ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ
ਗੁਰਦੇਵ ਸਿੰਘ ਸੱਧੇਵਾਲੀਆ
ਕਿਓਂ ਹੋਇਆ, ਕਿਵੇਂ ਹੋਇਆ, ਕੀ ਕਾਰਣ ਸਨ, ਇਹ ਸਭ ਇਤਿਹਾਸ ਦਾ ਵਿਸ਼ਾ ਰਹੇਗਾ ਹੀ ਪਰ ਇਥੇ ਬਾਬਾ ਜੀ ਅਪਣੇ ਮੇਰੇ ਨਿਜ ਦੀ ਹਓਂ ਨੂੰ ਸੰਬੋਧਨ ਹਨ ਕਿ ਬੰਦਿਆ ਕੀ ਪਤਾ, ਕੌਣ ਜਾਣੇ, ਕਿਸਨੂੰ ਇਲਮ ਰੱਬ ਦੇ ਰੰਗਾਂ ਦਾ ਕਿ ਕਿਸ ਨੂੰ ਧਰਤੀ ਵਿੱਚ ਗੱਡ ਦਏ, ਕਿਸ ਨੂੰ ਅਸਮਾਨੀ ਉਡਾ ਖੜੇ, ਕਿਸ ਨੂੰ ਤਖਤ ਬੈਠਾ ਦਏ ਤੇ ਕਿਸ ਨੂੰ ਤਖਤੇ ਚਾਹੜ ਦਏ।
ਸੰਸਾਰ ਦੀ ਨਿਗਾਹ ਵਿੱਚ ਕੀੜਾ ਜਿਹਾ ਜਾਪਣ ਵਾਲਾ ਬੱਕਰੀਆਂ ਚਾਰਦਾ ਆਜੜੀ ਯਾਣੀ ਨਾਦਰ ਸ਼ਾਹ ਕਿਸ ਨੂੰ ਪਤਾ ਸੀ ਅਫਗਾਨ ਦਾ ਬਾਦਸ਼ਾਹ ਹੋਵੇਗਾ ਅਤੇ ਅਪਣੀ ਤਲਵਾਰ ਦੇ ਜੋਰ ਨਾਲ ਹਿੰਦੋਸਤਾਨ ਤਕ ਨੂੰ ਥਰ ਥਰ ਕੰਬਣੀਆਂ ਛੇੜ ਦਏਗਾ।
ਪਰ ਦੂਜੇ ਪਾਸੇ ਲਸ਼ਕਰਾਂ ਵਾਲੇ ਬਾਦਸ਼ਾਹ ਫਰਖਸੀਅਰ ਜਾਂ ਸ਼ਾਹ ਰੰਗੀਲੇ ਵਰਗੇ ਅਗਲਿਆਂ ਹਾਥੀਆਂ ਨਾਲ ਬੰਨ ਬੰਨ ਧੂਹੇ ਅਤੇ ਅੰਨੇ ਕਰ ਕਰ ਮਾਰੇ।
ਨਾਦਰ ਸ਼ਾਹ ਦੇ ਛੋਟੇ ਜਿਹੇ ਅਰਦਲੀ ਤੋਂ ਉਠ ਕੇ ਅਬਦਾਲੀ ਹਿੰਦੋਸਤਾਨ ਤਕ ਅਪਣੀਆਂ ਧੌਸਾਂ ਜਮਾ ਗਿਆ, ਪਰ ਲਸ਼ਕਰਾਂ ਵਾਲਾ ਯਾਣੀ ਤਾਜ ਮਹਲ ਖੜੇ ਕਰਨ ਵਾਲਾ ਸ਼ਾਹਜਹਾਨ ਆਖਰ ਵੇਲੇ ਪੁਤ ਹਥੋਂ ਈ ਜੇਹਲ ਵਿੱਚ ਬੈਠਾ ਪਾਣੀ ਦੀ ਬੂੰਦ ਨੂੰ ਤਰਸ ਤਰਸ ਮਰ ਗਿਆ।
