ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥
ਅੱਜ ਜੂਨ ਹੈ, 1984 ਨੂੰ 37 ਸਾਲ ਹੋ ਚੁੱਕੇ ਹਨ, ਅੱਜ ਤਕ ਵੀ ਸਿੱਖਾਂ ਨੂੰ ਕੋਈ ਇੰਸਾਫ ਨਹੀਂ ਮਿਲਿਆ।
ਜਿਨ੍ਹਾਂ ਨੇ ਦਰਬਾਰ ਸਾਹਿਬ ਅਤੇ 40 ਕਰੀਬ ਹੋਰ ਗੁਰਦਵਾਰਿਆਂ ਤੇ ਫੋਜੀ ਹਮਲਾ ਕਰਵਾਉਣ ਵਿਚ ਸਹਿਯੋਗ ਦਿੱਤਾ, ਹਜ਼ਾਰਾਂ ਸਿੱਖ ਅਤੇ ਗਰੀਬ ਪੂਰਬੀਏ ਮਰਵਾਉਣ ਪਿੱਛੋਂ , ਇੰਦਰਾ ਨਾਲ ਸਮਝੌਤਾ ਕਰ ਕੇ ਪੰਜਾਬ ਦੀਆਂ ਸਾਰੀਆਂ ਚੀਜ਼ਾਂ ਕੇਂਦਰ ਸਰਕਾਰ ਨੂੰ ਦੇ ਕੇ ਆਪਣਾ ਰਾਜ ਕਾਇਮ ਕੀਤਾ, ਜੋ ਅੱਜ ਤੱਕ ਚੱਲ ਰਿਹਾ ਹੈ। ਮੇਰਾ ਖਿਆਲ ਹੈ ਕਿ ਸਿੱਖਾਂ ਨੇ ਹੱਦ ਦਰਜੇ ਦੇ ਨਿਕੰਮੇ ਬੰਦਿਆਂ ਨੂੰ ਆਪਣਾ ਆਗੂ ਬਣਾਇਆ ਹੈ, ਅਤੇ 36 ਸਾਲ ਤੋਂ ਲਗਾਤਾਰ ਉਨ੍ਹਾਂ ਨੂੰ ਹੀ ਵਾਰੀ ਵਾਰੀ, ਵੋਟਾਂ ਰਾਹੀਂ ਜ਼ਿਮੇਵਾਰੀ ਸੌਂਪਦੇ ਪਏ ਹਨ। ਪਰ ਉਨ੍ਹਾਂ ਲੀਡਰਾਂ ਨੇ ਪੰਜਾਬ ਦਾ ਇਕ ਵੀ ਮਸਲ੍ਹਾ ਹੱਲ ਨਹੀਂ ਕੀਤਾ. ਨਾ ਚੰਦੀਗੜ੍ਹ ਦਾ, ਨਾ ਭਾਖੜਾ ਡੈਮ ਦਾ, ਨਾ 84 ਦੇ ਕਤਲੇ-ਆਮ ਦਾ, ਨਾ ਪੰਜਾਬੀ ਬੋਲੀ ਦਾ, ਨਾ ਸਿੱਖਾਂ ਦੇ ਅਧਿਕਾਰਾਂ ਦਾ। ਬਲਕਿ ਪੰਜਾਬੀਆਂ ਦੀ ਪੜ੍ਹਾਈ, ਪੰਜਾਬੀਆਂ ਦੀ ਸਿਹਤ, ਪੰਜਾਬੀਆਂ ਦੀਆਂ ਨੌਕਰੀਆਂ ਦਾ ਬਿਲਕੁਲ ਭੱਠਾ ਬਿਠਾ ਦਿੱਤਾ ਹੈ, ਜਦ ਵੀ ਕਦੀ ਉਹ ਆਪਣੇ ਹੱਕਾਂ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ ਡੰਗਰਾਂ ਵਾਙ ਪੁਲਸ ਦੇ ਡੰਡੇ ਨਾਲ ਕੰਟਰੋਲ ਕੀਤਾ ਜਾਂਦਾ ਹੈ। ਪੰਜਾਬ ਦੇ ਕਈ ਭਾਗਾਂ ਵਿਚਲਾ ਪਾਣੀ ਏਨਾ ਗੰਦਾ ਹੋ ਗਿਆ ਹੈ ਕਿ ਲੋਕਾਂ ਨੂੰ ਕੈਂਸਰ ਹੋ ਰਿਹਾ ਹੈ।
