ਆਰਤੀ ਅਤੇ ਇਸ ਵਿੱਚ ਘੁਸੇੜੀਆਂ ਗਈਆਂ ਗੁਰਮਤਿ ਵਿਰੋਧੀ ਰਚਨਾਵਾਂ
ਆਤਮਜੀਤ ਸਿੰਘ, ਕਾਨਪੁਰ
ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨਕੋਸ਼ ਅਨੁਸਾਰ ਆਰਤ, ਆਰਤਾ, ਆਰਤਿ ਅਤੇ ਆਰਤੀ ਦੇ ਅਰਥ ਲਿਖਦੇ ਹਨ ਕਿ ਆਰਤ-ਕਾਇਰ, ਬੁਜ਼ਦਿਲ, ਆਰਤਾ-ਦੁਖੀ, ਪੀੜਤ, ਆਰਤਿ-ਪੀੜ, ਦਰਦ, ਦੀਨਤਾ, ਆਰਤੀ- ਆਰਾਤ੍ਰਿਕ ਭਾਵ ਜੋ ਰਾਤ ਬਿਨਾ ਵੀ ਹੋਵੇ, ਕਿਸੇ ਦੇਵਤਾ ਦੀ ਮੂਰਤ ਜਾਂ ਪੂਜਯ ਅੱਗੇ ਥਾਲੀ ਵਿੱਚ ਦੀਵੇ ਬਾਲ ਅਤੇ ਉਸ ਦੇ ਆਲੇ ਦੁਆਲੇ ਘੁਮਾ ਕੇ ਪੂਜਨ ਕਰਨਾ, ਹਿੰਦੂਮੱਤ ਅਨੁਸਾਰ ਚਾਰ ਵਾਰ ਚਰਨਾਂ ਅੱਗੇ, ਦੋ ਵਾਰ ਨ੍ਹਾਭੀ ਤੇ, ਇੱਕ ਵਾਰ ਮੂੰਹ ਉੱਤੇ ਅਤੇ ਸੱਤ ਵਾਰ ਸਾਰੇ ਸਰੀਰ ਉੱਪਰ ਦੀਵੇ ਘੁਮਾਉਣੇ ਚਾਹੀਏ ਅਰ ਦੀਵੇ ਇੱਕ ਤੋਂ ਸੌ ਤੱਕ ਜਗਾਉਣੇ ਵਿਧਾਨ ਹਨ ਪਰ ਗੁਰੂ ਨਾਨਕ ਸਾਹਿਬ ਜੀ ਨੇ ਅਜਿਹੀ ਕਰਮਕਾਂਡੀ ਆਰਤੀ ਦਾ ਨਿਸ਼ੇਧ ਕਰਕੇ ਪ੍ਰਾਕ੍ਰਿਤ (ਕੁਦਰਤੀ) ਆਰਤੀ ਦੀ ਮਹਿਮਾਂ ਦੱਸੀ ਹੈ...
ਗੁਰਮਤਿ ਮੂਰਤੀ ਪੂਜਾ ਨੂੰ ਮੂਲੋਂ ਹੀ ਰੱਦ ਕਰਦੀ ਹੈ, ਇਸ ਲਈ ਸਿੱਖੀ ਵਿਚ ਪੂਜਾ ਦੇ ਇਸ ਢੰਗ ਵੀ ਕੋਈ ਵਿਧਾਨ ਨਹੀਂ, ਸਿਰਫ਼ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੀ ਨਹੀਂ ਇਸ ਆਰਤੀ ਦੀਵੇ ਬਾਲ ਕੇ ਆਰਤੀ ਦਾ ਖੰਡਨ ਕੀਤਾ ਸਗੋਂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਪਹਿਲਾਂ ਦੇ 'ਭਗਤ ਜਨਾਂ' ਦੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਹੈ ਵਿਚਾਰੀਏ ਤਾਂ ਭਗਤ ਜਨਾਂ ਨੇ ਵੀ ਹਿੰਦੂ ਮੰਦਰਾਂ ਵਿੱਚ ਦੇਵੀ ਦੇਵਤਿਆਂ ਦੀ ਹੋ ਰਹੀ ਆਰਤੀ ਦਾ ਖੰਡਨ ਕਰਦੇ ਹੋਏ ਐਸੀ ਆਰਤੀ ਦਾ ਵਿਰੋਧ ਕੀਤਾ ਅਤੇ ਕੇਵਲ ਨਿਰੰਕਾਰ ਦੇ ਨਾਮ ਨੂੰ ਉੱਤਮ ਦੱਸ ਕੇ ਨਿਰੰਕਾਰ ਦੇ ਨਾਮ ਨਾਲ ਜੁੜਨ ਨੂੰ ਹੀ ‘ਆਰਤੀ’ ਬਿਆਨਿਆਂ, ਇਥੋਂ ਤਕ ਕਿ ਮਨਮੱਤ ਵਾਲੀ ਆਰਤੀ ਵਿੱਚ ਜਿਤਨੀ ਵੀ ਸਮੱਗਰੀ ਦੀਵੇ, ਫੁੱਲ, ਧੂਪ, ਮੋਤੀ, ਥਾਲ ਆਦਿ ਵਰਤੋਂ ਵਿੱਚ ਲਿਆਂਦੇ ਜਾਂਦੇ ਹਨ, ਭਗਤ ਜਨਾਂ ਨੇ ਤਾਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪ੍ਰਭੂ ਦਾ ਨਾਮ ਹੀ ਦੱਸਿਆ। ਜਿਵੇਂ ਭਗਤ ਰਵਿਦਾਸ ਜੀ ਦਾ ਸ਼ਬਦ ਹੈ ..
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ॥ ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ॥ ਰਹਾਉ॥
ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ॥
ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ॥
ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ॥
ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ॥
ਅਤੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਵਿਚੋਂ ਅਸੀਂ ਉਸ ਘਟਨਾ ਤੋਂ ਜਾਣੂੰ ਹਾਂ, ਜਦੋਂ ਗੁਰੂ ਨਾਨਕ ਸਾਹਿਬ ਜੀ ਉੜੀਸਾ ਦੇ ਇੱਕ ਨਗਰ ‘ਪੁਰੀ’ ਵਿਖੇ ਪਹੁੰਚੇ ਤਾਂ ਉਥੇ ਜਗਨਨਾਥ ਮੰਦਰ ਵਿੱਚ ‘ਕ੍ਰਿਸ਼ਨ’ ਦੀ ਬਣਾਈ ਪੱਥਰ ਦੀ ਮੂਰਤੀ ਨੂੰ ਭਗਵਾਨ ਸਮਝ ਕੇ ਉਸ ਪੱਥਰ ਦੀ ਮੂਰਤੀ ਦੀ ‘ਆਰਤੀ’ ਉਤਾਰੀ ਜਾ ਰਹੀ ਸੀ, ਗੁਰੂ ਨਾਨਕ ਸਾਹਿਬ ਨੇ ਅਗਿਆਨਤਾ ਦੇ ਹਨ੍ਹੇਰੇ ਵਿੱਚ ਡੁੱਬੇ ਹੋਏ ਧਰਮ ਦੇ ਠੇਕੇਦਾਰਾਂ ਨੂੰ ਸੱਚ ਦੀ ਰੌਸ਼ਨੀ ਦਿਖਾਈ ਅਤੇ ਸਮਝਾਇਆ ਕਿ ਜਗਤ ਦਾ ਨਾਥ (ਮਾਲਕ) ਕੋਈ ਮਨੋਕਲਪਿਤ ਦੇਵੀ ਦੇਵਤਾ ਨਹੀਂ, ਨਾ ਹੀ ਇਹ ਤੁਹਾਡੀਆਂ ਪੱਥਰ ਦੀਆਂ ਬਣਾਈਆਂ ਮੂਰਤੀਆਂ ਹੋ ਸਕਦੀਆਂ ਹਨ ਅਤੇ ਨਾ ਹੀ ਕਿਸੇ ਵਿੱਚ ਇਤਨੀ ਸਮਰੱਥਾ ਹੈ ਕਿ ਉਹ ਜਗਤ ਦੇ ਨਾਥ (ਮਾਲਕ) ਪ੍ਰਭੂ ਜੀ ਦੀ ਆਰਤੀ ਇਸ ਢੰਗ ਨਾਲ ਜਿਵੇਂ ਤੁਸੀਂ ਕਰ ਰਹੇ ਹੋ, ਕਰ ਸਕੇ ਅਤੇ ਨਾ ਹੀ ਕੋਈ ਉਸ ਦੀ ‘ਆਰਤੀ’ ਉਤਾਰ ਸਕਦਾ ਹੈ, ਗੁਰਮਤਿ ਅਨੁਸਾਰ ਅਸਲ ਵਿੱਚ ਜਗਤ ਦਾ ਨਾਥ (ਮਾਲਕ) ਪ੍ਰਭੂ ਆਪ ਹੀ ਹੈ, ਜਿਹੜਾ ਅਜੂਨੀ ਤੇ ਸੈਭੰ ਹੈ, ਜਿਹੜਾ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ, ਜਿਹੜਾ ਆਪੇ ਤੋਂ ਪ੍ਰਗਟ ਹੋਇਆ ਹੈ, ਉਸ ਅਜੂਨੀ ਪ੍ਰਮਾਤਮਾ ਦੀ ਆਰਤੀ ਤਾਂ ਆਪਣੇ ਆਪ ਹੋ ਰਹੀ ਹੈ, ਉਸ ਪ੍ਰਭੂ ਜੀ ਦੀ ਬਣਾਈ ਹੋਈ ਕੁਦਰਤ, ਪ੍ਰਭੂ ਜੀ ਦੀ ਆਰਤੀ ਆਪ ਹੀ ਉਤਾਰ ਰਹੀ ਹੈ, ਗੁਰਬਾਣੀ ਦਾ ਫੁਰਮਾਣ ਹੈ....
