ਬਿਕਰਮੀ ਕੈਲੰਡਰ ਆਮ ਜੀਵਨ ਦਾ ਹਿੱਸਾ
ਅਜੋਕੇ ਕੁਝ ਵਿਦਵਾਨਾਂ ਵੱਲੋਂ ਬਿਕਰਮੀ ਕੈਲੰਡਰ ਨੂੰ ਬ੍ਰਹਮਣੀ ਕੈਲੰਡਰ ਕਹਿ ਕੇ ਭੰਡਿਆ ਜਾ ਰਿਹਾ ਹੈ।ਕੀ ਇਹ ਸੱਚ ਹੈ, ਇਹ ਜਾਨਣ ਲਈ ਸਾਨੂੰ ਪਿਛਲੇ ਸਮਿਆਂ ਵਿੱਚ ਜਾਣਾ ਪਏਗਾ।ਪਾਲ ਸਿੰਘ ਪੁਰੇਵਾਲ ਆਉਣ ਵਾਲੇ 6600 ਸਾਲਾਂ ਬਾਰੇ ਤਾਂ ਦੱਸ ਰਹੇ ਹਨ ਕਿ ਉਸ ਵਕਤ ਕੀ ਹੋ ਜਾਏਗਾ।ਪਰ ਅਫਸੋਸ ਕਿ ਗੁਰੂ ਸਾਹਿਬਾਂ ਦੇ ਵਕਤ ਬਾਰੇ ਅੰਦਾਜਾ ਲਗਾਉਣਾ ਇਹਨਾ ਲਈ ਮੁਸ਼ਕਿਲ ਹੈ।
ਅੱਜ ਦੇ ਸਮੇਂ ਤਕਰੀਬਨ ਹਰ ਵਿਅਕਤੀ ਕੋਲ ਫੋਨ ਦੇ ਰੂਪ ਵਿੱਚ ਘੜੀ ਤੇ ਕੈਲੰਡਰ ਮੌਜੂਦ ਹੈ।ਕੋਈ ਜਦੋਂ ਮਰਜ਼ੀ ਅਤੇ ਜਿੱਥੋਂ ਮਰਜੀ ਦਾ ਸਮਾਂ ਤੇ ਤਾਰੀਖ ਦੇਖ ਸਕਦਾ ਹੈ।ਪਰ ਅੱਜ ਤੋਂ 60-70 ਸਾਲ ਪਹਿਲਾਂ ਇਹ ਸੁਵਿਧਾ ਨਹੀਂ ਸੀ।ਪਰ ਉਸ ਵਕਤ ਘਰਾਂ ਦੀਆਂ ਦਿਵਾਰਾਂ ਤੇ ਕੈਲੰਡਰ ਲਟਕਦੇ ਸਨ ਅਤੇ ਸਮਾਂ ਦੇਖਣ ਲਈ ਹਰ ਘਰ ਵਿੱਚ ਘੜੀਆਂ ਤੇ ਕਲੌਕ ਮੌਜੂਦ ਸਨ।ਪਰ ਉਸ ਸਮੇਂ ਤੋਂ ਜੇ ਹੋਰ 100-150 ਸਾਲ ਪਿੱਛੇ ਜਾਈਏ ਤਾਂ ਹਰ ਵਿਅਕਤੀ ਕੋਲ ਜਾਂ ਹਰ ਘਰ ਵਿੱਚ ਘੜੀਆਂ ਨਹੀਂ ਸਨ ਅਤੇ ਹਰ ਘਰ ਵਿੱਚ ਦਿਵਾਰਾਂ ਤੇ ਕੈਲੰਡਰ ਵੀ ਨਹੀਂ ਹੋਣਗੇ।ਉਸ ਵਕਤ ਜਿਆਦਾਤਰ ਲੋਕਾਂ ਦੇ ਘਰਾਂ ਵਿੱਚ ਜੰਤਰੀਆਂ ਹੋਣਗੀਆਂ ਤੇ ਸਮਾਂ ਦੇਖਣ ਲਈ ਸ਼ਹਿਰਾਂ ਦੇ ਕੇਂਦਰੀ ਸਥਾਨਾਂ ਤੇ ਸਰਕਾਰ ਵੱਲੋਂ ਘੰਟਾ ਘਰ(ਛਲੋਚਕ ਟੋਾੲਰ) ਸਥਾਪਤ ਕੀਤੇ ਗਏ ਸਨ।ਜਿਨ੍ਹਾਂ ਤੋਂ ਰਾਹਗੀਰ ਸਮਾਂ ਦੇਖ ਸਕਦੇ ਸਨ।ਘੰਟਾ ਘਰ ਦੇ ਕਲੌਕ ਵਿੱਚੋਂ ਹਰ ਘੰਟੇ ਬਾਅਦ ਘੰਟੇ ਦੀ ਆਵਾਜ਼ ਆਉਂਦੀ ਸੀ।ਇੱਕ ਵਜੇ ਘੰਟੇ ਦੀ ਇਕ ਆਵਾਜ਼ ਹੁੰਦੀ ਸੀ ਅਤੇ 12 ਵਜੇ, 12 ਵਾਰੀਂ ਘੰਟੇ ਦੀ ਆਵਾਜ਼ ਆਉੰਦੀ ਸੀ।ਇਸ ਤਰ੍ਹਾਂ ਸਮੇਂ ਦਾ ਪਤਾ ਲੱਗ ਜਾਂਦਾ ਸੀ।ਉਹਨਾ ਸਮਿਆਂ ਵਿੱਚ ਵਸੋਂ ਘੱਟ ਹੋਣ ਕਰਕੇ ਅਤੇ ਵਾਤਾਵਰਣ ਵਿੱਚ ਸ਼ੋਰ ਸ਼ਰਾਬਾ ਵੀ ਘੱਟ ਹੋਣ ਕਰਕੇ, ਘੰਟਾ ਘਰ ਦੇ ਕਲੌਕ ਦੀ ਆਵਾਜ਼ ਦੂਰ ਤੱਕ ਜਾਂਦੀ ਸੀ,ਜਿਸ ਤੋਂ ਬਹੁਤ ਸਾਰੇ ਲੋਕਾਂ ਨੂੰ ਸਮੇਂ ਦਾ ਪਤਾ ਲੱਗਦਾ ਸੀ।ਦਿਨ ਦੇ ਸਮੇਂ ਛਾਂ ਤੋਂ ਵੀ ਅੰਦਾਜਾ ਲਗਾਇਆ ਜਾਂਦਾ ਸੀ।
ਪਰ ਉਸ ਸਮੇਂ ਤੋਂ ਹੋਰ 100-150 ਸਾਲ ਪਹਿਲਾਂ ਘੰਟਾਘਰ ਵੀ ਨਹੀਂ ਸਨ ਹੁੰਦੇ। ਗੁਰੂ ਸਾਹਿਬਾਂ ਦੇ ਸਮੇਂ ਅਤੇ ਉਸ ਤੋਂ ਵੀ ਪਹਿਲਿਆਂ ਸਮਿਆਂ ਵਿੱਚ ਜਿਆਦਾ ਵਸੋਂ ਵਾਲੇ ਇਲਾਕਿਆਂ ਵਿੱਚ ਪਿੱਤਲ ਦੀ ਮਿਸ਼੍ਰਿਤ ਧਾਤੂ ਬਰੳਸਸ ਅਲਲੋੇ ਦੇ ਘੜਿਆਲ ਸਥਾਪਤ ਕੀਤੇ ਹੁੰਦੇ ਸਨ।ਹਰ ਘੰਟੇ ਬਾਅਦ ਹਥੌੜੇ ਨਾਲ ਘੜਿਆਲ ਤੇ ਚੋਟ ਕਰਕੇ ਆਵਾਜ਼ ਕੀਤੀ ਜਾਂਦੀ ਸੀ, ਜਿਸ ਨਾਲ ਸਮੇਂ ਦਾ ਪਤਾ ਲੱਗਦਾ ਸੀ-
ਗੁਰਬਾਣੀ ਫੁਰਮਾਨ-
"ਫਰੀਦਾ ਦਰਿ ਦਰਵਾਜੈ ਜਾਇ ਕੈ ਕਿਉ ਡਿਠੋ ਘੜੀਆਲੁ॥
ਏਹੁ ਨਿਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲੁ॥39॥
ਘੜੀਏ ਘੜੀਏ ਮਾਰੀਐ ਪਹਰੀ ਲਹੈ ਸਜਾਇ॥
ਸੋ ਹੇੜਾ ਘੜੀਆਲ ਜਿਉ ਡੁਖੀ ਰੈਣਿ ਵਿਹਾਇ॥40॥ {ਪੰਨਾ 1379}
" ਸੋ ਇਸ ਤੋਂ ਵੀ ਸੇਧ ਮਿਲਦੀ ਹੈ ਕਿ, ਉਸ ਵਕਤ ਘੜਿਆਲ ਤੇ ਚੋਟ ਮਾਰਕੇ ਘੜੀਆਂ ਤੇ ਪਹਿਰਾਂ ਦੀ ਜਾਣਕਾਰੀ ਦਿੱਤੀ ਜਾਂਦੀ ਸੀ। ਹਰ ਘੜੀ ਤੇ ਹਰ ਪਹਿਰ ਪਿੱਛੋਂ ਘੜਿਆਲ ਤੇ ਚੋਟ ਕੀਤੀ ਜਾਂਦੀ ਸੀ, ਜਿਸ ਨਾਲ ਆਮ ਲੋਕਾਂ ਨੂੰ ਸਮੇਂ ਦਾ ਪਤਾ ਲੱਗਦਾ ਸੀ (ਭਗਤ ਫਰੀਦ ਜੀ ਦਾ ਇਹਨਾ ਸਲੋਕਾਂ ਵਿੱਚ ਹੋਰ ਵੱਖਰਾ ਸੁਨੇਹਾ ਹੈ)
ਅੱਜ ਜੇ ਕੋਈ ਕਹੇ ਕਿ ਸੂਰਜ ਨੂੰ ਦੇਖਕੇ ਦੱਸੋ ਅੱਜ ਹਫਤੇ ਜਾਂ ਮਹੀਨੇ ਦਾ ਕਿਹੜਾ ਦਿਨ ਹੈ ਤਾਂ ਨਹੀਂ ਦੱਸਿਆ ਜਾ ਸਕਦਾ, ਕਿਉਂਕਿ ਸੂਰਜ ਨੂੰ ਦੇਖਕੇ ਹਫਤੇ ਜਾਂ ਮਹੀਨੇ ਦੇ ਦਿਨਾਂ ਦਾ ਪਤਾ ਲਗਾਉਣਾ ਸੰਭਵ ਹੀ ਨਹੀਂ ਹੈ।ਪਰ ਅੱਜ ਦੇ ਸਮੇਂ ਤਕਰੀਬਨ ਹਰ ਵਿਅਕਤੀ ਕੋਲ ਫੋਨ ਵਿੱਚ ਕੈਲੰਡਰ ਮੌਜੂਦ ਹੋਣ ਕਰਕੇ ਦਿਨਾਂ ਮਹੀਨਿਆਂ ਦਾ ਪਤਾ ਹਰ ਕੋਈ ਲਗਾ ਸਕਦਾ ਹੈ।ਪਰ ਇਹ ਸਹੂਲਤ ਪੁਰਾਣਿਆਂ ਸਮਿਆਂ ਵਿੱਚ ਨਹੀਂ ਸੀ।ਸੋ ਉਸ ਵਕਤ ਚੰਦ ਦੀਆਂ ਥਿਤਾਂ ਦੇਖਕੇ ਪਤਾ ਲਗਾਇਆ ਜਾਂਦਾ ਸੀ ਕਿ ਅੱਜ ਮਹੀਨੇ ਦਾ ਕਿਹੜਾ ਦਿਨ ਹੈ, ਏਕਮ ਹੈ ਦੂਜ ਹੈ, ਤੀਜ ਹੈ, ਜਾਂ.....।