ਜਦ ਪੰਜਾਬ ਦੀ ਅਜਿਹੀ ਹਾਲਤ ਹੋਵੇ ਤਾਂ ਹਰ ਸਾਲ ਜੂਨ ਦੇ ਚਾਰ ਦਿਨਾਂ ਨੂੰ ਦੁੱਖ ਜ਼ਾਹਰ ਕਰਨਾ ਕੀ ਮਤਲਬ ਰੱਖਦਾ ਹੈ ? ਜਦ ਕਿ ਦਰਬਾਰ ਸਾਹਿਬ ਦੇ ਅਰਬਾਂ ਰੁਪਏ ਵੀ ਉਹ ਲੀਡਰ ਆਪਣੇ ਸਵਾਰਥ ਅਨੁਸਾਰ ਹੀ ਵਰਤਦੇ ਹਨ, ਇਹ ਅਰਬਾਂ ਰੁਪਏ, ਪੰਥ ਦੇ ਵਿਕਾਸ ਤੇ ਨਹੀਂ ਲਾਏ ਜਾ ਰਹੇ, ਬੜੀ ਬੇਦਰਦੀ ਨਾਲ ਉਨ੍ਹਾਂ ਨੂੰ ਵਰਤਿਆ ਜਾਂਦਾ ਹੈ।
ਕੋਈ ਵੇਲਾ ਸੀ ਜਦ ਦੂਜੇ ਘੱਲੂ ਕਾਰੇ ਵੇਲੇ ਸਿੱਖਾਂ ਦੀ ਅੱਧੀ ਆਬਾਦੀ, ਅਬਦਾਲੀ ਵਲੋਂ ਮਾਰ ਦਿੱਤੀ ਗਈ ਸੀ ਅਤੇ ਕੋਈ ਲੀਡਰ ਅਜਿਹਾ ਨਹੀਂ ਬਚਿਆ ਸੀ, ਜਿਸ ਦੇ ਦਰਜਣਾਂ ਫੱਟ ਨਾ ਲੱਗੇ ਹੋਣ, ਪਰ 3 ਮਹੀਨਿਆ ਵਿਚ ਹੀ ਸਿੰਘਾਂ ਨੇ ਅਬਦਾਲੀ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾ ਦਿੱਤਾ ਸੀ, ਅਤੇ 6 ਮਹੀਨਿਆਂ ਦੇ ਵਿਚ-ਵਿਚ ਉਹ ਲਾਹੌਰ ਦੇ ਕਿਲ੍ਹੇ ਤੋਂ ਰਾਤ ਨੂੰ ਚੋਰੀ ਭੱਜਣ ਤੇ ਮਜਬੂਰ ਹੋ ਗਿਆ ਸੀ। ਪਰ ਅੱਜ 36 ਸਾਲ ਬੀਤ ਜਾਣ ਮਗਰੋਂ ਵੀ ਸਿੱਖ ਇੰਸਾਫ ਦੇ ਊਠ ਦਾ ਬੁਲ੍ਹ ਡਿਗਣ ਦੀ ਉਡੀਕ ਕਰ ਰਹੇ ਹਨ, ਪੰਜਾਬ ਵਿਚ ਲੀਡਰ ਅਤੇ ਅਫਸਰ ਹਰ ਰੋਜ਼ ਅਮੀਰ ਹੁੰਦੇ ਜਾ ਰਹੇ ਹਨ, ਅਤੇ ਆਮ ਲੋਕ ਹਰ ਰੋਜ਼ ਨੰਗੇ ਹੁੰਦੇ ਜਾ ਰਹੇ ਹਨ, ਕਿਸਾਨ ਖੁਦਕੁਸ਼ੀਆਂ ਕਰਨ ਤੇ ਮਜਬੂਰ ਹੋ ਰਹੇ ਹਨ। ਕਿਉਂ ?
