ਕਿਸਾਨੋ ਸੰਭਲੋ, ਮੁਕਾਬਲਾ ਬੜੇ ਸ਼ਾਤਰ ਅਤੇ ਬੇ ਅਸੂਲੇ ਬੰਦਿਆਂ ਨਾਲ ਹੈ
ਦਿਨਾਂ ਤੋਂ ਮਹੀਨੇ ਅਤੇ ਮਹੀਨਿਆਂ ਤੋਂ ਸਾਲ ਬੀਤਦੇ ਜਾ ਰਹੇ ਹਨ, ਕਿਸਾਨਾਂ ਦੇ 550 ਤੋਂ ਵੱਧ ਬੰਦੇ ਸ਼ਹੀਦ ਹੋ ਚੁੱਕੇ ਹਨ। ਗਲ ਕਿਸੇ ਬੰਨੇ ਲੱਗ ਨਹੀਂ ਰਹੀ। ਇਸ ਮਾਮਲੇ ਤੇ ਬਹੁਤ ਵਾਰੀ ਸੋਚਿਆ ਹੈ ਕਿ ਜੇ ਮੋਦੀ ਦੀ ਥਾਂ ਮੈਂ ਹੁੰਦਾ, ਫਿਰ ਕੀ ਕਰਦਾ ?
ਇਕ ਵਿਚਾਰ ਤੋਂ ਅਗਾਂਹ, ਸੋਚ ਚਲਦੀ ਹੀ ਨਹੀਂ ਕਿ, ਇਨ੍ਹਾਂ ਕਾਨੂਨਾਂ ਨੂੰ ਰੱਦ ਕਰਨ ਨਾਲ ਮੇਰੇ ਪੱਲਿਉਂ ਜਾਂਦਾ ਹੀ ਕੀ ਹੈ ?
ਸਰਕਾਰ ਮੇਰੀ ਨੂੰ ਕੋਈ ਖਤਰਾ ਨਹੀਂ । ਜੋ ਕੁਛ ਮੈਂ ਵੇਚ ਦਿੱਤਾ ਹੈ, ਅਤੇ ਹੋਰ ਵੇਚੀ ਜਾ ਰਿਹਾ ਹਾਂ, ਉਸ ਬਾਰੇ ਮੈਨੁੰ ਕੋਈ ਪੁੱਛਣ ਵਾਲਾ ਨਹੀਂ, (ਹਾਲਾਂਕਿ ਇਹ ਮੇਰੇ ਪਿਉ ਦਾ ਮਾਲ ਨਹੀਂ ਹੈ, ਇਸ ਨੂੰ ਵੇਚਣ ਦਾ ਅਧਿਕਾਰ ਮੈਨੁੰ ਕਿਸੇ ਨੇ ਨਹੀਂ ਦਿੱਤਾ।)
ਨੋਟਬੰਦੀ ਨਾਲ ਮੈਂ ਬਹੁਤ ਪੈਸੇ ਅੰਦਰ ਪਾ ਲਏ ਹਨ, ਭਾਵੇਂ ਇਸ ਲਈ “ਰਿਜ਼ਰਵ ਬੈਂਕ” ਸਮੇਤ ਸੈਂਕੜੇ ਬੈਂਕਾਂ ਅਤੇ ਉਨ੍ਹਾਂ ਨਾਲ ਸਬੰਧਤ ਬਹੁਤ ਸਾਰੇ ਸਿਆਣੇ ਅਫਸਰਾਂ ਨੂੰ ਖੂੰਜੇ ਲਾਉਣਾ ਪਿਆ ਹੈ। ਬਾਹਰਲੇ ਮੁਲਕਾਂ ‘ਚੋਂ ਦਲਾਲੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਚਾਹ ਦੇ ਪਿਆਲੇ ਤੋਂ ਮੈਂ ਏਨੀ ਜਾਇਦਾਦ ਬਣਾ ਲਈ ਹੈ, ਜਿਸ ਦਾ ਹਿਸਾਬ ਮੇਰੇ ਕੋਲੋਂ ਹੋਣ ਵਾਲਾ ਨਹੀਂ, ਨਿਆਣੇ ਮੇਰੇ ਨਹੀਂ ਹਨ ਜੋ ਮੇਰੀ ਇਸ ਕੰਮ ਵਿਚ ਮਦਦ ਕਰਨ।
ਬਿਨਾ ਹਿਸਾਬ ਦੇ ਹੀ ਡਿਟੈਂਸ਼ਨ ਸੈਂਟਰ ਬਣਾ ਕੇ, ਉਨ੍ਹਾਂ ਵਿਚ ਬੇਹਿਸਾਬੇ ਬੰਦੇ ਬੰਦ ਕਰ ਚੁੱਕਾ ਹਾਂ, ਬੰਦੇ ਏਨੇ ਮਾਰ ਚੁੱਕਾ ਹਾਂ, ਜਿਨ੍ਹਾਂ ਦੀ ਗਿਣਤੀ ਦਾ ਕੋਈ ਪਤਾ ਨਹੀਂ, ਏਥੋਂ ਤੱਕ ਕਿ ਉਨ੍ਹਾਂ ਦੀਆਂ ਲਾਸ਼ਾਂ ਵੀ ਬੰਨੇ ਨਹੀਂ ਲਾਈਂਆਂ ਜਾ ਸਕੀਆਂ ਅਤੇ ਉੇਹ ਦਰਿਆਵਾਂ ਵਿਚ ਤਰਦੀਆਂ ਰਹੀਆਂ, ਮੱਛੀਆਂ, ਅਤੇ ਕੁੱਤੇ ਆਦਿ ਜਾਨਵਰ ਖਾਂਦੇ ਰਹੇ ਹਨ। ਬੇਗਿਣਤੇ ਮਜ਼ਦੂਰ ਰਸਤਿਆਂ ਵਿਚ ਹਜ਼ਾਰਾਂ ਕਿਲੋਮੀਟਰ ਦਾ ਸਫਰ ਪੈਦਲ ਕਰਦੇ ਹੋਏ ਮਾਰੇ ਗਏ ਹਨ। ਕਰੋਨਾ ਦੀ ਆੜ ਵਿਚ ਲੱਖਾਂ ਬੰਦੇ ਮਰ ਚੁੱਕੇ ਹਨ ਅਤੇ ਬੇਗਿਣਤ ਪੈਸਾ ਵੀ ਅੰਟੀ ਕਰ ਲਿਆ ਹੈ।
