ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ
ਸਲੋਕ ਮ:1॥ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ ॥
ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ ॥
ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ ॥
ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ ॥
ਨਾਨਕ ਕੂੜੈ ਕਤੀਐ ਕੂੜਾ ਤਣੀਐ ਤਾਣੁ ॥
ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ॥ਪੰਨਾ 790॥
ਚੋਰਾਂ, ਲੁੱਚਿਆਂ, ਵਿਭਚਾਰਨਾਂ ਅਤੇ ਦੱਲੀਆਂ ਦੀ ਮਹਫ਼ਿਲ ਲਗਦੀ ਹੈ, ਇਨ੍ਹਾਂ ਦਾ ਆਪਸ ਵਿੱਚ ਮੇਲ ਜੋਲ ਹੁੰਦਾ ਹੈ । ਇਨ੍ਹਾਂ ਅਧਰਮੀਆਂ ਦੀ ਆਪਸ ਵਿੱਚ ਦੋਸਤੀ ਹੁੰਦੀ ਹੈ, ਇੱਕਠੇ ਬਹਿ ਕੇ ਖਾਂਦੇ ਪੀਂਦੇ ਹਨ । ਇਨ੍ਹਾਂ ਨੂੰ ਪਰਮਾਤਮਾ ਦੀ ਸਿਫ਼ਤ ਸਾਲਾਹ ਦੀ ਸੋਝੀ ਨਹੀਂ ਹੁੰਦੀ। ਇਨ੍ਹਾਂ ਦੇ ਮਨ ਵਿੱਚ ਸਦਾ ਸ਼ੈਤਾਨੀਅਤ ਭਰੀ ਰਹਿੰਦੀ ਹੈ । ਇਹ ਸਮਝਾਉਣ ਨਾਲ ਵੀ ਨਹੀਂ ਸਮਝਦੇ, ਜਿਸ ਤਰ੍ਹਾਂ ਖੋਤੇ ਤੇ ਚੰਦਨ ਵੀ ਮਲੀਏ ਪਰ ਉਸ ਦਾ ਪਿਆਰ ਸੁਆਹ ਨਾਲ ਹੀ ਹੁੰਦਾ ਹੈ, ਖੇਹ ਵਿੱਚ ਲੇਟ ਕੇ ਹੀ ਖ਼ੁਸ਼ ਹੁੰਦਾ ਹੈ । ਹੇ ਨਾਨਕ ! ਕੂੜ ਦਾ ਸੂਤਰ ਕੱਤਣ ਨਾਲ ਕੂੜ ਦਾ ਹੀ ਤਾਣਾ qxIਦਾ ਹੈ, ਕੂੜ ਦਾ ਹੀ ਕੱਪੜਾ ਕੱਛੀਦਾ ਅਤੇ ਪਹਿਨੀਦਾ ਹੈ । ਇਸ ਕੂੜ ਰੂਪ ਪੁਸ਼ਾਕ ਦੇ ਕਾਰਨ ਕੂੜ ਹੀ ਵਡਿਆਈ ਮਿਲਦੀ ਹੈ ।
“ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ ॥” ਪੰਨਾ 149॥
ਪਾਪਾਂ ਦੇ ਕਾਰਨ ਜੋ ਜੀਵ ਜੰਮਦੇ ਹਨ, ਉਹ ਇਥੇ ਵੀ ਪਾਪ ਹੀ ਕਰਦੇ ਹਨ ਅਤੇ ਅਗਾਂਹ ਵੀ ਮੰਦੇ ਸੰਸਕਾਰਾਂ ਕਰਕੇ ਪਾਪਾਂ ਵਿੱਚ ਹੀ ਪ੍ਰਵਿਰਤ ਹੁੰਦੇ ਹਨ ।