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ॥
ਕੈਸੀ ਆਰਤੀ ਹੋਇ॥ ਭਵ ਖੰਡਨਾ ਤੇਰੀ ਆਰਤੀ॥ ਅਨਹਤਾ ਸਬਦ ਵਾਜੰਤ ਭੇਰੀ॥ ਰਹਾਉ॥
ਇਸ ਕਰਮਕਾਂਡ ਦੀ ਅਲੋਚਨਾ ਕਰਨ ਦੇ ਬਾਵਜੂਦ ਬ੍ਰਾਹਮਣੀ ਪ੍ਰਭਾਵ ਦੇ ਅਧੀਨ ਆਰਤੀ ਕੁਝ ਸਿੱਖ ਗੁਰਦੁਆਰਿਆਂ ਵਿਚ ਕੀਤੀ ਜਾ ਰਹੀ ਹੈ, ਅੱਜ ਸਾਡੀ ਏਨੀ ਮੱਤ ਮਾਰੀ ਗਈ ਹੈ ਕਿ ਉਸੇ ਹੀ ਗਿਆਨ ਰੂਪੀ ਸ਼ਬਦ ਦੀ ਰੌਸ਼ਨੀ ਵਿੱਚ ਅਸੀਂ ਗੁਰਦੁਆਰਿਆਂ ਵਿੱਚ ‘ਆਰਤੀਆਂ’ ਕਰਕੇ ਅਗਿਆਨਤਾ ਦਾ ਹਨ੍ਹੇਰਾ ਫੈਲਾ ਰਹੇ ਹਾਂ? ਫਿਰ ਇਥੇ ਹੀ ਬੱਸ ਨਹੀਂ ਰੋਣਾ ਤਾਂ ਉਦੋਂ ਆਉਂਦਾ ਹੈ, ਜਦ ਅਸੀਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਰੱਬੀ ਬਚਨਾਂ ਦੁਆਰਾ ਸੱਚੀ ਆਰਤੀ ਦੀ ਪ੍ਰੇਰਨਾ ਅਤੇ ਗਿਆਨ ਬਖਸ਼ਣ ਵਾਲੇ ਸ਼ਬਦ ਦੇ ਐਨ ਸਾਹਮਣੇ ਅਖੌਤੀ ਦਸਮ ਗ੍ਰੰਥ ਦੀਆਂ ਕੁੱਝ ਰਚਨਾਵਾਂ ਬੜੀਆਂ ਹੇਕਾਂ ਲਾ ਲਾ ਕੇ ਪੜ੍ਹ ਰਹੇ ਹੁੰਦੇ ਹਾਂ, ਇਹ ਰਚਨਾਵਾਂ ਹਨ ਚੰਡੀ ਚਰਿਤ੍ਰ ਵਿਚੋਂ ਦੋ ਸਵੱਯੇ, ਕ੍ਰਿਸ਼ਨਾਅਵਤਾਰ ਦਾ ਇੱਕ ਬੰਦ, ਰਾਮਾ ਅਵਤਾਰ ਦਾ ਇੱਕ ਬੰਦ, ਅਖੌਤੀ ਦਸਮ ਗ੍ਰੰਥ ਵਿਚੋਂ ਹੀ ਇੱਕ ਹੋਰ ਦੋਹਰਾ, ਜ਼ਰੂਰੀ ਨਹੀਂ ਕਿ ਅਖੌਤੀ ਦਸਮ ਗ੍ਰੰਥ ਦੀਆਂ ਇਹ ਕੱਚੀਆਂ ਰਚਨਾਵਾਂ ਇਕੋ ਸਮੇਂ ਹੀ ਪ੍ਰਚਲਿਤ ਆਰਤੀ ਨਾਲ ਜੋੜ ਦਿਤੀਆਂ ਗਈਆਂ ਹੋਣ, ਹੋ ਸਕਦਾ ਹੈ ਇਹ ਰਚਨਾਵਾਂ ਸਮੇਂ ਅਨੁਸਾਰ ਹੋਲੀ ਹੋਲੀ ਨਾਲ ਜੋੜੀਆਂ ਹੋਣ, ਜੋ ਵੀ ਹੈ ਇਤਨਾ ਤਾਂ ਸਪਸ਼ਟ ਹੈ ਕਿ ਇਹ ਰਚਨਾਵਾਂ ਗੁਰਮਤਿ ਦੀ ਖੰਡਨਾ ਕਰਨ ਵਾਲੀਆਂ ਹਨ ..
