ਆਜ਼ਾਦੀ
ਗੁਰਦੇਵ ਸਿੰਘ ਸੱਧੇਵਾਲੀਆ
ਕਹਿੰਦੇ ਮਛਰਿਆ ਘੋੜਾ ਜਵਾਨੀ ਦੇ ਲੋਰ ਵਿੱਚ ਇੱਕ ਦਿਨ ਫਕੀਰ ਦੀ ਕੁੱਲੀ ਮੂਹਰੇ ਜਾ ਹਿਣਕਿਆ।
ਫਕੀਰਾ ਦੇਖ ਮੇਰੀ ਤਾਕਤ ਦੇ ਲੋਹੇ ਅੱਜ ਦੇ ਸੰਸਾਰ ਨੇ ਵੀ ਮੰਨ ਲਏ ਹੋਏ ਨੇ। ਆਪਣੀਆਂ ਗੱਡੀਆਂ ਦੇ ਇੰਝਣਾਂ ਨੂੰ ਮੇਰੀ 'ਹਾਰਸ ਪਾਵਰ' ਨਾਲ ਮਿਣਦੇ ਨੇ। ਮੈਂ ਬੰਦੇ ਲੈ ਕੇ ਪਹਾੜੀਂ ਜਾ ਚੜਾਂ, ਟੋਏ ਟਿਬੇ ਮਿੱਧਦਾ ਲੰਘ ਜਾਂ, ਵਰਦੇ ਬੰਬਾਂ ਗੋਲਿਆਂ ਅਤੇ ਤੋਪਾਂ ਵਿਚਦੀ ਚੀਰ ਜਾਵਾਂ। ਆ ਚੜ ਮੇਰੇ ਕੰਧਾੜੀਂ ਤੈਨੂੰ ਸੈਰਾਂ ਕਰਾਵਾਂ ਪਹਾੜਾਂ ਦੀਆਂ ਅਤੇ ਦੇਖੀਂ ਫਿਰ ਮੇਰੀ ਤਾਕਤ।
ਫਕੀਰ ਹਸਦਾ ਅੰਦਰ ਗਿਆ ਅਤੇ ਛੋਟੀ ਪੀਹੜੀ ਨਾਲ ਰਸੀ ਪਾ ਕੇ ਘੋੜਾ ਬੰਨ ਦਿਤਾ ਅਤੇ ਕਹਿੰਦਾ ਲੈ ਹਿਲ ਕੇ ਦਿਖਾ ਵੱਡਾ ਤੂੰ ਤਾਕਤਾਂ ਦੇ ਪਹਾੜ ਚੁਕੀ ਫਿਰਨ ਵਾਲਾ।
ਘੋੜਾ ਖਸਿਆਣਾ ਜਿਹਾ ਹਿਣਕਿਆ, ਲੈ ਇਹ ਤਾਂ ਕੋਈ ਗਲ ਨਾ ਨਾ ਹੋਈ ਅਗਲੇ ਨੂੰ ਆਪੇ ਨੂੜ ਕੇ ਕਹਿੰਨਾ ਹੁਣ ਹਿਲ ਕੇ ਦਿਖਾ?
ਮੇਰੀਆਂ ਖੈਬਰੀਂ ਧਮਕਾਂ, ਦਿਲੀ ਮੇਰੇ ਪੈਰਾਂ ਹੇਠ ਰੁਲਦੀ ਰਹੀ, ਡਕਾਂ ਬੰਨ ਕੇ ਖੜਨ ਵਾਲੇ ਨਾਦਰਕੇ ਅਬਦਾਲੀ ਮੇਰੇ ਨਾਂ ਤੋਂ ਤਬਕ ਤਬਕ ਉਠਣ, ਮੇਰੇ ਘੋੜਿਆਂ ਦੀਆਂ ਪੈੜਾਂ ਕਾਬਲਾਂ ਤਕ ਸੁਣਨ, ਜਰਵਾਣਿਆਂ ਦੀ ਜੁਅਰਤ ਕੀ ਕਿ ਪੰਜਾਬ ਵੰਨੀ ਝਾਕ ਜਾਣ, ਮੈਂ ਸ਼ੇਰਾਂ ਦੀ ਕੌਮ ਦਾ ਵਾਰਸ, ਮੈਂ ਕੰਧਾਂ ਕੰਬਾ ਦਿਆਂ ਦਿੱਲੀ ਦੀਆਂ। ਪੰਡੀਆ ਸੁਣ ਕੇ ਪਹਿਲਾਂ ਤਾਂ ਖੂਬ ਹਸਿਆ ਮੁੜ ਸਹਿਜੇ ਜਿਹੇ ਜੇਬ ਚੋਂ ਕਚੇ ਜਿਹੇ ਧਾਗੇ ਦੀ ਮੌਲੀ ਨਾਲ ਗੁੱਟ ਬੰਨ ਕੇ ਕਹਿੰਦਾ ਲਓ ਸਿੰਘ ਜੀ ਹਿਲ ਕੇ ਦਿਖਾਓ ਹੁਣ।
ਸਿੰਘ ਜੀ ਘੋੜੇ ਤਰਾਂ ਖਸਿਆਣਾ ਜਿਹਾ ਹਿਣਕ ਕੇ ਕਹਿੰਦਾ, ਲੈਅ! ਇਹ ਕੋਈ ਗਲ ਤਾਂ ਨਾ ਨਾ ਹੋਈ ਆਪੇ ਬੰਨ ਦਿਤਾ ਈ ਹੁਣ ਹਿਲਣਾ ਸਵਾਹ ਏ!
