ਗੁਰਬਾਣੀ ਦੀ ਇਕ ਤੁਕ, ਦੁਨੀਆ ਦੇ ਸਾਰੇ ਝਗੜੇ ਖਤਮ ਕਰ ਸਕਦੀ ਹੈ
ਸਿੱਖੀ ਦੀ ਤਾਣੀ ਏਨੀ ਉਲਝੀ ਹੋਈ ਹੈ ਕਿ , ਉਸ ਦੀ ਕਿਸੇ ਵੀ ਤੰਦ ਨੂੰ ਲੈ ਕੇ ਸੁਲਝਾਉਣ ਦੀ ਕੋਸ਼ਿਸ਼ ਕਰੋ ,ਉਹੀ ਤੰਦ ਬ੍ਰਾਹਮਣਵਾਦ ਦੀ ਜਿਲ੍ਹਣ ਵਿਚ ਜਾ ਕੇ ਗਾਇਬ ਹੋ ਜਾਂਦੀ ਹੈ । ਬਹੁਤ ਦਿਨਾਂ ਤੋਂ ਵਿਚਾਰ ਰਿਹਾ ਹਾਂ ਕਿ ਸਿੱਖੀ ਦੇ ਸਥਾਪਤ ਕੇਂਦਰੀ ਅਸਥਾਨ , ( ਹਾਲਾਂਕਿ ਇਸ ਨੂੰ ਕੇਂਦਰੀ ਅਸਥਾਨ ਮੰਨਣਾ ਵੀ ਸਿੱਖੀ ਸਿਧਾਂਤ ਅਨੁਸਾਰ ਠੀਕ ਨਹੀਂ ) ਵਿਚੋਂ ਵੀ ਗੁਰਬਾਣੀ ਦੇ ਸਿਧਾਂਤ ਦਾ ਪਰਚਾਰ ਕਰਨ ਦਾ ਕੋਈ ਉਪਰਾਲਾ ਨਹੀਂ ਹੁੰਦਾ, ਉਲਟਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦੀਆਂ ਰਚਨਾਵਾਂ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ। ਜਿਸਦਾ ਨਤੀਜਾ ਇਹ ਨਿਕਲਦਾ ਹੈ ਕਿ ਸਿੱਖ ਆਮ ਹੀ ਦੂਸਰੇ ਧਰਮਾਂ ਵਾਲਿਆਂ ਨਾਲ ਵਿਚਾਰ ਵਟਾਂਦਰਾ ਕਰਦੇ ਵੇਖੇ ਜਾ ਸਕਦੇ ਹਨ,ਮਸਲ੍ਹਾ ਇਹ ਨਹੀਂ ਹੁੰਦਾ ਕਿ ਇਨ੍ਹਾਂ ਪਰਮਾਤਮਾ ਦੇ ਸਿਧਾਂਤ ਤੋਂ ਥਿੜਕੇ ਲੋਕਾਂ ਨੂੰ ਸਿੱਧੇ ਰਾਹੇ ਪਾਇਆ ਜਾਵੇ, ਬਲਕਿ ਮਸਲ੍ਹਾ ਸਾਰਿਆਂ ਨੂੰ ਬਰਾਬਰ ਸਥਾਪਤ ਕਰਨਾ ਹੁੰਦਾ ਹੈ। ਇਹ ਸਾਰਾ ਕੁਝ ਅਗਿਆਨਤਾ ਵੱਸ ਹੁੰਦਾ ਹੈ ਜਾਂ ਗੁਰਬਾਣੀ ਸਿਧਾਂਤਾਂ ਨੂੰ ਨੀਵਾਂ ਕਰ ਕੇ ਦੂਸਰਿਆਂ ਦੇ ਬਰਾਬਰ ਕਰਨਾ ਹੁੰਦਾ ਹੈ ? ਕਿਉਂਕਿ, ਦੂਸਰੇ ਧਰਮਾਂ ਦੇ ਗਲਤ ਸਿਧਾਂਤਾਂ ਨੂੰ ਤਾਂ ਗੁਰਮਤਿ ਸਿਧਾਂਤਾਂ ਦੇ ਬਰਾਬਰ ਨਹੀਂ ਕੀਤਾ ਜਾ ਸਕਦਾ, ਜੇ ਅਜਿਹਾ ਹੁੰਦਾ ਤਾਂ ਗੁਰੂ ਨਾਨਕ ਜੀ ਨੂੰ, ਪਰਚਾਰ ਫੇਰੀਆਂ ਲਈ ਤੁਰਨ ਤੋਂ ਪਹਿਲਾਂ “ਨਾ ਹਿੰਦੂ ਨਾ ਮੁਸਲਮਾਨ” ਦਾ ਹੋਕਾ ਨਾ ਦੇਣਾ ਪੈਂਦਾ।