ਚੋਰਾਂ, ਲੁੱਚਿਆਂ, ਵਿਭਚਾਰੀਆਂ ਅਤੇ ਦੱਲਿਆਂ ਅੰਦਰ ਪੰਜੇ ਵਿਕਾਰ - ਕਾਮ, ਕ੍ਰੋਧ, ਲੋਭ, ਮੋਹ, ਅੰਹਕਾਰ ਜ਼ਿਆਦਾ ਪ੍ਰਬਲ ਹੁੰਦੇ ਹਨ । ਪਰ ਜ਼ਿਆਦਾ ਤਰ ਇਨ੍ਹਾਂ ਅੰਦਰ ਕਾਮ ਅਤੇ ਲੋਭ ਪ੍ਰਬਲ ਹੁੰਦਾ ਹੈ । ਕਾਮ ਵਿੱਚ ਮਸਤ ਹੋਇਆਂ ਨੂੰ ਪਾਪ ਪੁੰਨ ਦੀ ਪਛਾਣ ਨਹੀਂ ਰਹਿ ਜਾਂਦੀ। “ਉਨਮਤ ਕਾਮਿ ਮਹਾ ਬਿਖੁ ਭੂਲੇ ਪਾਪੁ ਪੁੰਨੁ ਨ ਪਛਾਨਿਆ ॥” ਪੰਨਾ 93॥
ਲੋਭ ਇਨ੍ਹਾਂ ਦੀ ਮਤ ਮਾਰ ਦੇਂਦਾ ਹੈ ਅਤੇ ਇਹ ਕੁਰਾਹੇ ਪੈ ਜਾਂਦੇ ਹਨ ।
“ਮਤਿ ਬੁਧਿ ਭਵੀ ਨ ਬੁਝਹੀ ਅੰਤਰਿ ਲੋਭ ਵਿਕਾਰੁ ॥ ” ਪੰਨਾ 27 ॥
ਇਹ ਤਬਕਾ ਸ਼ਰਾਬ ਅਤੇ ਨਾਨ-ਵੈਜ ਦਾ ਜ਼ਿਆਦਾ ਇਸਤੇਮਾਲ ਕਰਦਾ ਹੈ । ਇੱਕ ਭਾਂਡੇ ’ਚ ਰਿੱਨ੍ਹਿਆ ਹੋਇਆ ਕੁੱਕੜ ਪਾ ਲੈਂਦੇ ਹਨ ਅਤੇ ਦੂਜੇ ਬਰਤਨ ’ਚ ਸ਼ਰਾਬ । ਮਾਸ ਸ਼ਰਾਬ ਦੇ ਆਲੇ ਦੁਆਲੇ ਇਹ ਵਿਸ਼ਈ ਬੰਦੇ ਬੈਠ ਜਾਂਦੇ ਹਨ । ਮੁਰਗ਼ੇ ਚੱਬਦੇ ਤੇ ਸ਼ਰਾਬ ਪੀਂਦੇ ਹਨ। ਇਨ੍ਹਾਂ ਅੰਦਰ ਨਿਲੱਜ ਮਾਇਆ ਦਾ ਜ਼ਿਆਦਾ ਪ੍ਰਭਾਵ ਹੁੰਦਾ ਹੈ ।
“ਇਕਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ਪਤਰਿ ਭਰਿ ਪਾਨੀ ॥
ਆਸਿ ਪਾਸਿ ਪੰਚ ਜੋਗੀਆ ਬੈਠੇ ਬੀਚਿ ਨਕਟ ਦੇ ਰਾਨੀ ॥ ਪੰਨਾ 476 ॥
(ਜਿੰਨ੍ਹਾਂ ਕੰਮਾਂ ਨਾਲ ਪਰਮਾਤਮਾ ਤੋਂ ਵਿੱਥ ਪਏ ਉਹ ਸਭ ਮਾਇਆ ਹੈ ) । ਭਾਵੇਂ ਚੋਰ, ਯਾਰ, ਰੰਡੀਆਂ ਅਤੇ ਦੱਲੇ ਹੌਲੀ-ਹੌਲੀ ਆਪਣੀ ਸੱਤਾ ਹੀ ਗਵਾਉਂਦੇ ਹਨ, ਪਰ ਸਮਾਜ ਲਈ ਵੀ ਮੁਸੀਬਤ ਬਣੇ ਰਹਿੰਦੇ ਹਨ । ਵੈਸੇ ਵੀ ਮਾਇਆ ਬੜੀ ਬਲਵਾਨ ਹੈ । ਇਸ ਦੇ ਪ੍ਰਭਾਵ ਤੋਂ ਕੋਈ ਵਿਰਲਾ ਵਿਚਾਰਵਾਨ ਹੀ ਬੱਚਦਾ ਹੈ । ਇਸ ਦਾ ਵਾਜਾ ਸਾਰੇ ਜਗਤ ’ਚ ਵੱਜ ਰਿਹਾ ਹੈ। “ਨਕਟੀ ਕੋ ਠਨਗਨੁ ਬਾਡਾ ਡੂੰ ॥ਕਿਨਹਿ ਬਿਬੇਕੀ ਕਾਟੀ ਤੂੰ॥ ਪੰਨਾ 476॥