ਆਓ ਵਿਚਾਰਦੇ ਹਾਂ, ਪਹਿਲੇ ਦੋ ਸਵੱਯੇ ਚੰਡੀ ਚਰਿਤ੍ਰ ਨਾਮਕ ਰਚਨਾ ਵਿਚੋਂ ਹਨ...
ਯਾਤੇ ਪ੍ਰਸੰਨਿ ਭਏ ਹੈ ਮਹਾਮੁਨਿ ਦੇਵਨ ਕੇ ਤਪ ਮੈ ਸੁਖ ਪਾਵੈ।
ਜਗ ਕਰੈ ਇੱਕ ਬੇਦ ਰਰੈ ਭਵਤਾਪ ਹਰੈ ਮਿਲਿ ਧਿਆਨਹਿ ਲਾਵੈਂ।
ਝਾਲਰ ਤਾਲ ਮ੍ਰਿਦੰਗ ਉਪੰਗ ਰਬਾਬ ਲੀਏ ਸੁਰ ਸਾਜ ਮਿਲਾਵੈਂ।
ਕਿੰਨਰ ਗੰਧ੍ਰਬ ਗਾਨ ਕਰੈ ਗਨਿ ਜੱਛ ਅਪੱਛਰ ਨਿਰਤ ਦਿਖਾਵੈਂ।
ਸੰਖਨ ਕੀ ਧੁਨਿ ਘੰਟਨਿ ਕੀ ਕਰਿ ਫੂਲਨ ਕੀ ਬਰਖਾ ਬਰਖਾਵੈ।
ਆਰਤੀ ਕੋਟ ਕਰੈ ਸੁਰ ਸੁੰਦਰ ਪੇਖ ਪੁਰੰਦਰ ਕੇ ਬਲਿ ਜਾਵੈਂ।
ਦਾਨਤ ਦੱਛਨ ਦੈ ਕੇ ਪ੍ਰਦੱਛਨ ਭਾਲ ਮੈ ਕੁੰਕਮ ਅੱਛਤ ਲਾਵੈਂ।
ਹੋਤ ਕੁਲਾਹਲ ਦੇਵਪੁਰੀ ਮਿਲਿ ਦੇਵਨ ਕੇ ਕੁਲਿ ਮੰਗਲਿ ਗਾਵੈਂ।
ਚੰਡੀ ਚਰਿਤ੍ਰ ਵਿੱਚ ਮਿਥਿਹਾਸਕ ਦੇਵੀ ਦੁਰਗਾ ਦੇ ਦੈਂਤਾ ਨਾਲ ਜੁਧ ਦਾ ਵਰਨਣ ਹੈ, ਇਹ ਰਚਨਾ ਪੂਰੀ ਤਰਾਂ ਗੁਰਮਤਿ ਵਿਰੋਧੀ ਹੈ, ਵਿਚਾਰ ਅਧੀਨ ਸਵੱਯੇ ਇਸ ਮਿਥਿਹਾਸਕ ਕਥਾ ਅਨੁਸਾਰ ਉਸ ਸਮੇਂ ਦਾ ਵਰਨਣ ਕਰਦੇ ਹਨ ਜਦੋਂ ਦੁਰਗਾ ਨੇ ਮਹਿਂਖਾਸੁਰ ਦੈਂਤ ਨੂੰ ਮਾਰ ਕੇ ਇੰਦਰ ਨੂੰ ਦੁਬਾਰਾ ਰਾਜ ਗੱਦੀ ਦਾ ਤਿਲਕ ਲਗਾਇਆ, ਉਸ ਵੇਲੇ ਦੇਵਤਿਆਂ ਵਲੋਂ ਖੁਸ਼ੀਆਂ ਮਨਾਈਆਂ ਗਈਆਂ, ਨਿਰਤ ਕੀਤੇ ਗਏ, ਨਾਲ ਹੀ ਦੇਵਤਿਆਂ ਵਲੋਂ ਦੁਰਗਾ ਦੇਵੀਂ ਦੀ ਆਰਤੀ ਉਤਾਰੀ ਗਈ, ਇਹ ਦੋਵੇਂ ਸਵੱਯੇ ਦੇਵੀ ਪੂਜਾ ਨਾਲ ਸੰਬੰਧਿਤ ਹਨ ਜਿਸ ਦਾ ਗੁਰਮਤਿ ਨਾਲ ਕੋਈ ਦੂਰ ਦਾ ਵੀ ਲੈਣਾ ਦੇਣਾ ਨਹੀਂ ਹੈ, ਗੁਰਮਤਿ ਦੀ ਕਸਵੱਟੀ ਤੇ ਪਰਖਿਆਂ ਦੋਨੋਂ ਸਵੱਯੇ ਗੁਰਮਤਿ ਤੋਂ ਉਲਟ ਸਾਬਿਤ ਹੁੰਦੇ ਹਨ, ਵੈਸੇ ਤਾਂ ਪੂਰਾ ਚੰਡੀ ਚਰਿਤ੍ਰ (ਅਖੌਤੀ ਦਸਮ ਗ੍ਰੰਥ ਦੀਆਂ ਬਾਕੀ ਰਚਨਾਵਾਂ ਵਾਂਗੂ) ਹੀ ਗੁਰਮਤਿ ਦੇ ਉਲਟ ਹੈ, ਗੁਰਬਾਣੀ ਐਸੇ ਦੇਵੀ ਦੇਵਤਿਆਂ ਬਾਰੇ ਸਮਝਾਉਂਦੀ ਹੈ...