ਉਸ ਵਕਤ ਦੇ ਵਿਦਵਾਨ ਕੋਈ ਘੱਟ ਸਮਝ ਨਹੀਂ ਸਨ ਰੱਖਦੇ ਕਿ ਉਹਨਾ ਨੂੰ ਸੂਰਜੀ ਕੈਲੰਡਰ ਦੀ ਸਮਝ ਹੀ ਨਹੀਂ ਸੀ ਇਸ ਲਈ ਚੰਦ ਦੀਆਂ ਸੁਦੀਆਂ-ਵਦੀਆਂ ਤੇ ਆਧਾਰਿਤ ਔਖਾ ਕੈਲੰਡਰ ਬਣਾ ਦਿੱਤਾ।ਬਲਕਿ ਲੋਕਾਂ ਦੀ ਆਮ ਜ਼ਿੰਦਗ਼ੀ ਲਈ ਥਿਤਾਂ ਵਾਲਾ ਕੈਲੰਡਰ ਜਰੂਰੀ ਹੋਣ ਕਰਕੇ ਚੰਦਰੀ ਕੈਲੰਡਰ ਬਣਾਇਆ ਗਿਆ ਸੀ।
ਪਰ ਜਿੰਨੇ (365 ਦਿਨਾਂ ਦੇ) ਸਮੇਂ ਵਿੱਚ ਧਰਤੀ ਸੂਰਜ ਦੁਆਲੇ ਪੂਰਾ ਇੱਕ ਚੱਕਰ ਲਗਾਉਂਦੀ ਹੈ, ਓਨੇ ਸਮੇਂ ਵਿੱਚ ਚੰਦ ਦੇ ਧਰਤੀ ਦੁਆਲੇ ਪੂਰੇ 12 ਜਾਂ 13 ਚੱਕਰ ਨਾ ਹੋਣ ਕਰਕੇ ( ਤਕਰੀਬਨ 354 ਦਿਨਾਂ ਵਿੱਚ ਚੰਦ ਦੇ 12 ਚੱਕਰ ਹਨ), ਚੰਦ ਦੇ 354 ਦਿਨਾਂ ਦਾ, ਸੂਰਜੀ ਸਾਲ ਦੇ 365 ਦਿਨ, ਅਰਥਾਤ 11 ਦਿਨਾਂ ਦਾ ਫਰਕ ਬਰਾਬਰ ਕਰਨ ਲਈ, ਚੰਦਰੀ ਕੈਲੰਡਰ ਦੇ ਹਰ ਤਿੰਨ ਸਾਲਾਂ ਪਿੱਛੋਂ ਇੱਕ (ਅਤੇ 19 ਸਾਲਾਂ ਬਾਅਦ 7) ਵਾਰੀਂ ਵਾਧੂ ਮਹੀਨਾ ਜੋੜਕੇ ਉਹ ਸਾਲ 13 ਮਹੀਨੇ ਦਾ ਕੀਤਾ ਜਾਂਦਾ ਸੀ(/ਹੈ)।
ਅਨਜਾਣਪੁਣੇ ਵਿੱਚ ਕਈ ਸੱਜਣ ਸਵਾਲ ਕਰਦੇ ਹਨ ਕਿ ਜੇ ਚੰਦਰ ਸਾਲ ਵਿੱਚ ਵਾਧੂ ਦਿਨ ਜੋੜਕੇ ਫੇਰ ਸੂਰਜੀ ਸਾਲ ਦੇ ਬਰਾਬਰ ਕਰਨਾ ਹੈ ਤਾਂ ਸਿੱਧਾ ਹੀ ਸੂਰਜੀ ਸਾਲ ਹੀ ਕਿਉਂ ਨਹੀਂ ਰੱਖਿਆ ਗਿਆ?
