ਕੀ ਇਹ ਸ਼ਸਤਰ, ਇਹ ਤਸਵੀਰ ਗੁਰੂ ਤੋਂ ਵੱਡੇ ਹਨ..?
ਆਤਮਜੀਤ ਸਿੰਘ, ਕਾਨਪੁਰ
ਸ਼ਸਤਰਾਂ ਅੱਗੇ, ਤਸਵੀਰ ਅੱਗੇ ਚੌਰ ਝੁਲਾਉਣਾ ਕਿੰਨੀ ਵੱਡੀ ਅਗਿਆਨਤਾ ਹੈ, ਕੀ ਇਹ ਸ਼ਸਤਰ, ਇਹ ਤਸਵੀਰ ਗੁਰੂ ਤੋਂ ਵੱਡੇ ਹਨ..? ਜਦੋਂ ਕੀ ਗੁਰਮਤਿ ਅਨੁਸਾਰ ਸਿੱਖੀ ਵਿੱਚ ਤਸਵੀਰ (ਬੁੱਤ ਪੂਜਾ) ਨੂੰ ਕੋਈ ਥਾਂ ਨਹੀਂ, ਫਿਰ ਇਸ ਅੱਗੇ ਚੌਰ ਝੁਲਾਉਣਾ ਕਿੰਨੀ ਵੱਡੀ ਅਗਿਆਨਤਾ ਹੈ, ਗੁਰਬਾਣੀ ਫੁਰਮਾਣ ਹੈ..
ਗੁਰ ਕੀ ਮੂਰਤਿ ਮਨ ਮਹਿ ਧਿਆਨੁ ॥
ਪਾਖਾਨ ਗਢਿ ਕੈ ਮੂਰਤਿ ਕੀਨ੍ਹੀ ਦੇ ਕੈ ਛਾਤੀ ਪਾਉ ॥ ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥੩॥ {ਪੰਨਾ ੪੭੯}
ਪਾਥਰੁ ਲੇ ਪੂਜਹਿ ਮੁਗਧ ਗਵਾਰ ॥ {ਪੰਨਾ ੫੫੬}
ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ {ਪੰਨਾ ੯੪੪}
ਅਤੇ ਗੁਰੂ ਨੇ ਇਹ ਵੀ ਦਸ ਦਿੱਤਾ ਇਹ ਸਰੀਰ ਸਦਾ ਥਿਰ ਰਹਿਣ ਵਾਲਾ ਨਹੀਂ, ਸਦਾ-ਥਿਰ ਰਹਿਣ ਵਾਲਾ ਸਿਫ਼ਤ-ਸਾਲਾਹ ਦਾ ਸ਼ਬਦ ਹੈ ..
ਹਰਿ ਹਮਰਾ ਹਮ ਹਰਿ ਕੇ ਦਾਸੇ ਨਾਨਕ ਸਬਦੁ ਗੁਰੂ ਸਚੁ ਦੀਨਾ ਜੀਉ ॥੪॥੧੪॥੨੧॥ {ਪੰਨਾ ੧੦੦}
ਜਦੋਂ ਗੁਰੂ ਸਾਹਿਬਾਨਾਂ ਨੇ ਗੁਰਬਾਣੀ ਵਿਚ ਆਪ ਇਹ ਸਭ ਕੁਝ ਪ੍ਰਚਾਰਿਆ ਹੋਵੇ, ਗੁਰੂ ਸਹਿਬਾਨ ਆਪ ਸਾਰੀ ਉਮਰ ਮੂਰਤੀ ਪੂਜਾ ਦੇ ਖਿਲਾਫ਼ ਰਹੇ ਹੋਣ ਤੇ ਫਿ਼ਰ ਉਨ੍ਹਾਂ ਦੀ ਤਸਵੀਰ ਬਣਾਉਣੀ, ਅਤੇ ਉਸ ਅੱਗੇ ਚੌਰ ਕਰਨੀ ਕਿੰਨੀ ਵੱਡੀ ਮੂਰਖਤਾ ਹੈ..