ਦੇਵੀ ਦੇਵਾ ਮੂਲਿ ਹੈ ਮਾਇਆ॥
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥
ਭਾਵ ਇਹਨਾਂ ਦੇਵੀ ਦੇਵਤਿਆਂ ਦੀ (ਕਾਲਪਨਿਕ) ਉਤਪਤੀ ਮਨੁੱਖ ਦੇ ਲਾਲਚ, ਡਰ ਆਦਿਕ ਮਾਇਆ ਕਾਰਨ ਹੋਈ ਹੈ ਅਤੇ ਇਹਨਾਂ ਦੀ ਪੂਜਾ ਪਾਣੀ ਉਤੇ ਪੱਥਰ ਤਰਾਉਣ ਦੀ ਕੋਸ਼ਿਸ਼ ਵਰਗਾ ਵਿਅਰਥ ਕੰਮ ਹੈ।
ਉਸ ਤੋਂ ਬਾਅਦ ਅਖੌਤੀ ਦਸਮ ਗ੍ਰੰਥ ਦੀ ਇੱਕ ਰਚਨਾ ਚੌਬੀਸ ਅਵਤਾਰ ਦੇ ਭਾਗ ‘ਕ੍ਰਿਸ਼ਨਾਵਤਾਰੱ ਵਿਚੋਂ ਲਿਆ ਇੱਕ ਬੰਦ ਹੈ, ਉਹ ਹੈ..
ਹੇ ਰਵਿ ਹੇ ਸਸਿ ਹੇ ਕਰੁਣਾਨਿਧ ਮੇਰੀ ਅਬੈ ਬਿਨਤੀ ਸੁਨ ਲੀਜੈ।
ਔਰ ਨ ਮਾਂਗਤ ਹਉ ਤੁਮ ਤੇ ਕਛੁ ਚਾਹਤ ਹੋਂ ਚਿਤ ਮੈਂ ਸੋਈ ਕੀਜੈ।
ਸ਼ਸਤ੍ਰਨ ਸੋਂ ਅਤਿ ਰਣ ਭੀਤਰ ਜੁਝ ਮਰੋਂ ਤਊ ਸਾਚ ਪਤੀਜੈ।
ਸੰਤ ਸਹਾਇ ਸਦਾ ਜਗ ਮਾਇ ਕਿਰਪਾ ਕਰ ਸਯਾਮ ਇਹੈ ਬਰ ਦੀਜੈ।
ਇਹ ਕਵੀ ਸਯਾਮ ਦੀ ਰਚਨਾ ਹੈ, ਕ੍ਰਿਸ਼ਨਾਵਤਾਰ ਕਵੀ ਸਯਾਮ ਦੀ ਰਚਨਾ ਹੈ ਜਿਸ ਵਿੱਚ ਅਸ਼ਲੀਲਤਾ ਅਤੇ ਬ੍ਰਾਹਮਣਵਾਦੀ ਅੰਸ਼ ਬਹੁਤ ਭਾਰੂ ਹਨ। ਕਵੀ ਸਯਾਮ ਚੰਡੀ ਅਤੇ ਮਹਾਂ ਕਾਲ ਦਾ ਪੁਜਾਰੀ ਸਾਕਤ ਮੱਤ ਦਾ ਕਵੀ ਸੀ, ਇਸ ਵਿੱਚ ਵੀ ਚੰਡੀ ਨੂੰ ਜਗਤ ਮਾਤਾ ਦੱਸ ਕੇ ਉਸ ਤੋਂ ਵਰ ਮੰਗ ਰਿਹਾ ਹੈ, ਜੋ ਗੁਰਮਤਿ ਸਿਧਾਂਤਾਂ ਦੀ ਸ਼ਰੇਆਮ ਵਿਰੋਧਤਾ ਹੈ, ਸਿਰਫ ਜੁਧ ਵਿੱਚ ਜੁਝਨ ਵਾਲੀ ਗੱਲ ਪੜ ਕੇ ਕੁੱਝ ਭੁਲੜ ਤੇ ਨਾਸਮਝ ਵੀਰ ਇਸ ਦੇ ਗੁਰਮਤਿ ਅਨੁਸਾਰੀ ਹੋਣ ਦਾ ਭੁਲੇਖਾ ਖਾ ਲੈਂਦੇ ਹਨ....