ਵੇਖਣ ਵਿੱਚ ਆਇਆ ਹੈ ਕਿ ਸਿੱਖ ਵੀ ਚੋਣਾਂ ਜਿੱਤਣ ਲਈ ਵੋਟਰਾਂ ਨੂੰ ਸ਼ਰਾਬਾਂ ਵੰਡਦੇ ਹਨ। ਅਜਿਹੇ ਪਰਿਵਾਰ ਵੀ ਹਨ ਜੋ ਖ਼ੁਦ ਸ਼ਰਾਬ ਦਾ ਸੇਵਨ ਨਹੀਂ ਕਰਦੇ ਪਰ ਵਿਆਹ ਸ਼ਾਦੀ ਤੇ ਸ਼ਰਾਬ ਵਰਤਾੳਂੁਦੇ ਹਨ । ਮੇਰੇ ਪੁੱਛਣ ਤੇ ਇੱਕ ਪਰਿਵਾਰ ਨੇ ਜਵਾਬ ਦਿੱਤਾ “ ਕੀ ਕਰੀਏ ਜੀ? ਨੱਕ ਰੱਖਣ ਲਈ ਇਹ ਕੰਮ ਕਰਨਾ ਪੈਂਦਾ ਹੈ ।” ਚੋਣਾ ਲੜਣ ਵਾਲੇ ਸਿੱਖ ਕਹਿੰਦੇ ਹਨ “ਵੋਟਰਾਂ ਨੂੰ ਖ਼ੁਸ਼ ਕਰਨ ਲਈ ਸ਼ਰਾਬ ਵੰਡੀਦੀ ਹੈ”। ਕੌਣ ਬੁਰਾ ਹੈ ਤੇ ਕੌਣ ਚੰਗਾ ? ਸਾਰੀ ਤਾਣੀ ਵਿਗੜੀ ਹੋਈ ਹੈ। ਸਿੱਖ ਜਗਤ ਦੀ ਹੀ ਨਹੀਂ ਸਾਰੇ ਦੇਸ ਦੀ ਤਾਣੀ ਉਲਝੀ ਹੋਈ ਹੈ । ਕੀ ਤਾਣੀ ਠੀਕ ਹੋ ਸਕਦੀ ਹੈ ?
ਇਸ ਸੰਧਰਭ ਵਿੱਚ ਇਥੇ ਮੈਂ ਸਿਰਫ਼ ਸਿੱਖ ਜਗਤ ਨੂੰ ਹੀ ਵਿਚਾਰ ਗੋਚਰੇ ਕਰ ਰਿਹਾ ਹਾਂ । ਗੁਰੂ ਸਾਹਿਬਾਨ ਗੁਰਬਾਣੀ ਦੁਆਰਾ ਸਮਝਾਉਂਦੇ ਹਨ ਕਿ ਇਨ੍ਹਾਂ ਵਿਕਾਰਾਂ ਉੱਤੇ ਉਹ ਸਿੱਖ ਹੀ ਕਾਬੂ ਪਾਉਂਦਾ ਹੈ ਜਿਹੜਾ ਗੁਰੂ ਨਾਲ, ਗੁਰਬਾਣੀ ਨਾਲ ਜੁੜਿਆਂ ਸਿੱਖਾਂ ਦੀ ਸੰਗਤ ਕਰਦਾ ਹੈ ।
“ਕਹੁ ਨਾਨਕ ਤਿਨਿ ਜਨਿ ਨਿਰਦਲਿਆ ਸਾਧਸੰਗਤਿ ਕੈ ਝਲੀ ਰੇ ॥” ਪੰਨਾ 404 ॥ ਗੁਰਮੁੱਖਾਂ ਦੀ ਸੰਗਤਿ ਸਦਕਾ ਗੁਰਬਾਣੀ ਨਾਲ ਜੁੜਣਾ ਆਰੰਭ ਹੋ ਜਾਂਦਾ ਹੈ । ਗੁਰਬਾਣੀ ਨਾਲ ਜੁੜ ਕੇ ਗੁਰਬਾਣੀ ਅਨੁਸਾਰ ਜੀਵਨ ਜਿਉਣ ਦੇ ਸਦਕਾ ਔਗੁਣ ਖ਼ਤਮ ਹੋ ਜਾਂਦੇ ਹਨ ਅਤੇ ਅੰਦਰ ਗੁਣ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਗੁਣਾਂ ਨਾਲ ਸਾਂਝ ਪੈ ਜਾਂਦੀ ਹੈ । ਵਿਕਾਰਾਂ ਤੋਂ ਖਲਾਸੀ ਹੋ ਜਾਂਦੀ ਹੈ ।
“ਅਵਗਣ ਵਿਕਣਿ ਪਲ੍੍ਰਨਿ ਗੁਣ ਕੀ ਸਾਝ ਕਰੰਨ੍ ॥ ” ਪੰਨਾ 756 ॥ ਅਸੀਂ ਅਕਸਰ ਗੁਰਬਾਣੀ ਦੁਆਰਾ ਦੱਸੀ ਜੀਵਨ ਜਾਚ ਅਪਨਾਉਂਣ ਤੋਂ ਖੁੰਝੇ ਕਿਉਂ ਰਹਿੰਦੇ ਹਾਂ ? ਇਸ ਦੇ ਕੁਝ ਕਾਰਨ ਇਹ ਹਨ:-