………………….
ਟਿੱਪਣੀ :- ਸੱਧੇਵਾਲੀਆ ਜੀ ਦਾ ਲੇਖ ਪੜ੍ਹ ਕੇ ਇਕ ਗੱਲ ਯਾਦ ਆ ਗਈ। ਗੱਲ ਮਹਾਂਭਾਰਤ ਦੀ ਹੈ, ‘ਅਰਜਨ’ ਰਥ ਦਾ ਯੋਧਾ ਅਤੇ ਕ੍ਰਿਸ਼ਨ, ਰਥ ਦਾ ਸਾਰਥੀ। ਦੋਹਾਂ ਦੀਆਂ ਧੁੱਮਾਂ ਪਈਆਂ ਹੋਈਆਂ ਸਨ, ਪਰ ਬ੍ਰਾਹਮਣ ਨੂੰ ਇਕ ਬਿਮਾਰੀ ਹੈ ਕਿ ਉਸ ਨੇ, ਕਿਸੇ ਨੂੰ ਵੀ ਆਪਣੇ ਤੇ ਭਾਰੂ ਨਹੀਂ ਹੋਣ ਦੇਣਾ। ਭਾਵੇਂ ਉਹ ‘ਬ੍ਰਹਮਾ’ ਹੋਵੇ, ਵਿਸ਼ਨੂ ਹੋਵੇ ਜਾਂ ‘ਸ਼ਿਵਜੀ’ ‘ਕ੍ਰਿਸ਼ਂਨ’ ਹੋਵੇ ਜਾਂ ‘ਰਾਮ’। ਇੰਦਰ ਹੋਵੇ ਜਾਂ ਉਸ ਦੇ ਨਾਲਦੇ 33 ਕ੍ਰੋੜ ਦੇਵਤੇ, ਸਾਰੇ ਦੈਂਤਾਂ ਥੱਲੇ ਦੱਬੇ ਜਾਣੇ ਹਨ। ਉੁਸ ਨੇ ਕਿਸੇ ਨੂੰ ਵੀ ਕਲੰਕਿਤ ਕਰਨੋਂ ਨਹੀਂ ਬਖਸ਼ਿਆ। ਮਹਾਂ ਭਾਰਤ ਵਿਚ ਵੀ ਇਹੋ ਕੁਝ ਹੋਇਆ, ਅੱਛਾ-ਖਾਸਾ ਯੋਧਾ ਅਰਜਨ, ਖੁਸਰਾ ਬਣ ਗਿਆ। ਲੜਾਈ ਕਰਨ ਜੋਗਾ ਨਾ ਰਿਹਾ, ਤਾਂ ਇਕ ਸ਼ਾਇਰ ਨੇ ਉਸ ਬਾਰੇ ਇਕ ਗੱਲ ਲਿਖੀ,
ਸਮੇ ਸਮੇ ਕੀ ਬਾਤ ਹੈ, ਸਮਾ ਬੜਾ ਸਮਰੱਥ।
ਉਹੀ ਅਰਜਨ ਦੇ ਤੀਰ, ਉਹੀ ਅਰਜਨ ਦੇ ਹੱਥ।
ਏਥੇ ਵੀ ਘੋੜੇ ਦੀ ਗੱਲ ਹੈ, ਜਿਸ ਨੇ ਪੰਜਾਬ ਵਿਚੋਂ ਨਿਕਲ ਕੇ, ਕਾਬਲ-ਕੰਧਾਰ ਵਿਚ ਧੁੱਮਾਂ ਪਾ ਦਿੱਤੀਆਂ।
ਘੋੜਾ ਉਹੀ, ਪਰ ਉਹ ਇਹ ਭੁੱਲ ਗਿਆ ਕਿ, ਅੱਜ ਉਸ ਦਾ ਸਵਾਰ, ‘ਛੇਵਾਂ ਨਾਨਕ’ ਨਹੀਂ, ਨਾ ‘ਦਸ਼ਮੇਸ਼ ਪਿਤਾ’, ਨਾ ਉਸ ਦਾ ਸਵਾਰ ‘ਬਾਬਾ ਬੰਦਾ ਸਿੰਘ ਬਹਾਦਰ’ ਨਾ ‘ਬਾਜ ਸਿੰਘ’। ਨਾ ਹੀ ਉਸ ਦਾ ਸਵਾਰ ‘ਬਾਬਾ ਬਘੇਲ ਸਿੰਘ’ ਨਾ ਉਸ ਦਾ ਸਵਾਰ ‘ਜੱਸਾ ਸਿੰਘ ਰਾਮਗੜ੍ਹੀਆ’ ਨਾ ‘ਜੱਸਾ ਸਿੰਘ ਕਲਾਲ’ ਨਾ ‘ਨਵਾਬ ਕਪੂਰ ਸਿੰਘ’ ਨਾ ‘ਹਰੀ ਸਿੰਘ ਨਲੂਆ’। ਨਾ ਉਸ ਦਾ ਸਵਾਰ ‘ਮਹਾਰਾਜਾ ਰਣਜੀਤ ਸਿੰਘ’ ਹੈ ਤੇ ਨਾ ਹੀ ‘ਸ਼ਾਮ ਸਿੰਘ ਅਟਾਰੀ ਵਾਲਾ’। ਨਾ ਹੀ ਉਸ ਦਾ ਸਵਾਰ ‘ਅਕਾਲੀ ਫੂਲਾ ਸਿੰਘ’ ਹੈ, ਤੇ ਨਾ ਹੀ ਉਸ ਦਾ ਸਵਾਰ ਉਨ੍ਹਾਂ ਸਿੰਘਾਂ ਵਿਚੋਂ ਕੋਈ ਹੈ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਸਾਰਨ ਲਈ, ਉਸ ਦੀਆਂ ਨੀਹਾਂ ਵਿਚ ਇੱਟਾਂ ਦੀ ਥਾਂ, ਆਪਣੀਆਂ, ਹੱਡੀਆਂ ਲਾਈਆਂ ਸਨ।
ਅੱਜ ਤਾਂ ਉਸ ਦਾ ਸਵਾਰ, ਉਨ੍ਹਾਂ ਡੋਗਰਿਆਂ ਦੀ ਨਸਲ ਵਿਚੋਂ ਹੈ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿਂਘ ਦਾ ਰਾਜ, ਅੰਗਰੇਜ਼ਾਂ ਦੇ ਹੱਥਾਂ ਵਿਚ ਵੇਚ ਦਿੱਤਾ ਸੀ, ਜੋ ਅੱਜ ਮੋਦੀ ਦੀ ਜੁੰਡਲੀ ਦੇ ਹੱਥਾਂ ਵਿਚ ਹੈ। ਗੁਰੂ ਨਾਨਕ ਜੀ ਦਾ ਨਿਰਣਾ ਹੈ.
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ॥
ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ॥2॥ (141)
ਹਰਾਮ ਦਾ ਮਾਲ ਤਾਂ ਹਰਾਮ ਦਾ ਹੀ ਰਹਣਾ ਹੈ, ਤਰਕ-ਵਿਤਰਕ ਨਾਲ, ਹਲਾਲ ਦਾ ਨਹੀਂ ਹੋ ਜਾਣਾ। ਜਾਣੇ ਕਿੰਨੀਆਂ ਸ਼ਹਾਦਤਾਂ ਲੈ ਕੇ ਇਹ ਮਾਲ, ਹਲਾਲ ਦਾ ਹੋਵੇਗਾ ?
ਅੱਜ ਤਾਂ ਇਸ ਘੋੜੇ ਦੇ ਸਵਾਰ, ਉਨ੍ਹਾਂ ਨਸਲਾਂ ਵਿਚੋਂ ਹਨ, ਜਿਨ੍ਹਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ। ਜਦ ਉਸ ਘੋੜੇ ਦੇ ਸਵਾਰ, ਮੌਲੀ ਦੀਆਂ ਦੋ ਤੰਦਾਂ ਨਾਲ ਕੀਲੇ ਜਾ ਸਕਦੇ ਹਨ, ਤਾਂ ਘੋੜਾ ਇਕ ਪੀੜ੍ਹੀ ਨੂੰ ਕਿਵੇਂ ਹਲਾ ਸਕਦਾ ਹੈ ?
ਕਿੱਲੇ ਦੇ ਸਿਰ ਤੇ ਹੀ ਕੱਟਾ ਤਾਂਘੜਦਾ ਹੈ ।
ਅਮਰ ਜੀਤ ਸਿੰਘ ਚੰਦੀ