ਕਸ਼ਮੀਰ ਨੂੰ ਅਪੰਗ ਕਰ ਦਿੱਤਾ ਹੈ, ਦੋ ਸਾਲ, ਅਣ-ਐਲਾਨੀ ਐਮਰਜੈਂਸੀ ਲਗਾ ਕੇ ਦੁਸ਼ਮਣਾਂ ਦਾ ਘਾਣ ਕਰ ਰਿਹਾ ਹਾਂ। ਦਿੱਲੀ ਦੀ ਚੁਣੀ ਹੋਈ ਸਰਕਾਰ ਨੂੰ ਸਾਹ-ਸੱਤ ਹੀਣ ਕਰ ਦਿੱਤਾ ਹੈ। ਭਾਰਤ ਦਾ ਹਜ਼ਾਰਾਂ ਕਿਲੋ ਮੀਟਰ ਰਕਬਾ, ਚੀਨ ਨੂੰ ਦੇ ਕੇ ਉਸ ਤੋਂ ਬੇਗਿਣਤੀ ਮਾਇਆ ਲੈ ਚੁੱਕਾ ਹਾਂ, ਕੋਈ ਪੁੱਛਣ ਵਾਲਾ ਨਹੀਂ। ਇਕ ‘ਪ੍ਰਧਾਨ ਮੰਤਰੀ ਰਿਲੀਫ ਫੰਡ’ ਦੇ ਹੁੰਦਿਆਂ , ਦੂਸਰਾ “ਪ੍ਰਧਾਨ ਮੰਤਰੀ ਰਿਲੀਫ ਫੰਡ” ਬਣਾ ਕੇ ਉਸ ਦੇ ਹਜ਼ਾਰਾਂ ਕਰੋੜ ਰੁਪਏ ਹਜ਼ਮ ਕਰਨ ਤੇ ਵੀ ਕੋਈ ਪੁੱਛਣ ਵਾਲਾ ਨਹੀਂ। ਸੁਪ੍ਰੀਮ ਕੋਰਟ ਅਤੇ ਭਾਰਤੀ ਫੌਜ ਸਮੇਤ ਭਾਰਤ ਦੀਆਂ ਸਾਰੀਆਂ ਸੰਸਥਾਵਾਂ, ਮੇਰੇ ਤਲਵੇ ਚੱਟਦੀਆਂ ਹਨ।
ਆਪਣੀ ਰਹਾਇਸ਼ ਲਈ ਨਵਾਂ ਕਿਲ੍ਹਾ ਬਣਾ ਲਿਆ ਹੈ, ਅਤੇ ਲੋਕ ਸਭਾ ਲਈ ਨਵੀਂ ਇਮਾਰਤ ਬਣਾ ਰਿਹਾ ਹਾਂ, ਕੋਈ ਕੁਸਕਣ ਵਾਲਾ ਵੀ ਨਹੀਂ।
ਜਦ ਇਸ ਹਾਲਤ ਤੱਕ ਆਜ਼ਾਦੀ ਹੋਣ ਤੇ ਵੀ, ਮੋਦੀ ਸਰਕਾਰ ‘ਤਿੰਨ ਕਾਨੂਨ’ ਰੱਦ ਕਰਨ ਲਈ ਰਾਜ਼ੀ ਨਹੀਂ ਤਾਂ ਸਾਫ ਹੈ ਕਿ ‘ਨਿਸ਼ਾਨਾ’ ਬਹੁਤ ਵੱਡਾ ਹੈ। (ਸ਼ਾਇਦ ਹਿੰਦੂ ਰਾਸ਼ਟਰ ਦਾ) ਜਿਸ ਵਿਚ ਵਿਖਾਵੇ ਦੀਆਂ ਸਿਆਸੀ ਪਾਰਟੀਆਂ ਦੇ 80 % ਨੇਤਾ ਵੀ ਉਸ ਦੇ ਨਾਲ ਸ਼ਾਮਲ ਨੇ, ਫੌਜਾਂ ਦੇ ਕਮਾਂਡਰ ਅਤੇ ਖੁਫੀਆ ਏਜੈਂਸੀਆਂ ਦੇ ਸਾਰੇ ਅਫਸਰ ਵੀ ਸ਼ਾਮਲ ਹਨ, ਜਿਨ੍ਹਾਂ ਕੋਲ, ਹਥਿਆਰਾਂ ਦਾ ਕੋਈ ਘਾਟਾ ਨਹੀਂ।
ਜੇ ਭਾਰਤ ਦੇ 80% ਕਿਰਤੀਆਂ ਨੂੰ ਆਜ਼ਾਦੀ ਚਾਹੀਦੀ ਹੈ ਤਾਂ ਮਰਨ ਲਈ ਤਿਆਰ ਹੋਣਾ ਪਵੇਗਾ, ਗੱਲਾਂ ਬਾਤਾਂ ਨਾਲ ਗੱਲ ਨਹੀਂ ਬਣਨ ਵਾਲੀ।
ਅਮਰ ਜੀਤ ਸਿੰਘ ਚੰਦੀ