ਇਸ ਦਾ ਜਵਾਬ ਇਹ ਹੈ ਕਿ__ ਜਿਸ ਤਰ੍ਹਾਂ ਉਪਰ ਦੱਸਿਆ ਗਿਆ ਹੈ ਕਿ ਸੂਰਜ ਦੀ ਸਥਿਤੀ ਦੇਖਕੇ ਆਮ ਬੰਦੇ ਲਈ ਰੋਜ਼ਾਨਾ ਦੇ ਜੀਵਨ ਵਿੱਚ, ਮਹੀਨੇ ਦੇ ਦਿਨਾਂ ਦਾ ਪਤਾ ਲਗਾਣਾ ਮੁਸ਼ਕਿਲ ਸੀ ਪਰ ਚੰਦ ਦਾ ਸਾਇਜ਼ ਤੇ ਸਥਿਤੀ ਦੇਖਕੇ ਇਹ ਅੰਦਾਜਾ ਲਗਾਉਣਾ ਆਮ ਵਿਅਕਤੀ ਲਈ ਆਸਾਨ ਸੀ।ਇਸ ਲਈ *ਆਮ ਜੀਵਨ ਵਿੱਚ* ਦਿਨਾਂ ਦੀ ਗਿਣਤੀ ਚੰਦ ਦੀਆਂ ਥਿਤਾਂ ਮੁਤਾਬਕ ਗਿਣੀ ਜਾਂਦੀ ਸੀ।ਪੂਰਾ ਤੇ ਸਹੀ ਹਿਸਾਬ ਜਾਨਣ ਤੇ ਰੱਖਣ ਲਈ ਜੰਤਰੀਆਂ ਬਣੀਆਂ ਹੋਈਆਂ ਸਨ/ਹਨ)।ਇਸ ਤਰ੍ਹਾਂ ਆਮ ਜੀਵਨ ਲਈ ਚੰਦਰੀ ਕੈਲੰਡਰ ਅਤੇ ਪੂਰਾ ਤੇ ਸਹੀ ਹਿਸਾਬ ਰੱਖਣ ਲਈ ਸੂਰਜੀ ਕੈਲੰਡਰ, ਦੋਨੋਂ ਨਾਲ ਨਾਲ ਚੱਲਦੇ ਸਨ।
ਚੰਦ੍ਰੀ ਸਾਲ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਹਰ ਤਿੰਨ ਸਾਲਾਂ ਪਿੱਛੋਂ ਇਕ ਮਹੀਨਾ ਜੋੜਿਆ ਜਾਂਦਾ ਸੀ ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਉਸ ਵਕਤ ਦੇ ਲੋਕ ਅਨਪੜ੍ਹ ਗਵਾਰ ਨਹੀਂ ਸਨ, ਸਾਰੀ ਸੋਝੀ ਰੱਖਦੇ ਸਨ।ਦੋ ਕੈਲੰਡਰ ਨਾਲੋ ਨਾਲ ਚਲਾਉਣ ਦਾ ਮਤਲਬ ਹੈ ਕਿ ਦੋਨੋ ਕੈਲੰਡਰ ਵਕਤ ਦੀ ਜਰੂਰਤ ਸੀ ਅਤੇ ਉਸ ਵਕਤ ਦੇ ਵਿਦਵਾਨਾਂ ਨੂੰ ਦੋਨਾਂ ਕੈਲੰਡਰਾਂ ਦੀ ਪਧਤੀ ਬਾਰੇ ਪੂਰਾ ਗਿਆਨ ਸੀ।
ਚੰਦ ਆਧਾਰਿਤ ਕੈਲੰਡਰ ਉਸ ਵਕਤ ਆਮ ਜੀਵਨ ਵਿੱਚ ਵਰਤਿਆ ਜਾਣ ਕਰਕੇ ਜਿਆਦਾਤਰ ਗੁਰ-ਇਤਿਹਾਸ ਦੀਆਂ ਤਰੀਕਾਂ ਚੰਦ ਆਧਾਰਿਤ ਕੈਲੰਡਰ ਮੁਤਾਬਕ ਦਰਜ ਹਨ।
