ਧਾਰਾ 295 ਏ ਤੋਂ ਕੌਣ ਬਚੇਗਾ ?????
ਸ. ਇੰਦਰ ਸਿੰਘ ਜੀ ਘੱਗਾ ਨੇ ਰੱਖੜੀ ਬਾਰੇ ਇਕ ਲੇਖ ਲਿਖਿਆ ਸੀ , ਜੋ ਮੋਗੇ ਦੇ ਇਕ ਹਫਤਾ-ਵਾਰੀ ਅਖਬਾਰ ਵਿਚ ਛੱਪ ਗਿਆ , ਜਿਸ ਦੇ ਪ੍ਰਤੀ-ਕਰਮ ਵਜੋਂ ਧਾਰਾ 295 ਦਾ ਕੇਸ ਦਰਜ ਹੋ ਗਿਆ । ਵਿਧਾਨਕ ਤੌਰ ਤੇ ਤਾਂ ਕਿਸੇ ਲੇਖ ਦੀ ਜ਼ਿਮੇਵਾਰੀ , ਲੇਖਕ ਦੀ ਹੀ ਹੁੰਦੀ ਹੈ । ਛਾਪਕ ਦਾ ਪੱਖ ਤਾਂ ਅਖਬਾਰ ਵਿਚ ਜਾਂ ਰਸਾਲੇ ਵਿਚ , ਸਪੱਸ਼ਟ ਤੌਰ ਤੇ ਦਿੱਤਾ ਹੁੰਦਾ ਹੈ ਕਿ “ਲੇਖਕ ਦੇ ਵਿਚਾਰਾਂ ਨਾਲ , ਸੰਪਾਦਕ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ” ਇਵੇਂ ਕਾਫੀ ਹੱਦ ਤਕ ਛਾਪਕ ਦਾ ਬਚਾਅ ਹੋ ਜਾਂਦਾ ਹੈ ।
ਪਰ ਏਥੇ ਮਾਮਲਾ ਕੁਝ ਉਲਟਾ ਹੀ ਹੋਇਆ , ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਕੇਸ ਕਰਨ ਵਾਲੇ ਕੁਝ ਜ਼ਿਆਦਾ ਹੀ ਪ੍ਰਭਾਵ-ਸ਼ਾਲੀ ਸਨ , ਛਾਪਕ ਤੋਂ ਬਿਨਾ ਕਿਸੇ ਪੁੱਛ-ਗਿੱਛ ਦੇ , ਉਸ ਦੇ ਦਫਤਰ ਨੂੰ ਤੁਰੰਤ ਹੀ ਸੀਲ ਕਰ ਦਿੱਤਾ ਗਿਆ ਹੈ , ਅਤੇ ਘੱਗਾ ਜੀ ਤੇ 295 ਦਾ ਕੇਸ ਬਣਾ ਦਿੱਤਾ ਗਿਆ ਹੈ ।
ਵਿਸ਼ਵ ਹਿੰਦੂ ਪ੍ਰੀਸ਼ਦ , ਅਖਿਲ ਭਾਰਤੀ ਪਰਸ਼ੂਰਾਮ ਸੈਨਾ , ਬਜਰੰਗ ਦਲ , ਧਰਮ ਜਾਗਰਣ , ਸ਼ਿਵ ਸੈਨਾ ਬਾਲ ਠਾਕਰੇ , ਹਿੰਦੂ ਸੁਰਕਸ਼ਾ ਸੰਮਤੀ , ਪੰਚ-ਮੁਖੀ ਹਨੂਮਾਨ ਸੰਕੀਰਤਨ ਮੰਡਲ , ਭਾਵਾਧਮ ਅਤੇ ਹੋਰ ਜਥੇਬੰਦੀਆਂ ਨੇ ਘੱਗਾ ਜੀ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ , ਅਤੇ ਇਹ ਚਿਤਾਵਨੀ ਵੀ ਦਿੱਤੀ ਹੈ ਕਿ , ਛੇਤੀ ਗ੍ਰਿਫਤਾਰੀ ਨਾ ਹੋਣ ਦੀ ਸ਼ਕਲ ਵਿਚ , ਵਾਪਰੀ ਕਿਸੇ ਅਣਹੋਣੀ ਘਟਨਾ ਲਈ ਸਰਕਾਰ ਅਤੇ ਪ੍ਰਸ਼ਾਸਨ ਜ਼ਿਮੇਵਾਰ ਹੋਣਗੇ ।
