ਕਸ਼ਮੀਰ ਦੇ ਜ਼ਿੱਮੇਵਾਰ ਲੀਡਰਾਂ ਨੂੰ ਸਮਝਣ ਦੀ ਲੋੜ!
ਕੁਝ ਦਿਨ ਪਹਿਲਾਂ ਕਸ਼ਮੀਰ ਦੇ ਮੁਸਲਮਾਨਾਂ ਨੇ, ਦੋ ਸਰਦਾਰ ਕੁੜੀਆਂ ਦਾ ਅਗਵਾ ਕੀਤਾ, ਇਸ ਦਾ ਪੂਰਾ ਵੇਰਵਾ ਕੀ ਹੈ ? ਇਹ ਤਾਂ ਅਜੇ ਸਾਮ੍ਹਣੇ ਨਹੀਂ ਆਇਆ। ਇਹ ਉਨ੍ਹਾਂ ਕਸ਼ਮੀਰੀ ਲੀਡਰਾਂ ਦੀ ਘੋਖ ਦਾ ਵਿਸ਼ਾ ਹੈ, ਜੋ ਸਰਕਾਰ ਵੀ ਚਲਾਉਂਦੇ ਹਨ ਅਤੇ ਮੁਸਲਮਾਨਾਂ ਦੇ ਵੀ ਆਗੂ ਹਨ, ਕਿਸਾਨ ਵੀ ਹਨ।
ਮੇਰਾ ਇਸ ਮਾਮਲੇ ਨਾਲ ਏਨਾ ਹੀ ਸਬੰਧ ਹੈ ਕਿ ਮੈਂ ਵੀ ਇਕ ਸਿੱਖ ਹਾਂ, ਅਤੇ ਪਿਛਲੇ ਸਾਲ ਜਦੋਂ ਭਾਰਤੀ ਸਰਕਾਰ ਨੇ ਕਸ਼ਮੀਰੀਆਂ ਨਾਲ ਜ਼ਿਆਦਤੀ ਕੀਤੀ ਸੀ, ਅਤੇ ਕੁਝ ਮੁਸਲਮਾਨ ਪਾੜ੍ਹੇ, ਮੁੰਡੇ ਅਤੇ ਕੁੜੀਆਂ ਆਪਣੇ ਹੋਸਟਲਾਂ ਵਿਚ ਫਸ ਗਏ ਸੀ, ਤਾਂ ਸਿੱਖਾਂ ਨੇ ਆਪਣਾ ਫਰਜ਼ ਸਮਝਦੇ ਹੋਏ, ਉਨ੍ਹਾਂ ਨੂੰ ਆਪਣੇ ਆਪਣੇ ਘਰਾਂ ਤਕ ਅਪੜਨ ਵਿਚ ਮਦਦ ਕੀਤੀ ਸੀ।
(ਕੋਈ ਅਹਿਸਾਨ ਨਹੀਂ ਕੀਤਾ ਸੀ)
ਅੱਜ ਸਿੱਖਾਂ ਦੀਆਂ ਕੁੜੀਆਂ ਨਾਲ ਮੁਸਲਮਾਨਾਂ ਨੇ ਜ਼ਿਆਦਤੀ ਕੀਤੀ ਹੈ, ਚਾਹੀਦਾ ਤਾਂ ਇਹ ਸੀ ਕਿ ਮੁਸਲਮਾਨ ਲੀਡਰ ਇਸ ਗੱਲ ਨੂੰ ਆਪਣੇ-ਆਪ ਨਬੇੜਦੇ, ਪਰ ਅਜਿਹਾ ਕੁਝ ਵੀ ਨਹੀਂ ਹੋਇਆ, ਕਿਸੇ ਨੇ ਕੋਈ ਬਿਆਨ ਵੀ ਨਹੀਂ ਦਿੱਤਾ।