ਉਸ ਤੋਂ ਅਗਲਾ ਸਵੈਯਾ ਚੌਬੀਸ ਅਵਤਾਰ ਦੀ ਇੱਕ ਭਾਗ ‘ਰਾਮ ਅਵਤਾਰੱ ਵਿਚੋਂ ਲਿਆ ਗਿਆ ਹੈ, ਇਹ ਵੀ ਕਵੀ ਸਯਾਮ ਦੀ ਰਚਨਾ ਹੈ, ਇਹ ਸਵੈਯਾ ਜੇ ਉਪਰੀ ਨਜ਼ਰ ਨਾਲ ਵੇਖਿਆਂ ਜਾੲੇ ਤੇ ਇਸ ਦੇ ਅਰਥ ਗੁਰਮਤਿ ਅਨੁਸਾਰੀ ਲਗਦੇ ਹਨ, ਪਰ ਜੇ ਪੁਰੀ ਰਚਨਾ ਜਿਸ ਵਿਚੋਂ ਇਹ ਲਿਆ ਗਿਆ ਹੈ ਵਿਚਾਰੀਏ ਤਾਂ ਇਹ ਗੁਰਮਤਿ ਤੋਂ ਉਲਟ ਸਾਬਿਤ ਹੋ ਜਾਂਦਾ ਹੈ, ਇਹ ਸਵੈਯਾ ਹੈ...
ਪਾਇ ਗਹੇ ਜਬ ਦੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨਯੋ।
ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨਯੋ।
ਸਿੰਮ੍ਰਿਤ ਸਾਸਤ੍ਰ ਬੇਦ ਸਬੈ ਬਹੁ ਭੇਦ ਕਹੈ ਹਮ ਏਕ ਨ ਜਾਨਯੋ।
ਸ੍ਰੀ ਅਸਪਾਨ ਕ੍ਰਿਪਾ ਤੁਮਰੀ ਕਰਿ ਮੈ ਨ ਕਹਯੋ ਸਭ ਤੋਹਿ ਬਖਾਨਯੋ।
ਅਸਲ ਗੱਲ ਹੈ ਕਿ ਬ੍ਰਾਹਮਨੀ ਮੱਤ ਵਿੱਚ ਬਹੁਤ ਵਿਰੋਧਾਭਾਸ ਹੈ, ਉਹਨਾਂ ਦੇ ਫਿਰਕੇ ਵੀ ਅਨੇਕਾਂ ਹਨ, ਹਰ ਇੱਕ ਫਿਰਕੇ ਦਾ ਮੁੱਖ ਇਸ਼ਟ ਵੀ ਅਲਗ ਅਲਗ ਹਨ, ਜਦ ਕੋਈ ਇੱਕ ਫਿਰਕੇ ਨਾਲ ਸੰਬੰਧਿਤ ਕਵੀ ਲਿਖਦਾ ਹੈ ਤਾਂ ਉਹ ਅਪਣੇ ‘ਇਸ਼ਟੱ ਨੂੰ ਸਰਬ ਸ਼ਕਤੀਮਾਨ ਦਸਦਾ ਹੈ ਅਤੇ ਬਾਕੀ ਮਿਥਹਾਸਿਕ ਦੇਵੀ ਦੇਵਤਿਆਂ, ਅਵਤਾਰਾਂ ਨੂੰ ਨਖਿੱਧ ਜਾਂ ਤੁੱਛ ਵਿਖਾਉਣ ਦੀ ਕੋਸ਼ਿਸ਼ ਕਰਦਾ ਹੈ, ਸਯਾਮ ਕਵੀ ਮਹਾਂ ਕਾਲ ਦਾ ਉਪਾਸਕ ਹੈ, ਤਾਂ ਹੀ ਇਸ ਸਵੱਯੇ ਵਿੱਚ ਉਸਨੇ ਮਹਾਂ ਕਾਲ ਦੇ ਖੜਗ ਧਾਰੀ ਸਰੂਪ ਨੂੰ ਬਾਕੀ ਦੇਵਤਿਆਂ, ਅਵਤਾਰਾਂ ਤੋਂ ਸ਼੍ਰੋਮਣੀ ਦਸਿਆ ਹੈ...