(ਹੁਣ ਤਾਂ ਇਹ ਵੀ ਖਬਰ ਮਿਲ ਗਈ ਹੈ ਕਿ ਬੀ, ਜੇ, ਪੀ. ਦੇ ਕਿਸੇ ਨੇਤਾ ਦੀ ਅਗਵਾਈ ਵਿਚ, ਮਾਲਵਾ ਮੇਲ ਅਖਬਾਰ ਦੇ ਦਫਤਰ ਦੀ ਭੰਨ-ਤੋੜ ਵੀ ਕਰ ਦਿੱਤੀ ਗਈ ਹੈ, ਅਤੇ ਘੱਗਾ ਜੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ )
ਮਜ਼ੇ ਦੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਅੱਠ-ਨੌਂ ਜਥੇਬੰਦੀਆਂ ਵਲੋਂ ਇਹ ਮੰਗ ਕੀਤੀ ਗਈ ਹੈ , ਉਨ੍ਹਾਂ ਦੇ ਇਕੱਠ ਵਿਚ ਕੇਵਲ 16 ਬੰਦੇ ਸਨ , 13 ਮੋਨੇ ਅਤੇ ਤਿੰਨ ਕੇਸਾਧਾਰੀ । ਜੋ ਸਰਕਾਰ , ਪ੍ਰਸ਼ਾਸਨ ਅਤੇ ਪੁਲਸ , ਸਿੱਖਾਂ ਦੇ , ਬੇਰੁਜ਼ਗਾਰਾਂ ਜਾਂ ਟੀਚਰਾਂ ਦੇ ਹਜ਼ਾਰਾਂ ਦੇ ਇਕੱਠ ਸਾਮ੍ਹਣੇ , ਸ਼ੇਰ ਵਾਙ ਦਹਾੜਦੀ , ਲਾਠੀ-ਚਾਰਜ ਕਰਨੋਂ , ਅੱਥਰੂ-ਗੈਸ ਦੇ ਗੋਲੇ ਵਰ੍ਹਾਉਣੋਂ , ਅਤੇ ਗੋਲੀਆਂ ਚਲਾਉਣੋਂ ਜ਼ਰਾ ਵੀ ਨਹੀਂ ਝਿਜਕਦੀ , ਉਹੀ ਸਰਕਾਰ, ਪ੍ਰਸ਼ਾਸਨ ਅਤੇ ਪੁਲਸ , 16 ਬੰਦਿਆਂ ਸਾਮ੍ਹਣੇ ਭਿੱਜੀ ਬਿੱਲੀ ਬਣੀ , ਗਿੜ-ਗਿੜਾਉਂਦੀ ਨਜ਼ਰ ਆ ਰਹੀ ਹੈ , ਅਤੇ ਅਖਬਾਰ ਦੇ ਦਫਤਰ ਨੂੰ ਭੰਨ-ਤੋੜ ਤੋਂ ਵੀ ਨਹੀਂ ਬਚਾ ਸਕੀ । ਖੈਰ ਹਰ ਕਿਸੇ ਦੀਆਂ ਆਪਣੀਆਂ-ਆਪਣੀਆਂ ਮਜਬੂਰੀਆਂ ਹੁੰਦੀਆਂ ਹਨ , ਅਤੇ ਫਿਲਹਾਲ ਸਾਡਾ ਵਿਸ਼ਾ ਵੀ ਇਹ ਨਹੀਂ ਹੈ ।
ਸਾਡਾ ਮੂਲ ਵਿਸ਼ਾ ਧਾਰਾ 295 ਦੇ ਦੁਰ-ਉਪਯੋਗ ਬਾਰੇ ਹੈ , ਜੇ ਅਜਿਹੀ ਹਾਲਤ ਵਿਚ ਹੀ ਧਾਰਾ 295 ਲੱਗਣ ਲੱਗ ਗਈ ਤਾਂ , ਇਸ ਤੋਂ ਕੌਣ ਬਚੇਗਾ ?