ਸੜਕਾਂ 'ਤੇ ਬੈਠੇ ਭਿਖਾਰੀ ਰਾਤੋਂ ਰਾਤ ਸ਼ਾਹ ਹੁੰਦੇ ਦੇਖੇ ਅਤੇ ਦੁਨੀਆਂ ਦੇ ਚੋਟੀ ਦੇ ਅਮੀਰ ਖੁਦ ਨੂੰ ਈ ਗੋਲੀਆਂ ਮਾਰਦੇ ਜਾਂ ਫਾਹੇ ਲੈਂਦੇ ਵੀ ਸੰਸਾਰ ਨੇ ਦੇਖੇ।
ਟੇਸ਼ਨਾ 'ਤੇ ਚਾਇ-ਚਾਇ ਕਰਨ ਵਾਲਾ ਮੁਢੋਂ ਈ ਅਨਪੜ੍ਹ ਮੋਦੀ ਲੱਖਾਂ ਦਾ ਕੋਟ ਪਾ ਕੇ ਪੂਰੀ ਦੁਨੀਆਂ ਘੁੰਮੀ ਫਿਰਦਾ ਅਤੇ ਰਾਜ ਕਰ ਰਿਹਾ, ਪਰ ਕਿਤਾਬਾਂ ਦੀਆਂ ਪੰਡਾਂ ਸਿਰ 'ਤੇ ਲੱਦੀ ਫਿਰਨ ਵਾਲਿਆਂ ਯਾਣੀ ਡਿਗਰੀਆਂ ਚੁਕੀ ਫਿਰਨ ਵਾਲਿਆਂ ਨੂੰ ਸਾਈਕਲ ਵੀ ਨਸੀਬ ਨਹੀਂ।
ਇਨਾ ਬਚਨਾਂ ਰਾਹੀਂ ਬਾਬਾ ਜੀ ਅਪਣੇ ਮੇਰੀ ਹਓਂ ਦੀ ਉਬਲ ਉਬਲ ਜਾਂਦੀ, ਉਛਲ ਉਛਲ ਬਾਹਰ ਨਿਕਲ ਰਹੀ ਈਗੋ ਉਪਰ ਛਟੇ ਮਾਰ ਰਹੇ ਕਿ ਨਾ ਕਰ ਮਾਣ, ਕਿਓਂ ਕਰਦਾਂ ਮਾਣ, ਦਸ ਕਾਹਦਾ ਮਾਣ ਉਸ ਦੀ ਨਦਰ ਪੁਠੀ ਹੋ ਗਈ ਤਾਂ ਭਿਖਾਰੀ ਹੁੰਦੇ ਪਲ ਨਹੀਂ ਲਗਣੇ, ਅਤੇ ਲਸ਼ਕਰਾਂ ਨੂੰ ਚੀਰ ਕੇ ਗਾਟਾ ਲਾਹ ਕੇ ਔਹ ਜਾਂਦਿਆਂ ਵੀ ਪਤਾ ਨਹੀਂ ਰਹਿਣਾ ।
ਲਖੂ ਦੇ ਭਰਾ ਜੱਸੂ ਨੂੰ ਸਿੰਘਾਂ ਬੜਾ ਕਿਹਾ ਚਲੇ ਜਾਂਨੇ ਆਂ ਪ੍ਰਸ਼ਾਦਾ ਪਾਣੀ ਛਕ ਕੇ ਪਰ ਲਸ਼ਕਰਾਂ ਦੇ ਮਾਣ ਵਿੱਚ ਉਸ ਇਕ ਨਾ ਸੁਣੀ ਤਾਂ ਪਤਾ ਹੀ ਕਿਹੜਾ ਲਗਾ ਜਦ ਬੇਗਾਨੇ ਪੁਤਾਂ ਲਸ਼ਕਰਾਂ ਦੇ ਵਿੱਚ ਦੀ ਹੀ ਹਾਥੀ ਤੇ ਚੜੇ ਦਾ ਸਿਰ ਗਿਦੋ ਤਰਾਂ ਔਹ ਮਾਰਿਆ ਈ।