ਜਿੱਥੋਂ ਤਕ ਭਾਰਤ ਸਰਕਾਰ ਦਾ ਸਬੰਧ ਹੈ, ਉਹ ਦੇਸ਼ ਵਿਚ ਭਾਂਬੜ ਬਾਲ ਕੇ ਵੋਟਾਂ ਲੈਂਦੀ ਹੈ। ਜਦ ਧਾਰਾ 370 ਨੂੰ ਖਤਮ ਕੀਤਾ ਗਿਆ ਸੀ, ਤਾਂ ਕੁਝ ਜਨ-ਸੰਘੀ ਆਗੂਆਂ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਤੋੜਦੇ ਹੋਏ ਇਹ ਬਿਆਨ ਦਿੱਤੇ ਸਨ ਕਿ,”ਹੁਣ ਸਾਡੇ ਮੁੰਡੇ ਵਿਆਹੁਣ ਲਈ ਕਸ਼ਮੀਰ ਜਾਇਆ ਕਰਨਗੇ ਅਤੇ ਓਥੋਂ ਗੋਰੀਆਂ ਚਿੱਟੀਆਂ ਕੁੜੀਆਂ ਵਿਆਹ ਕੇ ਲਿਆਇਆ ਕਰਨ ਗੇ।” ਸ਼ਾਇਦ ਮੁਸਲਮਾਨ ਆਗੂ ਇਹ ਭੁੱਲ ਗਏ ਹੋਣ, ਕਿਉਕਿ ਗੱਲ ਉਨ੍ਹਾਂ ਦੀਆਂ ਕੁੜੀਆਂ ਦੀ ਨਹੀਂ ਸੀ। ਪਰ ਉਨ੍ਹਾਂ ਦੇ ਧਿਆਨ ਵਿਚ ਰੱਖਣ ਦੀ ਗੱਲ ਹੈ ਕਿ ਉਨ੍ਹਾਂ ਦੀਆਂ ਕੁਰਸੀਆਂ ਇਨ੍ਹਾਂ ਮੁੰਡੇ ਕੁੜੀਆਂ ਦੇ ਸਿਰਾਂ ਤੇ ਹੀ ਹਨ, ਸ਼ੇਖ ਅਬਦੁੱਲਾ ਅਤੇ ਜਵਾਹਰ ਲਾਲ ਨੈਹਰੂ ਦੀ ਸਾਂਝ ਤੇ ਨਹੀਂ।
ਉਨ੍ਹਾਂ ਨੂੰ ਹੁਣ ਦਾ ਮਾਮਲਾ ਵੀ ਸਮਝਣਾ ਚਾਹੀਦਾ ਹੈ, ਇਹ ਗੰਦੀ ਹਰਕਤ, ਜ਼ਿੱਮੇਦਾਰ ਮੁਸਲਮਾਨਾਂ ਵਲੋਂ ਨਹੀਂ ਹੋਈ, ਬਲਕਿ ਕੁਝ ਉਨ੍ਹਾਂ ਮੁਸਲਮਾਨਾਂ ਵਲੋਂ ਹੋਈ ਹੈ, ਜੋ ਬੀ ਜੇ ਪੀ ਦੇ ਮੁਸਲਮਾਨਾਂ ਵਿਚ ਦਲਾਲ ਹਨ। ਅਤੇ ਇਸ ਹਰਕਤ ਦਾ ਮਤਲਬ ਹੈ ਕਿ ਕਸ਼ਮੀਰ ਵਿਚ, ਸਿੱਖਾਂ ਅਤੇ ਮੁਸਲਮਾਨਾਂ ਵਿਚ ਏਕਾ ਨਾ ਹੋਵੇ, ਤਾਂ ਜੋ ਦੋਵਾਂ ਵਿਚ ਏਕਾ ਹੋਣ ਨਾਲ, ਬੀ ਜੇ ਪੀ ਕਸ਼ਮੀਰ ਵਿਚ ਕਾਮਯਾਬ ਨਹੀਂ ਹੋ ਸਕਦੀ, ਕਿਉਂਕਿ ਮੋਦੀ ਸਰਕਾਰ ਨੇ ਪਿਛਲੇ ਕਰੀਬ ਦੋ ਸਾਲਾਂ ਵਿਚ ਕਸ਼ਮੀਰੀਆਂ ਤੇ ਪੂਰਾ ਜਬਰ ਕਰ ਕੇ ਵੇਖ ਲਿਆ ਹੈ। ਅਤੇ ਕਈ ਵਾਰੀ ਸਿੱਖਾਂ ਨੇ ਕਸ਼ਮੀਰੀਆਂ ਦੇ ਹੱਕ ਵਿਚ ਬਿਆਨ ਵੀ ਦਿੱਤੇ ਹਨ।