ਅਤੇ ਭਲਿਓ ਗੁਰੂ ਨੇ ਸ਼ਸਤਰ ਧਾਰੀ ਹੋਣ ਲਈ ਕਿਹਾ ਹੈ ਕਿਉਂਕਿ ਉਸ ਦੀ ਜਰੂਰਤ ਸੀ ਕਿ ਲੋੜ ਸਮੇਂ ਸਿੱਖ ਆਪਣੀ ਰਾਖੀ ਆਪ ਕਰ ਸਕੇ ਨਾ ਕੀ ਸ਼ਸਤਰ ਨੂੰ ਪੂਜਣ ਲਈ ਚੌਰ ਕਰਨ ਲਈ ਕਿਹਾ ਹੈ, ਪਰ ਸਿੱਖਾਂ ਵਿੱਚ ਬ੍ਰਾਹਮਣੀ ਕਰਮਕਾਂਡ ਨਿਭਾਉਣ ਵਾਲਿਆਂ ਨੇ ਸਸ਼ਤ੍ਰਾਂ ਨੂੰ ਹੀ ਸਾਡੇ ਪੀਰ ਬਣਾ ਧਰਿਆ ਹੈ..
ਭਲਿਓ ਸ਼ਸਤਰ ਮਨੁੱਖ ਨੇ ਆਪਣੀ ਰਾਖੀ ਲਈ ਬਣਾਏ ਸੀ, ਇਹ ਸਾਡੇ ਰਖਵਾਲੇ ਓਦੋਂ ਹਨ ਜਦੋਂ ਸਾਡੇ ਹੱਥ ਵਿਚ ਹਨ, ਭਾਵੇਂ ਇਸਦੀ ਲੱਖ ਪੂਜਾ ਕਰ ਲਵੋ ਚੌਰ ਕਰ ਲਵੋ, ਜਦੋਂ ਇਹ ਦੂਜੇ ਦੇ ਹੱਥ ਵਿੱਚ ਹਨ, ਤਾਂ ਉਸਦੇ ਚਲਾਇਆਂ ਹੀ ਚਲਣਗੇ.. ਇਹ ਤਾਂ ਇੱਕ ਸਾਧਨ ਹਨ, ਪਰ ਸਾਡੇ ਵਿੱਚ ਘੁਸਪੈਠ ਕਰ ਚੁੱਕੇ ਬੋਦੀ ਵਾਲੇ ਪਾਂਡੇ ਨੇ ਸਾਨੂੰ ਸਾਧਨ ਦੀ ਪੂਜਾ ਕਰਵਾਉਣ ਲਾ ਦਿੱਤਾ.. ਭਲਿਓ ਗੁਰੂ ਕਹਿੰਦੇ ਹਨ..
ਮ:1 ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ ॥ ਪੰਨਾ 634
ਸਿੱਖ ਦਾ ਗੁਰੂ ਪੀਰ ਸਬਦੁ ਹੈ, ਗੁਰਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਸਿੱਖੀ 'ਚ ਸ਼ਸਤਰ ਦੀ ਮਹੱਤਤਾ ਹੈ, ਸਾਡੀ ਜ਼ਰੂਰਤ ਹੈ, ਪਰ ਇਹ ਪੀਰ ਨਹੀਂ, ਸ਼ਸਤਰ ਸਾਡੇ ਲਈ ਹੈ, ਪਰ ਸ਼ਸਤਰ ਗੁਰੂ ਨਹੀਂ ਹੋ ਸਕਦਾ ਇਸ ਅੱਗੇ ਚੌਰ ਕਰਨੀ ਅਗਿਆਨਤਾ ਹੈ..
ਅਤੇ ਭਲਿਓ ਅਪਣੇ ਅੰਦਰ ਝਾਤ ਮਾਰ ਕੇ ਪੁੱਛੇ ਜੇ ਇਹ ਹੀ ਕੁਝ ਕਰਨਾ ਹੈ ਤੇ 'ਸਾਡੇ ਤੇ ਬਿਪਰ' ਵਿਚ ਕੀ ਫ਼ਰਕ ਰਹਿ ਗਿਆ??
ਗੁਰੂ ਰਾਖਾ।