ਚੰਦ ਦੀਆਂ ਥਿਤਾਂ ਤੇ ਆਧਾਰਿਤ ਬਿਕਰਮੀ ਕੈਲੰਡਰ ਬ੍ਰਹਮਣੀ ਕੈਲੰਡਰ ਨਹੀਂ ਹੈ।ਕਿਉਂਕਿ ਰਾਤਾਂ, ਰੁੱਤਾਂ ਥਿਤਾਂ, ਵਾਰ, ਮਾਹ, ਵਿਸੂਏ, ਚਸੇ, ਘੜੀਆਂ, ਪਹਿਰ, ਕਿਸੇ ਬ੍ਰਾਹਮਣ ਦੇ ਬਣਾਏ ਹੋਏ ਨਹੀਂ__
"ਰਾਤੀ ਰੁਤੀ ਥਿਤੀ ਵਾਰ॥ਪਵਣ ਪਾਣੀ ਅਗਨੀ ਪਾਤਾਲ॥
ਤਿਸੁ ਵਿਚਿ, ਧਰਤੀ ਥਾਪਿ ਰਖੀ ਧਰਮਸਾਲ ॥ " ਅਤੇ
"ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ॥
ਸੂਰਜੁ ਏਕੋ ਰੁਤਿ ਅਨੇਕ॥ਨਾਨਕ, ਕਰਤੇ ਕੇ ਕੇਤੇ ਵੇਸ॥2॥"
ਇਹ ਸਭ ਕਰਤੇ ਦੀ ਰਚਨਾ ਹੈ, ਕਰਤੇ ਦੇ ਵੇਸ ਹਨ, ਕਿਸੇ ਬ੍ਰਹਮਣ ਨੇ ਨਹੀਂ ਬਣਾਏ।ਕਰਤੇ ਦੀ ਰਚਨਾ ਤੇ ਆਧਾਰਿਤ ਕੈਲੰਡਰ ਬ੍ਰਹਮਣੀ ਕਿਵੇਂ ਹੋ ਸਕਦਾ ਹੈ?
ਚੰਦ ਆਧਾਰਿਤ ਬਿਕਰਮੀ ਕੈਲੰਡਰ ਉਸ ਵਕਤ ਦੇ *ਆਮ ਜੀਵਨ* ਨਾਲ ਸਬੰਧਤ ਸੀ।ਇਹ ਗੱਲ ਵੱਖਰੀ ਹੈ ਕਿ ਬ੍ਰਹਮਣ ਨੇ ਲੋਕਾਂ ਦੀ ਲੁੱਟ ਲਈ ਇਸ ਨਾਲ ਮਿਥਾਂ ਜੋੜ ਰੱਖੀਆਂ ਹਨ।ਇਹ ਵੀ ਗੱਲ ਵੱਖਰੀ ਹੈ ਕਿ ਹੁਣ ਸਹੂਲਤਾਂ ਮੌਜੂਦ ਹੋਣ ਕਰਕੇ ਚੰਦ ਦੀਆਂ ਥਿਤਾਂ ਦੀ ਆਮ ਜ਼ਿੰਦਗ਼ੀ ਵਿੱਚ ਅਹਿਮੀਅਤ ਜਾਂ ਜਰੂਰਤ ਨਹੀਂ ਹੈ।ਪਰ ਯਾਦ ਰੱਖਣਾ ਚਾਹੀਦਾ ਹੈ ਕਿ ਗੁਰ-ਇਤਿਹਾਸ ਚੰਦ ਆਧਾਰਿਤ ਬਿਕਰਮੀ ਕੈਲੰਡਰ ਮੁਤਾਬਕ ਦਰਜ ਹੋਣ ਕਰਕੇ ਇਹਨਾ ਇਤਿਹਾਸਕ ਤਰੀਕਾਂ ਨੂੰ ਕਿਸੇ ਵੀ ਹੋਰ ਕੈਲੰਡਰ ਵਿੱਚ ਫਿਕਸ ਕਰਾਂਗੇ ਤਾਂ ਉਹ ਇਤਿਹਾਸਕ ਅਸਲੀ ਤਰੀਕਾਂ ਨਹੀਂ ਰਹਿ ਜਾਣਗੀਆਂ।ਅਤੇ ਗੁਰ-ਇਤਿਹਾਸ ਨੂੰ ਕਿਸੇ ਵੀ ਕੀਮਤ ਤੇ ਵਿਗਾੜਿਆ ਜਾਣਾ ਨਾ ਤਾਂ ਉਚਿਤ ਹੈ ਅਤੇ ਨਾ ਹੀ ਕਾਬਲੇ ਬਰਦਾਸ਼ਤ।
ਜਸਬੀਰ ਸਿੰਘ ਵਿਰਦੀ 05-09-2020