ਕਿਉਂਕਿ ਸਿੱਖ ਲੀਡਰ ਦੁਸਮਣਾਂ ਨਾਲ ਮਿਲੇ ਹੋਏ ਹਨ, ਨਵੰਬਰ 1984 ਵੇਲੇ ਦਿੱਲ਼ੀ. ਕਾਨਪੁਰ, ਟਾਟਾ-ਨਗਰ, ਬੋਕਾਰੋ ਆਦਿ ਥਾਵਾਂ ਦਾ ਜ਼ਿਕਰ ਤਾਂ ਹੋਆਿ ਹੈ, ਪਰ ਗੁਆਂਢ ਹਰਿਆਣੇ ਵਿਚ ਹੋਏ ਸਿੱਖ ਕਤਲੇ-ਆਮ ਦਾ ਜ਼ਿਕਰ 26 ਸਾਲ ਤੱਕ ਕਿਤੇ ਵੀ ਨਹੀਂ ਹੋਇਆ, ਜਦ ਤੱਕ ਇੰਜੀਨੀਅਰ ਗਿਆਸ ਪੁਰਾ ਨੇ 2011 ਵਿਚ ਤਿੰਨ ਥਾਂ ਤੋਂ ਵੱਧ ਤੇ ਹੋਏ ਇਸ ਸਮੂਹਕ ਕਤਲੇਆਮ ਦਾ ਪਰਦਾ ਨਹੀਂ ਚੁੱਕਿਆ। ਕੀ ਬਾਦਲ ਟੋਲੇ ਨੂੰ, ਅਮਰਿੰਦਰ ਟੋਲੇ ਨੂੰ ਇਨ੍ਹਾਂ ਬਾਰੇ ਕੁਝ ਪਤਾ ਨਹੀਂ ? ਜਿੱਥੈ ਬੰਦਿਆਂ ਦਾ ਸਮੂਹਕ ਕਤਲੇਆਮ ਕੀਤਾ ਗਿਆ ਹੋਵੇ, ਬੀਬੀਆਂ ਦੀ ਸਮੂਹਕ ਪੱਤ ਲੁੱਟੀ ਗਈ ਹੋਵੇ ਅਤੇ ਬੱਚੀਆਂ ਨੂੰ ਸਮੂਹਕ ਰੂਪ ਵਿਚ ਗਾਇਬ ਕਰ ਦਿੱਤਾ ਗਿਆ ਹੋਵੇ ? ਇਹ ਮੰਨਣ ਵਿਚ ਆਉਣ ਵਾਲੀ ਗੱਲ ਨਹੀਂ, ਕਿ ਜਿਸ ਬਾਦਲ ਨੇ, ਜਿਸ ਕੈਪਟਨ ਨੇ ਪੰਜਾਬ ਵਿਚ ਹੀ ਆਪਣੀ ਸਰਪਰੱਸਤੀ ਹੇਠ ਸ਼੍ਰੇਆਮ ਸੈਂਕੜੇ ਨਹੀਂ, ਹਜ਼ਾਰਾਂ ਨੌਜਵਾਨਾਂ ਨੂੰ ਆਪਣੇ ਸਵਾਰਥ ਲਈ ਦਿਨ-ਦੁਪਹਰੇ ਪੁਲਸ ਵਾਲਿਆਂ ਤੋਂ ਗਾਇਬ ਕਰਵਾ ਦਿੱਤਾ ਹੋਵੇ, ਉਨ੍ਹਾਂ ਗੁੰਡਿਆਂ ਦੇ ਸਰਦਾਰਾਂ ਨੂੰ ਗੁਆਂਢ ਵਿਚ ਵਾਪਰ ਰਹੇ ਕਾਰਿਆਂ ਦੀ ਖਬਰ ਨਾ ਹੋਈ ਹੋਵੇ, ਪਰ ਉਨ੍ਹਾਂ ਦੇ ਆਰਥਿਖ ਹਿੱਤ, ਹਰਿਆਣੇ ਨਾਲ ਜੁੜੇ ਹੋਏ ਸਨ, ਜਿਸ ਕਾਰਨ ਉਨ੍ਹਾਂ ਦੀ ਹਰਿਆਣਾ ਸਰਕਾਰ ਨਾਲ ਗੂੜ੍ਹੀ ਸਾਂਝ ਸੀ ਅਤੇ ਉਨ੍ਹਾਂ ਨੇ ਕੁਝ ਆਰਥਿਕ ਲਾਭ ਲਈ ਸਿੱਖਾਂ ਦੇ ਹਿੱਤ ਅੱਖੋਂ ਪਰੋਖੇ ਕੀਤੇ। ਜਿਸ ਦਾ ਨਤੀਜਾ ਇਹ ਹੋਇਆ ਕਿ ਜਦ ਵੀ ਸਿੱਖਾਂ ਨਾਲ ਹਿੰਦੂਆਂ ਦੀ ਕੁਝ ਤੂੰ-ਤੂੰ ਮੈਂ-ਮੈਂ ਹੋਈ ਤਾਂ ਹਰਿਆਣੇ ਵਾਲਿਆਂ ਨੇ ਜੀ.