1. ਆਪਣੀ ਸਿੱਖੀ ਸੇਵਕੀ ਜਮਾਈ ਰੱਖਣ ਲਈ ਕਈ ਡੇਰਿਆਂ ਅਤੇ ਟਕਸਾਲਾਂ ਦਾ ਗੁਰਮਤਿ ਅਤੇ ਸਿੱਖ ਮਰਿਆਦਾ ਦੇ ਉਲਟ ਕੰਮ ਕਰਨਾ । (ਇਨ੍ਹਾਂ ਡੇਰਿਆਂ ਅਤੇ ਟਕਸਾਲਾਂ ਨੂੰ ਸਿਆਸੀ ਪਾਰਟੀਆਂ ਦੀ ਸਰਪਰਸਤੀ ਹੈ ਕਿਉਂਕਿ ਇਹ ਉਨ੍ਹਾਂ ਦੇ ਵੋਟ ਬੈਂਕ ਹਨ)।
2. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਸਿੱਖਾਂ ਨੇ ਬੜੀਆਂ ਕੁਰਬਾਨੀਆਂ ਦੇ ਕੇ ਕੀਤਾ ਸੀ ਤਾਂਕਿ ਗੁਰਦੁਆਰਿਆਂ ਦਾ ਕੰਮ ਗੁਰਮਤਿ ਅਤੇ ਸਿੱਖ ਮਰਿਆਦਾ ਅਨੁਸਾਰ ਚੱਲੇ । ਇਸ ਦਾ ਅਡੱਲਟ੍ਰੇਸ਼ਨ ਹੋ ਜਾਣ ਦੇ ਕਾਰਨ ਇਹ ਗੁਰਮਤਿ ਅਤੇ ਸਿੱਖ ਮਰਿਆਦਾ ਦੀ ਰਾਖੀ ਕਰਨ ਦੀ ਬਜਾਏ ਦੂਸਰਿਆਂ ਕੰਮਾਂ ਵਿੱਚ ਜ਼ਿਆਦਾ ਉਲਝੀ ਰਿਹਿੰਦੀ ਹੈ। 3. ਸ਼੍ਰੋਮਣੀ ਅਕਾਲੀ ਦਲ ਦਾ ਗਠਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਦਾ ਕੰਮ ਕਰਨ ਲਈ ਕੀਤਾ ਗਿਆ ਸੀ ਪਰ ਇਹ ਆਪਣੀ ਜ਼ਿੰਮੇਵਾਰੀ ਨੂੰ ਵਿਦਾਈ ਦੇ ਗਿਆ ਹੈ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਦਾ ਕੰਮ ਕਰਨਾ ਤਾਂ ਕਿਤੇ ਰਿਹਾ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਾਸ ਬਣ ਬੈਠਾ ਹੈ । ਇਹ ਪੰਜਾਬ ਸਰਕਾਰ ਦੀ ਕੁਰਸੀ ਉਤੇ ਬਣੇ ਰਹਿਣ ਲਈ ਸਿੱਖ ੳਸੂਲਾਂ ਦੀ ਕੁਰਬਾਨੀ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦਾ । ਇਹ ਸ਼ੇਅਰ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੀ ਅਸਲੀਅਤ ਦੇ ਬਹੁਤ ਕਰੀਬ ਹੈ:-
“ਰਫ਼ੀਕੋਂ ਸੇ ਰਕੀਬ ਅੱਛੇ , ਜੋ ਜਲਿ ਕਰ ਨਾਮ ਲੇਤੇ ਹੈਂ ।
ਗੁਲੋਂ ਸੇ ਖਾਰ ਅਛੇ ਹੈਂ , ਜੋ ਦਾਮਨ ਥਾਮ ਲੇਤੇ ਹੈਂ ।”