ਲਸ਼ਕਰਾਂ ਨੂੰ ਇਸ਼ਾਰਿਆਂ 'ਤੇ ਤੋਰਨ ਅਤੇ ਕੁਲ ਦੁਨੀਆਂ ਨੂੰ ਵਖਤ ਪਾਈ ਫਿਰਨ ਵਾਲੇ ਹਿਟਲਰ ਵਰਗੇ ਖੁਦ ਨੂੰ ਈ ਗੋਲੀਆਂ ਮਾਰ ਗਏ। ਸਾਰੀ ਦੁਨੀਆਂ ਜਿਤਣ ਦੇ ਸੁਪਨੇ ਦੇਖਣ ਵਾਲਾ ਸਕੰਦਰ ਪੰਜਾਬ ਤੋਂ ਮੁੜਦਾ ਹੋਇਆ ਜਹਿਰ ਪੀ ਕੇ ਮਰ ਗਿਆ ਖੁਦ ਦੇ ਘਰ ਵੀ ਨਾ ਪਹੁੰਚ ਸਕਿਆ। ਸੋਨੇ ਦੀਆਂ ਟੂਟੀਆਂ ਤੇ ਮੂੰਹ ਧੋਣ ਵਾਲੇ ਖੁਡ 'ਚ ਵੜੇ ਸਦਾਮ ਹੁਸੈਨ ਵਰਗਿਆਂ ਕੋਲੋਂ ਮੂੰਹ ਤੋਂ ਮਖੀ ਨਾ ਸੀ ਉਡ ਰਹੀ। ਸੋਨੇ ਦੇ ਜਹਾਜਾਂ ਉਪਰ ਝੂਟੇ ਲੈਣ ਵਾਲੇ ਗਦਾਫੀ ਨੂੰ ਧੂਹ ਧੂਹ ਮਾਰਿਆਂ ਅਗਲਿਆਂ। ਰੇਮੰਡ ਦੀ ਮਾਲਕਣ ਖੁਦ ਦੇ ਹੀ ਘਰੇ ਕਈ ਦਿਨ ਤਕ ਲਾਸ਼ ਬਣਕੇ ਰੁਲਦੀ ਰਹਿ ਗਈ ਕੋਈ ਚੁਕਣ ਤਕ ਨਾ ਆਇਆ।
ਬਜੁਰਗ ਇਕ ਗਲ ਆਮ ਕਹਿੰਦੇ ਹੁੰਦੇ ਸਨ ਕਿ ਡਰਦੇ ਰਹੀਏ ਰੱਬ ਦੇ ਰੰਗਾਂ ਤੋ ਯਾਣੀ ਹੰਕਾਰ ਦੀ ਟੀਸੀ 'ਤੇ ਕਦੇ ਨਾ ਚੜੀਏ ਪਤਾ ਨਹੀਂ ਰੱਬ ਸਚੇ ਦੀ ਨਦਰ ਕਦ ਪੁਠੀ ਫਿਰ ਜਾਏ ਤੇ ਕਦ ਓਹ ਹੇਠਾਂ ਸੁਟ ਮਾਰੇ ਟੀਸੀਆਂ ਤੋਂ। ਓਹ ਵਡੇ ਵਡੇ ਖਬੀ ਖਾਨਾਂ ਨੂੰ ਭਿਖ ਮੰਗਦਾ ਕਰ ਦਿੰਦਾ । ਬਾਦਸ਼ਾਹੀ ਦਾ ਦਾਅਵੇਦਾਰ ਦਾਰਾ ਸ਼ਕੋਹ ਚੁਲੇ ਵਿੱਚ ਫੂਕਾਂ ਮਾਰਦਾ ਸਵਾਹ ਨਾਲ ਮੂੰਹ ਲਿਬੇੜੀ ਫਿਰਦਾ ਰਿਹਾ। ਦੁਨੀਆਂ ਦਾ ਤਾਕਰਵਰ ਬੁਸ਼ ਸੱਤਾ ਚੋਂ ਜਾਣ ਲਗਿਆ ਜੁਤੀਆਂ ਖਾ ਕੇ ਗਿਆ। ਅਰੰਗਜੇਬ ਦੀ ਕਬਰ ਤੇ ਮੰਗਵੇਂ ਪੈਸਿਆਂ ਨਾਲ ਦੀਵਾ ਬਾਲਿਆ ਜਾਂਦਾ ਰਿਹਾ ਪਰ ਜਿਸ ਸਾਡੇ ਬਾਬਿਆਂ ਦੇ ਕੀੜੇ ਮਕੌੜੇ ਸਮਝ ਕੇ ਓਹ ਸਿਰ ਲਾਹ ਗਿਆ ਓਥੇ ਬੰਗਲਾ ਸਾਹ ਸ਼ਹਿਬਰਾਂ ਲਗੀਆਂ, ਮੀਂਹ ਵਸਦੇ ਪੈਸਿਆਂ ਦੇ ਅਤੇ ਹਜ਼ਾਰਾਂ ਦੁਨੀਆਂ ਰੋਜ ਅਪਣੇ ਢਿੱਡ ਦੀ ਅੱਗ ਬੁਝਾ ਕੇ ਸ਼ੁਕਰ ਸ਼ੁਕਰ ਕਰਦੀ ਜਾਂਦੀ ਗੁਰੂ ਤੇਗ ਬਹਾਦਰ ਸਾਹਿਬ ਦਾ।
ਇਥੇ ਵਡੇ ਵਡੇ ਲਸ਼ਕਰਾਂ ਵਾਲਿਆਂ ਨੂੰ ਰੱਬ ਦੀਆਂ ਖੇਡਾਂ ਨੇ ਭੀਖਾਂ ਮੰਗਾ ਛਡੀਆਂ ਪਰ ਮੈਂ ਲੋਕਾਂ ਦੇ ਪੈਸਿਆਂ ਨਾਲ ਖਰੀਦੀਆਂ ਕਰੋੜਾਂ ਦੀਆਂ ਦੋ ਚਾਰ ਝੂਟੀਆਂ ਕਾਰਾਂ ਦਾ ਹੀ ਹੰਕਾਰ ਕਰੀ ਬੈਠਾ ਹੋਇਆਂ ਕਿ ਮਹਿੰਗੀਆਂ ਕਾਰਾਂ ਵਾਲਾ ਸਾਂ, ਮੈਂ ਲਖਾਂ ਬੰਦਿਆਂ ਨੂੰ ਸੰਬੋਧਨ ਕੀਤਾ, ਮੈਂ ਦੁਨੀਆਂ ਗਾਹ ਮਾਰੀ, ਮੈਂ ਅਸਮਾਨੀ ਉਡ ਲਿਆ, ਮੈਂ ਸਮੁੰਦਰਾਂ ਵਿੱਚ ਡੁਬ ਲਿਆ। ਮੈਂ ਆਹ, ਮੈਂ ਔਹ, ਮੈਂ ਪੁੱਠਾ, ਮੈਂ ਸਿੱਧਾ, ਮੈ ਹੇਠਾਂ ਮੈਂ ਉਤੇ। ਨਜਾਰੇ ਦਸਣ ਦੇ ਨਾਂ 'ਤੇ ਵਿਆਹ ਦੇ ਦਾਜ ਦਾ ਵਿਖਾਲਾ ਪਾਓਂਣ ਤਰਾਂ ਮੈਂ ਹਓਂ ਦਾ ਹੀ ਖਲਾਰਾ ਪਾ ਕੇ ਬੈਠ ਗਿਆ ਜਿਹੜੀ ਕਿ ਮਾਰਨੀ ਸੀ।
ਕਿਆ ਜਵਾਕਾਂ ਵਾਲੀਆਂ ਬਾਤਾਂ ਨੇ। ਕਮਲਿਆ ਸੌਦਾ ਸਾਧ ਕਿਥੇ ਅਜ? ਕਾਰਾਂ ਕੀ ਸ਼ੈਅ ਹੈਲੀਕੈਪਟਰਾਂ ਤੇ ਝੂਟੇ ਲੈਣ ਵਾਲੇ ਆਸਾਰਾਮ ਕਿਥੇ ਨੇ ਜਿੰਨਾ ਦੀਆਂ ਕਰੋੜਾਂ ਦੀਆਂ ਕਾਰਾਂ, ਲੱਖਾਂ ਦੇ ਮੋਟਰਸਾਈਕਲ, ਲਖਾਂ ਦੇ ਇਕੱਠ, ਸ਼ਾਹੀ ਠਾਠ। ਤੈਂ ਕਿਆ ਚੀਜ ਬੰਦਿਆਂ ਸੌਦੇ ਸਾਧ ਵਰਗੇ ਦਾ ਤਾਂ ਹਜ਼ਾਰਾਂ ਹਜ਼ਾਰਾਂ ਦਾ ਇਕ ਇਕ ਕੱਦੂ ਹੀ ਵਿੱਕ ਜਾਂਦਾ ਸੀ। ਸੈਂਕੜਿਆਂ ਦੀ ਮੂਲੀ। ਉਸ ਦੀਆਂ ਤਾਂ ਗਾਜਰਾਂ ਵਟੇ ਈ ਤੇਰੀ ਕਰੋੜਾਂ ਦੀ ਕਾਰ ਆ ਜਾਂਦੀ ਸੀ, ਪਰ ਦੇਖ ਰੱਬ ਦੇ ਰੰਗ ਜੇਹਲ ਬੈਠਾ ਆਲੂ ਛਿਲ ਰਿਹਾ ਈ। ਧੰਨ ਧੰਨ ਸਤਗੁਰੂ ਤੇਰਾ ਈ ਆਸਰਾ ਕਹਿਣ ਵਾਲੇ ਵਰਦੀਆਂ ਡਾਗਾਂ ਵਿੱਚ ਆਸਰੇ ਵਾਲੇ ਨੂੰ ਛਡਕੇ ਬਹਿ ਬਹਿ ਇਓਂ ਨਿਕਲੇ ਜਿਵੇਂ ਵਾਹਰ ਪਈ ਤੇ ਚੋਰ ਨਿਕਲਦਾ ।
ਕਰੋੜਾਂ ਦੀਆਂ ਕਾਰਾਂ ਝੂਟਣੀਆਂ ਜਾਂ ਲੱਖਾਂ ਦਾ ਮੂਹਰੇ ਬਹਿਕੇ ਸੁਣਨਾ ਈ ਬੰਦੇ ਦਾ ਖੁਦ ਦਾ ਰੱਬ ਹੋਣ ਦਾ ਪੈਮਾਨਾ ਹੁੰਦਾ ਤਾਂ ਹਜ਼ਾਰਾਂ ਦੀਆਂ ਟਿਕਟਾਂ ਖਰਚ ਕੇ ਲਖਾਂ ਲੋਕਾਂ ਨੂੰ ਗਾ ਕੇ ਸ਼ੈਦਾਈ ਕਰ ਦੇਣ ਵਾਲਾ ਮਾਈਕਲ ਜੈਕਸਨ ਵਿਚਾਰਾ ਖੁਦ ਦਾ ਰੱਬ ਤਾਂ ਕੀ ਹੋਣਾ ਸੀ ਬਲਕਿ ਨੀਂਦ ਦੀਆਂ ਦੋ ਘੁਟਾਂ ਨੂੰ ਈ ਤਰਸਦਾ ਮਰ ਗਿਆ।