ਵਿਚਾਰ ਅਗਾਂਹ ਵਧਾਉਣ ਤੋਂ ਪਹਿਲਾਂ , ਧਾਰਾ 295 ਬਾਰੇ ਵੀ ਥੋੜੀ ਜਾਣਕਾਰੀ ਕਰੀਏ !
ਧਾਰਾ 295 ਏ ਦਾ ਅਰਥ ਹੈ , ਕਿਸੇ ਦੀਆਂ ਧਾਰਮਕ ਭਾਵਨਾਵਾਂ ਦਾ ਨਿਰਾਦਰ ਕਰਨਾ । ਜੋ ਆਦਮੀ ਕਿਸੇ ਦੀਆਂ ਧਾਰਮਕ ਭਾਵਨਾਵਾਂ ਦਾ ਨਿਰਾਦਰ ਕਰਦਾ ਹੈ , ਉਹ ਧਾਰਾ 295 ਏ ਅਧੀਨ ਦੋਸ਼ੀ ਹੈ ।
ਧਾਰਮਕ ਭਾਵਨਾਵਾਂ ਕੀ ਹਨ ?
ਹਿੰਦੂ ਮੱਤ ਅਨੁਸਾਰ , ਤੇਤੀ ਕ੍ਰੋੜ ਦੇਵੀ-ਦੇਵਤੇ ਹਨ , ਅਨੇਕਾਂ ਅਵਤਾਰ ਹਨ , ਇਨ੍ਹਾਂ ਦੀ ਪੂਜਾ ਕਰਨਾ , ਹਿੰਦੂ ਧਰਮ ਦਾ ਧਾਰਮਕ ਵਿਸ਼ਵਾਸ ਹੈ ।(ਇਹ ਧਾਰਮਕ ਭਾਵਨਾਵਾਂ ਹਨ) ਪਰ ਇਹ ਸਾਰਾ ਪਸਾਰਾ ਬ੍ਰਾਹਮਣ ਨੇ ਆਪਣੇ ਲੁੱਟ-ਜਾਲ ਨੂੰ ਪੱਕਿਆਂ ਕਰਨ ਲੲੈ ਪਸਾਰਿਆ ਹੋਇਆ ਹੈ , ਇਸ ਤੋਂ ਇਲਾਵਾ , ਇਸ ਨੂੰ ਪੱਕਿਆਂ ਕਰਨ ਲਈ , ਕਈ ਰੀਤੀ-ਰਿਵਾਜ ਅਤੇ ਤਿਉਹਾਰ ਵੀ ਬਣਾਏ ਹੋਏ ਹਨ । ਦੇਵੀ-ਦੇਵਤੇ ਪੱਥਰ ਦੇ ਘੜ ਕੇ ਉਨ੍ਹਾਂ ਦੀ ਮੰਦਰਾਂ ਵਿਚ ਸਥਾਪਨਾ ਕੀਤੀ ਜਾਂਦੀ ਹੈ , ਫਿਰ ਉਨ੍ਹਾਂ ਦੀ ਸੰਸਾਰ ਦੇ ਕਰਤਿਆਂ ਵਜੋਂ ਪੂਜਾ ਕੀਤੀ ਜਾਂਦੀ ਹੈ । ਪਰ ਅਸਲ ਵਿਚ ਇਨ੍ਹਾਂ ਵਿਚ ਕੋਈ ਸ਼ਕਤੀ ਨਹੀਂ ਹੁੰਦੀ , ਬਲਕਿ ਇਨ੍ਹਾਂ ਦੀ ਪੂਜਾ ਦੀ ਆੜ ਵਿਚ , ਬ੍ਰਾਹਮਣ ਆਪਣੀ ਪੂਜਾ ਕਰਵਾਉਂਦਾ ਹੈ । ਇਨ੍ਹਾਂ ਦੇਵਤਿਆਂ , ਅਵਤਾਰਾਂ ਨੂੰ ਭੇਂਟ ਕੀਤੀ ਹਰ ਚੀਜ਼ ਬ੍ਰਾਹਮਣ ਦੀ ਵਰਤੋਂ ਲਈ ਹੁੰਦੀ ਹੈ । ਮੂਲ ਰੂਪ ਵਿਚ ਬ੍ਰਾਹਮਣ ਹੀ ਸਭ ਤੋਂ ਵੱਡਾ ਦੇਵਤਾ ਹੈ ।