ਰਫ਼ੀਕ=ਸਾਥੀ, ਰਕੀਬ=ਈਰਖਾ ਕਰਨ ਵਾਲਾ, ਜਲਿ ਕਰ= ਸੜ ਕੇ, ਗੁਲ=ਫੁੱਲ, ਖਾਰ=ਕਾਂਟੇ, ਦਾਮਨ=ਪੱਲਾ।
ਕਾਫ਼ੀ ਗਿਣਤੀ ’ਚ ਸਾਡੀ ਜਵਾਨ ਪੀੜੀ ਸਿੱਖੀ ਸਰੂਪ ਛੱਡੀ ਜਾ ਰਹੀ ਹੈ। (ਸਿੱਖੀ ਦਾ ਅੰਤਮ ਸਰੂਪ ਉਹੀ ਹੋ ਸਕਦਾ ਹੈ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਨੂੰ ਦਿੱਤਾ ਭਾਵ ਖ਼ਾਲਸਾ- ਸਰੂਪ ਕਰਕੇ ਖ਼ਾਲਸਾ ਅਤੇ ਗੁਣ ਕਰਮ ਕਰਕੇ ਖ਼ਾਲਸਾ)। ਸ੍ਰੀ ਕਲਗੀਧਰ ਜੀ ਦੇ ਬਖਸ਼ੇ ਸਰੂਪ ਤੇ ਪਹਿਰਾ ਦੇਣਾ ਸਾਡੀ ਡਿਊਟੀ ਬਣਦੀ ਹੈ। ਮੇਰੇ ਵਿਚਾਰ ਵਿੱਚ ਇਹ ਡਿਊਟੀ ਨਿਭਾਉਂਣ ਲਈ ਕੋਈ ਸੰਸਥਾ ਬਨਾਉਂਣ ਦੀ ਲੋੜ ਨਹੀਂ, ਨਾਂ ਹੀ ਕੋਈ ਔਫਿਸ ਬੇਅਰਰ ਥਾਪਣ ਦੀ ਲੋੜ ਹੈ ।ਸਾਬਤ ਸੂਰਤ ਸਿੱਖ ਮਾਈ ਭਾਈ ਹਫਤੇ ਵਿੱਚ ਆਪਣੇ ਰੁਝੇਵੇਂ ਵਿੱਚੋਂ ਇੱਕ ਦਿਨ ਕੱਢ ਕੇ, ਪੰਜ ਪੰਜ ਜਣਿਆਂ ਦਾ ਜੱਥਾ ਬਣਾ ਕੇ ਸਿੱਖ ਘਰਾਂ ਵਿੱਚ ਜਾਣ ਅਤੇ ਸਿੱਖੀ ਸਰੂਪ ਨਾਲ ਜੁੜੇ ਰਹਿਣ ਦੀ ਸੇਧ ਦੇਣ । ਕਿਹੜਿਆਂ ਘਰਾਂ ਵਿੱਚ ਜਾਣਾ ਹੈ, ਕਿਸ ਦਿਨ ਜਾਣਾ ਹੈ, ਇਹ ਪ੍ਰੋਗਰਾਮ ਉਹ ਪੰਜ ਜਣੇ ਖ਼ੁਦ ਉਲੀਕ ਸਕਦੇ ਹਨ ਤਾਂਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਖੇਚਲ ਨਾਂ ਪਵੇ । ਲੱਗਦਾ ਮੁਸ਼ਕਲ ਹੈ ਇਹ ਉਦੱਮ ਕਰਨਾ । ਜੇ ਵੋਟਾਂ ਮੰਗਣ ਵਾਲੇ ਕਾਫ਼ਲਾ ਬਣਾ ਕੇ ਘਰ-ਘਰ ਜਾ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ ਜਾ ਸਕਦੇ ? ਸ਼ੁਰੂ ਕੀਤਾ ਜਾਏ, ਮੁਸ਼ਕਲ ਦਾ ਹੱਲ ਵੀ ਨਿਕਲੇਗਾ । ਪਾਠਕਾਂ ਕੋਲ ਇਸ ਤੋਂ ਵੀ ਚੰਗੇ ਸੁਝਾਅ ਹੋ ਸਕਦੇ ਹਨ । ਆਪਣੇ-ਆਪਣੇ ਤਰੀਕੇ ਨਾਲ ਹਰ ਸਿੱਖ ਮਾਈ ਭਾਈ ਨੂੰ ਸਿੱਖੀ ਸਰੂਪ ਨੂੰ ਬਚਾਉਂਣ ਲਈ ਹਰ ਸੰਭਵ ਉਪਰਾਲਾ ਕਰਨਾ ਚਾਹੀਦਾ ਹੈ ।
ਸੁਰਜਨ ਸਿੰਘ---+919041409041