ਮੈਂ ਤਾਂ ਧਰਤੀ ਦੇ ਮਨੁੱਖਾਂ ਸਾਹਵੇਂ ਈ ਬੜਾ ਛੋਟਾ ਜੀਵ ਹਾਂ ਰੱਬ ਬਣਨ ਦੀ ਔਕਾਤ ਤਾਂ ਬੜੀਆਂ ਦੂਰ ਦੀਆਂ ਬਾਤਾਂ। ਓਸ਼ੋ ਵਰਗਿਆਂ ਦੀਆਂ ਚਾਰ ਕਿਤਾਬਾਂ ਦਾ ਘੋਟਾ ਲਾ ਕੇ ਜਾਂ ਕਾਮਰੇਡਾਂ ਦਾ ਵਿਗਿਆਨ ਪੜਕੇ ਇਨੀ ਛੇਤੀ ਉਛਲ ਜਾਣ ਵਾਲੇ ਬੰਦੇ ਰੱਬ ਤਾਂ ਕੀ ਹਾਲੇ ਬੰਦਾ ਬਣਨ ਵੰਨੀ ਵੀ ਕਾਹਨੂੰ ਤੁਰੇ ਨੇ। ਛੋਟੇ ਭਾਂਡੇ ਵਿੱਚ ਗਿਆਨ ਦੀ ਪਈ ਬੂੰਦ ਨੇ ਹੀ ਰੱਬੀ ਰੰਗਾਂ ਤੋਂ ਬੰਦੇ ਨੂੰ ਇਸ ਕਦਰ ਬਾਗੀ ਕਰ ਦਿਤਾ ਕਿ ਓਹ ਖੁਦ ਦਾ ਖੁਦ ਹੀ ਰੱਬ ਬਣਨ ਦੀਆਂ ਟਾਹਰਾਂ ਮਾਰਨ 'ਤੇ ਉਤਰ ਆਇਆ। ਇਨਾ ਛੋਟਾ ਹਾਜਮਾ ਵੀ ਕੀ ਆਖ ਕਿ ਥੋੜੇ ਜਿਹੇ ਗਿਆਨ ਨਾਲ ਹੀ ਉਲਟੀਓ ਉਲਟੀ ਹੋ ਜਾਣਾ।
ਪਰ ਬਾਬਾ ਜੀ ਅਪਣੇ ਕਹਿੰਦੇ ਰੱਬੀ ਹਸਤੀ ਅਗੇ ਝੁੱਕ ਕੇ ਖੁਦੀ ਨੂੰ ਮਿਟਾ ਦੇਣ ਵਾਲਾ ਮਨੁੱਖ ਤਾਂ ਦੁਹਾਈਆਂ ਪਾ ਉਠਦਾ ਕਿ ਰੱਬ ਸਚਿਆ ਮੈਂ ਕੁਝ ਨਾ, ਮੈਂ ਕੱਖ ਨਾ, ਮੈ ਹਾਂ ਹੀ ਕਿਥੇ ਬਸ ਜੇ ਹੈ ਤਾਂ ਤੂੰ ਜਿਹੜਾ ਕੀੜਿਆਂ ਨੂੰ ਪਾਤਸ਼ਹੀਆਂ ਥਾਪ ਦਿੰਨਾ ਤੇ ਲਸ਼ਕਰਾਂ ਦੇ ਲਸ਼ਕਰ ਸਵਾਹ ਕਰ ਸੁੱਟਦਾਂ।
ਗੁਰਦੇਵ ਸਿੰਘ ਸੱਧੇਵਾਲੀਆ
ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ
Page Visitors: 2482