ਮਨੂ-ਸਿਮ੍ਰਤੀ ਅਨੁਸਾਰ , ਬ੍ਰਾਹਮਣ ਦੀ ਧਾਰਮਕ ਭਾਵਨਾ ਹੈ ਕਿ , ਸ੍ਰਿਸ਼ਟੀ ਦੀ ਹਰ ਚੀਜ਼ ਦਾ ਮਾਲਕ ਬ੍ਰਾਹਮਣ ਹੈ , ਬ੍ਰਾਹਮਣ ਜਿਸ ਕੋਲੋਂ ਜੋ ਚਾਹੇ ਲੈ ਸਕਦਾ ਹੈ , ਇਸ ਨਾਲ ਇਹ ਨਹੀਂ ਸੋਚਿਆ ਜਾਣਾ ਚਾਹੀਦਾ ਕਿ ਉਸ ਨੇ ਕਿਸੇ ਦੀ ਚੀਜ਼ ਲਈ ਹੈ , ਬਲਕਿ ਇਹ ਸੋਚਿਆ ਜਾਣਾ ਚਾਹੀਦਾ ਹੈ ਕਿ ਉਸ ਨੇ ਆਪਣੀ ਹੀ ਚੀਜ਼ ਵਾਪਸ ਲਈ ਹੈ । ਜੇ ਕੋਈ ਆਪਣੀ ਚੀਜ਼ ਬ੍ਰਾਹਮਣ ਨੂੰ ਨਾ ਦੇਵੇ ਤਾਂ ਏਵੇਂ , ਇਹ ਵੀ ਬ੍ਰਾਹਮਣ ਦੀ ਧਾਰਮਕ ਭਾਵਨਾ ਦਾ ਨਿਰਾਦਰ ਹੈ ।
ਇਵੇਂ ਹੀ ਬ੍ਰਾਹਮਣ ਦੀ ਇਹ ਵੀ ਧਾਰਮਕ ਭਾਵਨਾ ਹੈ ਕਿ , ਛੱਤਰੀ ਉਸ ਦੀ ਹਰ ਤਰ੍ਹਾਂ ਨਾਲ ਰਖਵਾਲੀ ਕਰੇ । ਵੈਸ਼ ਕਾਰੋਬਾਰ ਆਦਿ ਕਰੇ , ਬ੍ਰਾਹਮਣ ਉਸ ਕੋਲੋਂ ਜੋ ਚਾਹੇ , ਬਿਨਾ ਪੈਸੇ ਦਿੱਤਿਆਂ ਲੈ ਸਕਦਾ ਹੈ । ਸ਼ੂਦਰ ਬਿਨਾ ਕਿਸੇ ਪਗਾਰ ਦੇ ਸਾਰੀ ਉਮਰ , ਬ੍ਰਾਹਮਣ ਦੀ ਸੇਵਾ ਕਰੇ , ਜੇ ਉਹ ਅਜਿਹਾ ਨਹੀਂ ਕਰਦਾ ਤਾਂ ਇਹ ਵੀ ਬ੍ਰਾਹਮਣ ਦੀਆਂ ਧਾਰਮਕ ਭਾਵਨਾਵਾਂ ਦਾ ਨਿਰਾਦਰ ਹੈ । ਇਵੇਂ ਹੀ ਆਪਣੀ ਕਮਾਈ ਨੂੰ ਬਚਾ ਕੇ ਰੱਖਣਾ , ਉਸ ਨੂੰ ਆਪਣੀ ਸੁਵਿਧਾ ਅਨੁਸਾਰ ਵਰਤਣਾ , ਛੱਤ੍ਰੀ , ਵੈਸ਼ ਅਤੇ ਸ਼ੂਦਰ ਦਾ ਸੰਵਿਧਾਨਿਕ ਹੱਕ ਹੈ । ਇਹ ਦੋਵੇਂ ਨਾਲ-ਨਾਲ ਕਿਵੇਂ ਚੱਲ ਸਕਦੇ ਹਨ ?