ਸਿੱਖਾਂ ਨੂੰ ਬਾਬਾ ਨਾਨਕ ਜੀ ਨੇ ਸਿਖਾਇਆ ਹੈ ਕਿ, ਜਨਾਨੀ ਕਿਸੇ ਧਰਮ ਦੀ ਵੀ ਹੋਵੇ, ਉਸ ਦਾ ਸਤਿਕਾਰ ਕਰਨਾ ਬਣਦਾ ਹੈ, ਕਿਉਂਕਿ ਉਹ ਇੰਸਾਨੀਅਤ ਦੀ ਜਨਣੀ ਹੈ। ਏਸੇ ਕਰ ਕੇ ਦਿੱਲੀ ਦੇ ਬਾਰਡਰ ਤੇ ਡਟੇ ਹੋਏ ਲੱਖਾਂ ਕਿਸਾਨਾਂ ਵਿਚ ਇਕੱਲੀ ਕੁੜੀ ਵੀ ਆਪਣੇ-ਆਪ ਨੂੰ ਮਹਿਫੂਜ਼ ਸਮਝਦੀ ਹੈ।
ਕੀ ਮੁਸਲਮਾਨਾਂ ਦੇ ਧਰਮ ਵਿਚ ਅਜਿਹੀ ਕੋਈ ਅਕਲ ਨਹੀਂ ਦਿੱਤੀ ਗਈ ?
ਜੇ ਨਹੀਂ ਵੀ ਦਿੱਤੀ ਗਈ ਤਾਂ, ਮੁਸਲਮਾਨਾਂ ਨੂੰ ਪਿਛਲੇ 7 ਸਾਲ ਨਾਂ ਸਹੀ, ਪਿਛਲੇ ਦੋ ਸਾਲ ਤਾਂ ਯਾਦ ਹੀ ਹੋਣਗੇ ? ਮੁਸਲਮਾਨ ਤਾਂ ਭਵਿੱਖ ਵਿਚਲੇ ਸਮੇ ਬਾਰੇ ਵੀ ਵਿਚਾਰ ਲੈਂਦੇ ਹਨ। ਕਿਹਾ ਤਾਂ ਇਹ ਜਾਂਦਾ ਹੈ ਕਿ ‘ਸਿੱਖ ਪਹਿਲਾਂ ਕੰਮ ਕਰ ਕੇ ਫਿਰ ਸੋਚਦੇ ਹਨ, ਪਰ ਅੱਜ ਤਾਂ ਇਕ ਸਿੱਖ, ਮੁਸਲਮਾਨਾਂ ਨੂੰ ਭਵਿੱਖ ਬਾਰੇ ਸੋਝੀ ਦੇ ਰਿਹਾ ਹੈ।
ਵੈਸੇ ਤਾਂ ਕਿਸਾਨ, ਹਰ ਹਾਲਤ ਵਿਚ ਜਿੱਤਣਗੇ, ਕਿਉਂਕਿ ਜਿੱਤੇ ਬਗੈਰ ਉਨ੍ਹਾਂ ਦਾ ਸਰਦਾ ਹੀ ਨਹੀਂ। ਅਤੇ ਭਾਰਤ ਤੇ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਵਾਲੇ ਇਸ ਸੰਘਰਸ਼ ਵਿਚ ਭਾਰਤ ਦੇ ਹਰ ਬਾਸ਼ਿੰਦੇ ਦਾ ਹਿੱਸਾ ਪਾਉਣਾ ਬਣਦਾ ਹੈ, ਕਸ਼ਮੀਰ ਦੇ ਲੋਕ ਵੀ ਭਾਰਤ ਦੇ ਹੀ ਬਸ਼ਿੰਦੇ ਹਨ, ਉਨ੍ਹਾਂ ਨੂੰ ਵੀ ਹਿੱਸਾ ਪਾਉਣਾ ਬਣਦਾ ਹੈ, ਤੇ ਕਸ਼ਮੀਰ ਦੇ ਕਿਸਾਨ ਲੀਡਰਾਂ ਨੂੰ, ਉਨ੍ਹਾਂ ਦੀ ਅਗਵਾਈ ਕਰਨੀ ਬਣਦੀ ਹੈ, ਜੇ ਹਿੱਸਾ ਨਹੀਂ ਵੀ ਪਾਉਂਦੇ ਤਦ ਵੀ ਕਿਸਾਨਾਂ ਦੇ ਹਿੱਤਣ ਨਾਲ ਕਸ਼ਮੀਰੀਆਂ ਦੇ ਹੱਕ ਵੀ ਬਚਣਗੇ।
ਗੱਲ ਮੁਸਲਮਾਨ ਅਤੇ ਸਿੱਖ ਕੁੜੀਆਂ ਦੀ ਹੋ ਰਹੀ ਹੈ, ਜੇ ਅੱਜ ਦੇ ਮੁਸਲਮਾਨ ਲੀਡਰ ਇਹ ਸਮਝਦੇ ਹਨ ਕਿ, ਗੱਲ ਸਾਡੀਆਂ ਕੁੜੀਆਂ ਤੱਕ ਨਹੀਂ ਆਉਣੀ, ਤਾਂ ਉਹ ਭੁਲੇਖੇ ਵਿਚ ਹਨ, ਜੇ ਆਮ ਮੁਸਲਮਾਨ ਕੁੜੀਆਂ ਦੀ ਬੇਪਤੀ ਹੋਵੇਗੀ ਤਾਂ ਉਨ੍ਹਾਂ ਦੀਆਂ ਕੁੜੀਆਂ ਤੱਕ ਗੱਲ ਪਹੁੰਚਦਿਆਂ , ਕੁਝ ਮਹੀਨੇ ਹੀ ਲੱਗਣੇ ਹਨ। ਫਿਰ ਜਿਨ੍ਹਾਂ ਕਸ਼ਮੀਰੀਆਂ ਦੀ ਇਹ ਲੀਡਰ ਹਿਫਾਜ਼ਤ ਨਹੀਂ ਕਰ ਸਕਦੇ, ਉਹ ਇਨ੍ਹਾਂ ਨੂੰ ਵੋਟ ਵੀ ਕਿਉਂ ਦੇਣਗੇ ?
ਜਿੱਥੋਂ ਤਕ ਸਿੱਖ ਕੁੜੀਆਂ ਦਾ ਸਵਾਲ ਹੈ, ਜੇ ਸਿੱਖ ਇਕ ਹੋ ਕੇ ਆਪਣੀ ਤਾਕਤ ਨੂੰ ਪਛਾਣ ਲੈਣ ਤਾਂ, ਜੋ ਸਿੱਖ ਅਰਬ ਮੁਲਕਾਂ ਵਿਚ ਮਰ ਰਹੇ ਮੁਸਲਮਾਨਾਂ ਦੀ ਜੰਗ ਦੇ ਮੈਦਾਨ ਵਿਚ ਰੋਟੀ-ਪਾਣੀ ਅਤੇ ਦਵਾਈਆਂ ਦੀ ਮਦਦ ਕਰ ਸਕਦੇ ਹਨ, ਉਨ੍ਹਾਂ ਦੀ ਧੀ ਨੂੰ ਹੱਥ ਪਾਉਣ ਦੀ ਕਿਸ ਦੀ ਹਿੱਮਤ ਹੋ ਸਕਦੀ ਹੈ ?
ਅਮਰ ਜੀਤ ਸਿੰਘ ਚੰਦੀ