਮਝ ਆ ਗਈ ਹੈ ਕਿ ਨਾਨਕਸ਼ਾਹੀ ਕਲੰਡਰ ’ਚ ਗੁਰਪੁਰਬਾਂ ਦੀਆਂ ਸਾਰੀਆਂ ਤਾਰੀਖ਼ਾਂ ਠੀਕ ਹਨ। ਮੇਰਾ ਖ਼ਿਆਲ ਹੈ ਕਿ ਮੰਨ ਜਾਣ ’ਚ ਤੁਹਾਡਾ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕ ਇੱਕ ਵਾਰ ਪਹਿਲਾਂ ਤੁਸੀਂ 5K ਚੈੱਨਲ ’ਤੇ ਗੁਰਪੁਰਬਾਂ ਦੀਆਂ ਸਾਰੀਆਂ ਤਾਰੀਖ਼ਾਂ ਠੀਕ ਮੰਨ ਚੁੱਕੇ ਹੋ। ਪਰ ਜੇ ਸਮਝਣਾਂ ਹੀ ਨਹੀਂ ਚਾਹੁੰਦੇ ਜਾਂ ਸਮਝ ਕੇ ਵੀ ਮੰਨਣਾਂ ਨਹੀਂ ਚਾਹੁੰਦੇ ਅਤੇ ਮੰਨ ਕੇ ਵੀ ਮੁੱਕਰ ਸਕਦੇ ਹੋ ਤਾਂ ਇਸ ਦਾ ਕੋਈ ਇਲਾਜ ਨਹੀਂ ਹੈ।
2. ਸ: ਸਰਬਜੀਤ ਸਿੰਘ ਸੈਕਰਾਮੈਂਟੋ ਤੁਹਾਨੂੰ ਇਸ ਤੋਂ ਸੌਖੇ ਲਫ਼ਜਾਂ ’ਚ ਸਮਝਾ ਰਹੇ ਸਨ ਕਿ ਜੇ ਤੁਹਾਡੇ 10 ਦਿਨ ਜੋੜਨ ਦੇ ਫ਼ਾਰਮੂਲੇ ਨੂੰ ਸਹੀ ਮੰਨ ਲਿਆ ਜਾਵੇ ਤਾਂ 1699 ਈ: ’ਚ ਵੈਸਾਖੀ 29 ਮਾਰਚ (ਜੂਲੀਅਨ) ਨੂੰ ਸੀ; 10 ਦਿਨ ਜੋੜ ਕੇ 8 ਅਪ੍ਰੈਲ ਗ੍ਰੈਗੋਰੀਅਨ ਬਣਦੀ ਹੈ ਪਰ  ਅੱਜਕੱਲ੍ਹ ਵੈਸਾਖੀ 13 ਜਾਂ 14 ਅਪ੍ਰੈਲ ਨੂੰ ਆ ਰਹੀ ਹੋਣ ਕਰਕੇ ਇਸ ਵਿੱਚ ਵੀ 5-6 ਦਿਨ ਦੀ ਗਲਤੀ ਮੰਨਣੀ ਪਏਗੀ। ਹੈਰਾਨੀ ਇਹ ਹੈ ਕਿ ਤੁਸੀਂ ਵੈਸਾਖੀ ਦੇ ਦਿਨ ’ਚ ਗਲਤੀ ਨਹੀਂ ਮੰਨਦੇ ਕਿਉਂਕਿ ਤੁਹਾਡਾ ਮੰਨਣਾ ਹੈ ਕਿ ਵੈਸਾਖੀ ਤਾਂ ਹਮੇਸ਼ਾਂ 1 ਵੈਸਾਖ ਨੂੰ ਹੀ ਆਉਂਦੀ ਹੈ। ਸ: ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਜੇ 5-6 ਦਿਨਾਂ ਦੇ ਅੰਤਰ ਨਾਲ ਆ ਰਹੀ ਵੈਸਾਖੀ ਠੀਕ ਮੰਨਦੇ ਹੋ ਤਾਂ ਇਸੇ ਕੈਲੰਡਰ ਦੇ ਬਾਕੀ ਦੇ ਦਿਨ ਵੀ ਸਹੀ ਮੰਨਣੇ ਪੈਣਗੇ। ਪਿਛਲੇ ਸਾਲ 22 ਕੁ ਸਾਲਾਂ  ਦੇ ਰੇੜਕੇ ਉਪ੍ਰੰਤ ਤੁਸੀਂ 5K ਚੈੱਨਲ ’ਤੇ ਮੰਨ ਵੀ ਲਿਆ ਸੀ ਪਰ ਪਤਾ ਨਹੀਂ ਕਿਸ ਮਜ਼ਬੂਰੀ ਕਾਰਨ ਤੁਹਾਡੀ ਸੂਈ ਮੁੜ ਉਥੇ ਹੀ ਜਾ ਫਸੀ ਜਿੱਥੇ ਪਹਿਲਾਂ ਅੜੀ ਹੋਈ ਸੀ। ਸ: ਸਰਬਜੀਤ ਸਿੰਘ ਸੈਕਰਾਮੈਂਟੋ ਦੇ ਇਕ ਲੇਖ ‘ਵੈਸਾਖ ਸੁਦੀ ੫ ਬਨਾਮ ਵੈਸਾਖ ੫’ ਦਾ ਤੁਸੀਂ ਐਸਾ ਜਵਾਬ ਦਿੱਤਾ ਜਿਹੜਾ ਤੁਹਾਡੀ ਉਮਰ, ਤੁਹਾਡੀ ਵਿਦਿਅਕ ਯੋਗਤਾ ਅਤੇ ਕਰਨਲ ਵਰਗੇ ਵੱਡੇ ਅਹੁੱਦੇ ਤੋਂ ਸੇਵਾ ਮੁਕਤ ਹੋਏ ਵਿਅਕਤੀ ਲਈ ਬਿਲਕੁਲ ਸ਼ੋਭਦਾ ਨਹੀਂ; ਸਗੋਂ ਤੁਹਾਡੀ ਵਿਦਿਅਕ ਯੋਗਤਾ ’ਤੇ ਵੀ ਸਵਾਲੀਆ ਚਿੰਨ੍ਹ ਲਾਉਂਦਾ ਹੈ।
ਸਵਾਲੀਆ ਚਿੰਨ੍ਹ ਲਾਏ ਜਾਣ ਦਾ ਠੋਸ ਕਾਰਨ ਇਹ ਹੈ ਕਿ ਮੈਂ https://nanakshahi.net/convert/ ਰਾਹੀਂ ਚੈੱਕ ਕੀਤਾ ਤਾਂ ਵੇਖਿਆ ਕਿ ਗੁਰੂ ਤੇਗਬਹਾਦਰ ਸਾਹਿਬ ਜੀ ਦਾ ਪ੍ਰਕਾਸ਼, ਦਿਨ ਐਤਵਾਰ, ਵੈਸਾਖ ਵਦੀ ੫, ੫ ਵੈਸਾਖ ਬਿਕਰਮੀ ਸੰਮਤ ੧੬੭੮ (ਸੂਰਜੀ ਸਿਧਾਂਤ) ਮੁਤਾਬਿਕ 1 ਅਪ੍ਰੈਲ 1621 ਈ: ਨੂੰ ਹੋਇਆ। (ਇਨ੍ਹਾਂ ਤਾਰੀਖ਼ਾਂ ਨਾਲ ਤੁਸੀਂ ਵੀ ਸਹਿਮਤ ਹੋ)। ਇਸੇ ਸਾਲ ਦੀ ਵੈਸਾਖੀ, ਦਿਨ ਬੁੱਧਵਾਰ, ਵੈਸਾਖ ਵਦੀ ੧, ਵੈਸਾਖ ੧, ਬਿਕਰਮੀ ਸੰਮਤ ੧੬੭੮ (ਸੂਰਜੀ ਸਿਧਾਂਤ) / 28 ਮਾਰਚ 1621 ਈ: (ਜੂਲੀਅਨ) ਸੀ। ਭਾਵ ਸਾਰੇ ਕੈਲੰਡਰਾਂ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਵੈਸਾਖੀ ਤੋਂ 4 ਦਿਨ ਬਾਅਦ ਹੋਇਆ। ਹੁਣ ਆਈਏ 1999 ਈ: (ਗ੍ਰੈਗੋਰੀਅਨ) ’ਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖ਼ਾਂ ’ਤੇ। ਇਸ ਨਾਨਕਸ਼ਾਹੀ ਕੈਲੰਡਰ ਦੀ ੧ ਵੈਸਾਖ (ਨਾਨਕਸ਼ਾਹੀ) ਨੂੰ ਦਿਨ ਬੁੱਧਵਾਰ੧ ਵੈਸਾਖ ਬਿਕ੍ਰਮੀ ਸੰਮਤ ੨੦੫੬ (ਦ੍ਰਿਕ ਗਣਿਤ), 14 ਅਪ੍ਰੈਲ 1999 ਈ: (ਗ੍ਰੈਗੋਰੀਅਨ) ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ੫ ਵੈਸਾਖ (ਨਾਨਕਸ਼ਾਹੀ), ਦਿਨ ਐਤਵਾਰ, ੫ ਵੈਸਾਖ ਬਿਕਰਮੀ ਸੰਮਤ ੨੦੫੬ (ਦ੍ਰਿਕ ਗਣਿਤ), 18 ਅਪ੍ਰੈਲ ਹੈ। ਇੱਥੇ ਵੀ ਪ੍ਰਕਾਸ਼ ਪੁਰਬ ਵੈਸਾਖੀ ਤੋਂ 4 ਦਿਨ ਪਿੱਛੋਂ ਹੈ ਕੋਈ ਵੀ ਵਿਅਕਤੀ ਇਨ੍ਹਾਂ ਤਾਰੀਖ਼ਾਂ ਨੂੰ ਗਲਤ ਨਹੀਂ ਕਹਿ ਸਕਦਾ ਅਤੇ ਤੁਸੀਂ ਵੀ ਇਨ੍ਹ ਤਾਰੀਖ਼ਾਂ ’ਚੋਂ ੧ ਵੈਸਾਖ 14 ਅਪ੍ਰੈਲ ਠੀਕ ਮੰਨਦੇ ਹੋ। ਭਾਵ ਜਿਹੜੀ ੧ ਵੈਸਾਖ ਸੰਮਤ ੧੬੭੮ ’ਚ 28 ਮਾਰਚ ਨੂੰ ਆਈ ਉਹ 17 ਦਿਨਾਂ ਦੇ ਫ਼ਰਕ ਨਾਲ 14 ਅਪ੍ਰੈਲ ਨੂੰ ਆਈ ਤਾਂ ਠੀਕ ਇਸੇ ਤਰ੍ਹਾਂ 1 ਅਪ੍ਰੈਲ ਨੂੰ ਆਉਣ ਵਾਲੀ 5 ਵੈਸਾਖ 17 ਦਿਨਾਂ ਬਾਅਦ 18 ਅਪ੍ਰੈਲ ਨੂੰ ਹੀ ਆਵੇਗੀ। ਇੱਥੇ ਵੀ ਗੁਰਪੁਰਬ ਵੈਸਾਖੀ ਤੋਂ 4 ਦਿਨ ਪਿੱਛੋਂ ਅਤੇ ਅੱਗੇ ਤੋਂ ਹਮੇਸ਼ਾਂ ਲਈ 4 ਦਿਨਾਂ ਦੇ ਫ਼ਰਕ ਨਾਲ ਇਨ੍ਹਾਂ ਹੀ ਤਾਰੀਖ਼ਾਂ ਨੂੰ ਆਉਂਦੇ ਰਹਿਣਗੇ। ਤੁਸੀਂ ਇਸ ਨੂੰ ਮੰਨਣ ਤੋਂ ਕਿਉਂ ਇਨਕਾਰੀ ਹੋ? ਇਸ ਦਾ ਜਵਾਬ ਕੇਵਲ ਤੁਸੀਂ ਹੀ ਦੇ ਸਕਦੇ ਹੋ। ਤੁਹਾਡਾ ਇਹ ਜਵਾਬ ਤਾਂ ਹੋਰ ਵੀ ਮੂਰਖਤਾ ਵਾਲਾ ਲਗਦਾ ਹੈ ਜਿਸ ਵਿੱਚ ਤੁਸੀਂ ਕਿਹਾ ਹੈ ਕਿ ਜੇ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਗੁਰਪੁਰਬ ਦੀ ਅਸਲ ਤਾਰੀਖ਼ ਕੱਢੀ ਜਾਏ ਤਾਂ ੨੯ ਚੇਤ ਬਣਦੀ ਹੈ। ਮੁਆਫ਼ ਕਰਨਾ ਜੇ ਤੁਹਾਨੂੰ ਮੇਰੇ ਇਹ ਸ਼ਬਦ ਕੌੜੇ ਲਗਦੇ ਹੋਣ ਤਾਂ ਤੁਸੀਂ ਖ਼ੁਦ ਹੀ ਦੱਸੋ ਕਿ ਜਿਹੜਾ ਵਿਅਕਤੀ ਵੈਸਾਖੀ ਤੋਂ 4 ਦਿਨ ਬਾਅਦ ਆਉਣ ਵਾਲੇ ਗੁਰਪੁਰਬ ਨੂੰ ਵੈਸਾਖੀ ਤੋਂ 3 ਦਿਨ ਪਹਿਲਾਂ ਦੱਸ ਰਿਹਾ ਹੋਵੇ ਤਾਂ ਤੁਸੀਂ ਉਸ ਵਿਅਕਤੀ ਨੂੰ ਕੀ ਕਹਿਣਾ ਚਾਹੋਗੇ? ਕੀ ਤੁਹਾਨੂੰ ਇੱਥੇ ਆਪਣੀਆਂ ਤਜ਼ਵੀਜ਼ ਕੀਤੀਆਂ ਤਾਰੀਖ਼ਾਂ ’ਚ 7 ਦਿਨਾਂ ਦੀ ਗਲਤੀ ਨਜ਼ਰ ਨਹੀਂ ਆ ਰਹੀ?
3. ਸੁਰਜੀਤ ਸਿੰਘ ਜੀ! ਤੁਹਾਡੀ ਵੱਡੀ ਸਮੱਸਿਆ ਹੈ ਕਿ ਤੁਸੀਂ ੧ ਵੈਸਾਖ ਬਿਕ੍ਰਮੀ ਸੰਮਤ ੨੦੫੬/ 14 ਅਪ੍ਰੈਲ 1999 ਤੋਂ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਦੀ ਵੈਸਾਖੀ ਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ਤਾਰੀਖ਼ਾਂ ਨੂੰ ਲਾਗੂ ਹੋਣ ਦੀ ਮਿਤੀ ਤੋਂ ਪਹਿਲੀਆਂ ਤਾਰੀਖ਼ਾਂ ’ਤੇ ਵੀ ਲਾਗੂ ਕਰਨਾ ਚਾਹ ਰਹੇ ਹੋ ਜਿਹੜਾ ਕਿ ਅੰਤਰਾਸ਼ਟਰੀ ਪੱਧਰ ’ਤੇ ਪ੍ਰਵਾਨਤ ਕੈਲੰਡਰ ਸੋਧ ਨਿਯਮਾਂ ਦੇ ਬਿਲਕੁਲ ਉਲਟ ਹੈ। ਤੁਹਾਨੂੰ ਸ਼ਾਇਦ ਪਤਾ ਹੀ ਨਹੀਂ ਕਿ ਬਿਕਰਮੀ ਕੈਲੰਡਰ ’ਚ ਵੀ 1964 ’ਚ ਸੋਧ ਹੋ ਚੁੱਕੀ ਹੈ ਜਿਸ ਮੁਤਾਬਿਕ ਮੌਜੂਦਾ ਸਮੇਂ ਲਾਗੂ ਬਿਕਰਮੀ ਸੰਮਤ (ਦ੍ਰਿਕ ਗਣਿਤ) ਦੀਆਂ ਤਾਰੀਖ਼ਾਂ ਅਤੇ ਗੁਰੂ ਕਾਲ ਸਮੇਂ ਪ੍ਰਚਲਤ ਬਿਕਰਮੀ ਸੰਮਤ (ਸੂਰਜੀ ਸਿਧਾਂਤ) ਦੀਆਂ ਤਾਰੀਖ਼ਾਂ ਵਿੱਚ ਭਿੰਨਤਾ ਹੈ। ਜਦ ਮੈਂ ਇਨ੍ਹਾਂ ਦੋਵਾਂ ਕੈਲੰਡਰਾਂ ਦੀਆਂ ਤਾਰੀਖ਼ਾਂ ਦੀ https://nanakshahi.net/convert/ ਰਾਹੀਂ ਪੜਤਾਲ ਕੀਤੀ ਤਾਂ ਵੇਖਿਆ ਕਿ ਦਿਨ ਬੁੱਧਵਾਰ, ਵੈਸਾਖ ੧, ਬਿਕਰਮੀ ਸੰਮਤ ੧੬੭੮ (ਸੂਰਜੀ ਸਿਧਾਂਤ) / 28 ਮਾਰਚ 1621 ਈ: (ਜੂਲੀਅਨ) ਵਾਲੇ ਦਿਨ ਦ੍ਰਿਕ ਗਣਿਤ ਸਿਧਾਂਤ ਵਾਲੇ ਕੈਲੰਡਰ ਦੀ ੩੧ ਚੇਤ ਸੰਮਤ ੧੬੭੭ ਬਣਦੀ ਹੈ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦਿਨ ਐਤਵਾਰ ੫ ਵੈਸਾਖ, ਸੰਮਤ ੧੬੭੮ (ਸੂਰਜੀ ਸਿਧਾਂਤ) 1 ਅਪ੍ਰੈਲ 1621 ਈ: (ਜੂਲੀਅਨ) ਨੂੰ ੪ ਵੈਸਾਖ ਬਿਕਰਮੀ ਸੰਮਤ ੧੬੭੮ (ਦ੍ਰਿਕ ਗਣਿਤ) ਬਣਦਾ ਹੈ ਭਾਵ ਦੋਵੇਂ ਕੈਲੰਡਰਾਂ ਦੀਆਂ ਦੋਹਾਂ ਹੀ ਤਾਰੀਖ਼ਾਂ ਵਿੱਚ 1-1 ਦਿਨ ਦਾ ਅੰਤਰ ਹੈ। ਕੀ ਤੁਹਾਨੂੰ ਇੱਥੇ ਕੈਲੰਡਰ ਸੋਧ ਨਿਯਮਾਂ ਸਬੰਧੀ ਆਪਣੀ ਅਗਿਆਨਤਾ ਪ੍ਰਗਟ ਨਹੀਂ ਹੁੰਦੀ ਕਿ ਤੁਸੀਂ ਬਿਕਰਮੀ ਕੈਲੰਡਰ (ਦ੍ਰਿਕ ਗਣਿਤ) ਦੀਆਂ ਤਾਰੀਖ਼ਾਂ ਨੂੰ ਪਿਛਲਖੁਰੀ ਗਿਣਨ ਨੂੰ ਤਾਂ ਅਣਡਿੱਠ ਕੀਤਾ ਹੈ ਪਰ ਨਾਨਕਸ਼ਾਹੀ ਤਾਰੀਖ਼ਾਂ ਨੂੰ ਪਿੱਛਲਖੁਰੀ ਗਿਣਨ ਦੀ ਪਿਛਲੇ 23 ਸਾਲਾਂ ਤੋਂ ਬੜੀ ਢੀਠਤਾਈ ਨਾਲ ਜ਼ਿਦ ਕਰ ਰਹੇ ਹੋ। ਆਪ ਜੀ ਲਈ ਸਵਾਲ ਹੈ :-
 (ੳ)  ਜੇ ਤੁਸੀਂ ਸੋਧ ਉਪ੍ਰੰਤ ਤਾਰੀਖ਼ਾਂ ਨੂੰ ਪਿਛਲਖੁਰੀ ਗਿਣਨ ਦੇ ਕੈਲੰਡਰ ਦੇ ਮਾਹਰ ਵਿਦਵਾਨ ਕਹਾਉਣ ਦਾ ਬਹੁਤਾ ਹੀ ਸ਼ੌਕ ਪਾਲਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਪੁਸਤਕ ‘ਗੁਰਪੁਰਬ ਦਰਪਣ’ ’ਚ ਛਾਪੀ ‘ਗੁਰ ਬੰਸਾਵਲੀ’ ਸਾਰਣੀ ਵਿੱਚ ਜਿਸ ਤਰ੍ਹਾਂ ਉਸ ਸਮੇਂ ਪ੍ਰਚਲਤ ਜੂਲੀਅਨ ਕੈਲੰਡਰ ਅਤੇ ਮੌਜੂਦਾ ਸਮੇਂ ਲਾਗੂ ਗ੍ਰੈਗੋਰੀਅਨ ਕੈਲੰਡਰ ਦੋਵਾਂ ਦੀਆਂ ਵੱਖੋ ਵੱਖਰੇ ਰੰਗਾਂ ’ਚ ਤਾਰੀਖ਼ਾਂ ਛਾਪੀਆਂ ਹਨ ਉਸੇ ਤਰ੍ਹਾਂ ਉਸ ਸਮੇਂ ਪ੍ਰਚਲਤ ਬਿਕਰਮੀ ਕੈਲੰਡਰ (ਸੂਰਜੀ ਸਿਧਾਂਤ) ਅਤੇ ਮੌਜੂਦਾ ਸਮੇਂ ਲਾਗੂ ਬਿਕਰਮੀ ਕੈਲੰਡਰ (ਦ੍ਰਿਕ ਗਣਿਤ) ਦੋਵਾਂ ਦੀਆਂ ਵੱਖੋ ਵੱਖਰੇ ਰੰਗਾਂ ’ਚ ਤਾਰੀਖ਼ਾਂ ਛਾਪ ਕੇ ਦੱਸਿਆ ਜਾਵੇ ਕਿ ਕਿੰਨੀਆਂ ਤਾਰੀਖ਼ਾਂ ਵਿੱਚ ਫ਼ਰਕ ਹੈ ਅਤੇ ਤੁਸੀਂ ਇਸ ਫ਼ਰਕ ਨੂੰ ਨਜ਼ਰਅੰਦਾਜ਼ ਕਿਉਂ ਕੀਤਾ ਹੈ?
(ਅ) ਜੇ ਤੁਸੀਂ ਸੂਰਜੀ ਸਿਧਾਂਤ ਅਤੇ ਦ੍ਰਿਕ ਗਣਿਤ ਤਾਰੀਖ਼ਾਂ ਦੀਆਂ ਕੈਲਕੂਲੇਸ਼ਨਾਂ ਖ਼ੁਦ ਆਪ ਕੀਤੀਆਂ ਹਨ ਜਿਵੇਂ ਕਿ ਤੁਸੀਂ ਹਮੇਸ਼ਾਂ ਦਾਅਵਾ ਕਰਦੇ ਹੋ ਤਾਂ ਉਨ੍ਹਾਂ ਦੇ ਫ਼ਾਰਮੂਲੇ ਸਮੇਤ ਸਾਰੀਆਂ ਕੈਲਕੂਲੇਸ਼ਨਾਂ ਨੱਥੀ ਕੀਤੀਆਂ ਜਾਣ ਪਰ ਜੇ ਤੁਸੀਂ ਕਿਸੇ ਕੰਪਿਊਟਰ ਪ੍ਰੋਗਰਾਮ ਰਾਹੀਂ ਚੈੱਕ ਕਰਦੇ ਹੋ ਤਾਂ ਉਸ ਪ੍ਰੋਗਰਾਮ ਸਬੰਧੀ ਪੂਰੀ ਜਾਣਕਾਰੀ ਸਮੇਤ ਉਸ ਦੀ ਸੀ.ਡੀ. ਭੇਜੀ ਜਾਵੇ ਤਾ ਕਿ ਤੁਹਾਡੀਆਂ ਤਾਰੀਖ਼ਾਂ ਦੀ ਸ਼ੁੱਧਤਾ ਚੈੱਕ ਕੀਤੀ ਜਾ ਸਕੇ।

ਕਿਰਪਾਲ ਸਿੰਘ ਬਠਿੰਡਾ  ਸੰਪਰਕ +91 88378 13661

        ਮਿਤੀ: 28 ਮਈ 2021                                                                                    


 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.