ਆਉ ਹੁਣ ਗੱਲ ਕਰੀਏ ਧਰਮਾਂ ਦੀ ਆਪਸੀ ਵਿਵਸਥਾ ਦੀ ।
ਹਿੰਦੂ ਧਰਮ ਦੀ ਧਾਰਮਿਕ ਭਾਵਨਾ ਬਣਾ ਦਿੱਤੀ ਗਈ ਹੈ ਕਿ , ਬ੍ਰਾਹਮਣ ਵਲੋਂ ਸਿਰਜੇ ਲੁੱਟ-ਜਾਲ ਬਾਰੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ,(ਜੋ ਘੱਗਾ ਜੀ ਨੇ ਕੀਤਾ) ਯਾਨੀ ਉਸ ਲੁੱਟ-ਜਾਲ ਨੂੰ ਤੋੜਨ ਬਾਰੇ ਕੋਈ ਵਿਚਾਰ , ਕੋਈ ਉਪਰਾਲਾ ਨਹੀਂ ਕੀਤਾ ਜਾ ਸਕਦਾ ।
ਸਿੱਖ ਮੱਤ ਦੀ ਧਾਰਮਿਕ ਭਾਵਨਾ ਹੈ ਕਿ , ਸਾਰੇ ਬੰਦੇ ਬਰਾਬਰ ਹਨ , ਕਿਸੇ ਨੂੰ ਵੀ ਦੂਸਰੇ ਨੂੰ ਲੁੱਟਣ ਦਾ , ਦੂਸਰੇ ਨੂੰ ਦਬਾਅ ਕੇ ਰੱਖਣ ਦਾ ਕੋਈ ਹੱਕ ਨਹੀਂ ਹੈ । ਜੋ ਵੀ ਦੂਸਰੇ ਦੀ ਲੁੱਟ ਕਰਦਾ ਹੈ , ਜਾਂ ਦੂਸਰੇ ਨੂੰ ਦਬਾਅ ਕੇ ਰੱਖਦਾ ਹੈ , ਉਹ ਸਿੱਖਾਂ ਦੀਆਂ ਧਾਰਮਕ ਭਾਚਨਾਵਾਂ ਦਾ ਨਿਰਾਦਰ ਕਰਦਾ ਹੈ ।
ਹਿੰਦੂ ਧਰਮ ਦੀ ਧਾਰਮਕ ਭਾਵਨਾ ਹੈ ਕਿ , ਗਊ ਉਸ ਦੀ ਮਾਤਾ ਹੈ , ਉਸ ਦੀ ਪੂਜਾ ਕਰਨੀ ਚਾਹੀਦੀ ਹੈ , ਗਊ ਨੂੰ ਖਾਣਾ ਹਿੰਦੂਆਂ ਦੀ ਧਾਰਮਕ ਭਾਵਨਾ ਦਾ ਨਿਰਾਦਰ ਹੈ । ਮੁਸਲਮਾਨ ਧਰਮ ਦੀ ਧਾਰਮਿਕ ਭਾਵਨਾ ਹੈ ਕਿ ਗਊ ਵੀ ਦੂਸਰੇ ਜਾਨਵਰਾਂ ਵਾਙ ਇਕ ਜਾਨਵਰ ਹੀ ਹੈ , ਉਸ ਨੂੰ ਗਊ ਖਾਣੋਂ ਰੋਕਣਾ , ਉਸ ਦੀ ਧਾਰਮਕ ਭਾਵਨਾ ਦਾ ਨਿਰਾਦਰ ਹੈ ।
ਇਵੇਂ ਹੀ ਹਿੰਦੂ ਧਰਮ ਦੀ ਧਾਰਮਕ ਭਾਵਨਾ ਅਨੁਸਾਰ , ਮੂਰਤੀਆਂ ਸਰਵ-ਸਮਰੱਥ , ਪੂਜਾ ਯੋਗ ਹੁੰਦੀਆਂ ਹਨ । ਅਜਿਹਾ ਨਾ ਕਰਨ ਨਾਲ ਉਨ੍ਹਾਂ ਦੀ ਧਾਰਮਿਕ ਭਾਵਨਾ ਦਾ ਨਿਰਾਦਰ ਹੁੰਦਾ ਹੈ । ਸਿੱਖ ਧਰਮ ਅਤੇ ਮੁਸਲਮਾਨ ਧਰਮ ਦੀ ਭਾਵਨਾ ਅਨੁਸਾਰ ਮੂਰਤੀਆਂ ਵਿਚ ਕੋਈ ਸਮਰਥਾ ਨਹੀਂ ਹੁੰਦੀ , ਇਹ ਬ੍ਰਾਹਮਣ ਦੇ ਲੁੱਟ-ਜਾਲ ਦੀਆਂ ਤੰਦਾਂ ਹਨ , ਮੂਰਤੀ-ਪੂਜਾ ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਦਾ ਨਿਰਾਦਰ ਹੈ ।
ਇਸ ਹਿਸਾਬ ਨਾਲ ਕਦੇ ਵੀ , ਕਿਤੇ ਵੀ ਸੱਚ ਦੀ , ਅਸਲੀਅਤ ਦੀ ਗੱਲ ਨਹੀਂ ਹੋ ਸਕੇਗੀ । ਇਹ ਵੀ ਬਹੁ-ਗਿਣਤੀ ਵਲੋਂ , ਘੱਟ-ਗਿਣਤੀ ਵਾਲਿਆਂ ਨੂੰ ਦਬਾਉਣ ਲਈ ਇਕ ਨਵਾਂ ਹਥਿਆਰ ਹੈ (ਜੋ ਹੁਣ ਤਕ ਦੱਬਿਆ ਪਿਆ ਸੀ) ਜਿਸ ਨੂੰ ਧੋ-ਮਾਂਜ ਕੇ , ਲਿਸ਼ਕਾ ਕੇ , ਉਸ ਦੀ ਉਪਯੋਗਤਾ ਸਥਾਪਤ ਕਰ ਕੇ ,ਦੂਸਰਿਆਂ ਤੇ ਵਰਤਣ ਲਈ , ਬਾਦਲ ਨੇ ਆਪਣੀ ਮਾਨਸਿਕਤਾ ਦਾ ਪ੍ਰਗਟਾਵਾ ਕਰ ਕੇ , ਪੰਜਾਬ ਵਿਚ ਇਕ ਨਵਾਂ ਭਾਂਬੜ ਬਾਲ ਦਿੱਤਾ ਹੈ , ਜਿਸ ਦੀਆਂ ਲਪਟਾਂ ਪੰਜਾਬ ਨੂੰ ਤਾਂ ਲੈ ਹੀ ਡੁੱਬਣ-ਗੀਆਂ , ਛੱਡਣ ਗੀਆਂ ਭਾਰਤ ਨੂੰ ਵੀ ਨਹੀਂ ।