ਟੀ. ਰੋਡ ਤੇ ਗੁੰਡਾ ਗਰਦੀ ਕਰਦਿਆਂ, ਸਰਦਾਰਾਂ ਦੀਆਂ ਕਾਰਾਂ ਰੋਕ ਕੇ ਉਨ੍ਹਾਂ ਵਿਚ ਬੈਠੀਆਂ ਸਰਦਾਰਨੀਆਂ ਨਾਲ ਬਲਾਤਕਾਰ ਕੀਤੇ ਅਤੇ ਸਰਦਾਰਾਂ ਨੂੰ ਕੁਟਿਆ, ਪਰ ਇਨ੍ਹਾਂ ਸਵਾਰਥੀ ਲੀਡਰਾਂ ਦੀ ਮਿਲੀ-ਭੁਗਤ ਨਾਲ ਸਭ ਕੁਛ ਘੱਟੇ-ਕੌਡੀ ਰਲਾ ਦਿੱਤਾ ਗਿਆ। ਅਜੇ ਵੀ ਪਤਾ ਨਹੀਂ ਹਰਿਆਣੇ ਵਿਚ ਕਿੰਨੇ ਹੋਰ ਅਜਿਹੇ ਥਾਂ ਲੁਕੇ ਪਏ ਹੋਣ, ਜਿੱਥੇ ਬੰਦਿਆਂ ਦਾ ਸਮੂਹਕ ਕਤਲੇਆਮ ਹੋਇਆ ਹੋਵੇ, ਔਰਤਾਂ ਨਾਲ ਸਮ੍ਹੂਹਕ ਬਲਾਤਕਾਰ ਕੀਤੇ ਗਏ ਹੋਣ ਅਤੇ ਬੱਚੀਆਂ ਨੂੰ ਗਾਇਬ ਕੀਤਾ ਗਿਆ ਹੋਵੇ।
ਮੈਂ ਇਹ ਜਾਣਦਾ ਹਾਂ ਕ ਭਵਿੱਖ ਦਾ ਮਹਲ ਉਸਾਰਨ ਲਈ ਭੂਤ ਦੇ ਇਤਿਹਾਸ ਦੀਆਂ ਇੱਟਾਂ ਦੀ ਲੋੜ ਹੁੰਦੀ ਹੈ, ਪਰ ਇਨ੍ਹਾਂ ਇੱਟਾਂ ਵਿਚੋਂ ਕੱਚੀਆਂ-ਪਿੱਲੀਆਂ ਛਾਂਟਣ ਲਈ ਸਮੇ ਦਾ ਖਿਆਲ ਰੱਖਣ ਦੀ ਵੀ ਬਹੁਤ ਲੋੜ ਹੁੰਦੀ ਹੈ, ਅਜਿਹਾ ਨਾ ਹੋਵੇ ਕਿ ਉਨ੍ਹਾਂ ਇੱਟਾਂ ਦੀ ਛਾਂਟ-ਛਟਾਈ ਵਿਚ ਵਰਤਮਾਨ ਵੀ ਭੂਤ ਕਾਲ ਬਣ ਜਾਵੇ। ਇਹ ਨੇੜਲਾ ਭੂਤਕਾਲ ਵੀ ਕਿਸੇ ਵੇਲੇ ਸਾਡਾ ਵਰਤਮਾਨ ਹੀ ਸੀ, ਅਤੇ ਹੁਣ ਵਾਲਾ ਭੂਤਕਾਲ ਕਿਸੇ ਵੇਲੇ ਵਰਤਮਾਨ ਹੀ ਸੀ ਅਤੇ ਉਸ ਨੂੰ ਉਸਾਰਨ ਲਈ ਵੀ ਭੂਤ ਕਾਲ ਦੇ ਇਤਿਹਾਸ ਦੀਆਂ ਇੱਟਾਂ ਦੀ ਲੋੜ ਸੀ, ਪਰ ਇਨ੍ਹਾਂ ਸਵਾਰਥੀ ਲੀਡਰਾਂ ਵਲੋਂ ਉਹ ਇੱਟਾਂ ਨਹੀਂ ਫੋਲੀਆਂ ਗਈਆਂ, ਕਿਉਂ ?