ਉਪਰੋਕਤ ਵਿਚਾਰ ਉਪਰੰਤ ਸਪਸ਼ਟ ਹੋ ਗਿਆ ਕਿ ਇਸ ਪ੍ਰਚਲਿਤ ਸਿੱਖ ਆਰਤੀ ਵਿੱਚ ਵਰਤੇ ਜਾਂਦੀਆਂ ਅਖੌਤੀ ਦਸਮ ਗ੍ਰੰਥ ਦੀਆਂ ਕੱਚੀਆਂ ਰਚਨਾਵਾਂ ਗੁਰਮਤਿ ਸਿਧਾਂਤਾਂ ਦੇ ਖਿਲਾਫ ਹਨ...
ਅਤੇ ਅੱਜ ਵੀ ਬਹੁਤਾਤ ਗੁਰਦੁਆਰਿਆਂ ਸਮੇਤ ਕਈ ਇਤਿਹਾਸਕ ਗੁਰਦੁਆਰਿਆਂ ਦੇ ਵਿਚ ਇਹ ਮਿਲਗੋਭਾ ‘ਆਰਤੀੱ ਬੇਰੋਕਟੋਕ ਪੜੀ ਜਾ ਰਹੀ ਹੈ, ਕੁੱਝ ਦੋਸ਼ ਉਹਨਾਂ ਰਾਗੀਆਂ, ਕੀਰਤਨੀਆਂ ਦਾ ਵੀ ਹੈ ਜੋ ਬਿਨਾ ਸਮਝੇ ਵਿਚਾਰੇ ਇਸ ਦੀ ਤੋਤਾ ਰਟਨੀ ਕਰੀ ਜਾ ਰਹੇ ਹਨ, ਨਾਲ ਹੀ ਉਹ ਪ੍ਰਕਾਸ਼ਕ ਵੀ ਘੱਟ ਦੋਸ਼ੀ ਨਹੀਂ ਜਿਹੜੇ ਸਭ ਕੁੱਝ ਸਮਝਦੇ ਬੁਝਦੇ ਇਸ ਮਿਲਗੋਭੇ ਨੂੰ ਛਾਪੀ ਜਾ ਰਹੇ ਹਨ...
ਉਪਰੋਕਤ ਵਿਚਾਰ ਉਪਰੰਤ ਸਪਸ਼ਟ ਹੈ ਕਿ ਸਿੱਖ ਸਮਾਜ ਵਿੱਚ ਪ੍ਰਚਲਿਤ ਆਰਤੀ ਇੱਕ ਗੈਰ ਸਿੱਧਾਂਤਕ ਅਤੇ ਮਿਲਗੋਭਾ ਰਚਨਾ ਹੈ, ਪਰ ਫਿਰ ਵੀ ਜ਼ਿਆਦਾਤਰ ਸਿੱਖ ਗਿਆਨ ਦੀਆਂ ਅੱਖਾਂ ਅਤੇ ਕੰਨ ਬੰਦ ਕਰਕੇ ਇਸ ਉਤੇ ਝੂਮਦੇ ਵੇਖੇ ਜਾ ਸਕਦੇ ਹਨ, ਕਾਰਨ ਸਿਰਫ ਇੱਕ ਹੈ ਕਿ ਉਹ ਗੁਰਬਾਣੀ ਨੂੰ ਸਮਝਨ ਵਿਚਾਰਨ ਦੀ ਚੀਜ਼ ਨਹੀਂ ਸਮਝਦੇ ਬਲਕਿ ਸਿਰਫ ਕੰਨ ਰਸ ਵਾਸਤੇ ਕੀਰਤਨ ਸੁਣਦੇ ਹਨ ਜਾਂ ਫੇਰ ਤੋਤਾ ਰਟਨੀ ਵਾਂਗੂ ਪਾਠ ਕਰਦੇ ਹਨ, ਤਾਂ ਹੀ ਉਹਨਾਂ ਨੂੰ ਕੋਈ ਕੀਰਤਨ ਜਾਂ ਕਥਾ ਦੇ ਨਾਂ ਉਪਰ ਚਾਹੇ ਕਿਤਨੀ ਵੀ ਗੁਰਮੱਤਿ ਵਿਰੋਧੀ ਅਤੇ ਊਲ ਜਲੂਲ ਵਿਚਾਰ ਸੁਣਾ ਜਾਵੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ.... ਸਾਰੀ ਗੱਲ ਗੁਰਬਾਣੀ ਦੇ ਇਸ ਫੁਰਮਾਣ ਤੇ ਆ ਕੇ ਖਲੋ ਜਾਂਦੀ ਹੈ..
ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜੋ ਸਿਖਾ ਮਹਿ ਚੂਕ॥
ਅੰਧੇ ਏਕ ਨਾ ਲਾਗਈ ਜਿਉ ਬਾਂਸ ਬਜਾਈਐ ਫੂਕ॥
ਅਤੇ ਆਰਤੀ’ ਦੌਰਾਨ ਪੜ੍ਹੇ ਜਾਂਦੇ ਸਵੱਈਆਂ ਬਾਰੇ ਭਾਈ ਕਾਨ੍ਹ ਸਿੰਘ ਨਾਭਾ, ‘ਗੁਰਮਤਿ ਮਾਰਤੰਡ’ ਵਿਚ ਲਿਖਦੇ ਹਨ.... ਸਿੱਖ ਨਿਯਮਾਂ ਤੋਂ ਅਣਜਾਣ ਕਈ ਸਿੱਖ ਭਾਈ ਦੀਵੇ ਮਚਾ ਕੇ ਆਰਤੀ ਕਰਦੇ ਹਨ ਅਤੇ ਚੰਡੀ ਚਰਿਤ੍ਰ’ ਦੇ ਸਵੈਯੇ ‘ਸੰਖਨ ਕੀ ਧੁਨਿ ਘੰਟਨ ਕੀ ਕਰਿ ਫੂਲਨ ਕੀ ਬਰਖਾ ਬਰਖਾਵੈ’ ਪੜ੍ਹ ਕੇ ਸੰਖ ਵਜਾਉਂਦੇ, ਘੰਟੇ ਖੜਕਾਉਂਦੇ ਹੋਏ ਫੁੱਲ ਬਰਸਾਉਂਦੇ ਹਨ, ਜੋ ਦੇਵਤਿਆਂ ਵਲੋਂ ਕੀਤੀ ਗਈ ‘ਦੁਰਗਾ’ ਦੀ ਆਰਤੀ ਦੀ ਨਕਲ ਹੈ”....
ਐਨਾ ਕੁੱਝ ਸਪੱਸ਼ਟ ਹੋਣ ਦੇ ਬਾਵਜੂਦ ਵੀ ਪਤਾ ਨਹੀਂ ਕਿਉਂ ਅਸੀਂ ਅਗਿਆਨਤਾ ਦੇ ਹਨ੍ਹੇਰੇ ਵਿੱਚ ਅੰਨ੍ਹੇ ਬਣ ਕੇ ਤੁਰੇ ਫਿਰਦੇ ਹਾਂ, ਜਦਕਿ ਬਾਬੇ ਨਾਨਕ ਨੇ ਸਾਨੂੰ ਗਿਆਨ ਦੀ ਰੌਸ਼ਨੀ ਦੇ ਕੇ ਚਾਨਣ ਮੁਨਾਰੇ ਵਿੱਚ ਜੀਊਣਾ ਸਿਖਾਇਆ ਸੀ। ਆਓ, ਅਸੀਂ ਸਾਰੇ ਗੁਰੂ ਨਾਨਕ ਪਾਤਸ਼ਾਹ ਜੀ ਵਲੋਂ ਦਿੱਤੇ ਗਿਆਨ ਦੇ ਦੀਵੇ ਦੀ ਰੌਸ਼ਨੀ ਲੈ ਕੇ ਇਸ ਅੰਧਕਾਰ ਰੂਪੀ ‘ਆਰਤੀ’ ਦਾ ਖਹਿੜਾ ਛੱਡੀਏ ਅਤੇ ਗੁਰਬਾਣੀ ਦੀ ਰੌਸ਼ਨੀ ਵਿੱਚ ਕੇਵਲ ਸੱਚੇ ਮਾਲਕ ਪ੍ਰਮਾਤਮਾ ਜੀ ਦੀ ਸੱਚੀ ਸੁੱਚੀ ਆਰਤੀ ਕਰੀਏ.... ਗੁਰੂ ਰਾਖਾ।
ਆਤਮਜੀਤ ਸਿੰਘ ਕਾਨਪੁਰ
ਆਰਤੀ ਅਤੇ ਇਸ ਵਿੱਚ ਘੁਸੇੜੀਆਂ ਗਈਆਂ ਗੁਰਮਤਿ ਵਿਰੋਧੀ ਰਚਨਾਵਾਂ
Page Visitors: 2499