ਭਾਰਤ ਨਾ ਹਿੰਦੂਆਂ ਦੀ ਜਾਗੀਰ ਹੈ , ਨਾ ਮੁਸਲਮਾਨਾਂ ਦੀ , ਨਾ ਸਿੱਖਾਂ ਦੀ , ਨਾ ਈਸਾਈਆਂ ਦੀ , ਨਾ ਬੋਧੀਆਂ ਦੀ , ਨਾ ਜੈਨੀਆਂ ਦੀ ਅਤੇ ਨਾ ਹੀ ਪਾਰਸੀਆਂ ਦੀ । ਇਹ ਸਾਰਿਆਂ ਦਾ ਸਾਂਝਾ ਦੇਸ਼ ਹੈ । ਇਹ ਸੱਚ ਹੈ ਕਿ ਸਰਕਾਰ ਬਹੁ ਗਿਣਤੀ ਦੇ ਆਧਾਰ ਤੇ ਹੀ ਬਣਨੀ ਹੈ , ਪਰ ਉਸ ਸਰਕਾਰ ਨੂੰ ਇਹ ਹੱਕ ਨਹੀਂ ਹੈ ਕਿ ਉਹ ਸਾਰੀਆਂ ਨੀਤੀਆਂ , ਬਹੁ-ਗਿਣਤੀ ਧਰਮ ਅਨੁਸਾਰ ਹੀ ਬਣਾਵੇ , ਪੁਲਸ ਅਤੇ ਫੌਜ ਦਾ ਧਰਮ ਅਧਾਰਿਤ ਕੀਤਾ ਵਰਗੀ-ਕਰਣ , ਦੇਸ਼ ਲਈ ਬਹੁਤ ਹੀ ਹਾਨੀਕਾਰਕ ਹੈ । ਪਹਿਲਾਂ ਵੀ ਬ੍ਰਾਹਮਣ ਦੀਆਂ ਅਜਿਹੀਆਂ ਨੀਤੀਆਂ ਕਾਰਨ , ਭਾਰਤ ਬਾਰਾਂ ਸੌ ਸਾਲ ਤੋਂ ਉਪਰ ਗੁਲਾਮ ਰਿਹਾ ਹੈ , ਜੇ ਭਾਰਤ ਦੀ ਬਹੁ-ਗਿਣਤੀ ਨੇ ਆਪਣੀ ਮਾਨਸਿਕਤਾ ਨਾ ਬਦਲੀ , ਤਾਂ ਇਸ ਵਿਚ ਕੁਝ ਵੀ ਚੰਗਾ ਨਹੀਂ ਹੋਣ ਵਾਲਾ । ਸਿੱਖਾਂ ਨੂੰ , ਮੁਸਲਮਾਨਾਂ ਨੂੰ ਅਤੇ ਈਸਾਈਆਂ ਨੂੰ ਵੀ , ਆਪਣੇ ਤੇ ਹੋਈਆਂ ਵਧੀਕੀਆਂ ਦਾ ਡੂੰਘਾ ਅਹਿਸਾਸ ਹੈ , ਜੇ ਉਨ੍ਹਾਂ ਨਾਲ ਇੰਸਾਫ ਪੂਰਨ ਵਤੀਰਾ ਨਾ ਅਪਨਾਇਆ ਗਿਆ ਤਾਂ ਇਹ ਲਾਵਾ ਕਿਸੇ ਵੇਲੇ ਵੀ ਫੁੱਟ ਸਕਦਾ ਹੈ , ਜਿਸ ਨਾਲ ਕਿਸੇ ਦਾ ਵੀ ਭਲਾ ਨਹੀਂ ਹੋਣਾ ।
ਅਮਰ ਜੀਤ ਸਿੰਘ ਚੰਦੀ