ਇਹ ਸੋਚਣ ਅਤੇ ਸਮਝਣ ਦੀ ਲੋੜ ਹੈ, ਉਸ ਲਈ ਅਸੀਂ ਅੱਜ ਦੇ ਸਮੇ ਨੂੰ ਵੀ ਭੂਤਕਾਲ ਨਹੀਂ ਬਣਾ ਸਕਦੇ। ਸਾਡੇ ਕੋਲ ਸਮਾ ਬਹੁਤ ਥੋੜਾ ਹੈ, ਇਸ ਲਈ ਸਾਨੂੰ ਉਸ ਅਨੁਸਾਰ ਹੀ ਵਿਉਂਤਬੰਦੀ ਕਰਨੀ ਚਾਹੀਦੀ ਹੈ।
ਸਾਡੇ ਕੋਲ ਗੁਰੂ ਨਾਨਕ ਜੀ ਵਲੋਂ ਬਖਸ਼ਿਆ ਸਦੀਵੀ ਸੱਚ ਦਾ ਖਜ਼ਾਨਾ ਹੈ, ਜੋ ਹਰ ਸਮੇ ਆਪਣਾ ਮਾਰਗ-ਦਰਸ਼ਨ ਕਰੇਗਾ, ਉਸ ਤੇ ਚੱਲ ਕੇ ਆਪਾਂ ਸਹਿਜੇ ਹੀ ਸਿੱਖੀ ਵਿਚ ਵੜ ਗਿਆ ਗੰਦ ਸਾਫ ਕਰਨ ਜੋਗੇ ਹੋਵਾਂਗੇ। ਸੋ ਆਉ ਆਪਾਂ ਵੀ ਪਿਛਲੇ ਨੂੰ ਰੋਣਾ ਛੱਡ ਕੇ ਗੁਰੂ ਵਲੋਂ ਦਿੱਤੀ ਸੇਧ,
ਅਗਾਂਹ ਕੂ ਤਰਾਞ ਪਿੱਛੇ ਫੇਰ ਨਾ ਮੋਢੜਾ ॥ 1089
ਤੇ ਅਮਲ ਕਰਦਿਆਂ ਪਿਛਲੇ ਰੋਣੇ ਛੱਡ ਕੇ ਅਗਾਂਹ ਦੀ ਵਿਉਂਤ-ਬੰਦੀ ਕਰੀਏ, ਇਹ ਤਾਂ ਹੀ ਸੰਭਵ ਹੈ, ਜੇ ਅਸੀਂ ਆਪਣੇ ਵਾੜੇ ਵਿਚਲੀਆਂ ਕਾਲੀਆਂ ਭੇਡਾਂ ਦੀ ਪਛਾਣ ਕਰ ਕੇ, ਉਨ੍ਹਾਂ ਤੋਂ ਜਾਨ ਛਡਾਈਏ, ਅਤੇ ਆਪਣੇ ਨਾਲ ਦਿਆਂ ਨੂੰ ਪਛਾਣ ਕੇ, ਉਨ੍ਹਾਂ ਨਾਲ ਵਿਚਾਰ ਕਰ ਕੇ ਅਗਾਂਹ ਦੀ ਵਿਉਂਤ-ਬੰਦੀ ਕਰੀਏ, ਜਿਸ ਨਾਲ ਸਿੱਖਾਂ ਦੀ ਨਵੀਂ ਪਨੀਰੀ ਦਾ ਭਵਿੱਖ ਉਜਲਾ ਹੋ ਸਕੇ।
ਅਮਰ ਜੀਤ ਸਿੰਘ ਚੰਦੀ
ਅਮਰਜੀਤ ਸਿੰਘ ਚੰਦੀ
ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥
Page Visitors: 2424