ਇਹ ਸਾਫ ਦਿਸਦਾ ਹੈ ਕਿ ਜਿਸ ‘ਸ਼੍ਰੋਮਣੀ ਕਮੇਟੀ’ ਦੇ ਜ਼ਿੱਮੇ ਗੁਰਮਤਿ ਦਾ ਪਰਚਾਰ ਕਰਨਾ ਹੈ ਉਹ ਹੀ, ਗੁਰਮਤਿ ਦੇ ਸਿਧਾਂਤਾਂ ਦਾ ਘਾਣ ਕਰਦੀ ਨਜ਼ਰ ਆ ਰਹੀ ਹੈ। ਜਿਸ ਬਾਰੇ ਸਿੱਖਾਂ ਨੂੰ ਇਕੱਠੇ ਹੋ ਕੇ ਵਿਚਾਰ ਕਰਨ ਦੀ ਲੋੜ ਹੈ।
ਸਿੱਖੀ ਅਜਿਹਾ ਧਰਮ ਹੈ ਜਿਸ ਨੂੰ , ਪਰਚਲਤ ਧਰਮਾਂ ਦੀ ਕਤਾਰ ਵਿਚ ਨਹੀਂ ਰੱਖਿਆ ਜਾ ਸਕਦਾ । ਸਿੱਖੀ ਦੇ ਸਿਧਾਂਤ ਕਿਸੇ ਇਕ ਫਿਰਕੇ ਲਈ ਰਾਖਵੇਂ ਨਹੀਂ ਹਨ । ਇਹ ਸੰਸਾਰ ਦੇ ਸਾਰੇ ਮਨੁੱਖਾਂ ਲਈ , ਇੰਸਾਨੀਅਤ ਦੇ ਰਾਹ ਦੀ ਸੋਝੀ ਦੇਣ ਵਾਲੇ , ਪਰਮਾਤਮਾ ਵਲੋਂ ਸ੍ਰਿਸ਼ਟੀ ਰਚਨਾ ਨੂੰ ਸੁਚੱਜੇ ਢੰਗ ਨਾਲ ਚਲਦਾ ਰੱਖਣ ਲਈ , ਮਿਥੇ ਨਿਯਮ ਕਾਨੂਨਾਂ , ਤੇ ਅਧਾਰਤ ਦਸਤਾਵੇਜ਼ ਹਨ । ਇਸ ਅਨੁਸਾਰ ਧਰਮ ਦੀ ਵਿਆਖਿਆ , ਕੁਝ ਇਵੇਂ ਹੈ,
ਸਰਬ ਧਰਮ ਮਹਿ ਸ੍ਰੇਸਟ ਧਰਮੁ ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ ( 266 )
ਹੇ ਮਨ , ਹਰੀ ਦਾ ਨਾਮ ਜਪਦਿਆਂ , ਕਰਤਾਰ ਦੇ ਹੁਕਮ , ਰਜ਼ਾ ਵਿਚ ਚਲਦਿਆਂ , ਨਿਰਮਲ ਕਰਮ ਕਰਨਾ ਹੀ ਬੰਦੇ ਲਈ , ਪਰਚਲਤ ਧਰਮਾਂ ਤੋਂ ਸਰੇਸ਼ਟ , ਇਕੋ ਇਕ ਧਰਮ ਹੈ ।
ਏਥੇ ਸਵਾਲ ਪੈਦਾ ਹੁੰਦਾ ਹੈ ਕਿ ਇਕੋ ਇਕ ਨਿਰਮਲ ਕਰਮ ਕੀ ਹੈ ? ਕਰਮ ਦੇ ਥੱਲਲੀ ਔਂਕੜ ਇਸ ਨੂੰ ਵੀ ਇਕ ਵਚਨ ਬਣਾਉਂਦੀ ਹੈ । ਦੁਨੀਆਂ ਦੇ ਧਰਮਾਂ ਨੇ ਚੰਗੇ ਕਰਮਾਂ ਦੇ ਨਾਂ ਥੱਲੇ , ਏਨੇ ਕਰਮ ਪ੍ਰਚਲਤ ਕਰ ਛੱਡੇ ਹਨ ਕਿ ਉਨ੍ਹਾਂ ਵਿਚ , ਉਹ ਇਕੋ ਇਕ ਨਿਰਮਲ ਕਰਮ , ਬਿਲਕੁਲ ਹੀ ਗਵਾਚ ਕੇ ਰਹਿ ਗਿਆ ਹੈ । ਗੁਰਬਾਣੀ ਅਨੁਸਾਰ , ਉਹ ਇਕੋ ਇਕ ਨਿਰਮਲ ਕਰਮ , ਦੂਸਰੇ ਦੇ ਹੱਕ ਨੂੰ ਮਾਨਤਾ ਦੇਣੀ ਹੈ । ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ , ਦੂਸਰੇ ਦਾ ਹੱਕ ਮਾਰਨਾ , ਅੱਤ ਘਿਨਾਉਣਾ ਕਰਮ ਹੈ , ਜਿਸ ਦੀ ਤਸ਼ਬੀਹ , ਮੁਸਲਮਾਨਾਂ ਦੇ ਸੂਅਰ ਖਾਣ ਨਾਲ ਅਤੇ ਹਿੰਦੂਆਂ ਦੇ ਗਊ ਖਾਣ ਨਾਲ ਦਿੱਤੀ ਗਈ ਹੈ ।
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥
ਗਲੀ ਭਿਸਤਿ ਨ ਜਾਈਐ ਛੁਟੇ ਸਚੁ ਕਮਾਇ ॥
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ॥
ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ॥2॥ (141)
ਅਰਥ:- ਹੇ ਨਾਨਕ, ਪਰਾਇਆ ਹੱਕ, ਮੁਸਲਮਾਨ ਲਈ ਸੂਰ ਅਤੇ ਹਿੰਦੂ ਲਈ ਗਾਂ ਹੈ। ਗੁਰੂ, ਪੀਰ, ਪੈਗੰਬਰ ਤਾਂ ਹੀ ਸਿਫਾਰਸ਼ ਕਰਦਾ ਹੈ, ਜੇ ਮਨੁੱਖ ਪਰਾਇਆ ਹੱਕ ਰੂਪੀ ਮੁਰਦਾ ਨਾ ਖਾਏ।
ਨਿਰੀਆਂ ਗੱਲਾਂ ਨਾਲ, ਬਹਿਸ਼ਤ, ਸਵਰਗ ਵਿਚ ਨਹੀਂ ਅਪੜਿਆ ਜਾ ਸਕਦਾ, ਜਿਸ ਨੂੰ ਤੁਸੀਂ ਸੱਚਾ ਰਸਤਾ ਆਖਦੇ ਹੋ, ਉਸ ਰਸਤੇ ਤੇ ਚੱਲ ਕੇ ਹੀ, ਬਹਿਸ਼ਤ ਵਿਚ ਅਪੜਿਆ ਜਾ ਸਕਦਾ ਹੈ। ਆਪਣੀਆਂ ਚੁਸਤੀਆਂ ਚਲਾਕੀਆਂ ਦੇ ਮਸਾਲੇ ਪਾਉਣ ਨਾਲ, ਹਰਾਮ ਦਾ ਮਾਲ, ਹਲਾਲ ਦਾ ਨਹੀਂ ਹੋ ਜਾਂਦਾ।
ਹੇ ਨਾਨਕ, ਕੂੜੀਆਂ ਗੱਲਾਂ ਕੀਤਿਆਂ, ਕੂੜ ਹੀ ਪੱਲੇ ਪੈਂਦਾ ਹੈ।2।
ਬੜੇ ਦੁੱਖ ਦੀ ਗੱਲ ਹੈ ਕਿ ਅਜਿਹਾ ਨਿਰਮਲ ਕਰਮ , ਜੋ ਦੁਨੀਆਂ ਦੇ ਸਾਰੇ ਧਰਮਾਂ ਤੇ ਲਾਗੂ ਹੁੰਦਾ ਹੈ , ਜਿਸ ਦੇ ਅਧਾਰ ਤੇ ਸਾਰੀ ਦੁਨੀਆਂ ਨੂੰ ਬੇਗਮ ਪੁਰਾ ਬਨਾਉਣ ਦਾ ਟੀਚਾ , ਗੁਰਬਾਣੀ ਨੇ ਮਿਥਿਆ ਹੋਇਆ ਹੈ , ਬਾਰੇ , ਦੁਨੀਆਂ ਦੇ ਕਿਸੇ ਗੁਰਦਵਾਰੇ ਤੋਂ ਪਰਚਾਰ ਨਹੀਂ ਹੁੰਦਾ , ਕਿਉਂਕਿ ਅੱਜ ਸਿੱਖ ਹੀ , ਸਭ ਤੋਂ ਵੱਧ , ਇਹ ਗੰਦ ਖਾ ਰਹੇ ਹਨ , ਉਹ ਵੀ , ਸੰਤ , ਮਹਾਂ ਪੁਰਖ , ਬ੍ਰਹਮ ਗਿਆਨੀ ਅਖਵਾਉਣ ਵਾਲੇ ।
ਅਮਰ ਜੀਤ ਸਿੰਘ ਚੰਦੀ